Articles

ਨੂਰ ਦਾ ਨਵਾਂ ਨਵਾਂ ਤਜ਼ਰਬਾ !

ਦੂਜੇ ਦਿਨ ਨੂਰ ਨੇ ਲਾਂਗਰੀ ਵਰਤਾਵਾ ਬਣਕੇ ਉਨ੍ਹਾਂ ਨੂੰ ਲੰਗਰ ਛਕਾਇਆ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਦੋ ਸਾਲ ਪਹਿਲਾਂ ਸੰਨ 23 ਦੇ ਜਨਵਰੀ ਮਹੀਨੇ ਦੀ ਗੱਲ ਹੈ। ਮੈਂ ਅਮਰੀਕਾ ਤੋਂ ਆਪਣੇ ਪਿੰਡ ਦੁਪਾਲ ਪੁਰ ਗਿਆ ਹੋਇਆ ਸਾਂ। ਪੋਤਰੇ ਨੂਰ ਦਾ ਜਨਮ ਦਿਨ ਮਨਾਉਣ ਲਈ ਉਸਦੇ ਮੰਮੀਂ ਪਾਪਾ ਨੇ ਹਰੇਕ ਸਾਲ ਵਾਂਗ ਬਿਨਾਂ ਕਿਸੇ ਅਡੰਬਰ ਦੇ, ਸੈਂਚੀਆਂ ‘ਤੇ ਅਰੰਭ ਕੀਤੇ ਹੋਏ ਸਹਿਜ ਪਾਠ ਦਾ ਭੋਗ ਪਾਇਆ ਤੇ ਅਗਲੇ ਸਾਲ ਲਈ ਹੋਰ ਅਰੰਭ ਕੀਤਾ।

ਉਨ੍ਹਾਂ ਹੀ ਦਿਨਾਂ ਵਿਚ ਸਾਡੇ ਘਰ ਨੂੰ ਜਾਂਦੀ ਗਲ਼ੀ ਉੱਤੇ ਪੰਚਾਇਤੀ ਕੰਮ ਵਜੋਂ ਮਿਸਤਰੀ ‘ਇੰਟਰ-ਲਾਕ’ ਟਾਈਲਾਂ ਲਗਾ ਰਹੇ ਸਨ। ਉਹ ਰੋਜ ਦੁਪਹਿਰ ਵੇਲੇ  ਆਪਣੇ ਨਾਲ ਡੱਬਿਆਂ ‘ਚ ਲਿਆਂਦੀ ਰੋਟੀ ਖਾਂਦੇ ਹੁੰਦੇ ਸਨ। ਮੈਂ ਉਨ੍ਹਾਂ ਨੂੰ ਨੂਰ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਚਾਹ ਪਿਲ਼ਾਉਣ ਗਏ ਨੇ ਕਹਿ ਦਿੱਤਾ ਕਿ ਕਾਕਾ ਕੱਲ੍ਹ ਨੂੰ ਰੋਟੀ ਕੋਲ਼ ਨਾ ਲੈ ਕੇ ਆਇਉ,ਸਾਡੇ ਘਰੇ ਛਕਿਉ।

ਲਉ ਜੀ,ਦੂਜੇ ਦਿਨ ਨੂਰ ਨੇ ਲਾਂਗਰੀ ਵਰਤਾਵਾ ਬਣਕੇ ਉਨ੍ਹਾਂ ਨੂੰ ਲੰਗਰ ਛਕਾਇਆ। ਜਦ ਉਹ ਸਾਡੇ ਘਰੋਂ ‘ਤਸੱਲੀ’ ਨਾਲ ਪ੍ਰਸੰਨ ਹੋ ਕੇ ਕੰਮ ‘ਤੇ ਜਾ ਲੱਗੇ ਤਾਂ ਨੂਰ ਮੇਰੇ ਕੋਲ ਇਉਂ ਆ ਬੈਠਾ, ਜਿਵੇਂ ਉਸਨੇ ਮੇਰੇ ਨਾਲ਼ ਕੋਈ ‘ਖਾਸ ਗੱਲ’ ਕਰਨੀ ਹੋਵੇ ! ਖੁਦ ਨੂੰ ਨਵਾਂ ਨਵਾਂ ਹੋਇਆ ਤਜ਼ਰਬਾ ਮੇਰੇ ਨਾਲ ਸਾਂਝਾ ਕਰਦਿਆਂ ਕਹਿੰਦਾ:

“ਬਾਬਾ ਜੀ, ਜਦ ਅਸੀਂ ‘ਸਿੱਖ ਬਿਠਾਈ ਦੇ’ ਆ, ਉਨ੍ਹਾਂ ਨੂੰ ਪ੍ਰਸ਼ਾਦਾ ਛਕਾਉਣ ਵੇਲੇ ਉਹ ਥਾਲ਼ਾਂ ਵਿੱਚ ਰੱਖਿਆ ਕੜਾਹ ਪ੍ਰਸ਼ਾਦ ਵੀ ਭੋਰਾ ਕੁ ਰੱਖ ਕੇ ਸਾਰਾ ਹੀ ਚੁਕਾ ਦਿੰਦੇ ਹਨ ਤੇ ਖੀਰ ਵੀ ਚਮਚਾ ਕੁ ਹੀ ਰੱਖਦੇ ਹਨ! ਪਰ ਆਹ ਮਿਸਤਰੀ ਜਿਹੜੇ ਰੋਟੀ ਖਾ ਕੇ ਗਏ ਆ… ਇਨ੍ਹਾਂ ਦੀਆਂ ਪਲੇਟਾਂ ਵਿਚ ਤਾਂ ਮੈਂ ਪੂੜੀਆਂ ਰੱਖਦਾ ਥੱਕ ਗਿਆ ਬਾਬਾ ਜੀ! ਮੰਮਾਂ ਨੇ ਕੜਾਹ ਵੀ ਪਲੇਟਾਂ ਭਰ ਭਰ ਕੇ ਰੱਖਿਆ ਸੀ ਤੇ ਖੀਰ ਦੇ ਵੀ ਕੌਲੇ ਭਰਕੇ ਹੀ ਦਿੱਤੇ ! ਮਿੱਤਰਾਂ ਨੇ ਕੜਾਹ-ਖੀਰ ਵੀ ਚੱਟਮ ਕਰ’ਤੇ ਅਤੇ ਮਗਰੋਂ ਪੰਜ-ਪੰਜ,ਛੇ-ਛੇ ਪੂੜੀਆਂ ਵੀ ‘ਪੀੜ’ ਗਏ !”

ਉਸਨੇ ਹੱਸਦਿਆਂ ਹੋਇਆਂ ਗੱਲ ਮੁਕਾਈ- “ਇਨ੍ਹਾਂ ਨੇ ਕਿਸੇ ਇਕ ਜਣੇ ਨੇ ਵੀ ਨਹੀਂ ਕਿਹਾ ਕਿ ਖਾਲੀ ਕੌਲਾ ਲਿਆਈਂ ਬਈ ਕਾਕਾ,ਸਾਡੇ ਕੋਲ਼ ਕੜਾਹ ਜਾਂ ਖੀਰ ‘ਵਾਧੂ’ ਆ ਗਈ ਆ !”

ਫਿਰ ਅਸੀਂ ਦਾਦਾ-ਪੋਤਾ ਲੰਗਰ ਦੇ ਸਿਧਾਂਤਕ ਅਰਥ ਅਤੇ ਅਜੋਕੇ ਲੰਗਰਾਂ ਬਾਰੇ ਕਿੰਨਾਂ ਚਿਰ ਗੱਲਾਂ ਕਰਦੇ ਰਹੇ !

Related posts

ਭਾਰਤੀ ਰੇਲਵੇ ਨੇ ਇੱਕ ਪੂਰੀ ਰੇਲਗੱਡੀ ਤੇ ਰੇਲਵੇ ਸਟੇਸ਼ਨ ਔਰਤਾਂ ਨੂੰ ਸਮਰਪਿਤ ਕਰ ਦਿੱਤਾ !

admin

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ 

admin