Articles Magazine

ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਭਾਰਤੀ ਇਲੈਕਟਰੋਨਿਕ ਮੀਡੀਆ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਭਾਰਤੀ ਇਲੈੱਕਟਰੋਨਿਕ ਮੀਡੀਆ (ਨਿਊਜ਼ ਚੈਨਲ) ਇਸ ਵੇਲੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਨਿਊਜ਼ ਚੈਨਲ ਇੱਕ ਖਾਸ ਰਾਜਨੀਤਕ ਪਾਰਟੀ ਦੇ ਭੌਂਪੂ ਬਣੇ ਹੋਏ ਹਨ। ਭਾਰਤ ਦੀ ਡੁੱਬਦੀ ਹੋਈ ਅਰਥ ਵਿਵਸਥਾ, ਰਸਾਤਲ ਵੱਲ ਜਾ ਰਹੀ ਜੀ.ਡੀ.ਪੀ., ਭੁੱਖਮਰੀ, ਗਰੀਬੀ, ਨਾਬਰਾਬਰੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਰੋਨਾ ਆਦਿ ਦੇ ਪ੍ਰਕੋਪ ਨੂੰ ਭੁੱਲ ਕੇ ਅਰਥਹੀਣ ਖਬਰਾਂ ਦਾ ਕਚੂੰਮਰ ਕੱਢਣ ‘ਤੇ ਲੱਗੇ ਹੋਏ ਹਨ। ਪੁਲਵਾਮਾ ਵਿਖੇ (14 ਫਰਵਰੀ 2019) ਸੀ.ਆਰ.ਪੀ. ‘ਤੇ ਹੋਏ ਫਿਦਾਇਨ ਹਮਲੇ ਅਤੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਵੇਲੇ ਤਾਂ ਚੈਨਲਾਂ ਨੇ ਜਨਤਾ ਨੂੰ ਇਹ ਮੰਨਣ ਲਈ ਮਜ਼ਬੂਰ ਕਰ ਦਿੱਤਾ ਸੀ ਕਿ ਬੱਸ ਜੰਗ ਬੱਸ ਲੱਗੀ ਕਿ ਲੱਗੀ। ਖਬਰਾਂ ਵੇਖ ਕੇ ਲੱਗਦਾ ਸੀ ਕਿ ਭਾਰਤੀ ਫੌਜ ਚੀਨ ਅਤੇ ਪਾਕਿਸਤਾਨ ਵੱਲ ਕੂਚ ਕਰਨ ਲਈ ਬੱਸ ਚੈਨਲਾਂ ਦੇ ਹੁਕਮਾਂ ਦੀ ਉਡੀਕ ਕਰ ਰਹੀ ਹੈ। ਨਿਊਜ਼ ਐਂਕਰ ਇਸ ਤਰਾਂ ਉੱਛਲ ਕੂਦ ਮਚਾ ਰਹੇ ਸਨ ਜਿਵੇਂ ਭਾਰਤ ਦੀਆਂ ਅੰਤਰ ਮਹਾਂਦੀਪੀ ਮਿਜ਼ਾਈਲਾਂ ਦਾ ਕੰਟਰੋਲ ਇਨ੍ਹਾਂ ਦੇ ਹੱਥ ਵਿੱਚ ਹੋਵੇ। ਚੀਨ ਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਾਨਪੁਰ (ਯੂ.ਪੀ.) ਦੇ ਬਦਮਾਸ਼ ਵਿਕਾਸ ਦੂਬੇ ਦਾ ਜਿਸ ਨੇ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਕਰ ਕੇ (3 ਜੁਲਾਈ 2020) ਉਸ ਨੂੰ ਤਬਾਹੀ ਤੋਂ ਬਚਾ ਲਿਆ। ਇਸ ਹੱਤਿਆਕਾਂਡ ਤੋਂ ਬਾਅਦ ਸਾਰੇ ਚੈਨਲਾਂ ਵਾਲੇ ਚੀਨ ਅਤੇ ਪਾਕਿਸਤਾਨ ਨੂੰ ਭੁੱਲ ਕੇ ਵਿਕਾਸ ਦੂਬੇ ਦੇ ਪਿੱਛੇ ਪੈ ਗਏ। ਲੋਕਾਂ ਦੀ ਵਿਕਾਸ ਦੂਬੇ ਦੀਆਂ ਖਬਰਾਂ ਤੋਂ ਉਸ ਵੇਲੇ ਜਾਨ ਛੁੱਟੀ ਜਦੋਂ ਉਸ ਦਾ ਇੱਕ ਪੁਲਿਸ ਮੁਕਾਬਲੇ (10 ਜੁਲਾਈ 2020) ਵਿੱਚ ਅੰਤ ਹੋ ਗਿਆ। ਫਿਰ ਸਾਡੇ ਮਹਾਂਨਾਇਕ ਅਮਿਤਾਬ ਬੱਚਨ ਅਤੇ ਉਸ ਦੇ ਪਰਿਵਾਰ ਨੂੰ ਕਰੋਨਾ ਹੋ ਗਿਆ। ਸਾਰੇ ਚੈਨਲ ਕੈਮਰੇ ਲੈ ਕੇ ਉਸ ਦੇ ਘਰ ਅਤੇ ਹਸਪਤਾਲ ਵਿੱਚ ਘੁਸਣ ਤੱਕ ਪਹੁੰਚ ਗਏ। ਟੀ.ਵੀ. ‘ਤੇ ਸਿਰਫ ਇਹ ਖਬਰਾਂ ਆਉਣ ਲੱਗੀਆਂ ਕਿ ਅੱਜ ਅਮਿਤਾਬ ਬੱਚਨ ਨੇ ਥੋੜ੍ਹੇ ਜਿਹੇ ਦਹੀਂ ਚਾਵਲ ਖਾਧੇ ਹਨ, ਅੱਜ ਉਸ ਨੇ ਜੂਸ ਪੀਤਾ ਤੇ ਅੱਜ ਉਸ ਨੇ ਚਾਰ ਘੰਟੇ ਨੀਂਦ ਲਈ ਹੈ। ਸਾਰੇ ਚੈਨਲਾਂ ਨੂੰ ਇਹ ਪਰੇਸ਼ਾਨੀ ਸੀ ਕਿ ਜਯਾ ਬੱਚਨ ਨੂੰ ਕਰੋਨਾ ਕਿਉਂ ਨਹੀਂ ਹੋਇਆ? ਕੀ ਉਸ ਦੀ ਅਮਿਤਾਬ ਬੱਚਨ ਨਾਲ ਨਹੀਂ ਬਣਦੀ?
ਨਿਊਜ਼ ਚੈਨਲਾਂ ਦਾ ਸਭ ਤੋਂ ਤਾਜ਼ਾ ਸ਼ਿਕਾਰ ਬਣੀ ਹੈ ਆਤਮ ਹੱਤਿਆ ਕਰਨ ਵਾਲੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ। ਸਵੇਰ ਤੋਂ ਸ਼ਾਮ ਤੱਕ ਸਾਰੇ ਨਿਊਜ਼ ਚੈਨਲ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਨੂੰ ਹੱਤਿਆ ਦਾ ਰੂਪ ਦੇਣ ਵਿੱਚ ਰੁੱਝ ਗਏ ਹਨ। ਬਿਨਾਂ ਮੁਕੱਦਮਾ ਦਰਜ਼ ਹੋਏ ਤੇ ਅਦਾਲਤੀ ਕੇਸ ਚੱਲੇ ਰੀਆ ਚੱਕਰਵਰਤੀ ਇਸ ਵੇਲੇ ਹੱਤਿਆ ਦੀ ਮੁਲਜ਼ਮ ਠਹਿਰਾ ਦਿੱਤੀ ਗਈ ਹੈ ਤੇ ਚੈਨਲ ਜੱਲਾਦ ਦਾ ਰੂਪ ਧਾਰਨ ਕਰ ਕੇ ਉਸ ਦੇ ਗਲੇ ਵਿੱਚ ਫਾਂਸੀ ਦਾ ਫੰਦਾ ਪਾਉਣ ਲਈ ਤਿਆਰ ਹੋਏ ਬੈਠੇ ਹਨ। ਇੱਕ ਚੈਨਲ ਨੇ ਤਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਹ ਕੈਪਸ਼ਨ ਲਗਾਇਆ ਕਿ ਸਾਡੇ ਕੋਲ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਅਜਿਹੀਆਂ ਐਕਸਕਲੂਸਿਵ ਤਸਵੀਰਾਂ ਹਨ ਜੋ ਪਹਿਲਾਂ ਕਦੇ ਵੀ ਵਿਖਾਈਆਂ ਨਹੀਂ ਗਈਆਂ ਤੇ ਉਸ ਦੀ ਲਾਸ਼ ਦੀਆਂ ਤਸਵੀਰਾਂ ਚੈਨਲ ‘ਤੇ ਵਿਖਾ ਦਿੱਤੀਆਂ। ਵੇਖ ਕੇ ਮਹਿਸੂਸ ਹੁੰਦਾ ਸੀ ਕਿ ਅਸਲ ਵਿੱਚ ਇਹ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਨਹੀਂ ਸਗੋਂ ਭਾਰਤੀ ਇਲੈੱਕਟਰੋਨਿਕ ਮੀਡੀਆ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਹਨ। ਇਸ ਤੋਂ ਘਿਣਾÀਣੀ ਕਰਤੂਤ ਅੱਜ ਤੱਕ ਕਿਸੇ ਨਿਊਜ਼ ਚੈਨਲ ਨੇ ਨਹੀਂ ਕੀਤੀ ਹੋਵੇਗੀ ਕਿ ਮਰਨ ਵਾਲੇ ਦੀ ਲਾਸ਼ ਨੂੰ ਵੀ ਨਹੀਂ ਬਖਸ਼ਿਆ। ਇਸ ਸਾਰੇ ਘਟਨਾ ਕ੍ਰਮ ਵਿੱਚ ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਰੱਗਜ਼ ਦੇਣ ਵਾਲੀ, ਉਸ ਦੇ ਪੈਸੇ ਹੜੱਪਣ ਵਾਲੀ ਤੇ ਕਤਲ ਕਰਨ ਵਾਲੀ ਅਜਿਹੀ ਖੂਨ ਪੀਣੀ ਚੁੜੇਲ ਸਾਬਤ ਕਰ ਦਿੱਤਾ ਗਿਆ ਹੈ ਜੋ ਭਾਰਤੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਗਿਰੇ ਹੋਏ ਕਿਰਦਾਰ ਵਾਲੀ ਔਰਤ ਹੈ।
ਚੈਨਲਾਂ ਵਾਲੇ ਦਿਨ ਰਾਤ ਉਸ ਦੀ ਬਿਲਡਿੰਗ ਦੇ ਬਾਹਰ ਕੈਮਰੇ ਲੈ ਕੇ ਬੈਠੇ ਹੋਏ ਉਸ ਦੇ ਪਰਿਵਾਰ ਨੂੰ ਪ੍ਰਤਾੜਿਤ ਕਰ ਰਹੇ ਹਨ। ਇਥੋਂ ਤੱਕ ਕਿ ਇੱਕ ਦਿਨ ਉਨ੍ਹਾਂ ਨੂੰ ਖਾਣਾ ਪਹੁੰਚਾਉਣ ਲਈ ਆਏ ਜ਼ੋਮੀਟੋ ਦੇ ਡਲਿਵਰੀ ਵਾਲੇ ਨੂੰ ਵੀ ਘੇਰ ਲਿਆ ਗਿਆ। ਵਿਚਾਰੇ ਨੇ ਬਹੁਤ ਮੁਸ਼ਕਿਲ ਨਾਲ ਮੋਟਰ ਸਇਕਲ ਭਜਾ ਕੇ ਆਪਣੀ ਜਾਨ ਬਚਾਈ। ਚੈਨਲਾਂ ਦੀਆਂ ਇਨ੍ਹਾਂ ਜ਼ਾਲਮਾਨਾ ਹਰਕਤਾਂ ਕਾਰਨ ਪਤਾ ਨਹੀਂ ਰੀਆ ਚੱਕਰਵਰਤੀ ਦੇ ਪਰਿਵਾਰ ‘ਤੇ ਕੀ ਗੁਜ਼ਰ ਰਹੀ ਹੋਵੇਗੀ। ਪੇਸ਼ੀ ‘ਤੇ ਜਾਂਦੇ ਸਮੇਂ ਇੱਕ ਦਿਨ ਖਿਝ੍ਹੀ ਤੇ ਘਬਰਾਈ ਹੋਈ ਰੀਆ ਚੱਕਰਵਰਤੀ ਨੇ ਅੰਦਰੋਂ ਆਪਣੀ ਕਾਰ ਦੇ ਬੰਦ ਸ਼ੀਸ਼ੇ ‘ਤੇ ਅਰਕ ਮਾਰ ਦਿੱਤੀ ਤਾਂ ਸਾਰਾ ਦਿਨ ਇਹ ਹੀ ਵਿਖਾਈ ਗਏ ਕਿ ਇਸ ਨੇ ਅਰਕ ਤਾਂ ਮਾਰੀ ਹੈ ਕਿਉਂਕਿ ਇਹ ਅਪਰਾਧੀ ਹੈ ਤੇ ਇਸ ਨੇ ਵਿਚਾਰੇ ਸ਼ਰੀਫ ਚੈਨਲ ਵਾਲੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀਆਂ ਵਾਹਯਾਤ ਹਰਕਤਾਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਤਫਤੀਸ਼ ਕਰ ਰਹੀ ਸੀ.ਬੀ.ਆਈ. ਦੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ। ਜੇ ਅੱਜ ਵੀ ਰੀਆ ਚੱਕਰਵਰਤੀ ਇੱਕ ਖਾਸ ਪਾਰਟੀ ਦੀ ਮੈਂਬਰਸ਼ਿੱਪ ਹਾਸਲ ਕਰ ਲਵੇ ਤਾਂ ਸਾਰੇ ਚੈਨਲਾਂ ਵਾਲੇ ਉਸ ਨੂੰ ਛੱਡ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਪਿੱਛੇ ਪੈ ਜਾਣਗੇ। ਇਹ ਅਜੇ ਸਾਬਤ ਨਹੀਂ ਹੋਇਆ ਕਿ ਰੀਆ ਚੱਕਰਵਰਤੀ ਦੋਸ਼ੀ ਹੈ ਜਾਂ ਨਹੀਂ ਤੇ ਕੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵਾਲੇ ਉਸ ‘ਤੇ ਬਿਨਾਂ ਵਜ੍ਹਾ ਇਲਜ਼ਾਮ ਲਗਾ ਰਹੇ ਹਨ? ਜੇ ਉਹ ਦੋਸ਼ੀ ਹੋਈ ਤਾਂ ਆਪੇ ਆਪਣਾ ਅੰਜ਼ਾਮ ਭੁਗਤ ਲਵੇਗੀ, ਪਰ ਮੀਡੀਆ ਟਰਾਇਲ ਵਿੱਚ ਤਾਂ ਉਸ ਨੂੰ ਦੋਸ਼ੀ ਸਾਬਤ ਵੀ ਕਰ ਦਿੱਤਾ ਗਿਆ ਹੈ।
ਜਾਂਚ ਏਜੰਸੀਆ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੀਆਂ ਹਨ। ਉਹ ਜਾਣ ਬੁੱਝ ਕੇ ਜਾਂਚ ਦੇ ਕੁਝ ਸੰਵੇਦਨਸ਼ੀਲ ਹਿੱਸੇ, ਜਿਵੇਂ ਰੀਆ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਵਟਸਐੱਪ ਚੈਟ, ਆਪਣੇ ਚਹੇਤੇ ਚੈਨਲਾਂ ਨੂੰ ਲੀਕ ਕਰ ਰਹੀਆਂ ਹਨ।  ਸੁਸ਼ਾਂਤ ਸਿੰਘ ਰਾਜਪੂਤ ਦੇ ਡਾਕਟਰ ਨੇ ਤਾਂ ਹੋਰ ਵੀ ਕਮਾਲ ਦੀ ਬੇਸ਼ਰਮੀ ਵਿਖਾਈ ਹੈ। ਡਾਕਟਰ – ਮਰੀਜ਼ ਦੀ ਗੁਪਤਤਾ ਦੀ ਸੌਂਹ (ਹਿੱਪੋਕਰੈਟਿਕ ਉਥ) ਚੁੱਕੀ ਹੋਣ ਦੇ ਬਾਵਜੂਦ ਸ਼ੋਹਰਤ ਦੀ ਭੁੱਖ ਅਤੇ ਟੀ.ਵੀ. ਚੈਨਲਾਂ ‘ਤੇ ਆਪਣੀ ਸ਼ਕਲ ਵਿਖਾਉਣ ਦੇ ਲਾਲਚ ਵਿੱਚ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਨਸਿਕ ਤੌਰ ‘ਤੇ ਅੰਸਤਿਲਤ ਹੋਣ ਅਤੇ ਇਲਾਜ਼ ਦੀ ਸਾਰੀ ਰਿਪੋਰਟ ਹੀ ਚੈਨਲਾਂ ਨੂੰ ਵੇਚ ਦਿੱਤੀ ਹੈ। ਪਤਾ ਨਹੀਂ ਉਸ ਨੇ ਆਪਣੇ ਪੇਸ਼ੇ ਨਾਲ ਗੱਦਾਰੀ ਕਰਨ ਦੀ ਕਿੰਨੀ ਕੀਮਤ ਵਸੂਲੀ ਹੋਵੇਗੀ। ਆਪਣੀ ਸਫਾਈ ਦੇਣ ਲਈ ਰੀਆ ਚੱਕਰਵਰਤੀ ਨੇ ਪਿਛਲੇ ਹਫਤੇ ਇੱਕ ਭਰੋਸੇਯੋਗ ਸਮਝੇ ਜਾਣ ਵਾਲੇ ਟੀ.ਵੀ. ਚੈਨਲ ‘ਤੇ ਇੰਟਰਵਿਊ ਦੇ ਕੇ ਮਾਮਲਾ ਸਾਫ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਸਭ ਵੀ ਉਸ ਦੇ ਉਲਟ ਗਿਆ। ਬਾਕੀ ਸਾਰੇ ਚੈਨਲ ਅਤੇ ਸੋਸ਼ਲ਼ ਮੀਡੀਆ ਵਾਲੇ ਚਾਕੂ ਤਿੱਖੇ ਕਰ ਕੇ ਉਸ ਦੇ ਅਤੇ ਚੈਨਲ ਦੇ ਪਿੱਛੇ ਪੈ ਗਏ ਕਿ ਇਹ ਸਿਰਫ ਹਮਦਰਦੀ ਬਟੋਰਨ ਦਾ ਪਾਖੰਡ ਹੈ। ਰੀਆ ਚੱਕਰਵਰਤੀ ਦੇ ਚੇਹਰੇ ‘ਤੇ ਕਿਸੇ ਪ੍ਰਕਾਰ ਦਾ ਦੁੱਖ ਦਿਖਾਈ ਨਹੀਂ ਦੇ ਰਿਹਾ ਸੀ ਤੇ ਉਸ ਨੇ ਰਵਾਇਤੀ ਸੋਗ ਵਾਲੇ ਕੱਪੜੇ ਪਾਉਣ ਦੀ ਬਜਾਏ ਜੀਨਜ਼ – ਟੀ ਸ਼ਰਟ ਪਹਿਨ ਕੇ ਇੰਟਰਵਿਊ ਕਿਉਂ ਦਿੱਤੀ? ਰੀਆ ਚੱਕਰਵਰਤੀ ਨੇ ਲੱਗਭਗ ਰੋਂਦੇ ਹੋਏ ਦੱਸਿਆ ਕਿ ਕਿਵੇਂ ਚਿੱਕੜ ਉਛਾਲਣ ਵਾਲੇ ਮੀਡੀਆ ਪ੍ਰਚਾਰ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ। ਉਹ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ ਤੇ ਉਸ ਨੂੰ ਲਗਾਤਾਰ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਮੀਡੀਆ ਦੇ ਦੁਸ਼ਪ੍ਰਚਾਰ ਨੇ ਰੀਆ ਚੱਕਰਵਰਤੀ ਨੂੰ ਦੋਸ਼ੀ ਘੋਸ਼ਿਤ ਕਰ ਦਿੱਤਾ ਹੈ ਭਾਵੇਂ ਕਿ ਅਜੇ ਸੀ.ਬੀ.ਆਈ ਦੀ ਜਾਂਚ ਅਜੇ ਮੁਢਲੀ ਸਟੇਜ ‘ਤੇ ਹੈ। ਮੀਡੀਆ ਉਸ ਨਾਲ ਉਸੇ ਤਰਾਂ ਦਾ ਵਿਹਾਰ ਕਰ ਰਿਹਾ ਹੈ ਜਿਹੋ ਜਿਹਾ ਪਾਕਿਸਤਾਨੀ ਮੀਡੀਆ ਕਥਿੱਤ ਭਾਰਤੀ ਜਾਸੂਸ ਕੁਲਭੂਸ਼ਣ ਯਾਦਵ ਨਾਲ ਕਰ ਰਿਹਾ ਹੈ। ਉਸ ਨੂੰ ਵੀ ਪਾਕਿਸਤਾਨੀ ਮੀਡੀਆ ਨੇ ਬਿਨਾਂ ਕੋਈ ਦੋਸ਼ ਸਾਬਤ ਹੋਏ ਰਾਅ ਦਾ ਏਜੰਟ ਅਤੇ ਪਾਕਿਸਤਾਨ ਦਾ ਦੁਸ਼ਮਣ ਨੰਬਰ ਇੱਕ ਘੋਸ਼ਿਤ ਕੀਤਾ ਹੋਇਆ ਹੈ। ਭਾਰਤੀ ਮੀਡੀਆ ਨੇ ਅਜਿਹਾ ਹੀ ਵਿਹਾਰ 2008 ਵਿੱਚ ਹੋਏ ਅਰੂਸ਼ੀ ਤਲਵਾਰ ਕਤਲ ਕੇਸ ਵਿੱਚ ਉਸ ਦੀ ਮਾਂ ਨੂਪੂਰ ਤਲਵਾਰ ਨਾਲ ਕੀਤਾ ਸੀ ਜਦੋਂ ਉਸ ਨੇ ਇੱਕ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਅਗਲੇ ਦਿਨ ਸਾਰਾ ਦਿਨ ਬਾਕੀ ਨਿਊਜ਼ ਚੈਨਲ ਉਸ ਇੰਟਰਵਿਊ ਦੀਆਂ ਧੱਜੀਆਂ ਉਡਾਉਂਦੇ ਰਹੇ ਕਿ ਉਹ ਜਿਆਦਾ ਦੁਖੀ ਦਿਖਾਈ ਨਹੀਂ ਦੇ ਰਹੀ ਸੀ ਤੇ ਉਹ ਇੰਟਰਵਿਊ ਦੌਰਾਨ ਇੱਕ ਵਾਰ ਵੀ ਰੋਈ ਕਿਉਂ ਨਹੀਂ? ਉਹ ਗੱਲ ਅਲੱਗ ਹੈ ਕਿ ਉਸ ਕੇਸ ਵਿੱਚ ਮੀਡੀਆ ਟਰਾਇਲ ਦੇ ਬਾਵਜੂਦ 12 ਅਕਤੂਬਰ 2017 ਨੂੰ ਅਲਾਹਾਬਾਦ ਹਾਈ ਕੋਰਟ ਨੇ ਤਲਵਾਰ ਜੋੜੇ ਨੂੰ ਅਰੂਸ਼ੀ ਕਤਲ ਕਾਂਡ ਦੇ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਸੀ। ਤਲਵਾਰ ਜੋੜੇ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ ਤੇ ਕੁੜੀਮਾਰ ਹੋਣ ਦੀ ਜੋ ਬਦਨਾਮੀ ਝੱਲਣੀ ਪਈ ਸੋ ਅਲੱਗ। ਵੈਸੇ ਰੀਆ ਚੱਕਰਵਰਤੀ ਦੀ ਦਾਦ ਦੇਣੀ ਪਏਗੀ ਕਿ ਐਨਾ ਦਬਾਅ ਝੱਲਣ ਦੇ ਬਾਵਜੂਦ ਵੀ ਉਹ ਚਟਾਨ ਵਾਂਗ ਇਸ ਕੂੜ ਪ੍ਰਚਾਰ ਦਾ ਸਾਹਮਣਾ ਕਰ ਰਹੀ ਹੈ। ਇਸ ਮੌਕੇ ‘ਤੇ ਦਾਅਵੇ ਨਾਲ ਇਹ ਤਾਂ ਨਹੀ ਕਿਹਾ ਜਾ ਸਕਦਾ ਕਿ ਉਹ ਬੇਗੁਨਾਹ ਹੈ, ਪਰ ਮੀਡੀਆ ਨੂੰ ਘੱਟੋ ਘੱਟ ਸੀ.ਬੀ.ਆਈ. ਨੂੰ ਤਾਂ ਉਸ ਦਾ ਕੰਮ ਕਰਨ ਦੇਣਾ ਚਾਹੀਦਾ ਹੈ। ਜੇ ਕਿਤੇ ਸੀ.ਬੀ.ਆਈ. ਨੇ ਰੀਆ ਨੂੰ ਕਲੀਨ ਚਿੱਟ ਦੇ ਦਿੱਤੀ, ਜਿਸ ਦੀ ਅੱਜ ਦੇ ਹਾਲਾਤ ਮੁਤਾਬਕ ਉਮੀਦ ਘੱਟ ਹੀ ਲੱਗਦੀ ਹੈ, ਪਤਾ ਨਹੀਂ ਸਾਡਾ ਕਥਿੱਤ ਦੇਸ਼ ਭਗਤ ਇਲੈੱਕਟਰੋਨਿਕ ਮੀਡੀਆ ਸੀ.ਬੀ.ਆਈ. ਦਾ ਕੀ ਹਾਲ ਕਰੇਗਾ। ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੇਸ ਵਿੱਚ ਕੋਈ ਰਾਏ ਬਣਾਉਣ ਤੋਂ ਪਹਿਲਾਂ ਪੰਜਾਬੀ ਜਾਗਰਣ ਵਰਗੀਆਂ ਨਿਰਪੱਖ ਅਖਬਾਰਾਂ ਜਰੂਰ ਪੜ੍ਹਨ।

Related posts

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਪਹਿਲਾ ਬੈਚ ਭਾਰਤ ਪੁੱਜਾ !

admin

ਦਿੱਲੀ ਵਿਧਾਨ-ਸਭਾ ਚੋਣਾਂ: ਚੋਣ ਸਰਵੇਖਣਾਂ ਵਲੋਂ ਵੱਖੋ-ਵੱਖਰੇ ਦਾਅਵੇ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin