Literature Articles

ਨਾਨਕ ਸਿੰਘ : ਸਿਰਫ਼ 5 ਜਮਾਤਾਂ ਪੜ੍ਹ ਕੇ ਹੀ ਪੰਜਾਬੀ ਸਾਹਿਤ ਦੀ ਝੋਲੀ ਕਿਤਾਬਾਂ ਨਾਲ ਭਰ ਦਿੱਤੀ !

ਪੂਰਾ ਜੀਵਨ ਸਾਹਿਤ ਲੇਖਣੀ ਨੂੰ ਸਮਰਪਿਤ ਕਰਨ ਵਾਲੇ, ਪੰਜਾਬੀ ਨਾਵਲ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਨਾਨਕ ਸਿੰਘ।
ਲੇਖਕ: ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

ਕਥਾ, ਲੇਖ, ਨਾਟਕ ਲਿਖੇ, ਕਵਿਤਾ ਤੇ ਅਨੁਵਾਦ।
ਨਾਵਲ ਕਲਾ ‘ਚ ਉਸ ਜਿਹਾ, ਨਹੀਂ ਮਿਲਦਾ ਉਸਤਾਦ।
ਸਾਹਿਤ ਰਚਨਾ ਦੇ ਲਈ, ਮਿਲੇ ਬਹੁਤ ਸਨਮਾਨ –
ਸਦੀਆਂ ਤੱਕ ਨਾਨਕ ਸਿੰਘ ਨੂੰ, ਲੋਕ ਰੱਖਣਗੇ ਯਾਦ।

ਪੰਜਾਬੀ ਨਾਵਲ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਨਾਨਕ ਸਿੰਘ, ਜਿਨ੍ਹਾਂ ਦਾ ਮੁੱਢਲਾ ਨਾਂ ਹੰਸ ਰਾਜ ਸੀ, ਦਾ ਜਨਮ 4 ਜੁਲਾਈ,1897 ਈ. ਨੂੰ ਪਿੰਡ ਚੱਕ ਹਮੀਦ, ਤਹਿਸੀਲ ਦਾਦਨ ਖਾਂ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਖੇ ਪਿਤਾ ਸ੍ਰੀ ਬਹਾਦਰ ਚੰਦ ਸੂਰੀ ਦੇ ਗ੍ਰਹਿ ਮਾਤਾ ਸ੍ਰੀਮਤੀ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਹੋਰ ਛੋਟੇ ਭੈਣ-ਭਰਾਵਾਂ ਵਿੱਚ ਮੰਗਲ ਸੈਨ, ਬੋਧ ਰਾਜ ਅਤੇ ਵੀਰਾਂ ਵਾਲੀ ਦਾ ਨਾਲ ਸ਼ਾਮਲ ਹੈ।
ਨਾਨਕ ਸਿੰਘ ਅਜੇ ਛੋਟੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁਝ ਸਮੇਂ ਬਾਅਦ ਇੱਕ ਘਟਨਾ ਵਿੱਚ ਮਾਂ ਵੀ ਸਦਾ ਲਈ ਅਪਾਹਜ ਹੋ ਕੇ ਮੰਜੇ ‘ਤੇ ਪੈ ਗਈ, ਜਿਸ ਕਰਕੇ ਘਰ ਦੇ ਗੁਜ਼ਾਰੇ ਅਤੇ ਮਾਂ ਸਮੇਤ ਭੈਣ-ਭਰਾਵਾਂ ਦੀ ਪਾਲਣਾ ਨਾਨਕ ਸਿੰਘ ਨੂੰ ਕਰਨੀ ਪਈ। ਅਜਿਹੇ ਹਾਲਾਤ ਵਿੱਚ ਉਹ ਸਿਰਫ਼ ਪੰਜ ਜਮਾਤਾਂ ਤੱਕ ਹੀ ਪੜ੍ਹ ਸਕੇ।
ਗੁਰਬਤ, ਨਿਰਾਸ਼ਾ, ਵਿਸ਼ਵਾਸਘਾਤ ਤੇ ਚਿੰਤਾਵਾਂ ਵਿੱਚ ਡੁੱਬੇ ਨਾਨਕ ਸਿੰਘ ਦੇ ਸੰਵੇਦਨਸ਼ੀਲ ਹਿਰਦੇ ਨੇ ਕਲਮ ਨੂੰ ਹਥਿਆਰ ਬਣਾਇਆ ਅਤੇ ਹੋਰਨਾਂ ਵੱਡੇ ਲੇਖਕਾਂ ਵਾਂਗ ਸਭ ਤੋਂ ਪਹਿਲਾਂ ਕਵਿਤਾ ਲਿਖੀ। 1918 ਤੋਂ 1922 ਤੱਕ ਉਨ੍ਹਾਂ ਦੀਆਂ ਚਾਰ ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋਈਆਂ : ਸਤਿਗੁਰੂ ਮਹਿਮਾ, ਗੁਰਕੀਰਤ, ਖੂਨੀ ਵਿਸਾਖੀ, ਅਤੇ ਗੁਰੂ ਕੇ ਬਾਗ ਦਾ ਮੋਰਚਾ। ਇਸ ਤੋਂ ਵੀ ਪਹਿਲਾਂ 1909 ਵਿੱਚ ਉਨ੍ਹਾਂ ਨੇ ਅੱਠ ਪੰਨਿਆਂ ਦੀ ਇੱਕ ਲੰਮੀ ਕਵਿਤਾ ਲਿਖੀ ਸੀ: ‘ਸੀਹਰਫ਼ੀ ਹੰਸ ਰਾਜ’, ਜਿਸ ਵਿੱਚੋਂ ਕੁਝ ਪੰਕਤੀਆਂ ਪੇਸ਼ ਹਨ :
ਕਾਫ਼ ਕਿੱਥੋਂ ਲਿਆਵਾਂ ਮੈਂ ਬੈਤ ਚੋਂਦੇ
ਜਦਕਿ ਖੂਨ ਵਿੱਚ ਮੇਰੀ ਜ਼ਬਾਨ ਚੋਂਦਾ।
ਤੇਰੇ ਜਿਹੇ ਖ਼ੁਸ਼ਬਖ਼ਤ ਕੀ ਸਾਰ ਜਾਣਨ
ਕਿਵੇਂ ਅੱਖੀਆਂ ਥਾਣੀ ਇਨਸਾਨ ਚੋਂਦਾ।
ਜਾ ਕੇ ਪੁੱਛ ਨਸੀਬ ਦੇ ਮਾਰਿਆਂ ਨੂੰ
ਹੇਠ ਧਰਤੀ ਤੇ ਉੱਤੇ ਅਸਮਾਨ ਚੋਂਦਾ।
ਨਾ ਪੁੱਛ ਹਾਲ ਤੂੰ ‘ਹੰਸ’ ਦੁਖਿਆਰੜੇ ਦਾ
ਜਿੱਥੇ ਮੈਂ ਸੌਂਦਾ ਉਹ ਮਕਾਨ ਚੋਂਦਾ।
ਰੋਜ਼ਗਾਰ ਵਜੋਂ ਉਨ੍ਹਾਂ ਨੇ ਕਿਤਾਬਾਂ ਨਾਲ ਸਬੰਧਿਤ ਭਾਈ ਕਿਰਪਾਲ ਸਿੰਘ ਹਜ਼ੂਰੀਆ ਅੰਮ੍ਰਿਤਸਰ ਵਾਲੇ ਨਾਲ ਰਲ ਕੇ ਭਾਈਵਾਲੀ ਕੀਤੀ; ਬਚਪਨ ਦੇ ਦੋਸਤ ਰਾਮ ਸਿੰਘ ਨਾਲ ਮਿਲ ਕੇ ਪੰਜਾਬ ਖਾਲਸਾ ਪ੍ਰੈੱਸ ਦੀ ਸ਼ੁਰੂਆਤ ਕੀਤੀ, ਪਰ ਕਿਤੇ ਵੀ ਮਨ ਨਾ ਲੱਗਿਆ। ਸ਼ਾਂਤੀ ਦੀ ਭਾਲ ਵਿੱਚ ਉਹ ਕਰੀਬ ਇੱਕ ਸਾਲ ਰਿਸ਼ੀਕੇਸ਼ ਅਤੇ ਹੋਰ ਥਾਵਾਂ ‘ਤੇ ਭਟਕਦੇ ਰਹੇ। 1924 ਵਿੱਚ ਇੱਕ ਸੁਘੜ ਬੀਬੀ ਰਾਜ ਕੌਰ ਨਾਲ ਸ਼ਾਦੀ ਹੋਣ ਅਤੇ ਘਰ ਵਿੱਚ ਛੇ ਬੱਚਿਆਂ (ਪੰਜ ਪੁੱਤਰ ਤੇ ਇੱਕ ਧੀ) ਦੀ ਆਮਦ ‘ਤੇ ਉਨ੍ਹਾਂ ਨੂੰ ਕੁਝ ਟਿਕਾਓ ਮਿਲਿਆ।
ਹੁਣ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਲੇਖਨ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਕਵਿਤਾ ਲਿਖਣੀ ਛੱਡ ਕੇ ਵਾਰਤਕ ਵੱਲ ਰੁਖ਼ ਕੀਤਾ ਅਤੇ 1924 ਤੋਂ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਨਾਵਲਾਂ ਦੀ ਫਹਿਰਿਸਤ ਬਹੁਤ ਲੰਮੇਰੀ ਹੈ। ਇਨ੍ਹਾਂ ਵਿੱਚ ਮਤਰੇਈ ਮਾਂ, ਕਾਲ ਚੱਕਰ, ਮਿੱਠਾ ਮਹੁਰਾ, ਪ੍ਰੇਮ ਸੰਗੀਤ, ਫੌਲਾਦੀ ਫੁੱਲ, ਚਿੱਟਾ ਲਹੂ, ਕਾਗਤਾਂ ਦੀ ਬੇੜੀ, ਪਾਪਾਂ ਦੀ ਖੱਟੀ, ਪਿਆਰ ਦੀ ਦੁਨੀਆਂ, ਗਰੀਬ ਦੀ ਦੁਨੀਆਂ, ਅੱਧ ਖਿੜਿਆ ਫੁੱਲ, ਪਵਿੱਤਰ ਪਾਪੀ, ਜੀਵਨ ਸੰਗਰਾਮ, ਧੁੰਦਲੇ ਪਰਛਾਵੇਂ, ਦੂਰ ਕਿਨਾਰਾ, ਟੁੱਟੀ ਵੀਣਾ, ਲਵ ਮੈਰਿਜ, ਗੰਗਾਜਲੀ ਵਿਚ ਸ਼ਰਾਬ, ਅੱਗ ਦੀ ਖੇਡ, ਖੂਨ ਦੇ ਸੋਹਿਲੇ, ਮੰਝਧਾਰ, ਚਿੱਤਰਕਾਰ, ਆਦਮਖੋਰ, ਕਟੀ ਹੋਈ ਪਤੰਗ, ਸੁਮਨ ਕਾਂਤਾ, ਨਾਸੂਰ, ਬੰਜਰ, ਆਸਤਕ ਨਾਸਤਕ, ਸੰਗਮ, ਪੁਜਾਰੀ, ਛਲਾਵਾ, ਅਣਸੀਤੇ ਜ਼ਖ਼ਮ, ਇੱਕ ਮਿਆਨ ਦੋ ਤਲਵਾਰਾਂ, ਪੱਥਰ ਦੇ ਖੰਭ, ਵਰ ਨਹੀਂ ਸਰਾਪ, ਕੋਈ ਹਰਿਆ ਬੂਟ ਰਹਿਓ ਰੀ, ਸਰਾਪੀਆਂ ਰੂਹਾਂ ਅਤੇ ਗਗਨ ਦਮਾਮਾ ਬਾਜਿਆ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦੀਆਂ ਕਹਾਣੀ-ਪੁਸਤਕਾਂ ਵਿੱਚ ਹੰਝੂਆਂ ਦੇ ਹਾਰ, ਸੱਧਰਾਂ ਦੇ ਹਾਰ, ਮਿਧੇ ਹੋਏ ਫੁੱਲ, ਠੰਢੀਆਂ ਰਾਤਾਂ, ਸੁਨਹਿਰੀ ਜਿਲਦ, ਸੁਪਨਿਆਂ ਦੀ ਕਬਰ, ਸਵਰਗ ਤੇ ਉਸ ਦੇ ਵਾਰਿਸ, ਛੇਕੜਲੀ ਰਿਸ਼ਮ, ਚੋਣਵੀਂ ਕਹਾਣੀ ਦਾ ਜ਼ਿਕਰ ਮਿਲਦਾ ਹੈ। ਨਾਟਕ ਦੇ ਖੇਤਰ ਵਿੱਚ ਨਾਨਕ ਸਿੰਘ ਨੇ ਬੀ.ਏ.ਪਾਸ, ਪਾਪ ਦਾ ਫਲ, ਚੌੜ ਚਾਨਣ ਅਤੇ ਧੋਬੀ ਦਾ ਕੁੱਤਾ ਪੰਜਾਬੀ ਸਾਹਿਤ ਨੂੰ ਭੇਟ ਕੀਤੇ। ਉਨ੍ਹਾਂ ਨੇ ਆਪਣੀ ਸਵੈਜੀਵਨੀ ‘ਮੇਰੀ ਦੁਨੀਆਂ’ ਅਤੇ ਲੇਖ ਸੰਗ੍ਰਹਿ ‘ਚੜ੍ਹਦੀ ਕਲਾ’ ਤੋਂ ਇਲਾਵਾ ਕੁਝ ਭਾਰਤੀ ਤੇ ਵਿਦੇਸ਼ੀ ਪੁਸਤਕਾਂ ਦੇ ਅਨੁਵਾਦ ਵੀ ਕੀਤੇ। ਅਜਿਹੀਆਂ ਪੁਸਤਕਾਂ ਵਿੱਚ ਸੂਲਾਂ ਦੀ ਸੇਜ, ਪਤਝੜ ਦੇ ਪੰਛੀ, ਰਜਨੀ, ਤਸਵੀਰ ਦੇ ਦੋਵੇਂ ਪਾਸੇ, ਪੱਥਰ ਕਾਂਬਾ, ਫਰਾਂਸ ਦਾ ਡਾਕੂ ਅਤੇ ਪ੍ਰਾਸਚਿਤ ਸ਼ਾਮਲ ਹਨ।
ਨਾਨਕ ਸਿੰਘ ਦਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹੀ ਸਥਾਨ ਹੈ, ਜੋ ਆਧੁਨਿਕ ਕਵਿਤਾ ਵਿੱਚ ਭਾਈ ਵੀਰ ਸਿੰਘ ਦਾ, ਆਧੁਨਿਕ ਗੱਦ ‘ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ, ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਦਾ ਅਤੇ ਆਲੋਚਨਾ ਵਿੱਚ ਸੰਤ ਸਿੰਘ ਸੇਖੋਂ ਦਾ ਹੈ। ਉਨ੍ਹਾਂ ਨੇ 1924 ਤੋਂ 1967 ਤੱਕ ਕਰੀਬ 43 ਵਰ੍ਹੇ ਨਾਵਲਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਵਾਲਟਰ ਸਕਾਟ ਵਾਂਗ ਬਹੁਗਿਣਤੀ ਵਿੱਚ ਨਾਵਲ ਲਿਖੇ ਅਤੇ ਇਨ੍ਹਾਂ ਵਿੱਚ ਚਾਰਲਸ ਡਿਕਨਜ਼ ਸਵਰਗੀ ਸਧਾਰਨਤਾ ਭਰੀ ਹੋਈ ਮਿਲਦੀ ਹੈ।
ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ੇ ਸਮਾਜ ਸੁਧਾਰਕ, ਰਾਜਨੀਤਿਕ ਅਤੇ ਵਿਦਰੋਹੀ ਸੁਰਾਂ ਵਾਲੇ ਹਨ। ਉਨ੍ਹਾਂ ਨੂੰ ਨਾਵਲ ਲਿਖਣ ਦੀ ਪ੍ਰੇਰਨਾ 1920-21 ਦੌਰਾਨ ਜੇਲ੍ਹ ਯਾਤਰਾ ਸਮੇਂ ਮੁਨਸ਼ੀ ਪ੍ਰੇਮਚੰਦ ਦੇ ਨਾਵਲਾਂ ਨੂੰ ਪੜ੍ਹਨ ਤੋਂ ਪ੍ਰਾਪਤ ਹੋਈ। “ਹਿੰਦੀ ਸਾਹਿਤ ਵਿੱਚ ਜਿਵੇਂ ਮੁਨਸ਼ੀ ਪ੍ਰੇਮ ਚੰਦ ਅਤੇ ਬੰਗਲਾ ਵਿੱਚ ਸ਼ਰਤ ਚੰਦਰ ਅਤੇ ਬੰਕਿਮ ਚੰਦਰ ਚੈਟਰਜੀ ਘਰੋਗੀ ਨਾਂ ਬਣ ਗਏ ਹਨ, ਇਸੇ ਤਰ੍ਹਾਂ ਨਾਨਕ ਸਿੰਘ ਪੰਜਾਬੀਆਂ ਲਈ ਘਰੇਲੂ ਨਾਂ ਹੈ।” (ਪਿਆਰਾ ਸਿੰਘ ਦਾਤਾ)
ਅੰਤ ਵਿੱਚ ਡਾ.ਮਹਿੰਦਰ ਸਿੰਘ ਰੰਧਾਵਾ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੁੰਦਿਆਂ ਮੈਂ ਇਹ ਰਚਨਾ ਸਮਾਪਤ ਕਰਦਾ ਹਾਂ : “ਮੇਰੇ ਦਿਲ ਵਿੱਚ ਸਦਾ ਹੀ ਅਜਿਹੇ ਪੰਜਾਬੀ ਲੇਖਕਾਂ ਲਈ ਸਤਿਕਾਰ ਰਿਹਾ ਹੈ, ਜੋ ਆਰਥਿਕ ਲਾਭਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਸਾਰੀ ਉਮਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਜੁਟੇ ਰਹੇ ਹਨ। ਇਨ੍ਹਾਂ ਲੇਖਕਾਂ ਵਿੱਚ ਮੈਂ ਨਾਨਕ ਸਿੰਘ ਦਾ ਬੜਾ ਉੱਚਾ ਸਥਾਨ ਮੰਨਦਾ ਹਾਂ। ਕੋਈ ਪੁਸਤਕਾਲਾ ਉਸਦੇ ਨਾਵਲਾਂ ਬਿਨਾਂ ਸੰਪੂਰਨ ਨਹੀਂ ਸਮਝਿਆ ਜਾ ਸਕਦਾ, ਨਾ ਹੀ ਕੋਈ ਇਮਤਿਹਾਨ ਤੇ ਨਾ ਹੀ ਕੋਈ ਘਰ। ਸਫ਼ਰ ਕਰਦੇ ਮੁਸਾਫ਼ਿਰ, ਗੱਡੇ ਹਿਕਦੇ ਜੱਟ, ਪਿੱਪਲਾਂ ਜਾਂ ਬੋਹੜਾਂ ਥੱਲੇ ਦੁਪਹਿਰਾਂ ਕੱਟਦੇ ਕਿਸਾਨ ਤੁਹਾਨੂੰ ਨਾਨਕ ਸਿੰਘ ਦੇ ਨਾਵਲ ਪੜ੍ਹਦੇ ਨਜ਼ਰ ਆਉਣਗੇ। ਵਿਦਿਆਰਥੀਆਂ ਦੇ ਟਰੰਕਾਂ ਵਿੱਚੋਂ ਤੇ ਮੁਟਿਆਰਾਂ ਦੇ ਸਿਰਾਣੇ ਥੱਲਿਓਂ ਤੁਹਾਨੂੰ ਉਸ ਦਾ ਕੋਈ ਨਾ ਕੋਈ ਨਾਵਲ ਲੱਭ ਪਵੇਗਾ। … ਉਸ ਦੀ ਕੀਰਤੀ ਸਾਰੇ ਭਾਰਤ ਵਿੱਚ ਫੈਲ ਗਈ। ਅਤੇ ਅੱਜ ਅਨੇਕ ਬੋਲੀਆਂ ਵਿੱਚ ਉਸ ਦੇ ਨਾਵਲ ਛਾਪੇ ਤੇ ਪੜ੍ਹੇ ਜਾਣ ਲੱਗ ਪਏ ਹਨ।” 28 ਦਸੰਬਰ 1911 ਈ. ਨੂੰ ਪੰਜਾਬੀ ਦਾ ਇਹ ਮਹਾਨ ਸਾਹਿਤਕਾਰ ਜੀਵਨ-ਮੰਚ ਤੋਂ ਸਦਾ ਲਈ ਅਲੋਪ ਹੋ ਗਿਆ। ਆਪਣੀਆਂ ਰਚਨਾਵਾਂ ਅਤੇ ਮਹਾਨ ਸ਼ਖ਼ਸੀਅਤ ਸਦਕਾ ਨਾਨਕ ਸਿੰਘ ਦਾ ਨਾਂ ਹਮੇਸ਼ਾ ਅਮਰ ਰਹੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਕਤਲ ਤੋਂ ਬਾਅਦ ਜ਼ਿੰਦਾ ਹੋ ਗਈ ਔਰਤ !

admin

ਪਾਣੀ ਦੀ ਹਰ ਬੂੰਦ ‘ਤੇ ਸੰਕਟ: ਨੀਤੀਆਂ ਦੇ ਬਾਵਜੂਦ ਭਾਰਤ ਦੀ ਧਰਤੀ ਪਿਆਸੀ ਕਿਉਂ ਹੈ ?

admin