Articles

ਨਾਨਕ ਕਿਛੁ ਸੁਣੀਐ, ਕਿਛੁ ਕਹੀਐ !

ਸੰਵਾਦ ਨਾਲ ਹਮੇਸ਼ਾ ਮਸਲੇ ਹੱਲ ਹੁੰਦੇ ਹਨ।
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਵਿਵਾਦ ਮੂਰਖਾਂ ਦਾ ਅਤੇ ਸੰਵਾਦ ਸੋਝੀ ਵਾਲਿਆਂ ਦਾ ਵਿਸ਼ਾ ਹੁੰਦਾ ਹੈ। ਵਿਵਾਦ ਅਤੇ ਸੰਵਾਦ ਦੋ ਅਜਿਹੇ ਵਿਸ਼ੇ ਹਨ ਜੋ ਚਿਹਰੇ ਤੋਂ ਹੀ ਸਮਝੇ ਜਾ ਸਕਦੇ ਹਨ। ਕੁੱਝ ਲੋਕ ਪਤਾ ਹੋਣ ਦੇ ਬਾਵਜੂਦ ਵੀ ਵਿਵਾਦ ਨੂੰ ਪਹਿਲ ਦਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸੰਵਾਦ ਨਾਲ ਸਾਹਮਣਾ ਨਹੀਂ ਕਰ ਸਕਦੇ। ਕਈ ਚੁਸਤ ਚਲਾਕ ਲੋਕ ਵਿਵਾਦ ਵਾਲੇ ਵਿਅਕਤੀ ਨੂੰ ਆਪਣੇ ਹਿੱਤਾਂ ਲਈ ਵੀ ਵਰਤ ਲੈਂਦੇ ਹਨ। ਜ਼ਿੰਦਗੀ ਦਾ ਫ਼ਲਸਫ਼ਾ ਹੀ ਇਹ ਚਾਹੀਦਾ ਹੈ ਕਿ ਕਹੋ ਵੀ, ਸੁਣੋਂ ਵੀ। ਜ਼ਿੰਦਗੀ ਨੂੰ ਹਮੇਸ਼ਾ ਸੰਵਾਦ ਰਚਾ ਕੇ ਜੀਓ, ਵਿਵਾਦ ਨਾਲ ਦੂਰ ਦਾ ਵੀ ਵਾਸਤਾ ਨਾ ਰੱਖੋ। ਸਮਾਜ ਵਿੱਚ ਹਰ ਤਰ੍ਹਾਂ ਦਾ ਸੁਭਾਅ ਅਤੇ ਆਦਤਾਂ ਮਿਲਦੀਆਂ ਹਨ। ਇਹਨਾਂ ਪਿੱਛੇ ਪ੍ਰੀਵਾਰ ਦੇ ਸਮਾਜੀਕਰਨ, ਗਿਆਨ ਅਤੇ ਸਿਖਿਆ ਦਾ ਕਾਫ਼ੀ ਵੱਡਾ ਰੋਲ ਹੁੰਦਾ ਹੈ। ਸੰਵਾਦ ਨਾਲ ਹਮੇਸ਼ਾ ਮਸਲੇ ਹੱਲ ਹੁੰਦੇ ਹਨ। ਵਿਵਾਦ ਅਗਿਆਨਤਾ ਵਿੱਚੋਂ ਉੱਪਜਦਾ ਹੈ। ਸੰਵਾਦ ਦੀ ਮਾਂ ਸਿਆਣਪ ਹੈ। ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ:

“ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ”
ਇੱਕ ਦੂਜੇ ਦੀ ਗੱਲ ਵਿਚਾਰ ਕੇ ਜਵਾਬ ਦੇਣਾ ਉੱਤਮ ਆਦਤ ਹੈ। ਐਂਵੇ ਸੋਚੇ ਸਮਝੇ ਝਗੜੇ ਪੈਦਾ ਕਰਕੇ ਗੱਲ ਮੂੰਹ ਤੇ ਮਾਰਨੀ ਬੁਰੀ ਆਦਤ ਹੁੰਦੀ ਹੈ।ਜੇ ਸੁਣਾਉਣ ਦਾ ਮਾਦਾ ਰੱਖਦੇ ਹੋ ਤਾਂ ਸੁਣਨ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ। ਗੁਰਬਾਣੀ ਦਾ ਸਪਸ਼ਟ ਹੁਕਮ ਹੈ:
“ਜਬ ਲਗੁ ਦੁਨੀਆ ਰਹੀਐ, ਨਾਨਕ ਕਿਛੁ ਸੁਣੀਐ ਕਿਛੁ ਕਹੀਐ”
ਸੰਵਾਦ ਅਤੇ ਵਿਵਾਦ ਨੂੰ ਜ਼ਿੰਦਗੀ ਦੇ ਦੋ ਪਹਿਲੂ ਮੰਨਣਾ ਚਾਹੀਦਾ ਹੈ। ਕਿਉਂਕਿ ਕਿ ਕਾਇਨਾਤ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ। ਅਸਲੀ ਦਾਨਸ਼ਵਰ ਦੋਵਾਂ ਨੂੰ ਕਾਬੂ ਹੇਠ ਰੱਖਦਾ ਹੈ। ਸੰਵਾਦ ਨਰਮ ਤਾਸੀਰ ਅਤੇ ਵਿਵਾਦ ਗਰਮ ਤਾਸੀਰ ਰੱਖਦਾ ਹੈ। ਹਾਂ ਇੱਕ ਗੱਲ ਹੋਰ ਵੀ ਹੈ ਕਿ ਵਿਵਾਦ ਵਾਲੇ ਦਾ ਪਿੰਡ ਵਿੱਚ ਕੋਈ ਨਾ ਕੋਈ ਗੁਰੂ ਜ਼ਰੂਰ ਹੁੰਦਾ ਹੈ ਜਿਸ ਦੀ ਉਹ ਮੰਨਦਾ ਹੈ।ਇਹ ਕਹਿਣਾ ਕਿ ਅਜਿਹੇ ਬੰਦਿਆਂ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਇਹ ਗਲਤ ਸਾਬਤ ਹੁੰਦਾ ਹੈ। ਸੰਵਾਦ ਵਾਲਾ ਆਪਣੀ ਨੀਤੀ ਅਨੁਸਾਰ ਚੱਲਦਾ ਹੈ।ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜੋ ਮੈਂ ਕਹਿੰਦਾ ਹਾਂ ਉਸ ਦੀ ਜ਼ਿੰਮੇਵਾਰੀ ਮੇਰੀ ਹੈ ਜੋ ਤੂੰ ਸਮਝਦਾ ਹੈ ਉਸ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ।ਇਹ ਵੀ ਵਿਵਾਦ ਅਤੇ ਸੰਵਾਦ ਉੱਤੇ ਖੜ੍ਹਾ ਹੈ। ਵਿਵਾਦ ਵਾਲਾ ਸੁਣਦੀ ਸਾਰ ਹੀ ਝਗੜਾ ਸ਼ੁਰੂ ਕਰ ਦਿੰਦਾ ਹੈ ਜਦ ਕਿ ਸੰਵਾਦ ਵਾਲਾ ਸੌ ਵਾਰ ਸੋਚਣ ਕੇ ਗੱਲ ਮੂੰਹੋਂ ਕੱਢਦਾ ਹੈ। ਸੰਵਾਦ ਰਚਾਉਣ ਨਾਲ ਸਾਹਮਣੇ ਵਾਲੇ ਨੂੰ ਗੱਲ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ।ਇਸ ਨਾਲ ਕਈ ਵਾਰ ਝਗੜਾ ਰੁਕ ਜਾਂਦਾ ਹੈ। ਵਿਵਾਦ ਵਾਲੇ ਦੀ ਇੱਕ ਗੱਲ ਪੱਕੀ ਹੈ ਕਿ ਉਸ ਦੇ ਪੱਲੇ ਤਰਕ ਨਹੀਂ ਹੁੰਦਾ ਉਹ ਥੋਥਾ ਚਨਾ ਵਾਜੇ ਘਨਾ ਅਨੁਸਾਰ ਆਪਣੀ ਗੱਲ ਸੁਣਾਉਣ ਲਈ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ।ਸਵਾਦ ਵਾਲਾ ਇੱਕ ਚੁੱਪ ਸੌ ਸੁੱਖ ਅਨੁਸਾਰ ਚੱਲਦਾ ਹੈ। ਜ਼ਿੰਦਗੀ ਬਿਤਾਉਂਦੇ ਸਮੇਂ ਸਹਿਜ ਅਤੇ ਸੰਜਮ ਦਾ ਗਿਆਨ ਹੋਣਾ ਲਾਜ਼ਮੀ ਹੈ। ਧਾਰਨਾਵਾਂ ਬਦਲ ਜਾਂਦੀਆਂ ਹਨ ਪਰ ਚਰਿੱਤਰ ਅਤੇ ਆਦਤਾਂ ਨਹੀਂ ਬਦਲਦੀਆਂ। ਵਿਵਾਦ ਜੇ ਸੰਵਾਦ ਤੋਂ ਸਿੱਖ ਲਏ ਤਾਂ ਗਲਤੀ ਨਹੀਂ ਹੋ ਸਕਦੀ।ਇਹ ਵੀ ਹੋ ਸਕਦਾ ਹੈ ਕਿ ਵਿਵਾਦ ਵਾਲਾ ਠੀਕ ਹੋਵੇ ਪਰ ਉਸਦੀ ਵਿਵਾਦ ਵਾਲੀ ਆਦਤ ਸਭ ਕੁੱਝ ਖ਼ੁਆਰ ਕਰ ਦਿੰਦੀ ਹੈ। ਵਿਵਾਦ ਸੰਵਾਦ ਵਿਚਕਾਰ ਸਹਿਜ ਦੀ ਕੜੀ ਹੋਣੀ ਚਾਹੀਦੀ ਹੈ।ਇਸ ਨਾਲ ਮਸਲੇ ਨਿਪਟ ਜਾਂਦੇ ਹਨ।
ਜ਼ਿੰਦਗੀ ਦੇ ਤਜਰਬੇ ਨਾਲ ਸੰਵਾਦ ਸਿੱਖ ਲੈਣਾ ਚਾਹੀਦਾ ਹੈ। ਬਜ਼ੁਰਗਾਂ ਦੀ ਧਾਰਨਾ ਹੁੰਦੀ ਹੈ ਕਦੇ ਸੁਣ ਲਈ ਕਦੇ ਸੁਣਾ ਦਿੱਤੀ। ਕਦੇ ਮੰਨ ਲਈ ਕਦੇ ਮਨਾ ਦਿੱਤੀ। ਸੰਵਾਦ ਲਿਖਤੀ ਜਾਂ ਜ਼ਬਾਨੀ ਆਦਾਨ ਪ੍ਰਦਾਨ ਨੂੰ ਕਹਿੰਦੇ ਹਨ। ਵਿਵਾਦ ਬਿਨਾਂ ਸੋਚੇ ਸਮਝੇ ਇੱਕ ਪਾਸੇ ਪੈਂਡਾ ਤੈਅ ਕਰਦਾ ਹੈ। ਆ ਬੈਲ ਮੁਝੇ ਮਾਰ ।ਜੇ ਅੱਗਿਉਂ ਵੀ ਵਿਵਾਦ ਵਾਲਾ ਟੱਕਰੇ ਤਾਂ ਥਾਣੇ,ਕੋਰਟ ਕਚਹਿਰੀ ਸਵਾਗਤ ਲਈ ਤਿਆਰ ਹੋ ਜਾਂਦੀ ਹੈ। ਚਰਿੱਤਰ ਨਿਰਮਾਣ ਗ੍ਰਸਿਆ ਜਾਂਦਾ ਹੈ। ਵਿਵਾਦ, ਵਿਦਵਤਾ ਦਾ ਰਸਤਾ ਪੈ ਜਾਵੇ ਤਾਂ ਮਸਲੇ ਸੌਖ ਨਾਲ ਹਲ ਹੋ ਜਾਂਦੇ ਹਨ। ਸਿਆਣੇ ਬਜ਼ੁਰਗਾਂ ਦੀਆਂ ਸਿੱਧੀਆਂ ਸਾਦੀਆ ਗੱਲਾਂ ਵਿੱਚ ਸੰਵਾਦ ਸੋਹਣਾ ਲੱਗਦਾ ਹੁੰਦਾ ਸੀ।ਕਈ ਸਿਆਣੇ ਵਿਵਾਦ ਨੂੰ ਸ਼ੁਰੂ ਹੀ ਨਹੀਂ ਹੋਣ ਦਿੰਦੇ ਸਨ। ਵਿਵਾਦ ਦੂਜੇ ਨੂੰ ਕਮਜ਼ੋਰ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੈ। ਸੰਵਾਦ ਵਿਵਾਦ ਨੂੰ ਚਾਦਰ ਵਿੱਚ ਵਲੇਟ ਦਿੰਦਾ ਹੈ। ਵਿਵਾਦ ਦਾ ਸਭ ਤੋਂ ਵੱਡਾ ਅਵਗੁਣ ਇਹ ਹੈ ਕਿ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਵਿਵਾਦ ਕੀ ਹੈ?ਇਸ ਦਾ ਅੰਜਾਮ ਕੀ ਹੈ?ਸੰਵਾਦ ਸੁਆਦਮਈ ਵਿਵਾਦ ਕੌੜਾ ਹੁੰਦਾ ਹੈ। ਵਿਵਾਦ ਨਾਲ ਮਸਲੇ ਉਲਝ ਕੇ ਦੁਸ਼ਮਣੀ ਵਧਦੀ ਹੈ ਸੰਵਾਦ ਨਾਲ ਅਜਿਹੀ ਨੌਬਤ ਨਹੀਂ ਆਉਂਦੀ ਬਲਕਿ ਰਾਹ ਖੁੱਲ੍ਹੇ ਰਹਿੰਦੇ ਹਨ। ਹਾਂ ਵਿਵਾਦ ਵਾਲਾ ਇਹ ਭਰਮ ਵੀ ਪਾਲ ਕੇ ਰੱਖਦਾ ਹੈ ਕਿ:
“ਗਲੀ ਅਸੀ ਚੰਗੀਆ ਆਚਾਰੀ ਬੁਰਿਆਹ”।
ਵਿਵਾਦ ਦੀ ਮੂਰਖਮੱਤੀ ਤੋਂ ਹਰ ਕੋਈ ਪੱਲਾ ਛੁਡਵਾਉਣ ਦਾ ਯਤਨ ਕਰਦਾ ਹੈ। ਗੱਲਾਂ ਨਾਲ ਚੰਗਾ ਹੋਣਾ ਵਿਵਾਦ ਹੈ ਆਚਾਰ ਨਾਲ ਚੰਗਾ ਹੋਣਾ ਸੰਵਾਦ ਹੈ।”ਮੰਦਾ ਕਿਸੈ ਨ ਆਖੀਐ ਪੜਿ ਅੱਖਰੁ ਏਹੋ ਬੂਝੀਐ,ਮੂਰਖੈ ਨਾਲਿ ਨ ਲੂਝੀਐ” ਵਿਵਾਦ ਵਾਲਾ ਵਿਵਾਦ ਕਰਨਾ ਹੱਕ ਸਮਝਦਾ ਹੈ ਜਦੋਂ ਕਿ ਸੰਵਾਦ ਨੂੰ ਸੰਵਾਦ ਰਚਾਉਣ ਨੂੰ ਆਪਣਾ ਕਰਤਵ ਸਮਝਦਾ ਹੈ।ਇਸ ਲਈ ਸਮਾਜ ਦੀ ਵਹਿੰਦੀ ਧਾਰਾ ਵਿੱਚ ਹਮੇਸ਼ਾਂ ਵਿਵਾਦ ਨੂੰ ਪਰੇ ਹਟਾ ਕੇ ਸਹਿਜ ਨਾਲ ਸੰਵਾਦ ਰਚਾ ਕੇ ਮਸਲੇ ਹਲ ਕਰੋ।ਇਸ ਨਾਲ ਜੀਵਨ ਖੁਸ਼ਹਾਲ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਕਿ ਜਦ ਤੱਕ ਜੀਵਨ ਹੈ ਕਦੇ ਕਹਿ ਲਓ ਕਦੇ ਸੁਣ ਲਓ, ਕਦੇ ਮੰਨ ਲਓ, ਕਦੇ ਮਨਾਂ ਲਓ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin