Articles

ਨੌਜਵਾਨਾਂ ਦੀ ਨਵੀਂ ਕਾਤਲ, ਸੈਲਫੀ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਇੱਕ ਨੌਜਵਾਨ ਰਣਜੀਤ ਸਾਗਰ ਝੀਲ ਦੇ ਕਿਨਾਰੇ ਸੈਲਫੀ ਲੈਂਦਾ ਹੋਇਆ ਡੁੱਬ ਕੇ ਮਰ ਗਿਆ ਹੈ। ਪਿਛਲੇ ਸਾਲ ਇੱਕ ਦੁਖਦਾਈ ਘਟਨਾ ਵਿੱਚ ਮਹਾਂਰਾਸ਼ਟਰ ਦੇ ਪੂਨੇ ਜਿਲ੍ਹੇ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ ਚਾਰ ਡਾਕਟਰ ਝੀਲ਼ ਵਿੱਚ ਡੁੱਬ ਕੇ ਅਣਿਆਈ ਮੌਤੇ ਮਾਰੇ ਗਏ ਸਨ। ਉਹ ਸੈਲਫੀ ਲੈਣ ਲਈ ਕਿਸ਼ਤੀ ਦੇ ਇੱਕ ਪਾਸੇ ਇਕੱਠੇ ਹੋ ਗਏ ਤੇ ਬੈਲੇਂਸ ਵਿਗੜਨ ਕਾਰਨ ਕਿਸ਼ਤੀ ਡੁੱਬ ਗਈ। ਸ਼ੌਕ ਦੇ ਰੂਪ ਵਿੱਚ ਸ਼ੁਰੂ ਹੋਈ ਸੈਲਫੀ ਦੀ ਆਦਤ ਹੁਣ ਇੱਕ ਗੰਭੀਰ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਗਈ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ ਲੋਕ ਲਾਸ਼ਾਂ ਨਾਲ ਵੀ ਬੇਸ਼ਰਮ ਹੋ ਕੇ ਸੈਲਫੀਆਂ ਖਿੱਚ ਰਹੇ ਹਨ। ਪਿੱਛੇ ਜਿਹੇ ਇੱਕ ਮੂਰਖ ਨੇ ਆਪਣੇ ਬਾਪ ਦੀ ਮੱਚ ਰਹੀ ਚਿਤਾ ਨਾਲ ਸੈਲਫੀ ਖਿੱਚ ਕੇ ਸਟੇਟਸ ਪਾਇਆ ਸੀ, “ਫੀਲਿੰਗ ਸੈੱਡ ਵਿੱਦ ਫਾਦਰ ਡੈੱਡ।” ਹੈਰਾਨੀ ਦੀ ਗੱਲ ਹੈ ਕਿ ਇਸ ਅਹਿਮਕਾਨਾ ਸਟੇਟਸ ਨੂੰ ਉਸ ਵਰਗੇ ਅਨੇਕਾਂ ਬੇਵਕੂਫਾਂ ਨੇ ਲਾਈਕ ਕੀਤਾ ਤੇ ਕੁਮੈਂਟ ਵੀ ਦਿੱਤੇ। ਕਈਆਂ ਨੇ ਅਜਿਹੀਆਂ ਕਰਤੂਤਾਂ ਕਰਦੇ ਸਮੇਂ ਸ਼ੇਰਾਂ ਚੀਤਿਆਂ ਦੇ ਪਿੰਜਰਿਆਂ ਵਿੱਚ ਡਿੱਗ ਕੇ ਭੰਗ ਦੇ ਭਾੜੇ ਜਾਨ ਗਵਾਈ ਹੈ। ਕਿਸੇ ਵੀ ਧਾਰਮਿਕ ਸਥਾਨ ‘ਤੇ ਚਲੇ ਜਾਉ, ਲੋਕ ਬਿਨਾਂ ਸੰਗ ਸ਼ਰਮ ਤੋਂ ਸੈਲਫੀਆਂ ਖਿੱਚੀ ਜਾਂਦੇ ਹਨ। ਹਰਿਮੰਦਰ ਸਾਹਿਬ ਵਰਗੀ ਪਵਿੱਤਰ ਜਗ੍ਹਾ ‘ਤੇ ਵੀ ਸੈਲਫੀਆਂ ਲੈਣੋ ਨਹੀਂ ਹਟਦੇ। ਵਿਚਾਰੇ ਸ਼ਰਧਾਲੂ ਇਨ੍ਹਾਂ ਦੀਆਂ ਬਾਂਦਰਾਂ ਵਰਗੀਆਂ ਹਰਕਤਾਂ ਕਾਰਨ ਪਰੇਸ਼ਾਨ ਹੋ ਜਾਂਦੇ ਹਨ।

ਅੱਜ ਦੇ ਨੌਜਵਾਨ ਆਪਣੇ ਬਾਪ ਦੀ ਤੁਰਨ ਵਾਲੀ ਛੜੀ ਭਾਵੇਂ ਭੁੱਲ ਜਾਣ, ਪਰ ਸੈਲਫੀ ਸਟਿੱਕ ਨਾਲ ਲਿਜਾਣੀ ਕਦੇ ਨਹੀਂ ਭੁੱਲਦੇ। ਸੈਲਫੀ ਦਾ ਕਰੇਜ਼ ਐਨਾ ਵਧ ਚੁੱਕਾ ਹੈ ਕਿ 2019 ਵਿੱਚ ਗੂਗਲ ‘ਤੇ 800 ਕਰੋੜ ਸੈਲਫੀਆਂ ਪਾਈਆਂ ਗਈਆਂ ਜੋ ਹੁਣ ਕਈ ਗੁਣਾ ਵਧ ਚੁੱਕੀਆਂ ਹੋਣਗੀਆਂ। 2016 ਵਿੱਚ ਇੰਦਰਪ੍ਰਸਥ ਇੰਸਟੀਚਿਊਟ ਆਫ ਇਨਫਰਮੇਸ਼ਨ ਨਵੀਂ ਦਿੱਲੀ ਅਤੇ ਮੈਲਨ ਯੂਨੀਵਰਸਿਟੀ ਯੂ.ਐਸ.ਏ. ਦੇ ਸਰਵੇਖਣ ਮੁਤਾਬਕ ਭਾਰਤ ਵਿੱਚ ਸੰਸਾਰ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜਿਆਦਾ ਸੈਲਫੀ ਸਬੰਧੀ ਮੌਤਾਂ ਹੋ ਰਹੀਆਂ ਹਨ। ਮਾਰਚ 2014 ਤੋਂ ਲੈ ਕੇ ਕੁੱਲ ਦੁਨੀਆਂ ਦੀਆਂ 256 (ਜਿਹਨਾਂ ਦੀ ਰਿਪੋਰਟ ਕੀਤੀ ਗਈ) ਸੈਲਫੀ ਮੌਤਾਂ ਵਿੱਚੋਂ 110 ਇਕੱਲੇ ਭਾਰਤ ਵਿੱਚ ਹੋਈਆ ਹਨ। ਇਸ ਮਾਮਲੇ ਵਿੱਚ ਵੀ ਅਸੀਂ ਪਾਕਿਸਤਾਨ ਨੂੰ ਮਾਤ ਦੇ ਦਿੱਤੀ ਹੈ ਜਿੱਥੇ ਸਿਰਫ 11 ਮੌਤਾਂ ਹੋਈਆਂ ਹਨ। ਚੀਨ ਦੀ ਅਬਾਦੀ 137 ਕਰੋੜ ਹੈ, ਪਰ ਉਥੇ ਹੁਣ ਤੱਕ ਸਿਰਫ 6 ਲੋਕਾਂ ਦੀ ਮੌਤ ਹੋਈ ਹੈ। ਸੈਲਫੀ ਲੈਂਦੇ ਸਮੇਂ ਹੋਣ ਵਾਲੀਆਂ ਆਮ ਮੌਤਾਂ ਟਰੇਨ ਦੁਆਰਾ ਕੁਚਲੇ ਜਾਣ, ਸਮੁੰਦਰ, ਨਹਿਰ ਜਾਂ ਦਰਿਆ ਵਿੱਚ ਡੁੱਬਣ, ਖਤਰਨਾਕ ਪਹਾੜੀ ਢਲਾਣ ਤੋਂ ਖੱਡ ਵਿੱਚ ਡਿੱਗ ਪੈਣ, ਕਿਸ਼ਤੀ ਉਲਟ ਜਾਣ ਅਤੇ ਵਾਹਨ ਚਲਾਉਂਦੇ ਸਮੇਂ ਹਾਦਸਾ ਹੋਣ ਕਾਰਨ ਹੁੰਦੀਆਂ ਹਨ। ਸਭ ਤੋਂ ਜਿਆਦਾ ਮੌਤਾਂ ਉੱਚਾਈ ਤੋਂ ਡਿੱਗਣ ਅਤੇ ਪਾਣੀ ਵਿੱਚ ਡੁੱਬਣ ਕਾਰਨ ਹੁੰਦੀਆਂ ਹਨ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਔਰਤਾਂ ਮਰਦਾਂ ਤੋਂ ਵੱਧ ਸੈਲਫੀਆਂ ਖਿੱਚਦੀਆਂ ਹਨ, ਪਰ ਮੌਤ ਦਰ ਮਰਦਾਂ ਵਿੱਚ ਵੱਧ ਹੈ। ਇਸ ਦਾ ਕਾਰਨ ਇਹ ਪਤਾ ਲੱਗਾ ਹੈ ਕਿ ਮਰਦ ਸੈਲਫੀ ਲੈਣ ਲੱਗਿਆਂ ਔਰਤਾਂ ਤੋਂ ਵੱਧ ਖਤਰਾ ਉਠਾਉਂਦੇ ਹਨ। ਇਸ ਤੋਂ ਇਲਾਵਾ 30 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੀ ਮਰਨ ਗਿਣਤੀ ਸਭ ਤੋਂ ਵੱਧ ਹੈ। ਸ਼ਾਇਦ ਉਨ੍ਹਾਂ ਨੂੰ ਵਹਿਮ ਹੈ ਕਿ ਖਤਰਨਾਕ ਸੈਲਫੀਆਂ ਸ਼ੋਸ਼ਲ ਮੀਡੀਆ ‘ਤੇ ਪਾਉਣ ਨਾਲ ਲੜਕੀਆਂ ਜਿਆਦਾ ਆਕਰਸ਼ਿਤ ਹੁੰਦੀਆਂ ਹਨ। ਸੋਸ਼ਲ ਮੀਡੀਆ ‘ਤੇ ਵੱਧ ਲਾਈਕ ਅਤੇ ਫੂਕ ਛਕਾਉਣ ਵਾਲੇ ਕੁਮੈਂਟ ਹਾਸਲ ਕਰਨ ਲਈ ਜਾਨ ਖਤਰੇ ਵਿੱਚ ਪਾਈ ਜਾ ਰਹੀ ਹੈ। ਸੈਲਫੀ ਖਿੱਚਣ ਦੀ ਲੱਤ ਨੌਜਵਾਨਾਂ ਨੂੰ ਅਫੀਮ ਦੇ ਨਸ਼ੇ ਵਾਂਗ ਲੱਗ ਗਈ ਹੈ। ਕਈਆਂ ਦਾ ਤਾਂ ਇਹ ਹਾਲ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਇੱਕ ਨਿਸ਼ਚਿਤ ਗਿਣਤੀ ਵਿੱਚ ਸੈਲਫੀਆਂ ਲੈਣੀਆਂ ਹੀ ਪੈਂਦੀਆਂ ਹਨ। ਜੇ ਉਹ ਸੈਲਫੀਆਂ ਨਾ ਲੈਣ ਤਾਂ ਉਨ੍ਹਾਂ ਦੇ ਸਰੀਰ ਵਿੱਚ ਨਸ਼ਾ ਟੁੱਟਣ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ। ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿੱਚ ਹਰ ਹਫਤੇ ਅਜਿਹੇ ਦਰਜ਼ਨਾਂ ਕੇਸ ਪਹੁੰਚ ਰਹੇ ਹਨ।
ਪਿਛਲੇ ਸਾਲਾਂ ਦੌਰਾਨ ਮਾਰਕੀਟ ਵਿੱਚ ਸਸਤੇ ਸਮਾਰਟ ਫੋਨਾਂ ਦੀ ਆਮਦ ਹੋਣ ਤੋਂ ਬਾਅਦ ਸੈਲਫੀਆਂ ਖਿੱਚਣ ਦੀ ਸਨਕ ਬਹੁਤ ਵਧ ਗਈ ਹੈ। ਪੱਤਰਕਾਰਾਂ ਤੱਕ ਨੂੰ ਧੱਕਾ ਮਾਰ ਕੇ ਪਰ੍ਹਾਂ ਕਰ ਦੇਣ ਵਾਲੇ ਬਦਦਿਮਾਗ ਲੀਡਰ ਅਤੇ ਅਫਸਰ ਵੀ ਅਸੀਲ ਗਾਂ ਵਾਂਗ ਝੱਟ ਤੇਰਾਂ ਇੰਚੀ ਮੁਸਕਾਨ ਬਿਖੇਰ ਕੇ ਸੈਲਫੀ ਖਿਚਾਉਣ ਨੂੰ ਤਿਆਰ ਹੋ ਜਾਂਦੇ ਹਨ। ਇਹ ਵੀ ਨਹੀਂ ਸੋਚਦੇ ਕਿ ਸੁਰੱਖਿਆ ਨੂੰ ਖਤਰਾ ਪੈਦਾ ਹੋ ਰਿਹਾ ਹੈ। ਕਈ ਬੁੱਜ ਦਿਮਾਗ ਤਾਂ ਗੱਡੀ ਚਲਾਉਂਦੇ ਸਮੇਂ ਆਪਣੇ ਆਪ ਦੀ ਵੀਡੀਉ ਬਣਾਈ ਜਾਂਦੇ ਹਨ। ਪਿਛਲੇ ਸਾਲ ਇੱਕ ਅਜਿਹਾ ਹੀ ਰੋਡਵੇਜ਼ ਡਰਾਈਵਰ ਬੱਸ ਚਲਾਉਂਦੇ ਸਮੇਂ ਸਵਾਰੀਆਂ ਦੀ ਜਾਨ ਖਤਰੇ ਵਿੱਚ ਪਾ ਕੇ ਟਿਕ ਟਾਕ ਵੀਡੀਉ ਬਣਾਉਂਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਹੁਣ ਇੱਕ ਨਵਾਂ ਘਿਣਾਉਣਾ ਟਰੈਂਡ ਚੱਲ ਪਿਆ ਹੈ ਖੁਦ ਦੀ ਆਤਮ ਹੱਤਿਆ ਦੀ ਵੀਡੀਉ ਬਣਾਉਣੀ। ਮਰਨ ਵਾਲਾ ਪਹਿਲਾਂ ਤਾਂ ਕਈ ਬੇਗੁਨਾਹਾਂ ਦੇ ਨਾਮ ਲੈਂਦਾ ਹੈ ਕਿ ਫਲਾਣਾ ਫਲਾਣਾ ਮੇਰੀ ਮੌਤ ਦਾ ਜ਼ਿੰਮੇਵਾਰ ਹੈ, ਫਿਰ ਬਕਾਇਦਾ ਕੈਮਰਾ ਫਿੱਟ ਕਰ ਕੇ ਫਾਂਸੀ ਲਗਾਉਂਦਾ ਹੈ। ਜਿਸ ਦਾ ਨਾਮ ਵੀਡੀਉ ਵਿੱਚ ਆ ਗਿਆ, ਉਹ ਵਿਚਾਰਾ ਬਿਨਾਂ ਕਿਸੇ ਕਸੂਰ ਕਾਨੂੰਨੀ ਪਚੜਿਆਂ ਵਿੱਚ ਫਸ ਜਾਂਦਾ ਹੈ। ਕਿਤੇ ਹਾਦਸਾ ਹੋਇਆ ਹੋਵੇ, ਹੜ੍ਹ ਆ ਜਾਵੇ, ਕਿਸੇ ਦਾ ਕਤਲ ਜਾਂ ਸੱਟਾਂ ਲੱਗੀਆਂ ਹੋਣ, ਕੋਈ ਦਰਦ ਨਾਲ ਤੜਫ ਰਿਹਾ ਹੋਵੇ, ਵਿਹਲੜਾਂ ਨੂੰ ਮਦਦ ਕਰਨ ਦੀ ਬਜਾਏ ਸੈਲ਼ਫੀਆਂ ਖਿੱਚ ਕੇ ਫੇਸਬੁੱਕ ‘ਤੇ ਪਾਉਣ ਦਾ ਜਿਆਦਾ ਫਿਕਰ ਹੁੰਦਾ ਹੈ। ਕਈ ਵਾਰ ਵੀ.ਆਈ.ਪੀ. ਨਾਲ ਸੈਲਫੀ ਖਿੱਚ ਕੇ ਲਾਈਕ ਗਿਣਨ ਲੱਗ ਜਾਂਦੇ ਹਨ। ਅਸਲ ਵਿੱਚ ਲਾਈਕ ਤਾਂ ਨਾਲ ਖੜ੍ਹੇ ਵੱਡੇ ਬੰਦੇ ਨੂੰ ਮਿਲ ਰਹੇ ਹੁੰਦੇ ਹਨ। ਕਹਿੰਦੇ ਹਨ ਇੱਕ ਵਾਰ ਜੰਗਲ ਵਿੱਚ ਸ਼ੇਰ ਗਿੱਦੜ ਨੂੰ ਖਾਣ ਲੱਗਾ ਤਾਂ ਹਾਜ਼ਰ ਦਿਮਾਗ ਗਿੱਦੜ ਨੇ ਕਿਹਾ ਕਿ ਸ਼ੇਰਾ ਜਰਾ ਧਿਆਨ ਨਾਲ, ਜਾਨਵਰਾਂ ਨੇ ਕਲ੍ਹ ਦਾ ਮੈਨੂੰ ਰਾਜਾ ਚੁਣ ਲਿਆ ਹੈ। ਸ਼ੇਰ ਨੂੰ ਯਕੀਨ ਨਾ ਆਇਆ ਤਾਂ ਗਿੱਦੜ ਬੋਲਿਆ ਕਿ ਮੇਰੇ ਨਾਲ ਚੱਲ, ਵੇਖੀਂ ਕਿੰਨੇ ਸਲਾਮ ਵੱਜਦੇ ਹਨ। ਸ਼ੇਰ ਗਿੱਦੜ ਦੇ ਪਿੱਛੇ ਪਿੱਛੇ ਚੱਲ ਪਿਆ ਤਾਂ ਜਾਨਵਰ ਠਾਹ ਠਾਹ ਸਲਾਮ ਠੋਕਣ ਲੱਗੇ। ਅਸਲ ਵਿੱਚ ਸਲਾਮ ਤਾਂ ਸ਼ੇਰ ਨੂੰ ਹੀ ਵੱਜ ਰਹੇ ਸਨ। ਪਰ ਸ਼ੇਰ ਡਰ ਗਿਆ ਕਿ ਸ਼ਾਇਦ ਗਿੱਦੜ ਵਾਕਿਆ ਹੀ ਰਾਜਾ ਬਣ ਗਿਆ ਤੇ ਸਲਾਮ ਇਸ ਨੂੰ ਵੱਜ ਰਹੇ ਹਨ। ਉਸ ਨੇ ਉਥੋਂ ਖਿਸਕਣ ਵਿੱਚ ਹੀ ਭਲਾਈ ਸਮਝੀ। ਇਹੋ ਕੁਝ ਸਾਡੇ ਮਾਡਰਨ ਗਿੱਦੜਾਂ ਨਾਲ ਹੋ ਰਿਹਾ ਹੈ।
ਹੁਣ ਸਰਕਾਰ ਵੀ ਸੈਲਫੀਆਂ ਦੇ ਖਿਲਾਫ ਸਖਤ ਹੋ ਰਹੀ ਹੈ। ਖਤਰੇ ਵਾਲੀਆਂ ਥਾਵਾਂ ‘ਤੇ ਨੋ ਸੈਲਫੀ ਜ਼ੋਨ ਬਣਾਏ ਜਾ ਰਹੇ ਹਨ। ਪਿਛਲੇ ਕੁੰਭ ਮੇਲੇ ਵਿੱਚ ਵੀ ਭਾਰੀ ਭੀੜ ਕਾਰਨ ਕਈ ਥਾਵਾਂ ਨੋ ਸੈਲਫੀ ਜ਼ੋਨ ਘੋਸ਼ਿਤ ਕੀਤੀਆਂ ਗਈਆਂ ਸਨ। ਕੇਂਦਰੀ ਟੂਰਿਜ਼ਮ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਖਤਰਨਾਕ ਥਾਵਾਂ ਸ਼ਨਾਖਤ ਕਰ ਕੇ ਨੋ ਸੈਲਫੀ ਜ਼ੋਨ ਬਣਾਉਣ ਲਈ ਅਦੇਸ਼ ਦਿੱਤੇ ਹਨ। ਮੁੰਬਈ ਵਿੱਚ ਅਨੇਕਾਂ ਲੋਕ ਸੈਲਫੀ ਲੈਂਦੇ ਸਮੇਂ ਅਰਬ ਸਾਗਰ ਵਿੱਚ ਡੁੱਬ ਚੁੱਕੇ ਹਨ। ਇਸ ਲਈ ਹੁਣ ਮੁੰਬਈ ਦੀਆਂ ਬੀਚਾਂ ‘ਤੇ ਦਰਜ਼ਨ ਤੋਂ ਵੱਧ ਨੋ ਸੈਲਫੀ ਜ਼ੋਨ ਬਣਾ ਦਿੱਤੇ ਗਏ ਹਨ। ਸੈਲਫੀ ਦਾ ਸ਼ੌਕ ਜਿਸ ਰਫਤਾਰ ਨਾਲ ਵਧ ਰਿਹਾ ਹੈ, ਇਸ ਨੂੰ ਰੋਕਣਾ ਹੁਣ ਸੰਭਵ ਨਹੀਂ ਹੈ। ਪਰ ਫਿਰ ਵੀ ਸੈਲਫੀ ਲੈਣ ਲੱਗਿਆਂ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਸੈਲਫੀ ਖਿੱਚਣ ਨਾਲ ਸਿਰਫ ਥੋੜ੍ਹੇ ਜਿਹੇ ਲਾਈਕ ਅਤੇ ਕਮੈਂਟ ਹੀ ਮਿਲਣੇ ਹਨ, ਪਰ ਜੇ ਕੋਈ ਹਾਦਸਾ ਹੋ ਗਿਆ ਤਾਂ ਕਿਸੇ ਨੇ ਖਬਰ ਲੈਣ ਵੀ ਨਹੀਂ ਆਉਣਾ।
ਨੌਜਵਾਨ ਪੀੜ੍ਹੀ ਨੂੰ ਸੈਲਫੀਆਂ ਖਿੱਚਣ ਵਰਗੇ ਫਜੂਲ ਸ਼ੌਕ ਛੱਡ ਕੇ ਪੜ੍ਹਾਈ ਤੇ ਖੇਡਾਂ ਵੱਲ ਵੱਧ ਧਿਆਨ ਦੇਣਾ ਵਾਹੀਦਾ ਹੈ। ਜੇ ਕੋਈ ਵਿਅਕਤੀ ਕਾਬਲ ਹੈ ਤਾਂ ਲੋਕ ਆਪਣੇ ਆਪ ਉਸ ਦੀ ਕਦਰ ਕਰਦੇ ਹਨ। ਬਹੁਤ ਘੱਟ ਆਈ.ਏ.ਐਸ., ਆਈ.ਪੀ.ਐਸ, ਮੰਤਰੀ, ਵਿਧਾਇਕ ਅਤੇ ਐਮ.ਪੀ. ਸੈਲਫੀਆਂ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ। ਪਰ ਲੋਕ ਉਹਨਾਂ ਦੀ ਕਾਬਲੀਅਤ ਅਤੇ ਅਹੁਦੇ ਕਾਰਨ ਪਿੱਛੇ ਪਿੱਛੇ ਫਿਰਦੇ ਹਨ। ਕਾਮਯਾਬ ਵਿਅਕਤੀ ਨੂੰ ਫੁਕਰੀਆਂ ਮਾਰ ਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਈ ਜਰੂਰਤ ਨਹੀਂ ਹੁੰਦੀ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪੜ੍ਹ ਲਿਖ ਕੇ ਮਹਾਨ ਵਿਅਕਤੀ ਬਣਨ, ਲਾਈਕ ਤਾਂ ਆਪਣੇ ਆਪ ਮਿਲੀ ਜਾਣਗੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin