
ਕਰੋਨਾ ਦੇ ਪੰਜਾਬ ਵਿੱਚ ਪੈਰ ਪਸਾਰਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਦਾ ਮਾਹੌਲ ਸੀ। ਪੁਲਿਸ ਮਹਿਕਮੇ ਦੇ ਦਿਨ ਰਾਤ ਸ਼ਿਫਟਾਂ ਵਿੱਚ ਨਾਕੇ ਲੱਗ ਰਹੇ ਸੀ । ਕਈ ਸਥਾਨਾਂ ਤੋਂ ਪੁਲਿਸ ਦੇ ਉੱਪਰ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ ਜਗ੍ਹਾ ਤੇ ਲੋਕ ਸੜਕਾਂ ਉੱਤੇ ਜਾ ਕੇ ਪੁਲਿਸ ਨੂੰ ਹਾਰ ਪਾ ਕੇ ਉਨ੍ਹਾਂ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਡਿਊਟੀ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਸੀ। ਇੰਝ ਲੱਗ ਰਿਹਾ ਸੀ ਜਿਵੇਂ ਇੱਕੋ ਦਮ ਸਾਰੀ ਦੁਨੀਆਂ ਰੁਕ ਜਿਹੀ ਗਈ ਹੋਵੇ । ਨਾ ਕੋਈ ਬੱਸ, ਰੇਲ ਗੱਡੀ ਚੱਲ ਰਹੀ ਸੀ ਤੇ ਨਾ ਹੀ ਕੋਈ ਹਵਾਈ ਜਹਾਜ਼ । ਵਾਤਾਵਰਨ ਆਪਣੇ ਆਪ ਨੂੰ ਖੁਦ ਹੀ ਸਾਫ ਕਰ ਰਿਹਾ ਸੀ । ਕਰੋਨਾ ਮਹਾਂਮਾਰੀ ਬਾਰੇ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਸੀ। ਕਿਸੇ ਲਈ ਇਹ ਦੁਨੀਆਂ ਉੱਤੇ ਆਇਆ ਪ੍ਰਕੋਪ ਸੀ ਅਤੇ ਕਿਸੇ ਲਈ ਇਹ ਸਿਰਫ਼ ਸਰਕਾਰਾਂ ਵੱਲੋਂ ਕੀਤਾ ਜਾਣ ਵਾਲਾ ਡਰਾਮਾ। ਕੁਝ ਲੋਕ ਇਸ ਲਾਕ ਡਾਊਨ ਦੌਰਾਨ ਘਰਾਂ ਵਿੱਚ ਰਹਿ ਕੇ ਬਹੁਤ ਆਨੰਦ ਮਾਣ ਰਹੇ ਸੀ ਅਤੇ ਕੁੱਝ ਨੇ ਸਰਕਾਰਾਂ ਨੂੰ ਗਾਲਾਂ ਕੱਢਣ ਤੇ ਜ਼ੋਰ ਦਿੱਤਾ ਹੋਇਆ ਸੀ ।