Articles

ਨਾਵਾਂ ‘ਚ ਵਿਗਾੜ ਦਾ ਰੂਝਾਨ ਡੂੰਘੀ ਚਿੰਤਾ ਦਾ ਵਿਸ਼ਾ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕਿਸੇ ਵੀ ਮਨੁੱਖ ਦਾ ਨਾਮ ਉਸ ਦੀ ਪਹਿਚਾਣ ਹੁੰਦਾ। ਮਨੁੱਖੀ ਪਰੰਪਰਾ ਹੈ ਕਿ ਜਨਮ ਤੋਂ ਛੇਤੀਂ ਬਾਅਦ ਚ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਹੈ। ਵੱਖ ਵੱਖ ਧਰਮਾਂ ਕੇ ਫ਼ਿਰਕਿਆਂ ਮੁਤਾਬਿਕ ਇਹ ਪਰੰਪਰਾ ਵੱਖ ਤਰੀਕਿਆਂ ਨਾਲ ਨਿਭਾਈ ਜਾਂਦੀ ਹੈ, ਮਿਸਾਲ ਵਜੋਂ ਹਿੰਦੂ ਧਰਮ ਨੂੰ ਮੰਨਣ ਵਾਲੇ ਬੱਚੇ ਦੇ ਜਨਮ ਤੋਂ ਬਾਦ ਪੰਡਿਤ ਨੂੰ ਸੱਦਕੇ ਜੰਤਰੀ ਦੇ ਹਿਸਾਬ ਨਾਲ ਤੇ ਸਿੱਖ ਇਹ ਰਸਮ ਗੁਰਦੁਆਰੇ ਅਰਦਾਸ ਕਰਾਉਣ ਉਪਰੰਤ ਗੁਰੂ ਗਰੰਥ ਸਾਹਿਬ ਵਿੱਚੋਂ ਮਿਲੇ ਮਹਾਂਵਾਕ ਦੇ ਪਹਿਲੇ ਅੱਖਰ ਮੁਤਾਬਿਕ ਨਾਮਕਰਨ ਕਰਕੇ ਅਦਾ ਕਰਦੇ ਹਨ। ਨਾਮਕਰਨ ਸਥਾਨਾਂ, ਜਾਨਵਰਾਂ ਤੇ ਦਰਖ਼ਤਾਂ ਦੇ ਨਾਮ ‘ਤੇ ਵੀ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿੱਕਰ ਸਿੰਘ, ਬੋਹੜ ਸਿੰਘ, ਬਘੇਲ ਸਿੰਘ, ਸ਼ੇਰ ਸਿੰਘ/ ਖਾਨ ਆਦਿ।
ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਿਆਂ ਦੇ ਨਾਮ ਦੀ ਵੀ ਇਕ ਨਿਵੇਕਲੀ ਮੁਹਾਰਨੀ ਰਹੀ ਹੈ ਜਿਵੇਂ ਬਾਬਾ, ਪੜਦਾਦਾ, ਪਿਓ, ਚਾਚਾ, ਤਾਇਆ, ਮਾਸੜ, ਮਾਮਾ, ਨਾਨਾ, ਨਾਨੀ, ਭੂਆ, ਚਾਚੀ, ਤਾਈ, ਨਨਾਣ, ਭਰਜਾਈ/ਭਾਬੀ, ਦਿਓਰ, ਦਰਾਣੀ ਤੇ ਜੇਠ, ਜਿਠਾਣੀ ਆਦਿ।
ਪਹਿਲੇ ਸਮਿਆਂ ਵਿੱਚ ਨਾਮ ਕਿਸੇ ਦੇ ਸੁਭਾਅ ਦੀ ਪਹਿਚਾਣ ਵੀ ਹੁੰਦਾ ਸੀ। ਸੁੱਚਾ ਸਿੰਘ, ਗੁਰਮੁਖ ਸਿੰਘ, ਕਰਮ ਚੰਦ ਤੇ ਅੱਲਾ ਰੱਖਾ ਆਦਿ ਨਾਮ ਜਿੱਥੇ ਉਹਨਾਂ ਦੇ ਧਾਰਮਿਕ ਅਕੀਦੇ ਬਾਰੇ ਜਾਣਕਾਰੀ ਦੇਂਦੇ ਸਨ ਉੱਥੇ ਉਹਨਾ ਦੇ ਸੁਭਾਅ ਦੀ ਤਾਸੀਰ ਬਾਰੇ ਵੀ ਬਹੁਤ ਕੁੱਜ ਕਹਿ ਜਾਂਦੇ ਸਨ।
ਸਮੇਂ ਦੀ ਰਫ਼ਤਾਰ ਨੇ ਨਾਵਾਂ ਤੇ ਰਿਸ਼ਤਿਆਂ ਦਾ ਮੂੰਹ ਮੁਹਾਂਦਰਾ ਬਦਲਿਆ ਵੀ ਤੇ ਵਿਗਾੜਿਆ ਵੀ ਹੈ। ਪੰਜਾਬੀ ਰਿਸ਼ਤਿਆਂ ਦੇ ਨਾਵਾਂ ਚ ਚਾਚਾ-ਚਾਚੀ, ਤਾਇਆ-ਤਾਈ, ਮਾਮਾ-ਮਾਮੀ, ਮਾਸੜ- ਮਾਸੀ ਤੇ ਭੂਆ-ਫੁੱਫੜ ਦੀ ਜਗਾ ਹੁਣ Uncle-Aunty ਨੇ ਲੈ ਲਈ ਹੈ।
ਪਿਓ ਨੂੰ ਡੈਡ/ਪਾਪਾ/ ਪਾ ਤੇ ਮਾਂ ਨੂੰ “ਮਮ”ਨੇ ਅਮਰਵੇਲੀ ਲਪੇਟਾ ਮਾਰ ਲਿਆ ਹੈ। ਭਰਾ ਨੂੰ ਪਹਿਲਾਂ “ਭਾ ਜੀ” ਤੇ ਹੁਣ “ਪਾ ਜੀ “ ਕਿਹਾ ਜਾਣ ਲੱਗ ਪਿਆ ਹੈ ਜਦ ਕਿ “ਪਾ ਜੀ” ਦਾ ਅਸਲ ਭਾਵ ਅਰਥ “ਪਾਗਲ” ਹੁੰਦਾ ਹੈ।
ਬੱਚਿਆ ਦੇ ਨਾਮ ਬਦਲਕੇ ਇਸ ਤਰਾੰ ਦੇ ਰੱਖੇ ਜਾ ਰਹੇ ਹਨ ਕਿ ਉਹਨਾ ਨੂੰ ਉਚਾਰਨ ਵੇਲੇ ਕੋਈ ਬਹੁਤਾ ਤਰੱਦਦ ਨਾ ਕਰਨਾ ਪਵੇ, ਮਿਸਾਲ ਵਜੋਂ : ਟਿੰਕੂ, ਚਿੰਕੂ, ਪਿੰਕੂ, ਮੈਂਡੀ, ਪੈਂਡੀ ਤੇ ਕੈਂਡੀ ਆਦਿ ।
ਇਸ ਤੋਂ ਵੀ ਅੱਗੇ ਨਾਵਾਂ ਦੇ ਉੱਤੇ ਸਮਾਜਿਕ ਸਟੇਟਸ ਏਨਾ ਭਾਰੂ ਹੋ ਗਿਆ ਹੈ ਕਿ ਬਹੁਤੇ ਲੋਕ ਆਪਣੇ ਨਾਮ ਦੀ ਬਜਾਏ ਸਮਾਜਕ ਸਟੇਟਸ ਪ੍ਰਤੀ ਵਧੇਰੇ ਚਿੰਤਤ ਨਜ਼ਰ ਆ ਰਹੇ ਹਨ ਜਿਸ ਕਾਰਨ ਨਾਮ ਨਾਲ ਲੱਗਣ ਵਾਲਾ ਜੋ ਟਾਈਟਲ ਨਾਮ ਤੋਂ ਬਾਦ ਵਿੱਚ ਲੱਗਣਾ ਚਾਹੀਦਾ ਹੈ, ਉਸ ਨੂੰ ਨਾਮ ਤੋਂ ਪਹਿਲਾ ਜੜ ਦਿੱਤਾ ਜਾਂਦਾ ਹੈ ਜਿਵੇਂ ਡਾਕਟਰ, ਪ੍ਰੋਫੈਸਰ, ਕੈਪਟਨ, ਪ੍ਰਧਾਨ, ਸਕੱਤਰ, ਡੀ ਸੀ, ਪੀ ਐਮ ਆਦਿ। ਇਸ ਦੀ ਸਭ ਤੋਂ ਵਧੀਆ ਉਦਾਹਰਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਤੀ ਜਾ ਸਕਦੀ ਹੈ ਜਿਹਨਾ ਦਾ ਪੂਰਾ ਨਾਮ ਨਰਿੰਦਰ ਮੋਦੀ ਹੈ ਪਰ ਬਹੁਤੇ ਲੋਕਾਂ ਨੂੰ ਉਹਨਾਂ ਦੇ ਇਸ ਨਾਮ ਦੀ ਬਜਾਏ ਸਿਰਫ “ਪੀ ਐਮ ਮੋਦੀ” ਦਾ ਹੀ ਪਤਾ ਹੈ। ਇਸੇ ਤਰਾਂ ਨਾਮ ਦੀ ਬਜਾਏ ਪ੍ਰਧਾਨ, ਸਕੱਤਰ, ਐਮ ਐਲ ਏ, ਐਮ ਪੀ, ਸਰਪੰਚ/ ਪੰਚ, ਕੌਂਸਲਰ ਸਾਹਿਬ ਆਦਿ ਕਹਿਕੇ ਸੰਬੋਧਿਨ ਕਰਨ ਨਾਲ ਵੀ ਨਾਮ ਦੀ ਬਜਾਏ ਸਮਾਜਿਕ ਸਟੇਟਸ ਨੂੰ ਹੀ ਅੱਗੇ ਰੱਖਿਆ ਜਾਂਦਾ ਹੈ ਜਿਸ ਨਾਲ ਨਾਮ ਦੀ ਮਹਿਮਾ ਤੇ ਮਹੱਤਵ ਨੂੰ ਹੀ ਘੱਟਾ ਤੇ ਵੱਟਾ ਲਗਦਾ ਹੈ ।
ਇੱਥੇ ਜ਼ਿਕਰ ਕਰਦਾ ਜਾਵਾਂ ਕਿ ਕੁੱਜ ਏਸ਼ੀਅਨ ਲੋਕ ਪੱਛਮੀ ਮੁਲਕਾਂ ਚ ਆ ਕੇ, ਜਾਣਬਝਕੇ ਆਪਣੇ ਨਾਮ ਵਿਗਾੜ ਲੈਂਦੇ ਹਨ ਤੇ ਜੈ ਕਿ੍ਰਸ਼ਨ ਤੋਂ “ਜੈਕੀ ਸਨਜ”, ਪਾਲਾ ਰਾਮ ਤੋਂ “ਮਿਸਟਰ ਪੌਲ”, ਜਸਵਿੰਦਰ ਸਿੰਘ “ਮਿਸਟਰ ਜੈਸ”, ਤੇ ਮਨਦੀਪ ਤੋਂ “ਮੈਂਡੀ” ਆਦਿ ਬਣ ਜਾਂਦੇ ਹਨ ।
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਸਾਡੇ ਸਮਾਜ ਵਿੱਚ ਇਹ ਵਰਤਾਰਾ ਕਿਓਂ ਪੈਦਾ ਹੋ ਗਿਆ। ਕੀ ਇਸ਼ ਦਾ ਕਾਰਨ ਅਨਪੜ੍ਹਤਾ ਜਾਂ ਪਿੱਛੜਾਪਨ ਹੈ ਜਾਂ ਫੇਰ ਸਮਾਜਿਕ ਰੁਤਬਾ ਦਿਖਾ ਕੇ ਲੋਕਾਂ ਵਿੱਚ ਟੌਹਰ ਜਮਾਉਣ ਦੀ ਫੁਕਰੀ ਮਾਰਨਾ ਹੈ ਜਾਂ ਫਿਰ ਕਿਸੇ ਬਾਹਰੀ ਕਲਚਰ ਦੇ ਦੁਰਪ੍ਰਭਾਵ ਹੇਠ ਵਿਗੜੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਹੈ?
ਇਹਨਾਂ ਉਕਤ ਸਵਾਲਾਂ ‘ਤੇ ਚਿੰਤਨ ਕਰਨ ਦੀ ਅੱਜ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਇਸ ਸੱਭਿਆਚਾਰਕ ਵਿਗਾੜ ਦਾ ਕੋਈ ਹੱਲ ਲੱਭਿਆ ਜਾ ਸਕੇ। ਉਜ ਇਹ ਕਹਿ ਕੇ ਵੀ ਡੰਗ ਟਪਾਇਆ ਜਾ ਸਕਦਾ ਹੈ ਕਿ ਇਹ ਸਭ ਵਰਤਾਰਾ ਸਮੇਂ ਸਮੇਂ ਵਾਪਰ ਰਹੀ ਕੁਦਰਤੀ ਤਬਦੀਲੀ ਦਾ ਹੀ ਇਕ ਪੱਖ ਹੈ, ਪਰ ਮੇਰੀ ਜਾਚੇ ਇਹ ਇਕ ਡੰਗ ਟਪਾਊ ਉੱਤਰ ਹੈ ਤੇ ਮਸਲੇ ਦੀ ਤਹਿ ਤੱਕ ਜਾਣ ਤੋਂ ਬਚਣ ਦਾ ਤਰੀਕਾ ਹੈ। ਦਰਅਸਲ ਇਸ ਸੱਭਿਆਚਾਰਕ ਵਿਗਾੜ ਦੇ ਕਾਰਨਾ ਦੀ ਪੁਣ ਛਾਣ ਕਰਨ ਤੋਂ ਬਾਅਦ ਇਸ ਦੀ ਰੋਕਥਾਮ ਵਾਸਤੇ ਕੋਈ ਢੁਕਵਾਂ ਹੱਲ ਲੱਭਣ ਦੀ ਅੱਜ ਬੇਹੱਦ ਜ਼ਰੂਰਤ ਹੈ। ਆਸ ਹੈ ਕਿ ਤੁਸੀ ਆਪੋ ਆਪਣੇ ਸੁਝਾਅ ਟਿਪਣੀਆ ਰਾਹੀਂ ਦਰਜ ਕਰਾ ਕੇ ਇਸ ਪਾਸੇ ਇਕ ਚੰਗੀ ਢੁਕਵੀਂ ਤੇ ਸਾਰਥਿਕ ਚਰਚਾ ਦੀ ਅਰੰਭ ਕਰੋਗੇ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin