Articles

ਨੌਜਵਾਨੀ ਨੂੰ ਅਸਲਿਆਂ ਤੋਂ ਮਸਲਿਆਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ !

ਲੇਖਕ: ਪ੍ਰੋ. ਗੁਰਵੀਰ ਸਿੰਘ ਸਰੌਦ, ਮਲੇਰਕੋਟਲਾ

ਨੌਜਵਾਨ ਪੀੜ੍ਹੀ ਦੇਸ਼ ਦੀ ਆਬਾਦੀ ਦਾ ਸਭ ਤੋਂ ਗਤੀਸ਼ੀਲ ਤੇ ਮਹੱਤਵਪੂਰਨ ਹਿੱਸਾ ਹੁੰਦੀ ਹੈ । ਅਸਲ ਵਿੱਚ  ਉੱਭਰ ਰਹੀ ਪੀੜ੍ਹੀ ਹੀ ਵਿਆਪਕ ਅਰਥਾਂ ਵਿੱਚ ਭਵਿੱਖ ਦੀ ਪ੍ਰਤੀਨਿਧਤਾ ਕਰਦੀ ਹੈ। ਕਿਸੇ ਸਮਾਜ ਦਾ ਭਵਿੱਖ ਨੌਜਵਾਨਾਂ ਦੇ ਵਿਹਾਰਕ ਤੇ ਅਧਿਆਤਮਕ ਢਾਲਣ ਤੇ ਨਿਰਭਰ ਕਰਦਾ ਹੈ।  ਪ੍ਰਭਾਵਸ਼ਾਲੀ ਸਿੱਖਿਆ, ਸੰਗਠਨ ਤੇ ਨੌਜਵਾਨਾਂ ਨੂੰ ਸਿਆਸੀ ਕਰਵਾਈ ਲਾਮਬੰਦ ਕੀਤੇ ਬਿਨਾਂ ਕੋਈ ਵੀ ਇਨਕਲਾਬ ਜਿੱਤਿਆ ਨਹੀਂ ਜਾ ਸਕਦਾ।

ਵਰਤਮਾਨ ਸਮੇਂ ਸੂਬੇ ਦੀ ਨੌਜਵਾਨੀ ਹਥਿਆਰਵਾਦ, ਗੈਂਗਸਟਰਵਾਦ ਵਰਤਾਰੇ ਤੋਂ ਜਾਣੇ ਅਣਜਾਣੇ ਪ੍ਰਭਾਵਿਤ ਹੋ ਚੁੱਕੀ ਹੈ । ਇਸ ਦੇ ਮਾਰੂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਬੇਸ਼ੱਕ ! ਸ਼ੁਰੂਆਤੀ ਸਮਾਂ ਜਵਾਨੀ ਦੇ ਜੋਸ਼ ਵਿੱਚ ਨਜ਼ਰਅੰਦਾਜ਼ ਹੋ ਜਾਂਦਾ ਹੈ ਪਰ ਸਮਾਂ ਬੀਤਣ ਤੋਂ ਬਾਅਦ ਨੌਜਵਾਨ ਪੀੜ੍ਹੀ ਅਜਿਹੀ ਦਲਦਲ ਵਿੱਚ ਫੱਸ ਜਾਂਦੀ ਹੈ। ਜਿਸ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਭਾਵੇਂ ਇਹ ਵਰਤਾਰੇ ਲਈ ਅਨੇਕਾਂ ਹੀ ਕਾਰਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ । ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਨੌਜਵਾਨੀ ਨੂੰ ਅਸਲਵਾਦ ਦੇ ਚੱਕਰਵਿਊ ਵਿੱਚੋਂ ਕੱਢ ਵਿਅਕਤੀਤਵ ਤੇ ਸੂਬੇ ਦੀ ਤਰੱਕੀ ਨਾਲ ਸਬੰਧਿਤ ਮਸਲਿਆਂ ਪ੍ਰਤੀ ਪ੍ਰੇਰਿਤ ਕਰਨ ਦੀ ਲੋੜ ਹੈ । ਅੱਜ ਸੂਬੇ ਦੀ ਹੋਂਦ ਦੇ ਅਜਿਹੇ ਮਸਲੇ ਹਨ ਜਿਨ੍ਹਾਂ ਦੀ ਪੂਰਤੀ ਨੌਜਵਾਨ ਪੀੜ੍ਹੀ ਦੀ ਸਹਿਭਾਗਤਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ।

‍ਸੂਬੇ ਦੇ ਮਸਲਿਆਂ ਦੀ ਗੱਲ ਕਰਨ ਤੋਂ ਪਹਿਲਾਂ ਨੌਜੁਵਾਨੀ ਨੂੰ ਬੇਰੁਜ਼ਗਾਰੀ,ਨਸ਼ਾ,ਗੈਂਗਸਟਰਵਾਦ ਵਰਗੀਆਂ ਅਲਾਮਤਾਂ ਤੋਂ ਬਾਹਰ ਕੱਢਣਾ ਪਵੇਗਾ ..? ਪਰਵਾਸ ਵੀ ਚੰਗੇ ਭਵਿੱਖ ਦੀ ਭਾਲ ਵਿੱਚ ਮਜਬੂਰੀ ਵੱਸ ਚੁੱਕਿਆ ਕਦਮ ਹੈ । ਜੇਕਰ ਸਾਡੇ ਸੂਬੇ ਅੰਦਰ ਪੜ੍ਹਨ ਲਿਖਣ ਤੋਂ ਬਾਅਦ ਯੋਗ ਰੁਜ਼ਗਾਰ ਪ੍ਰਾਪਤ ਹੋਵੇ  ਫਿਰ ਸੂਬੇ ਨੂੰ ਛੱਡ ਦੂਜੇ ਰਾਜਾਂ ਜਾਂ ਵਿਦੇਸ਼ ਜਾਣ ਦੀ  ਕੀ ਲੋੜ ਹੈ ..?  ਭਾਵੇਂ ਕਹਿਣ ਨੂੰ ਸੂਬੇ ਅੰਦਰ ਉਚੇਰੀ ਸਿੱਖਿਆ ਲਈ ਸਰਕਾਰੀ ਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਦੀ ਭਰਮਾਰ ਹੈ ਪਰ ਇਨ੍ਹਾਂ ਸਿੱਖਿਆ ਸੰਸਥਾਵਾਂ ਨੇ ਵਿਦਿਆਰਥੀਆਂ ਦੇ ਸਿੱਖਿਅਕ ਪੱਖ ਤੋਂ ਗਿਣਾਤਮਕ ਵਿਕਾਸ ਹੀ ਕੀਤਾ ਹੈ ਨਾ ਕਿ ਗੁਣਾਤਮਕ ਵਿਕਾਸ ।

ਜਦੋਂ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਯੋਗ ਨੌਕਰੀ ਨਹੀਂ ਮਿਲਦੀ ਤਾਂ ਪਹਿਲੀ ਕੋਸ਼ਿਸ਼ ਵਿਦੇਸ਼ ਜਾਣ ਦੀ ਹੁੰਦੀ ਹੈ ਜੇਕਰ ਕਿਸੇ ਕਾਰਨ ਵਿਦੇਸ਼ ਨਹੀਂ ਜਾ ਪਾਉਂਦਾ ਫਿਰ ਮਾਨਸਿਕ ਤਣਾਅ ਨਾਲ ਗ੍ਰਸਤ ਹੁੰਦਾ ਹੈ । ਜੋ ਹੌਲੀ ਹੌਲੀ ਨਸ਼ੇ ਦੀ ਬੁਰੀ ਆਦਤ  ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਕਹਿਣ ਤੋਂ ਭਾਵ ਜੇਕਰ ਨੌਜਵਾਨ ਵਰਗ ਯੋਗਤਾ ਅਨੁਸਾਰ ਕੋਈ ਕਿਰਤ ਕਰਦਾ ਹੋਵੇਗਾ ਤਾਂ ਕਿਸ ਤਰ੍ਹਾਂ ਉਹ ਸਮਾਜ ਵਿਚਲੀਆਂ ਬੁਰੀਆਂ ਅਲਾਮਤਾਂ ਦਾ ਸ਼ਿਕਾਰ ਹੋਵੇਗਾ ..?

‍ਜਦੋਂ ਨੌਜਵਾਨ ਵਰਗ ਆਰਥਿਕ ਪੱਖ ਤੋਂ ਸੁਰੱਖਿਅਤ ਹੋਵੇਗਾ ਤਾਂ ਉਹ ਆਪਣੇ  ਚੌਗਿਰਦੇ ਬਾਰੇ ਸੋਚੇਗਾ । ਫਿਰ ਵਾਤਾਵਰਨ ਸੰਕਟ, ਵੱਧ ਰਹੀ ਆਲਮੀ ਤਪਸ਼,  ਜਲਵਾਯੂ ਪਰਿਵਰਤਨ, ਪਾਣੀ, ਖੇਤੀਬਾਡ਼ੀ ਸੰਕਟ, ਭੁੱਖਮਰੀ , ਅਮੀਰੀ ਗ਼ਰੀਬੀ ਦਾ ਵੱਧਦਾ ਪਾੜਾ, ਲਿੰਗਕ ਬਰਾਬਰਤਾ, ਨਸ਼ਾ, ਮਾਫੀਆ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਧਾਰਮਿਕ ਕੱਟੜਤਾ,  ਰਾਜਨੀਤੀ ਵਿੱਚ ਪਰਿਵਾਰਵਾਦ,  ਮਿਲਾਵਟਖੋਰੀ ਆਦਿ ਸਮਾਜ ਵਿਰੋਧੀ  ਮਸਲਿਆਂ ਦੀ  ਗੱਲ ਕਰੇਗਾ ।

‍ਇਸ ਤੋਂ ਇਲਾਵਾ ਸੂਬੇ ਦੇ ਘੱਟ ਰਹੇ ਅਧਿਕਾਰਾਂ, ਖੁੱਸਦੀ ਜਾ ਰਹੀ ਰਾਜਧਾਨੀ ਤੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ , ਪਾਣੀਆਂ ਦਾ ਮਸਲਾ , ਪੰਜਾਬੀ ਸੂਬੇ ਵਿੱਚ ਪੰਜਾਬੀ ਭਾਸ਼ਾ ਦੀ ਦਿਸ਼ਾ ਅਜਿਹੇ ਮਸਲੇ ਹਨ ਜਿਨ੍ਹਾਂ ਦੀ ਪੈਰਵੀ ਨੌਜਵਾਨੀ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦੀ। ਸਰਕਾਰ ਨੂੰ ਸੂਬੇ ਦੇ ਅਨਕੂਲ ਉਦਯੋਗ ਸਥਾਪਤ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨੀ ਨੂੰ ਰੁਜ਼ਗਾਰ ਮੁਹੱਈਆ ਹੋ ਸਕੇ।

‍ਸੋ ਲੋੜ ਹੈ। ਨੌਜਵਾਨੀ ਦੀ ਸਮਾਜਿਕ, ਆਰਥਿਕ, ਕਾਨੂੰਨੀ ਤੇ ਰਾਜਨੀਤਕ ਸਥਿਤੀ ਦੇ ਵਿਆਪਕ ਤੇ ਡੂੰਘੇ ਅਧਿਐਨ  ਦੇ ਆਧਾਰ ਤੇ ਇਨਕਲਾਬੀ ਸਮਰੱਥਾ ਦੀ ਜਾਂਚ ਕਰਨ ਦੀ ਕਿਉਂਕਿ ਊਰਜਾਵਾਨ ਜਵਾਨੀ  ਸੰਘਰਸ਼ ਦੇ ਰੰਗਮੰਚ ਵਿਚ ਮਹਾਨ ਕਾਰਨਾਮੇ ਕਰਨ ਦੇ ਯੋਗ ਬਣਾਉਂਦੀ ਹੈ।

Related posts

ਵਿਗਿਆਨ ਅਤੇ ਤਕਨਾਲੋਜੀ ਸੰਸਥਾਵਾਂ ‘ਤੇ ਉੱਠ ਰਹੇ ਸਵਾਲ !

admin

ਸਿਆਸਤਦਾਨ ਅਕਸਰ ਆਪਣੇ ਏਜੰਡੇ ਦੇ ਅਨੁਸਾਰ ਆਪਣੀ ਵਫ਼ਾਦਾਰੀ ਕਿਉਂ ਬਦਲਦੇ ਹਨ?

admin

ਪ੍ਰਕਾਸ਼ ਸਿੰਘ ਬਾਦਲ ਕੋਲੋਂ ਵਾਪਸ ਲਿਆ ਜਾ ਰਿਹਾ ਫਖ਼ਰ-ਏ-ਕੌਮ ਖ਼ਿਤਾਬ ਕੀ ਹੈ ?

editor