Articles

ਪਟਿਆਲਾ ਘਟਨਾਕ੍ਰਮ ਦੇ ਕੁਝ ਪਹਿਲੂ ਅਤੇ ਸਵਾਲ

ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਜਿਵੇਂ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਿੱਖਿਆ ਲੈਣਾ ਜਰੂਰੀ ਹੁੰਦਾ ਹੈ ਉਸੇ ਤਰ੍ਹਾਂ ਵਰਤਮਾਨ ਵਿੱਚ ਵਾਪਰ ਰਹੇ ਵਰਤਾਰੇ ਨੂੰ ਸਮਝਣਾ ਅਤੇ ਉਸ ਦੇ ਭਵਿੱਖ ਵਿੱਚ ਹੋਣ ਵਾਲੇ ਅਸਰਾਂ ਪ੍ਰਤੀ ਸੁਚੇਤ ਹੋਣਾ ਵੀ ਜਰੂਰੀ ਹੁੰਦਾ ਹੈ। ਜਿਸ ਤਰ੍ਹਾਂ ਕਿਸਾਨ ਅੰਦੋਲਨ ਸਮਾਜ, ਸਰਕਾਰ ਅਤੇ ਵਿਸ਼ਵ ਨੂੰ ਬਹੁਤ ਸਾਰੇ ਸੁਨੇਹੇ ਅਤੇ ਸਿੱਖਿਆਵਾਂ ਦੇ ਗਿਆ ਇਸੇ ਤਰ੍ਹਾਂ ਹੁਣੇ-ਹੁਣੇ ਵਾਪਰੇ ਪਟਿਆਲਾ ਘਟਨਾਕ੍ਰਮ ਦੇ ਵੀ ਬਹੁਤ ਸਾਰੇ ਦੂਰਗਾਮੀ ਸ਼ੁਭ-ਅਸ਼ੁਭ ਸਿੱਟੇ ਨਿੱਕਲ ਸਕਦੇ ਹਨ। ਇਸ ਵਾਸਤੇ ਸਾਨੂੰ ਇਸ ਵਰਤਾਰੇ ਦੌਰਾਨ ਵਾਪਰੀਆਂ ਹਾਂ ਅਤੇ ਨਾਂਹ-ਪੱਖੀ ਘਟਨਾਵਾਂ ਨੂੰ ਨਿਰਪੱਖ, ਇਮਾਨਦਾਰ ਅਤੇ ਸਾਕਾਰਾਤਮਕ ਨਜ਼ਰੀਏ ਨਾਲ ਵਾਚਣਾ ਹੋਵੇਗਾ। ਇੱਥੇ ਇਹ ਸ਼ਬਦ ਲਿਖਣ ਦਾ ਹਰਗਿਜ਼ ਇਹ ਅਰਥ ਨਹੀਂ ਹੈ ਕਿ ਅਜਿਹੇ ਮਾਹੌਲ ਬਣਨੇ ਚੰਗੇ ਹਨ ਪਰ ਜੇ ਕਿਸੇ ਦੀ ਗਲ੍ਹਤੀ, ਕਮਜੋਰੀ ਜਾਂ ਲਾਲਸਾ ਵੱਸ ਜੇ ਅਜਿਹਾ ਮਾਹੌਲ ਬਣਦਾ ਵੀ ਹੈ ਤਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹੇ ਸਮੇਂ ਦੌਰਾਨ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ, ਸਾਡੇ ਸਮਾਜਿਕ ਸਰੋਕਾਰ ਕੀ ਕਹਿੰਦੇ ਹਨ ਅਤੇ ਸਾਡੇ ਕੀ ਫਰਜ ਬਣਦੇ ਹਨ। ਸਾਨੂੰ ਸੋਚਣਾ ਅਤੇ ਤਹਿ ਕਰਨਾ ਪਵੇਗਾ ਕਿ ਸਮਾਜਿਕ ਉਪੱਦਰ ਦਰਮਿਆਨ ਸਾਡੀ ਭੂਮਿਕਾ ਕੀ ਹੋਣੀ ਚਾਹੀਦੀ ਹੈ। ਜੇਕਰ ਇਹ ਘਟਨਾ ਪਟਿਆਲੇ ਦੀ ਥਾਂ ਕਿਸੇ ਘੱਟ ਜਾਗਰਿਤ ਅਤੇ ਵਖਰੇਵਿਆਂ ਦੇ ਸ਼ਿਕਾਰ ਸਮਾਜ ਵਿੱਚ ਵਾਪਰੀ ਹੁੰਦੀ ਤਾਂ ਹੋਰ ਦੰਗੇ ਅਤੇ ਕਤਲੋਗਾਰਦ ਵੀ ਹੋ ਸਕਦੀ ਸੀ। ਇੱਥੇ ਇਹ ਜਿਕਰ ਕਰਨਾ ਅਜਿਹੀਆਂ ਘਟਨਾਵਾਂ ਦੀ ਪ੍ਰੋੜਤਾ ਵੀ ਬਿਲਕੁਲ ਨਹੀਂ ਕਰਦਾ ਪਰ ਜਿਸ ਦੇਸ਼, ਸਮਾਜ ਅਤੇ ਸਿਆਸਤ ਵਿੱਚ ਅਸੀਂ ਰਹਿ ਰਹੇ ਹਾਂ ਸਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਬਾਰੇ ਹਮੇਸਾ ਸੁਚੇਤ ਰਹਿ ਕੇ ਜਰੂਰ ਚੱਲਣਾ ਹੋਵੇਗਾ। ਅਜਿਹੇ ਵਰਤਾਰਿਆਂ ਨੂੰ ਰੋਕਣ ਅਤੇ ਟੱਕਰ ਦੇਣ ਲਈ ਸਾਨੂੰ ਸਭ ਨੂੰ ਨਿੱਜੀ ਅਤੇ ਧਾਰਮਿਕ ਸੀਮਾਵਾਂ ਵਿੱਚੋਂ ਨਿਕਲ ਕੇ ਆਪਣੀ ਇੱਕ ਜਿੰਮੇਵਾਰ ਭੂਮਿਕਾ ਜਰੂਰ ਤਹਿ ਕਰਨੀ ਪਵੇਗੀ। ਬਿਰਤਾਂਤਕ ਘੁਸਪੈਠ ਕਰਕੇ ਜਨਤਾ ਨੂੰ ਨਿੱਤ ਨਵੇਂ ਤਰੀਕਿਆਂ ਨਾਲ ਵੰਡੀਆਂ ਪਾ ਕੇ ਅਤੇ ਭਾਵਨਾਵਾਂ ਭੜਕਾ ਕੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਵਰਤ ਲੈਣ ਵਾਲੇ ਸ਼ਾਤਰ ਲੋਕਾਂ ਨੂੰ ਪਛਾਨਣ ਅਤੇ ਨੰਗਾ ਕਰਨ ਲਈ ਸਾਨੂੰ ਸਭ ਨੂੰ ਨਿੱਜੀ ਅਤੇ ਸਮੂਹਿਕ ਰਣਨੀਤੀ ਸਿਰਜ ਲੈਣਾ ਅੱਜ ਬੇਹੱਦ ਜਰੂਰੀ ਹੋ ਗਿਆ ਹੈ।
ਪਟਿਆਲਾ ਸ਼ਹਿਰ ਵਿੱਚ ਵਾਪਰੇ ਤਾਜ਼ਾ ਵਰਤਾਰੇ ਵਿੱਚ ਵੀ ਬਹੁਤ ਸਾਰੇ ਦੁਖਦਾਈ ਅਤੇ ਕੁੱਝ ਭਵਿੱਖ ਵਾਸਤੇ ਉਮੀਦ ਵਾਲੇ ਪਹਿਲੂ ਨਜ਼ਰ ਆਏ ਜਿਹਨਾਂ ਦਾ ਜਿਕਰ ਕਰਨਾ ਬਣਦਾ ਹੈ। ਇਸ ਵਰਤਾਰੇ ਦਾ ਮੁੱਢ ਵਿਦੇਸ਼ ਬੈਠੇ ਗੁਰਪਤਵੰਤ ਪੰਨੂੰ ਦੇ ਖਾਲਿਸਤਾਨ ਸਬੰਧੀ ਬਿਆਨ ਤੋਂ ਬੱਝਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਉਸ ਨੇ ਪੰਜਾਬ ਅਤੇ ਸਿੱਖਾਂ ਦੇ ਹੋਰ ਅੱਤ ਜਰੂਰੀ ਮਸਲਿਆਂ ਬਾਰੇ ਕੋਈ ਯਤਨ ਤਾਂ ਕੀ ਕਦੇ ਜਿਕਰ ਤੱਕ ਨਹੀਂ ਕੀਤਾ ਜਿਸ ਤੋਂ ਉਸ ਦੀ ਭੂਮਿਕਾ ਬਾਰੇ ਸ਼ੰਕਾ ਸਹਿਜੇ ਹੀ ਉਪਜਦਾ ਹੈ ਕਿ ਜੇਕਰ ਉਹ ਖਾਲਸੇ ਦੇ ਰਾਜ ਦਾ ਏਨਾ ਹਾਮੀ ਹੈ ਤਾਂ ਸਿੱਖਾਂ ਦੇ ਹੋਰ ਮਸਲਿਆਂ ਪ੍ਰਤੀ ਘੇਸਲ਼ ਕਿਉਂ ਵੱਟੀ ਰੱਖਦਾ ਹੈ। ਸਿੱਖ ਮਸਲਿਆਂ ਦੇ ਹੱਲ ਵੱਲ ਜਾਂਦੇ ਰਸਤਿਆਂ ਦੇ ਫੁੱਲਾਂ ਅਤੇ ਕੰਢਿਆਂ ਨੂੰ ਪਹਿਚਾਨਣ ਲਈ ਵੀ ਸਾਨੂੰ ਗਹਿਨ ਵਿਚਾਰ ਕਰਕੇ ਨਿਚੋੜ ਕੱਢਣਾ ਚਾਹੀਦਾ ਹੈ। ਦੂਸਰਾ ਅਹਿਮ ਪਹਿਲੂ ਹੈ ਪਟਿਆਲਾ ਸਬੰਧਤ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਦਾ ਪੰਨੂ ਦੇ ਬਿਆਨ ਨੂੰ ਏਨਾ ਗੰਭੀਰਤਾ ਨਾਲ ਲੈਣਾ ਵੀ ਸੁਆਲ ਖੜ੍ਹਾ ਕਰਦਾ ਹੈ ਕਿ ਉਸ ਨੂੰ ਇਸ ਬਿਆਨ ਦਾ ਸਰਕਾਰ ਅਤੇ ਕਾਨੂੰਨ ਤੋਂ ਵੱਧ ਫਿਕਰ ਕਿਉਂ ਹੋਇਆ? ਜਦ ਕਿ ਉਹਨਾਂ ਦੀ ਸੈਨਾ ਅਤੇ ਸਹਿਯੋਗੀ ਜਥੇਬੰਦੀਆਂ ਅਕਸਰ ਹਿੰਦੂ ਰਾਸ਼ਟਰ ਦਾ ਢੰਡੋਰਾ ਪਿੱਟਦੀਆਂ ਰਹਿੰਦੀਆਂ ਹਨ। ਅਸਲ ਵਿੱਚ ਅਜਿਹੇ ਫ਼ਿਰਕੂ ਪੰਗੇ ਲੈਣ ਵਾਲੇ ਲੋਕ ਸੁਰੱਖਿਆ ਦਾ ਹੀਲਾ ਬਣਾਈ ਰੱਖਣ ਲਈ ਅਜਿਹੇ ਫ਼ਸਾਦ ਖੜ੍ਹੇ ਕਰਦੇ ਹਨ, ਜਾਂ ਕੁਝ ਲੋਕ ਆਪਣੇ ਫ਼ਿਰਕਾਪ੍ਰਸਤ ਮਨਸੂਬਿਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਲਈ ਅਜਿਹੇ ਬਿਰਤਾਂਤ ਅਤੇ ਨਾਟਕ ਸਿਰਜਦੇ ਰਹਿੰਦੇ ਹਨ ਤਾਂ ਕਿ ਸਰਕਾਰ ਅਤੇ ਪ੍ਰਸਾਸ਼ਨ ਦੀ ਨਿਗਾਹ ਵਿੱਚ ਬਣੇ ਰਹਿਣ ਅਤੇ ਇਹ ਸੁਰੱਖਿਆ ਦੀ ਆੜ ਹੇਠ ਸਮਾਜਿਕ ਅਤੇ ਧਾਰਮਿਕ ਮਾਹੌਲ ਵਿੱਚ ਜਹਿਰ ਘੋਲਦੇ ਰਹਿਣ। ਇਸੇ ਕਾਰਨ ਉਸ ਨੇ ਸਿੱਖ ਹਸਤੀਆਂ ਨਾਲ ਜੋੜ ਕੇ ਇਸ ਮਸਲੇ ਨੂੰ ਖੂਬ ਭੜਕਾਊ ਬਣਾਉਣ ਦਾ ਯਤਨ ਕੀਤਾ। ਤੀਜਾ ਪਹਿਲੂ ਸੀ ਇਹਨਾਂ ਸੋਚੇ-ਸਮਝੇ ਕਰਮਾਂ ਦੇ ਪ੍ਰਤੀਕਰਮ ਦਾ, ਜਿਸਦਾ ਪੈਦਾ ਹੋਣਾ ਸੁਭਾਵਿਕ ਸੀ। ਹਿੰਦੂ ਲੋਗੋ ਅਧੀਨ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦੇ ਵਿਰੋਧ ਵਿੱਚ ਸਿੱਖਾਂ ਅਧਾਰਿਤ ਦੂਜੀ ਧਿਰ ਧਾਰਮਿਕ ਜਜ਼ਬੇ ਅਤੇ ਜੋਸ਼ ਤੋਂ ਪ੍ਰੇਰਿਤ ਜਰੂਰ ਸੀ ਜਿਸਨੇ ਹਮਲਾਵਰ ਰੁਖ ਜਰੂਰ ਅਪਣਾਇਆ ਪਰ ਹੋਸ਼ ਦਾ ਪੱਲਾ ਨਹੀਂ ਛੱਡਿਆ। ਚੌਥਾ ਪਹਿਲੂ ਸੀ ਸਰਕਾਰ ਦਾ ਰਵੱਈਆ ਜੋ ਕਾਫੀ ਗੈਰਜ਼ਿੰਮੇਵਾਰ ਰਿਹਾ। ਕਾਫੀ ਦਿਨ ਪਹਿਲਾਂ ਤੋਂ ਤਹਿ ਹੋ ਰਹੇ ਟਕਰਾਓ ਵਾਲੇ ਹਾਲਾਤਾਂ ਬਾਰੇ ਸਰਕਾਰ ਦਾ ਅਵੇਸਲ਼ਾਪਨ ਨਿਰਾਸ਼ਾ ਵਾਲਾ ਰਿਹਾ। ਗੱਲ ਵਿਗੜ ਜਾਣ ਤੇ ਹਰਕਤ ਵਿੱਚ ਆਉਣਾ ਸਰਕਾਰ ਦੀ ਪੰਜਾਬ ਦੇ ਮਾਹੌਲ ਬਾਰੇ ਗੰਭੀਰਤਾ ਤੇ ਸ਼ੰਕੇ ਖੜ੍ਹੇ ਕਰ ਗਿਆ। ਪੰਜਵਾਂ ਪਹਿਲੂ ਸੀ ਮੌਕੇ ਤੇ ਬਣਨ ਵਾਲੇ ਹਾਲਾਤਾਂ ਨਾਲ ਸਥਾਨਕ ਪੁਲਿਸ ਅਤੇ ਪ੍ਰਸਾਸ਼ਨ ਦਾ ਨਜਿੱਠਣਾ ਜੋ ਨਿਰਪੱਖ ਅਤੇ ਤਸੱਲੀ ਵਾਲਾ ਰਿਹਾ। ਜਿਲ੍ਹੇ ਦੀ ਡਿਪਟੀ ਕਮਿਸ਼ਨਰ ਦੀ ਭੂਮਿਕਾ ਜਿੰਮੇਵਾਰ ਰਹੀ ਅਤੇ ਪੁਲਿਸ ਕਪਤਾਨ ਨਾਨਕ ਸਿੰਘ ਦਾ ਸਭ ਧਿਰਾਂ ਨੂੰ ਖੁਦ ਵਿੱਚ ਵਿਚਰ ਕੇ ਬਿਨਾਂ ਡੰਡਾ ਚਲਾਏ ਕਾਬੂ ਵਿੱਚ ਰੱਖਣਾ, ਉਸਦੇ ਚੰਗਾ ਅਫ਼ਸਰ ਹੋਣ ਦੀ ਗਵਾਹੀ ਭਰ ਗਿਆ । ਕਿਸੇ ਦੇ ਦਿਲ ਦੀ ਤਾਂ ਕੋਈ ਜਾਣ ਨਹੀਂ ਸਕਦਾ ਪਰ ਨਜ਼ਰ ਆਇਆ ਕਿ ਸਾਰੇ ਪ੍ਰਸਾਸ਼ਨ ਨੇ ਇਮਾਨਦਾਰ ਰੋਲ ਨਿਭਾਇਆ। ਪਰ ਅਜਿਹੇ ਇਨਸਾਨੀਅਤ ਅਤੇ ਫ਼ਰਜ ਨੂੰ ਸਮਰਪਿਤ ਅਫ਼ਸਰ ਸਿਆਸਤ ਅਤੇ ਸਰਕਾਰਾਂ ਨੂੰ ਘੱਟ ਹੀ ਹਜ਼ਮ ਹੁੰਦੇ ਹਨ। ਸ਼ਾਇਦ ਇਸੇ ਕਰਕੇ ਸਨਮਾਨ ਦੀ ਥਾਂ ਉਸਨੂੰ ਬਦਲੀ ਨਾਲ ਨਿਵਾਜਿਆ ਗਿਆ। ਹੋ ਸਕਦਾ ਹੈ ਕਿ ਉਸਦੀ ਜਮੀਰ ਨੇ ਨਜ਼ਾਇਜ ਜਾਂ ਪੱਖਪਾਤੀ ਕਰਵਾਈਆਂ ਦਾ ਹੁੰਗਾਰਾ ਨਾ ਭਰਿਆ ਹੋਵੇ ਕਿਉਂਕਿ ਆਮ ਤੌਰ ਤੇ ਅਜਿਹੇ ਮੌਕਿਆਂ ਤੇ ਸਰਕਾਰੀ ਬੋਲੀ ਬੋਲਣ ਅਤੇ ਨਾ ਬੋਲਣ ਵਾਲੇ ਅਫ਼ਸਰਾਂ ਦੀ ਪਛਾਣ ਸਹਿਜੇ ਹੀ ਹੋ ਜਾਂਦੀ ਹੈ ਅਤੇ ਇਸ ਦਾ ਸਬੂਤ ਪੱਖਪਾਤੀ ਕਾਰਵਾਈਆਂ ਤੇ ਧੱਕੇ ਨਾਲ ਮੜ੍ਹੇ ਦੋਸ਼ ਦੇ ਜਾਂਦੇ ਹਨ ।
ਛੇਵਾਂ ਪਹਿਲੂ ਸੀ ਸਥਾਨਕ ਹੋਰ ਧਰਮਾਂ ਦੇ ਲੋਕਾਂ ਦਾ ਇਸ ਫੁੱਟਪਾਊ ਅਤੇ ਨਜਾਇਜ਼ ਦਖ਼ਲਅੰਦਾਜੀ ਵਿਰੁੱਧ ਸਿੱਖ ਜਥੇਬੰਦੀਆਂ ਦਾ ਸਾਥ ਦੇਣਾ। ਇਹ ਸਬਕ ਵੀ ਕਿਸਾਨ ਅੰਦੋਲਨ ਦੇ ਵਿਸ਼ਾਲ ਦਾਇਰੇ ਦੀ ਦੇਣ ਜਾਪਦਾ ਹੈ। ਅਗਲਾ ਸਭ ਤੋਂ ਵੱਡਾ ਪਹਿਲੂ ਸੀ ਫੁੱਟਪਾਊ ਬੰਦੇ ਦਾ ਉਸੇ ਦੇ ਧਰਮ ਵਲੋਂ ਵਿਰੋਧ, ਜਿਸ ਧਰਮ ਦਾ ਉਹ ਠੇਕੇਦਾਰ ਬਣ ਰਿਹਾ ਸੀ। ਇਹ ਨਿਵੇਕਲੀ ਗੱਲ ਇਹ ਸਾਬਤ ਕਰ ਗਈ ਕਿ ਸਭ ਧਰਮਾਂ ਦੇ ਲੋਕ ਹੀ ਆਪਣੇ ਆਪਣੇ ਧਰਮ ਅੰਦਰ ਬੈਠੀਆਂ ਬਖੇੜੇ ਪਾਉਂਦੀਆਂ ਤਾਕਤਾਂ ਤੋਂ ਦੁਖੀ ਹਨ ਅਤੇ ਇਹਨਾਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਹ ਘੁੰਢੀ ਵੀ ਸਭ ਧਰਮਾਂ ਦੇ ਆਮ ਲੋਕਾਂ ਦੇ ਧਿਆਨ ਵਿੱਚ ਹੋਣੀ ਚਾਹੀਦੀ ਹੈ ਕਿ ਹਰ ਧਰਮ ਅੰਦਰ ਛੁਪੀਆਂ ਕਾਲੀਆਂ ਭੇਡਾਂ ਨੂੰ ਕਿਵੇਂ ਲਾਂਭੇ ਕਰ ਕੇ ਰੱਖਿਆ ਜਾਵੇ। ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਬਾਹਰ ਕੱਢਣ ਵਾਲੇ ਫ਼ੈਸਲੇ ਪਿਛਲੇ ਮਨਸੂਬੇ ਤਾਂ ਵਕਤ ਦੇ ਹਿਸਾਬ ਨਾਲ ਸਪੱਸ਼ਟ ਹੋਣਗੇ ਪਰ ਹਾਲ ਦੀ ਘੜੀ ਇਹ ਤਪਦੇ ਮਾਹੌਲ ਨੂੰ ਠਾਰਨ ਵਾਲਾ ਸਾਬਤ ਹੋਇਆ। ਮੰਦਰ ਕਮੇਟੀ ਵਲੋਂ ਹਰੀਸ਼ ਸਿੰਗਲੇ ਦਾ ਵਿਰੋਧ ਤੇ ਕੁਟਾਪਾ ਇਸ ਫ਼ਿਰਕੂ ਘੁੱਸਪੈਠ ਤੋਂ ਉਪਜਣ ਵਾਲੇ ਭਵਿੱਖਤ ਨੁਕਸਾਨ ਦਾ ਸੰਸਾ ਸੀ ਜਾਂ ਮੰਦਰ ਦੇ ਪਵਿੱਤਰ ਅਹਾਤੇ ਨੂੰ ਧੱਕੇ ਨਾਲ ਨਿੱਜੀ ਮੁਫ਼ਾਦ ਲਈ ਵਰਤਣ ਦਾ ਰੋਹ ਸੀ ਇਹ ਵੀ ਹਾਲੇ ਸਪੱਸ਼ਟ ਹੋਣਾ ਬਾਕੀ ਹੈ। ਹਮੇਸ਼ਾ ਬਖ਼ੇੜੇ ਖੜ੍ਹੇ ਕਰਕੇ ਮਸ਼ਹੂਰੀ ਲੈਣ ਵਾਲੇ ਧਾਰਮਿਕ ਲੀਡਰ ਸਰਕਾਰੀ ਸਕਿਓਰਟੀ ਖੁੱਸਣ ਤੋਂ ਕਿੰਨਾ ਡਰ ਜਾਂਦੇ ਹਨ ਅਤੇ ਇਸ ਭੈਅ ਕਾਰਨ ਕਿਸ ਹੱਦ ਤੱਕ ਗਿਰ ਸਕਦੇ ਹਨ, ਇਹ ਵੀ ਇਸ ਘਟਨਾਕ੍ਰਮ ਦਾ ਅਹਿਮ ਪਹਿਲੂ ਰਿਹਾ। ਅਗਲਾ ਮਹੱਤਵਪੂਰਨ ਪਹਿਲੂ ਜੋ ਸਭ ਤੋਂ ਜਿਆਦਾ ਗੌਰ ਮੰਗਦਾ ਹੈ ਕਿ ਇਸ ਘਿਨਾਉਣੇ ਵਰਤਾਰੇ ਬਾਰੇ ਪਹਿਲਾਂ ਤੋਂ ਜਾਣਦਿਆਂ ਹੋਇਆਂ ਵੀ ਇਸ ਦਾ ਸ਼ਿਕਾਰ ਬਣਨ ਵਾਲੇ ਦੋਨਾਂ ਧਰਮਾਂ ਦੀ ਕਿਸੇ ਵੀ ਜਥੇਬੰਦੀ ਨੇ ਤਪਦੇ ਮਾਹੌਲ ਦੇ ਆਸਾਰਾਂ ਨੂੰ ਠਾਰਨ ਜਾਂ ਥੰਮਣ ਦੀ ਉੱਕਾ ਹੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਸਭ ਵੀ ਸਿਆਸੀ ਆਗੂਆਂ ਵਾਂਗ ਅੱਗ ਪੂਰੀ ਮਘਾ ਕੇ ਰੋਟੀਆਂ ਸੇਕਦੇ ਹਨ, ਇਹਨਾਂ ਤੋਂ ਬਲ਼ਦੀ ਤੇ ਪਾਣੀ ਪਾਉਣ ਦੀ ਆਸ ਕਦੇ ਨਹੀਂ ਰੱਖੀ ਜਾ ਸਕਦੀ। ਇਸ ਕਰਕੇ ਸਾਨੂੰ ਆਪਣੇ ਸਮਾਜ ਅਤੇ ਭਾਈਚਾਰੇ ਦੀ ਰਾਖੀ ਆਪ ਕਰਨ ਦੀ ਆਦਤ ਪਾਉਣੀ ਪਵੇਗੀ। ਜਿੱਥੇ ਕਿਤੇ ਵੀ ਅਜਿਹੇ ਲੋਕ ਆਪਣੇ ਨਿੱਜੀ ਮੁਫ਼ਾਦ ਖਾਤਰ ਧਰਮ ਜਾਂ ਜਾਤ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰਕੇ ਕੋਈ ਮੁੱਦਾ ਜਾਂ ਬਖ਼ੇੜਾ ਖੜ੍ਹਾ ਕਰਨ ਦਾ ਯਤਨ ਕਰਨ ਤਾਂ ਸਥਾਨਕ ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾਅ ਲੈਣ ਦੀ ਜਾਚ ਸਿੱਖ ਲੈਣੀ ਪਵੇਗੀ।
ਹੁਣ ਲੰਬਾ ਸਮਾਂ ਇਸ ਬਾਰੇ ਲੰਘੇ ਸੱਪ ਦੀ ਲਕੀਰ ਕੁੱਟਣ ਵਰਗੀਆਂ ਮੀਟਿੰਗਾਂ ਤੇ ਗੋਂਗਲ਼ੂਆਂ ਤੋਂ ਮਿੱਟੀ ਝਾੜਨ ਵਰਗੀਆਂ ਜਾਚਾਂ ਦਾ ਦੌਰ ਚੱਲਦਾ ਰਹੇਗਾ ਪਰ ਕੋਈ ਇਹ ਸੁਆਲ ਨਹੀਂ ਉਠਾਵੇਗਾ ਕਿ ਗੁਰਪਤਵੰਤ ਪੰਨੂ ਬਾਰੇ ਸਰਕਾਰ ਨੇ ਕੀ ਕੀਤਾ, ਪੰਨੂੰ ਅਤੇ ਹਰੀਸ਼ ਨੂੰ ਪਿੱਛੇ ਸੁੱਟ ਪਰਵਾਨਾ ਮਾਸਟਰ ਮਾਈਂਡ ਕਿਵੇਂ ਹੋ ਗਿਆ ਅਤੇ ਫਿਰ ਇੱਕਦਮ ਮੁਕਤ ਕਿਵੇਂ ਹੋ ਗਿਆ, ਪੁਲਿਸ ਕਪਤਾਨ ਨਾਨਕ ਸਿੰਘ ਨੂੰ ਬਦਲਣ ਪਿੱਛੇ ਕੀ ਠੋਸ ਕਾਰਨ ਸਨ ਅਤੇ ਹੁਣ ਨਵੇਂ ਅਫ਼ਸਰ ਮੌਕਾ ਦੇਖਣ ਵਾਲੇ ਅਫ਼ਸਰਾਂ ਜਿੰਨਾ ਸਹੀ ਇਨਸਾਫ਼ ਕਿਵੇਂ ਦੇਣਗੇ, ਪ੍ਰਦਰਸ਼ਨਕਾਰੀ ਦੇ ਲੱਗੀ ਗੋਲੀ ਕਿੱਥੋਂ ਆਈ, ਟਕਰਾਓ ਵਿੱਚ ਪਹਿਲ ਕਿਸ ਨੇ ਕੀਤੀ, ਪੁਲਿਸ ਨਾਲ ਵਾਅਦਾ ਖਿਲਾਫ਼ੀ ਕਿਸ ਨੇ ਕੀਤੀ, ਸਰਕਾਰ ਬਣਨ ਵਾਲੇ ਹਾਲਾਤਾਂ ਬਾਰੇ ਸਮਾਂ ਰਹਿੰਦੇ ਹਰਕਤ ਵਿੱਚ ਕਿਉਂ ਨਹੀਂ ਆਈ, ਦੋਨਾਂ ਧਰਮਾਂ ਦੀਆਂ ਮੁਦੱਈ ਕਹਾਉਂਦੀਆਂ ਜਥੇਬੰਦੀਆਂ ਨੇ ਚੁੱਪ ਕਿਉਂ ਵੱਟੀ ਰੱਖੀ, ਕੀ ਸ਼ਿਵ ਸੈਨਾ ਨੇ ਸੱਚਮੁੱਚ ਕਈ ਦਿਨ ਪਹਿਲਾਂ ਹਰੀਸ਼ ਸਿੰਗਲੇ ਤੋਂ ਨਾਤਾ ਤੋੜ ਲਿਆ ਸੀ, ਜੇ ਤੋੜ ਲਿਆ ਸੀ ਤਾਂ ਜਨਤਕ ਕਿਉਂ ਨਹੀਂ ਕੀਤਾ ਗਿਆ ਜਾਂ ਇਹ ਫ਼ਸਾਦ ਤੋਂ ਪੱਲਾ ਝਾੜਨ ਖਾਤਰ ਪਹਿਲਾਂ ਤੋਂ ਕੀਤੀ ਤਿਆਰੀ ਸੀ, ਪੁਲਿਸ ਵਲੋਂ ਗੋਲੀ ਸਰਕਾਰੀ ਹੁਕਮ ਨਾਲ ਚੱਲੀ ਜਾਂ ਮੌਕੇ ਦਾ ਫ਼ੈਸਲਾ ਸੀ, ਮੰਦਰ ਦੇ ਨਾਲ ਵਾਲੀ ਇਮਾਰਤ ਤੇ ਇੱਟਾਂ-ਪੱਥਰ ਕਿਸ ਨੇ ਜਮ੍ਹਾਂ ਕੀਤੇ ਅਤੇ ਕਿਉਂ ਕੀਤੇ, ਸ਼ਿਵ ਸੈਨਾ ਦੇ ਦਫ਼ਤਰ ਨੂੰ ਛੱਡ ਕੇ ਕਾਲੀ ਮਾਤਾ ਦੇ ਮੰਦਰ ਨੂੰ ਕੇਂਦਰ ਕਿਉਂ ਬਣਾਇਆ ਗਿਆ ਅਜਿਹੇ ਬਹੁਤ ਸਾਰੇ ਸੁਆਲ ਹੋਰ ਬਣਦੇ ਹਨ ਪਰ ਕਦੇ ਨਹੀਂ ਕੀਤੇ ਜਾਣਗੇ ਤਾਂ ਕਿ ਅਜਿਹੀਆਂ ਕੋਝੀਆਂ ਘਟਨਾਵਾਂ ਚਲਦੀਆਂ ਰਹਿਣ ਅਤੇ ਆਮ ਲੋਕਾਂ ਨੂੰ ਭੜਕਾ ਕੇ ਨਿੱਜੀ ਅਤੇ ਸਿਆਸੀ ਮੁਫ਼ਾਦ ਹੱਲ ਹੁੰਦੇ ਰਹਿਣ। ਸਿਰਫ ਕੈਮਰੇ ਅਤੇ ਮਾਈਕ ਦੁਆਲੇ ਘੁੰਮਦੀ ਕੱਚ-ਘਰੜ ਪੱਤਰਕਾਰੀ ਵੀ ਸਮਾਜ ਵਾਸਤੇ ਜਹਿਰ ਅਤੇ ਬਲਦੀ ਤੇ ਤੇਲ ਦਾ ਕੰਮ ਕਰਨ ਲੱਗੀ ਹੈ। ਵੱਡੇ ਖ਼ਬਰ ਚੈਨਲਾਂ ਦੀ ਟੀ ਆਰ ਪੀ ਵਾਂਗ ਇਹ ਵੀ ਵਿਊ ਤੇ ਕਮਾਈ ਖਾਤਰ ਬਾਤ ਦਾ ਬਤੰਗੜ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਆਮ ਜਿਹੀ ਗੱਲ ਨੂੰ ਵੱਡੀ ਬਣਾ ਕੇ ਆਪਣੀ ਕਿਰਕਰੀ ਕਰ ਰਹੇ ਹਨ। ਸਾਨੂੰ ਖ਼ਬਰ ਦੀ ਸਹੀ ਜਾਣਕਾਰੀ ਲਈ ਕਈ ਮਾਧਿਅਮਾਂ ਦੀ ਛਾਣ-ਪੁਣ ਕਰ ਕੇ ਹੀ ਨਿਚੋੜ ਕੱਢਣਾ ਚਾਹੀਦਾ ਹੈ। ਕੁਝ ਦਹਾਕੇ ਪਹਿਲਾਂ ਪੰਜਾਬ ਵਲੋਂ ਝੱਲੇ ਸੰਤਾਪ ਤੋਂ ਸਬਕ ਲੈਂਦਿਆਂ ਲੋਕਾਂ, ਪੁਲਿਸ, ਪ੍ਰਸਾਸ਼ਨ ਅਤੇ ਸਰਕਾਰ ਨੂੰ ਉਸ ਸਮੇਂ ਹੋਈਆਂ ਗਲ੍ਹਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin