ਪੰਜਾਬੀ ਪੁਸਤਕਾਂ ਦੇ ਪਾਠਕਾਂ ਦੀ ਗਿਣਤੀ ਦਿਨਬਦਿਨ ਘਟਦੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਇਹ ਝੁਕਾਆ ਪੰਜਾਬੀ ਭਾਸ਼ਾ ਲਈ ਖ਼ਤਰੇ ਦੀ ਘੰਟੀ ਹੈ। ਇਹ ਗੱਲ ਆਮ ਕਹੀ ਜਾ ਰਹੀ ਹੈ ਕਿ ਜ਼ਮਾਨਾ ਤੇਜੀ ਅਤੇ ਆਧੁਨਿਕਤਾ ਦਾ ਆ ਗਿਆ ਹੈ, ਜਿਸ ਕਰਕੇ ਪਾਠਕਾਂ ਕੋਲ ਸਮਾਂ ਬਹੁਤ ਘੱਟ ਹੈ। ਇਹ ਤਾਂ ਨਿਰਾ ਬਹਾਨੇਬਾਜ਼ੀ ਹੈ। ਸਮਾਂ ਤਾਂ ਉਤਨਾ ਹੀ ਹੁੰਦਾ ਹੈ, ਉਸਨੂੰ ਵਰਤੋਂ ਕਰਨ ਦੀ ਯੋਜਨਾ ਕਰਨ ਦੀ ਲੋੜ ਹੁੰਦੀ ਹੈ। ਨਾਵਲ ਅਤੇ ਵੱਡੀਆਂ ਕਹਾਣੀਆਂ ਪੜ੍ਹਨ ਤੋਂ ਤਾਂ ਪਾਠਕਾਂ ਨੇ ਮੂੰਹ ਹੀ ਮੋੜ ਲਏ ਹਨ, ਇਸ ਕਰਕੇ ਅਜਿਹੇ ਹਾਲਾਤ ਵਿਚ ਮਿੰਨੀ ਕਹਾਣੀ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਬਹੁਤੇ ਲੇਖਕ ਅੱਜ ਕਲ੍ਹ ਮਿੰਨੀ ਕਹਾਣੀ ਉਪਰ ਹੱਥ ਅਜਮਾਉਣ ਲੱਗ ਪਏ ਹਨ। ਕੁਲਵਿੰਦਰ ਕੌਸ਼ਲ ਵੀ ਉਨ੍ਹਾਂ ਕਹਾਣੀਕਾਰਾਂ ਵਿਚੋਂ ਇਕ ਹੈ। ਕੁਲਵਿੰਦਰ ਕੌਸ਼ਲ ਦੀ ਮਿੰਨੀ ਕਹਾਣੀਆਂ ਦੀ ਪੁਸਤਕ ”ਸੂਲੀ ਲਟਕੇ ਪਲ” ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀਆਂ ਪ੍ਰਤੀਕ ਹਨ। ਇਸ 78 ਪੰਨਿਆਂ ਦੀ ਪੁਸਤਕ ਵਿਚ 53 ਮਿੰਨੀ ਕਹਾਣੀਆਂ ਹਨ, ਜਿਹੜੀਆਂ ਸਾਰੀਆਂ ਹੀ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਧਾਰਮਿਕ, ਸਭਿਆਚਾਰਕ, ਰਾਜਨੀਤਕ ਅਤੇ ਆਰਥਿਕ ਘਟਨਾਵਾਂ ਦਾ ਵਰਨਣ ਕਰਦੀਆਂ ਹੋਈਆਂ ਲੋਕਾਂ ਨੂੰ ਆਪਣੇ ਹੱਕਾਂ ਦੇ ਨਾਲ ਫਰਜਾਂ ਪ੍ਰਤੀ ਸੁਚੇਤ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲਵਿੰਦਰ ਕੌਸ਼ਲ ਦੀ ਇਹ ਦੂਜੀ ਮਿੰਨੀ ਕਹਾਣੀਆਂ ਦੀ ਪੁਸਤਕ ਹੈ, ਉਸਦੀ ਪਹਿਲੀ ਪੁਸਤਕ ਅਭਿਮੰਨਿਊ ਸੀ। ਇਸ ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ੇ ਬਹੁਪੱਖੀ ਅਤੇ ਬਹੁਦਿਸ਼ਾਵੀ ਹਨ, ਜਿਨ੍ਹਾਂ ਵਿਚ ਭਰੂਣ ਹੱਤਿਆ, ਖ਼ੁਦਕਸ਼ੀਆਂ, ਬੇਰੋਜ਼ਗਾਰੀ, ਪ੍ਰਦੂਸ਼ਣ, ਸੜਕੀ ਦੁਰਘਟਨਾਵਾਂ, ਨਸ਼ੇ, ਬਜ਼ੁਰਗਾਂ ਦੀ ਅਣਵੇਖੀ, ਵਹਿਮ ਭਰਮ, ਗ਼ਰੀਬੀ ਅਤੇ ਅਤਵਾਦ ਆਦਿ ਸ਼ਾਮਲ ਹਨ। ਇਨ੍ਹਾਂ ਵਿਸ਼ਿਆਂ ਦਾ ਇਨਸਾਨ ਦੀ ਜ਼ਿੰਦਗੀ ਨਾਲ ਨੇੜੇ ਦਾ ਸੰਬੰਧ ਹੈ। ਕਹਾਣੀਕਾਰ ਦੇ ਵਿਸ਼ਿਆਂ ਦੀ ਚੋਣ ਤੋਂ ਸਾਫ ਪਤਾ ਲੱਗਦਾ ਹੈ ਕਿ ਸਮਾਜਿਕ ਤਾਣੇਬਾਣੇ ਦੇ ਨਿਘਾਰ ਉਪਰ ਉਹ ਕਿਤਨਾ ਚਿੰਤਾਤੁਰ ਹੈ। ਕਹਾਣੀ ਦੇ ਅਰਥ ਕਿਸੇ ਘਟਨਾ ਜਾਂ ਹਾਲਾਤ ਨੂੰ ਲਗਾਤਾਰਤਾ ਨਾਲ ਦਿਲਚਸਪ ਬਣਾਕੇ ਦੱਸਣਾ ਹੁੰਦਾ ਹੈ। ਇਹ ਬਿਰਤਾਂਤ ਅਜਿਹੇ ਢੰਗ ਨਾਲ ਲਿਖਿਆ ਜਾਂਦਾ ਹੈ ਕਿ ਪੜ੍ਹਨ ਜਾਂ ਸੁਨਣ ਵਾਲੇ ਦੀ ਉਤਸੁਕਤਾ ਅੱਗੇ ਜਾਨਣ ਬਾਰੇ ਬਣੀ ਰਹੇ। ਇਸ ਕਰਕੇ ਕਹਾਣੀਕਾਰ ਆਮ ਤੌਰ ਤੇ ਆਪਣੀਆਂ ਕਹਾਣੀਆਂ ਨੂੰ ਦਿਲਚਸਪ ਬਣਾਉਂਣ ਲਈ ਰੋਮਾਂਟਿਕ ਪਾਣ ਦੇ ਦਿੰਦਾ ਹੈ। ਇਹ ਖ਼ੁਸ਼ੀ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਕਹਾਣੀਕਾਰ ਨੇ ਇਹ ਕਹਾਣੀਆਂ ਪਾਠਕਾਂ ਦੇ ਮਨਪ੍ਰਚਾਵੇ ਲਈ ਨਹੀਂ ਬਲਕਿ ਆਪਣੀ ਸਮਾਜਿਕ ਜ਼ਿੰਮੇਵਾਰ ਨਿਭਾਉਂਦਿਆਂ ਨਵੀਂ ਪ੍ਰਿਤ ਪਾਈ ਹੈ। ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਘਟਨਾਵਾਂ ਨੂੰ ਕਹਾਣੀਕਾਰ ਇਸ ਢੰਗ ਨਾਲ ਲਿਖਿਆ ਹੈ ਕਿ ਉਹ ਆਪਣੇ ਆਪ ਹੀ ਦਿਲਚਸਪ ਬਣ ਗਈਆਂ ਹਨ ਪ੍ਰੰਤੂ ਉਨ੍ਹਾਂ ਨੂੰ ਦਿਲਚਸਪ ਬਣਾਉਣ ਲਈ ਰੋਮਾਂਸਵਾਦ ਦਾ ਸਹਾਰਾ ਨਹੀਂ ਲਿਆ। ਇਹ ਮਿੰਨੀ ਕਹਾਣੀਆਂ ਹਨ। ਮਿੰਨੀ ਕਹਾਣੀਆਂ ਵਿਚ ਕਿਸੇ ਇਕ ਨੁਕਤੇ ਨੂੰ ਸੰਖੇਪ ਵਿਚ ਸੰਕੇਤਕ ਲਿਖਿਆ ਹੁੰਦਾ ਹੈ। ਬਹੁਤਾ ਕੁਝ ਪਾਠਕ ਦੇ ਅੰਦਾਜ਼ਾ ਲਾਉਣ ਲਈ ਛੱਡ ਦਿੱਤਾ ਜਾਂਦਾ ਹੈ ਕਿ ਅੱਗੇ ਕੀ ਹੋਇਆ ਹੋਵੇਗਾ। ਕੁਲਵਿੰਦਰ ਕੌਸ਼ਲ ਆਪਣੀਆਂ ਬਹੁਤੀਆਂ ਕਹਾਣੀਆਂ ਵਿਚ ਇਕ ਨੁਕਤੇ ਦੀ ਥਾਂ ਦੋ-ਦੋ ਨੁਕਤਿਆਂ ਉਪਰ ਬਾਰੇ ਲਿਖਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਹਾਣੀਕਾਰ ਸਮਾਜਿਕ ਸਰੋਕਾਰਾਂ ਪ੍ਰਤੀ ਕਿਤਨਾ ਸੁਚੇਤ ਹੈ। ਉਸਦੀਆਂ ਕਹਾਣੀਆਂ ਇਹ ਵੀ ਦਰਸਾਉਂਦੀਆਂ ਹਨ ਕਿ ਇਨਸਾਨ ਆਪਣੇ ਸਮਾਜਿਕ ਫਰਜਾਂ ਉਪਰ ਪਹਿਰਾ ਨਹੀਂ ਦੇ ਰਿਹਾ ਸਗੋਂ ਉਸਦੀਆਂ ਕੁਝ ਕਹਾਣੀਆਂ, ਜਿਨ੍ਹਾਂ ਵਿਚ ਸ਼ੁਰੂਆਤ, ਬੋਝ, ਆਤੰਕਵਾਦ ਅਤੇ ਸਿੱਖਿਆ ਸ਼ਾਮਲ ਹਨ, ਇਨ੍ਹਾਂ ਕਹਾਣੀਆਂ ਵਿਚ ਬੱਚੇ ਆਪਣੇ ਮਾਪਿਆਂ ਨੂੰ ਇਨਸਾਨ ਦੀ ਬਿਹਤਰੀ ਕਰਨ ਲਈ ਪ੍ਰੇਰਿਤ ਕਰਦੇ ਦਿਸ ਰਹੇ ਹਨ। ਆਮ ਤੌਰ ਤੇ ਮਾਪੇ ਬੱਚਿਆਂ ਨੂੰ ਨਸੀਹਤਾਂ ਦਿੰਦੇ ਹਨ। ਸਮਾਜ ਵਿਚ ਰੋਜ ਮਰਰ੍ਹਾ ਦੇ ਜੀਵਨ ਵਿਚ ਵਿਚਰਦਿਆਂ ਬਜ਼ੁਰਗ ਅਰਥਾਤ ਮਾਪੇ ਸਿਵਿਕ ਸੈਂਸ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਜਦੋਂ ਕਿ ਬੱਚੇ ਜੋ ਸਕੂਲਾਂ ਵਿਚੋਂ ਸਿੱਖਦੇ ਹਨ, ਉਸ ਅਨੁਸਾਰ ਬੱਚੇ ਆਪਣੇ ਮਾਪਿਆਂ ਨੂੰ ਟੋਕ ਕੇ ਅਜਿਹੇ ਕੰਮ ਕਰਨ ਤੋਂ ਵਰਜਦੇ ਹਨ। ਉਸਦੀਆਂ ਕਹਾਣੀਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਸਮਾਜ ਤਬਦੀਲੀ ਦੇ ਯੁਗ ਵਿਚੋਂ ਲੰਘ ਰਿਹਾ ਹੈ। ਲੱਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਰਵਾਇਤੀ ਨਹੀਂ ਰਹੇਗੀ। ਨੌਜਵਾਨ ਅਤੇ ਵਿਦਿਆਰਥੀ ਸਮਾਜਿਕ ਤਬਦੀਲੀ ਬਾਰੇ ਸੁਜੱਗ ਹਨ। ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਆਪਣੇ ਸਮਾਜਕ ਫਰਜਾਂ ਪ੍ਰਤੀ ਜਾਗ੍ਰਤ ਕੀਤਾ ਜਾਂਦਾ ਹੈ, ਜੋ ਉਸਦੀਆਂ ਕਹਾਣੀਆਂ ਵਿਚੋਂ ਸ਼ਪਸ਼ਟ ਵਿਖਾਈ ਦਿੰਦਾ ਹੈ। ਨਸ਼ਿਆਂ ਅਤੇ ਕਿਸਾਨਾ ਦੀਆਂ ਖ਼ੁਦਕਸ਼ੀਆਂ ਸੰਬੰਧੀ ਉਸਦੀਆਂ ਇੱਕ ਦਰਜਨ ਦੇ ਲਗਪਗ ਕਹਾਣੀਆਂ ਹਨ, ਜਿਨ੍ਹਾਂ ਤੋਂ ਸਿਖਿਆ ਮਿਲਦੀ ਹੈ ਕਿ ਨਸ਼ਿਆਂ ਅਤੇ ਖ਼ੁਦਕਸ਼ੀਆਂ ਦੀ ਅਲਾਮਤ ਤੋਂ ਬਚਣ ਤੋਂ ਸਿਵਾਏ ਇਨਸਾਨ ਕੋਲ ਹੋਰ ਕੋਈ ਰਸਤਾ ਨਹੀਂ ਕਿਉਂਕਿ ਨਸ਼ੇ ਅਤੇ ਆਤਮ ਹੱਤਿਆਵਾਂ ਉਸ ਵਿਅਕਤੀ ਨੂੰ ਤਾਂ ਖ਼ਤਮ ਕਰਦੇ ਹੀ ਹਨ ਪ੍ਰੰਤੂ ਉਹ ਆਪਣੇ ਪਰਿਵਾਰਾਂ ਦੇ ਭਵਿਖ ਉਪਰ ਵੀ ਸਵਾਲੀਆ ਨਿਸ਼ਾਨ ਲਗਵਾ ਦਿੰਦੇ ਹਨ। ਬਾਅਦ ਵਿਚ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਰੁਲਦੇ ਰਹਿੰਦੇ ਹਨ। ਇਹ ਦੋਵੇਂ ਅਲਾਮਤਾਂ ਸਮਾਜਿਕ ਤੌਰ ਤੇ ਵੀ ਪਰਿਵਾਰਾਂ ਉਪਰ ਧੱਬਾ ਲੁਆ ਦਿੰਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਸਵਾਰਥੀ ਲੋਕ ਅਜਿਹੀਆਂ ਅਲਾਮਤਾਂ ਆਪਣੇ ਹਿੱਤਾਂ ਦੀ ਪੂਰਤੀ ਲਈ ਲਗਾਉਂਦੇ ਹਨ। ਮਜ਼ਦੂਰਾਂ ਤੋਂ ਜ਼ਿਆਦਾ ਕੰਮ ਕਰਵਾਉਣ ਲਈ ਕਈ ਵਾਰ ਜ਼ਿਮੀਦਾਰ ਉਨ੍ਹਾਂ ਨੂੰ ਨਸ਼ੇ ਪ੍ਰਦਾਨ ਕਰਦੇ ਹਨ। ਨਸ਼ਿਆਂ ਬਾਰੇ ਘੁਣ, ਵਾਪਸੀ, ਚਕਰਵਿਊ ਅਤੇ ਚਾਨਣ ਕਹਾਣੀਆਂ ਵਿਚ ਚਿੰਤਾ ਜਾਹਰ ਕੀਤੀ ਗਈ ਹੈ ਕਿ ਜੇਕਰ ਇਹ ਨਸ਼ਿਆਂ ਦਾ ਪਰਵਾਹ ਏਦਾਂ ਹੀ ਚਲਦਾ ਰਿਹਾ ਤਾਂ ਸਮਾਜ ਦਾ ਤਾਣਾ ਬਾਣਾ ਤਬਾਹ ਹੋ ਜਾਵੇਗਾ। ਨਸ਼ਾ ਨਪੁੰਸਕ ਵੀ ਬਣਾ ਦਿੰਦਾ ਹੈ, ਜਿਸ ਨਾਲ ਮਾਨਸਿਕ ਰੋਗ ਪੈਦਾ ਹੋਣਗੇ। ਕਿਸਾਨਾ ਦੀਆਂ ਆਤਮਹੱਤਿਆਵਾਂ ਬਾਰੇ ਮੁਆਵਜਾ ਅਤੇ ਨਵੀਂ ਸਵੇਰ ਕਹਾਣੀਆਂ ਕਿਸਾਨ ਦੀ ਆਰਥਿਕ ਅਤੇ ਸਮਾਜਿਕ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ। ਕਿਸਾਨ ਦਾ ਪੁੱਤਰ ਫਸਲ ਦੇ ਨੁਕਸਾਨੇ ਜਾਣ ਦਾ ਘੱਟ ਮੁਆਵਜਾ ਹੋਣ ਕਰਕੇ ਮੁਆਵਜਾ ਨਹੀਂ ਲੈਂਦਾ ਪ੍ਰੰਤੂ ਜਦੋਂ ਕਿਸਾਨ ਆਤਮ ਹੱਤਿਆ ਕਰ ਲੈਂਦਾ ਹੈ ਤਾਂ ਉਸ ਕਰਕੇ ਸਰਕਾਰ ਜਿਹੜਾ ਮੁਆਵਜਾ ਦਿੰਦੀ ਹੈ, ਉਸ ਮੁਆਵਜੇ ਨੂੰ ਲੈਣ ਲਈ ਤਰਲੇ ਮਿੰਨਤਾਂ ਕਰਦਾ ਰਹਿੰਦਾ ਹੈ। ਕਿਸਾਨ ਸਖ਼ਤ ਮਿਹਨਤ ਕਰਦਾ ਹੈ ਪ੍ਰੰਤੂ ਸ਼ਾਹੂਕਾਰਾ ਅਤੇ ਬੈਂਕਾਂ ਦਾ ਵਿਆਜ ਉਸ ਦੀ ਪੇਸ਼ ਨਹੀਂ ਜਾਣ ਦਿੰਦਾ। ਫਸਲਾਂ ਦੀ ਕਾਸ਼ਤ ਲਈ ਵਰਤੇ ਜਾਣ ਵਾਲੀਆਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਰਕੇ ਕਿਸਾਨ ਆਰਥਿਕ ਤੌਰ ਤੇ ਖੋਖਲਾ ਹੋ ਰਿਹਾ ਹੈ। ਕਿਸਾਨੀ ਨਾਲ ਸੰਬੰਧਤ ਮਜ਼ਦੂਰਾਂ ਦੀ ਹਾਲਤ ਬਾਰੇ ਵੀ ਹਉਕਾ ਕਹਾਦੀ ਲਿਖੀ ਗਈ ਹੈ ਜਿਸ ਵਿਚ ਮਜ਼ਦੂਰਾਂ ਨੂੰ ਨੀਵਾਂ ਸਮਝਿਆ ਜਾਂਦਾ ਦਰਸਾਇਆ ਗਿਆ ਹੈ। ਕਹਾਣੀਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਜ਼ਦੂਰ ਵੀ ਖ਼ੁਦਦਾਰ ਹੁੰਦੇ ਹਨ। ਉਨ੍ਹਾਂ ਨਾਲ ਅਜਿਹਾ ਵਤੀਰਾ ਬਰਦਾਸ਼ਤ ਕਰਨ ਦੇ ਯੋਗ ਨਹੀਂ। ਕੁਲਵਿੰਦਰ ਕੌਸ਼ਲ ਸਮਾਜ ਵਿਚ ਜੋ ਵਾਪਰ ਰਿਹਾ ਹੈ ਅਰਥਾਤ ਚਲੰਤ ਮਸਲਿਆਂ ਬਾਰੇ ਵੀ ਜਾਗਰੂਕ ਹੈ, ਇਸ ਕਰਕੇ ਉਸ ਦੀਆਂ ਕਹਾਣੀਆਂ ਵਿਚ ਚਲੰਤ ਮਸਲਿਆਂ ਨੂੰ ਵੀ ਵਿਸ਼ਾ ਬਣਾਇਆ ਜਾਂਦਾ ਹੈ। ਚੀਕ ਕਹਾਣੀ ਵਿਚ ਵਹਿਮਾਂ ਭਰਮਾਂ ਤੋਂ ਖਹਿੜਾ ਛੁਡਾਉਣ ਅਤੇ ਅਣਖ਼ ਨਾਲ ਜਿੰਦਗੀ ਜਿਓਣ ਦੀ ਤਾਕੀਦ ਕੀਤੀ ਗਈ ਹੈ। ਇੱਕ ਹੋਰ ਨਵਾਂ ਵਿਸ਼ਾ ਅੰਗਦਾਨ ਕਰਨ ਦਾ ਲੈ ਕੇ ਵੀ ਚਾਰ-ਪੰਜ ਕਹਾਣੀਆਂ ਲਿਖੀਆਂ ਗਈਆਂ ਹਨ ਕਿਉਂਕਿ ਅੰਗਦਾਨ ਕਰਨਾ ਸਮੇਂ ਦੀ ਲੋੜ ਹੈ। ਵਰਤਮਾਨ ਸਮਾਜ ਵਿਚ ਅੰਗਦਾਨ ਦੀ ਮਹੱਤਤਾ ਬਾਰੇ ਪ੍ਰੇਰਨਾ ਦਿੱਤੀ ਗਈ ਹੈ। ਇੱਕ ਹੀ ਰਾਹ, ਧਰਮ, ਆਦਤ, ਹਉਕਾ ਅਤੇ ਜ਼ਿੰਦਗੀ ਦੇ ਰਚਨਹਾਰੇ ਕਹਾਣੀਆਂ ਗ਼ਰੀਬੀ ਦੀ ਜ਼ਿੰਦਗੀ ਬਾਰੇ ਲਿਖੀਆਂ ਗਈਆਂ ਹਨ ਕਿ ਇਨਸਾਨ ਕਿਸ ਪ੍ਰਕਾਰ ਗ਼ਰੀਬੀ ਵਿਚ ਆਪਣਾ ਗੁਜ਼ਾਰਾ ਕਰਕੇ ਪਰਿਵਾਰ ਨੂੰ ਪਾਲਦਾ ਹੈ। ਉਸਦੀਆਂ ਕਈ ਕਹਾਣੀਆਂ ਜਿਵੇਂ ਕਿ ਨੁਕਸ, ਜ਼ਿੰਮੇਵਾਰੀ, ਭੜਾਸ, ਸੂਲੀ ਲਟਕੇ ਪਲ, ਪੁੱਠਾ ਸਵਾਲ, ਆਪਣਾ ਆਪਣਾ ਹਿੱਸਾ, ਦੇਹਲੀ, ਦੈਂਤ ਅਤੇ ਅਨੋਖ਼ੀ ਖ਼ੁਸ਼ੀ ਵਿਚ ਇਸਤਰੀ ਜਾਤੀ ਨਾਲ ਹੋ ਰਹੇ ਦੁਰਵਿਵਹਾਰ ਅਤੇ ਅਨੈਤਿਕ ਵਤੀਰੇ ਦਾ ਜ਼ਿਕਰ ਹੈ, ਉਹ ਦਰਸਾਉਂਦੀਆਂ ਹਨ ਕਿ ਸਾਡਾ ਸਮਾਜ ਇਸਤਰੀ ਜਾਤੀ ਨੂੰ ਬਣਦਾ ਮਾਨ ਸਨਮਾਨ ਨਹੀਂ ਦੇ ਰਿਹਾ। ਹਰ ਕੰਮ ਲਈ ਇਸਤਰੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕੁਲਵਿੰਦਰ ਕੌਸ਼ਲ ਦੀਆਂ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਜਿਹੀ ਸਮਾਜਿਕ ਸਥਿਤੀ ਲਈ ਮੁੱਖ ਤੌਰ ਤੇ ਸਿਆਸਤਦਾਨ ਜ਼ਿੰਮੇਵਾਰ ਹਨ ਕਿਉਂ ਉਹ ਹਮੇਸ਼ਾ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਕੇ ਆਪਣਾ ਸਿਆਸੀ ਮੰਤਵ ਪੂਰਾ ਕਰਦੇ ਹਨ।
– ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ