
ਸੰਨ 2004 ਵਿਚ ਅਮਰੀਕਾ ਜਾਣ ਤੋਂ ਪਹਿਲਾਂ ਕਿਤੇ ਕਾਹਲ਼ੀ ਜਾਣ ਵੇਲੇ ਹੀ ਮੈਂ ਦੰਦਾਂ ਵਾਲਾ ਬੁਰਸ਼ ਕਰ ਲੈਂਦਾ ਸਾਂ ਨਹੀਂ ਤਾਂ ਰੋਜ਼ਾਨਾ ਦਾਤਣ। ਉੱਥੇ ਜਾ ਕੇ ਦਾਤਣਾ ਛੁੱਟ ਗਈਆਂ। ਬੁਰਸ਼ ਕਾਫੀ ਚਿਰ ਤਾਂ ਚਲਦਾ ਰਿਹਾ ਪਰ ਫਿਰ ਮੇਰੇ ਬੁਰਸ਼ ਕਰਨ ਵੇਲੇ ਦੰਦਾਂ ‘ਚੋਂ ਖੂਨ ਜਾਣ ਲੱਗ ਪਿਆ। ਚਿੱਟੇ ਪੇਸਟ ਦੀ ਚਿੱਟੀ ਝੱਗ ਬਣਨ ਦੀ ਥਾਂ ਲਾਲ-ਲਾਲ ਝੱਗ ਨਿਕਲਣ ਲੱਗ ਪਈ। ਫਿਰ ਮੇਰੇ ਸੁੱਤੇ ਪਿਆਂ ਵੀ ਸਰ੍ਹਾਣੇ ‘ਤੇ ਖੂਨ ਲੱਗਣ ਲੱਗ ਪਿਆ।
ਸੈਂਸੋਡਾਈਨ ਜਿਹੇ ਕਈ ਤਰਾਂ ਦੇ ਮਹਿੰਗੇ ਟੁੱਥਪੇਸਟ ਵੀ ਬਦਲ ਬਦਲ ਕੇ ਦੇਖ ਲਏ। ਡੈਂਟਿਸਟ ਵਲੋਂ ਦੱਸਿਆ ਗਿਆ ਮੈਡੀਕੇਟਿਡ ਪੇਸਟ ਵੀ ਵਰਤਿਆ ਤੇ ਕਈ ਤਰਾਂ ਦੀ ਦਵਾਈ ਨਾਲ ਗਰਾਰੇ ਵੀ ਕੀਤੇ ਪਰ ਦੰਦਾਂ ‘ਚੋਂ ਖੂਨ ਆਉਣੋ ਬੰਦ ਨਾ ਹੋਇਆ।
ਇਸ ਵਾਰ ਪਿੰਡ ਆ ਕੇ ਮੈਂ ਬੁਰਸ਼-ਬਰਸ਼ ਪਰੇ ਰੱਖ ਕੇ ਰੋਜ਼ਾਨਾ ਨਿੰਮ ਦੀ ਤਾਜ਼ੀ ਦਾਤਣ ਕਰਨੀ ਸ਼ੁਰੂ ਕਰ ਦਿੱਤੀ। ਕੁੱਝ ਦਿਨਾਂ ਵਿਚ ਹੀ ਦੰਦਾਂ ‘ਚੋਂ ਖੂਨ ਰਿਸਣਾ ਬੰਦ ਹੋ ਗਿਆ। ਅਠਾਹਠ ਸਾਲ ਦੀ ਉਮਰ ‘ਚ ਗੰਨੇਂ ਵੀ ਖੂਬ ਚੂਪੇ ਤੇ ਹੁਣ ਭੁੱਜੇ ਦਾਣੇ ਵੀ ਚੱਬ ਲੈਨਾਂ।
ਨਿੰਮ ਦੀ ਦਾਤਣ ਕਰਨ ਵੇਲੇ ਇਕ ਦੋਸਤ ਵਲੋਂ ਦੱਸੀ ਤਕਨੀਕ ਮੁਤਾਬਕ ਦਾਤਣ ਕਰਨ ਤੋਂ ਪਹਿਲਾਂ ਪਿੱਛਿਉਂ ਚੱਪਾ ਕੁ ਦਾਤਣ ਤੋੜ ਕੇ ਵੱਖਰੀ ਰੱਖ ਲੈਂਦਾ ਹਾਂ। ਦਾਤਣ ਕਰਨ ਮਗਰੋਂ ਕੁਰਲ਼ੀਆਂ ਕਰਦਿਆਂ ਮੂੰਹ ਚੰਗੀ ਤਰਾਂ ਸਾਫ ਕਰਕੇ ਫਿਰ ਦਾਤਣ ਦਾ ਉਹ ਚੱਪਾ ਕੁ ਹਿੱਸਾ ਮੂੰਹ ‘ਚ ਪਾ ਕੇ ਉਦੋਂ ਤੱਕ ਚਿੱਥੀ ਜਾਂਦਾ ਹਾਂ ਤੇ ਕੌੜਾ ਰਸਾ ਅੰਦਰ ਲੰਘਾਈ ਜਾਂਦਾ ਹਾਂ ਜਦ ਤੱਕ ਉਹਦੇ ‘ਚੋਂ ਕੌੜਾ ਰਸ ਆਉਣਾ ਬੰਦ ਨਹੀਂ ਹੋ ਜਾਂਦਾ!
ਅਜਿਹਾ ਨਿੱਤ-ਕਰਮ ਕਰਨ ਨਾਲ ਮੇਰੇ ਦੰਦ ਵੀ ਠੀਕ ਹੋ ਗਏ ਤੇ ਸ਼ੂਗਰ ਵੀ ਨਾਰਮਲ ਹੋ ਗਈ।
ਐਂਵੇਂ ਨਹੀਂ ਕਿਸੇ ਨੇ ਇਹ ਟੋਟਕਾ ਲਿਖਿਆ ਹੋਇਆ:
‘ਸੁਨਾ ਹੈ ਅਪਨੇ ਗਾਂਵ ਮੇਂ
ਰਹਾ ਨਾ ਅਬ ਵੋਹ ਨੀਮ।
ਜਿਸ ਕੇ ਆਗੇ ਮਾਂਦ ਥੇ
ਸਾਰੇ ਵੈਦ ਹਕੀਮ!’