Articles

ਨੱਕ-ਵੱਢਿਆਂ ਦਾ ਡਰੁੱਲੀ-ਜਥਾ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਇਕ ਹੈਂਕੜਬਾਜ ਬੰਦਾ ਕਿਤੇ ਚੰਮ ਦੀਆਂ ਚਲਾਉਂਦਾ ਹੋਇਆ ਆਪਣਾ ਨੱਕ ਵਢਾ ਬੈਠਾ! ਜਿੱਥੇ ਵੀ ਉਹ ਜਾਵੇ, ਕੋਈ ਉਹਨੂੰ ‘ਨਕਟਾ’ ਕਹੇ ਤੇ ਕੋਈ ਨੱਕ-ਵਢਾ ਕਹਿ ਕਹਿ ਛੇੜੇ। ਇਸੇ ਕਸੂਤੀ ਛੇੜ ਕਾਰਨ ਉਸਨੇ ਸਭਾ-ਸਮਾਗਮਾਂ ਵਿੱਚ ਜਾਣਾ ਛੱਡ ਦਿੱਤਾ। ਹਰੇਕ ਥਾਂਹ ਹੋਏ ਟਿੱਚਰਾਂ ਮਖੌਲ ਸੁਣਕੇ ਉਸਨੇ ਇਕ ਤਰਕੀਬ ਸੋਚੀ!

ਕਿਸੇ ਜਾਣੂ ਵਲੋਂ ਨੱਕ ਕਿੱਦਾਂ ਵੱਢਿਆ ਗਿਆ? ਪੁੱਛਣ ‘ਤੇ ਉਹ ਕਹਿੰਦਾ ਕਿ ਭਰਾਵਾ ਇਕ ਦਿਨ ਮੈਂ ਸਿਮਰਨ ਕਰ ਰਿਹਾ ਸਾਂ ਤਦ ਭਗਵਾਨ ਜੀ ਆਣ ਪ੍ਰਗਟ ਹੋਏ! ਕਹਿੰਦੇ ਭਗਤਾ ਮੈਂ ਖੁਸ਼ ਹੋ ਕੇ ਤੈਨੂੰ ਵਰੁ ਦੇਣਾ ਚਾਹੁੰਨਾਂ ਪਰ ਪਹਿਲਾਂ ਤੂੰ ਮੈਨੂੰ ਕੋਈ ਆਪਦੀ ਪਿਆਰੀ ਚੀਜ ਅਰਪਣ ਕਰ!

ਮੈਂ ਸੀਸ ਭੇਂਟ ਕਰਨ ਲਈ ਪੇਸ਼ਕਸ਼ ਕੀਤੀ ਪਰ ਉਹ ਕਹਿੰਦੇ ਮੈਨੂੰ ਤਾਂ ਤੇਰਾ ਨੱਕ ਚਾਹੀਦਾ ਭਗਤਾ! ਲਉ ਜੀ ਮੈਂ ਉਸੇ ਵੇਲੇ ਨੱਕ ਵੱਢ ਕੇ ਦੇ’ਤਾ ਭਗਵਾਨ ਜੀ ਨੂੰ!

ਇਹ ਗੱਲ ਸੁਣਨ ਵਾਲਾ ਕੋਈ ਮੱਤ ਹੀਣਾ ‘ਸ਼ਰਧਾ-ਉੱਲੂ’ ਹੋਵੇਗਾ! ਉਹ ਝੱਟ ਬੋਲਿਆ ਜੀ ਮੈਂ ਵੀ ਭਗਵਾਨ ਜੀ ਦੇ ਸਾਖਸ਼ਾਤ ਦਰਸ਼ਣ ਕਰਨਾ ਚਾਹੁੰਨਾ, ਵੱਢ ਲਉ ਮੇਰਾ ਵੀ ਨੱਕ!

ਨੱਕ-ਵਢੇ ਨੇ ਆਪਣੇ ਵਰਗਾ ਇਕ ਹੋਰ ‘ਨਕਟਾ’ ਬਣਾ ਲਿਆ ਪਰ ਨਵੇਂ ਨਕਟੇ ਨੂੰ ਕਿਸੇ ਭਗਵਾਨ ਦੇ ਦਰਸ਼ਨ ਨਾ ਹੋਏ।

ਹੁਣ ਪਹਿਲੇ ਨੱਕ-ਵਢੇ ਦੀ ਅੱਧੀ ਸਮੱਸਿਆ ਹੱਲ ਹੋ ਗਈ ਕਿਉਂਕਿ ਹੁਣ ਉਹਨੂੰ ਇਕੱਲੇ ਨੂੰ ਲੋਕਾਂ ਦੇ ਸਵਾਲ ਜਾਂ ਟਿੱਚਰਾਂ ਨਹੀਂ ਸੀ ਹੁੰਦੀਆਂ।

ਕਰਦਿਆਂ-ਕਰਦਿਆਂ ਉਨ੍ਹਾਂ ਦੋਹਾਂ ਨੇ ਭਗਵਾਨ ਦੇ ‘ਦਰਸ਼ਣ ਅਤੇ ਵਰ’ ਦੀ ਡੌਂਡੀ ਪਿੱਟ ਕੇ ਆਪਣੇ ਵਰਗੇ ਕਈ ਬਣਾ ਲਏ! ਇੰਜ ਲੋਕਾਂ ਦੇ ਟਿੱਚਰ-ਮਖੌਲਾਂ ਨੂੰ ਨਜ਼ਰਅੰਦਾਜ਼ ਕਰਕੇ ਪਹਿਲੇ ਨੱਕ-ਵਢੇ ਨੇ ਨਕਟਿਆਂ ਦਾ ਇਕ ਡਰੁੱਲੀ-ਜਥਾ ਬਣਾ ਲਿਆ! ਭਾਵੇਂ ਉਹਦੇ ਦੰਭ-ਪਖੰਡ ਦਾ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਪਰ ਜਿੱਥੇ ਦਾਅ ਲਗਦਾ ਉਸਨੇ ਮੁੜਕੇ ਫੇਰ ਮਿੰਨ੍ਹੀਆਂ-ਛੁਰੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ !

(ਯੂ-ਟਿਊਬ ਤੋਂ ਇਕ ਪੰਡਿਤ ਜੀ ਪਾਸੋਂ ਸੁਣੀ ਸਾਖੀ ‘ਤੇ ਅਧਾਰਤ)

Related posts

ਇਸਨੂੰ ਸ਼ੁਰੂ ਵਿੱਚ ਰੋਕੋ – ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਦੀ ਮੁਹਿੰਮ

admin

ਭਾਰਤ-ਨਿਊਜ਼ੀਲੈਂਡ ਵਿਚਕਾਰ ਵਿਦਿਅਕ ਸਬੰਧ ਮਜ਼ਬੂਤ ਕੀਤੇ ਜਾਣਗੇ !

admin

ਪੁਲਾੜ ‘ਚ ਫਸੇ ਯਾਤਰੀ ਕਿਸ ਦਿਨ ਧਰਤੀ ‘ਤੇ ਵਾਪਸ ਆ ਰਹੇ ਨੇ ?

admin