ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਜਿਸ ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਇੱਕ ਅਧਿਆਇ ਦਾ ਵਰਣਨ ਕਰਦੀ ਹੈ।
ਹਾਲਾਂਕਿ ਨਿਰਮਾਤਾਵਾਂ ਨੇ ਅਦਾਕਾਰ ਦੀਆਂ ਭੂਮਿਕਾਵਾਂ ਬਾਰੇ ਚੁੱਪੀ ਧਾਰੀ ਹੋਈ ਹੈ। ਪਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਪੋਡਕਾਸਟ ਵਿੱਚ ਖੁਲਾਸਾ ਕੀਤਾ ਕਿ ਉਹ ਨਿਰਮਲ ਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਅ ਰਿਹਾ ਹੈ ਜੋ ਕਿ ਪਰਮ ਵੀਰ ਚੱਕਰ ਨਾਲ ਸਨਮਾਨਿਤ ਇਕਲੌਤਾ ਭਾਰਤੀ ਹਵਾਈ ਸੈਨਾ ਅਧਿਕਾਰੀ ਹੈ। ਇਸ ਨਾਲ ਇਹ ਸਾਫ ਹੋ ਗਿਆ ਹੈ ਕਿ ਦਿਲਜੀਤ ਦੋਸਾਂਝ ਦੇਸ਼ ਭਗਤੀ ਵਾਲੀ ਫਿਲਮ ਵਿੱਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਅਤੇ ਮਰਨ ਉਪਰੰਤ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਨਿਰਮਲ ਜੀਤ ਸਿੰਘ ਸੇਖੋਂ ਨੇ 1971 ਵਿੱਚ ਭਾਰਤ-ਪਾਕਿ ਜੰਗ ਦੌਰਾਨ ਬਹਾਦਰੀ ਨਾਲ ਸ੍ਰੀਨਗਰ ਏਅਰਬੇਸ ਦਾ ਇਕੱਲੇ ਤੌਰ ‘ਤੇ ਬਚਾਅ ਕਰਦਿਆਂ ਪਾਕਿਸਤਾਨੀ ਹਵਾਈ ਸੈਨਾ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਇਸ ਬਹਾਦਰ ਅਧਿਕਾਰੀ ਨੇ 26 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। 14 ਦਸੰਬਰ, 1971 ਨੂੰ ਪਾਕਿਸਤਾਨ ਨੇ ਅੰਮ੍ਰਿਤਸਰ, ਪਠਾਨਕੋਟ ਅਤੇ ਸ੍ਰੀਨਗਰ ਦੇ ਮੁੱਖ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਭਾਰਤੀ ਹਵਾਈ ਸੈਨਾ ਦੇ 18 ਸਕੁਐਡਰਨ ਦੀ ਇੱਕ ਟੁਕੜੀ ਨੂੰ ਸ੍ਰੀਨਗਰ ਦੀ ਹਵਾਈ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਨਿਰਮਲ ਜੀਤ ਸਿੰਘ ਸੇਖੋਂ ਵੀ ਇਸ ਸਕੁਐਡਰਨ ਦਾ ਹਿੱਸਾ ਸੀ। ਹਵਾ ਵਿੱਚ ਆਪਣੀ ਸ਼ਾਨਦਾਰ ਚਾਲ-ਚਲਣ ਯੋਗਤਾ ਦੇ ਕਾਰਨ ਸਕੁਐਡਰਨ ਨੂੰ ਫਲਾਇੰਗ ਬੁਲੇਟਸ ਵਜੋਂ ਜਾਣਿਆ ਜਾਂਦਾ ਸੀ। ਸੇਖੋਂ ਫਲਾਈਟ ਲੈਫਟੀਨੈਂਟ ਬਲਧੀਰ ਸਿੰਘ ਘੁੰਮਣ ਦੇ ਨਾਲ ਧੁੰਦ ਵਾਲੇ ਸ੍ਰੀਨਗਰ ਏਅਰਬੇਸ ‘ਤੇ ਸਟੈਂਡ ਬਾਏ ਡਿਊਟੀ ‘ਤੇ ਮੌਜੂਦ ਸੀ। ਉਸ ਦਿਨ ਸਵੇਰ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਸੈਨਾ ਦੇ 6 ਐਫ-86 ਸੈਬਰ ਜੈੱਟ ਲੜਾਕੂ ਜਹਾਜ਼ਾਂ ਨੇ ਸ਼੍ਰੀਨਗਰ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਪੇਸ਼ਾਵਰ ਤੋਂ ਉਡਾਣ ਭਰੀ। ਟੀਮ ਦੀ ਅਗਵਾਈ 1965 ਦੇ ਯੁੱਧ ਦੇ ਤਜਰਬੇਕਾਰ ਵਿੰਗ ਕਮਾਂਡਰ ਚੰਗਾਜ਼ੀ ਕਰ ਰਹੇ ਸੀ, ਜਿਸ ਵਿੱਚ ਫਲਾਈਟ ਲੈਫਟੀਨੈਂਟ ਦੋਤਾਨੀ, ਅੰਦਰਾਬੀ, ਮੀਰ, ਬੇਗ ਅਤੇ ਯੂਸਫ਼ਜ਼ਈ ਵਿੰਗ ਮੈਨ ਸੀ। ਸਰਦੀਆਂ ਦੀ ਧੁੰਦ ਦੀ ਪਿੱਠਭੂਮੀ ‘ਤੇ ਸੈਬਰਾਂ ਨੇ ਬਿਨਾਂ ਕਿਸੇ ਧਿਆਨ ਦੇ ਸਰਹੱਦ ਪਾਰ ਕਰ ਲਈ। ‘ਜੀ-ਮੈਨ’ ਘੁੰਮਣ ਅਤੇ ‘ਬ੍ਰਦਰ’ ਸੇਖੋਂ ਤੁਰੰਤ ਆਪਣੇ ਗਨੇਟ ਜਹਾਜ਼ਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਹੈਂਗਰ ਤੋਂ ਬਾਹਰ ਕੱਢਿਆ ਅਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਨ ਅਤੇ ਉਡਾਣ ਭਰਨ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ। ਪਰ ਰੇਡੀਓ ਫ੍ਰੀਕੁਐਂਸੀ ਦੇ ਮੇਲ ਨਾ ਖਾਣ ਕਾਰਣ ਉਹ ਏਅਰ ਟਰੈਫਿ਼ਕ ਕੰਟਰੋਲ ਨਾਲ ਸੰਪਰਕ ਨਹੀਂ ਕਰ ਸਕੇ ਅਤੇ ਉਡਾਣ ਭਰਨ ਦਾ ਫੈਸਲਾ ਕੀਤਾ। ਅਸਮਾਨ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਘੁੰਮਣ ਨੇ ਧੁੰਦ ਕਾਰਨ ਘੱਟ ਦਿਖਣ ਕਾਰਨ ਸੇਖੋਂ ਦੇ ਗਨੈਟ ਨੂੰ ਆਪਣੀ ਨਜ਼ਰ ਤੋਂ ਗੁਆ ਦਿੱਤਾ। ਸੇਖੋਂ ਹੁਣ ਛੇ ਸੈਬਰ ਜਹਾਜ਼ਾਂ ਦਾ ਸਾਹਮਣਾ ਕਰ ਰਹੇ ਸੀ ਅਤੇ ਇਸ ਤੋਂ ਬਾਅਦ ਹਵਾਈ ਯੁੱਧ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਡੌਗਫਾਈਟਾਂ ਵਿੱਚੋਂ ਇੱਕ ਸੀ। ਯੁੱਧ ਦੀ ਸਭ ਤੋਂ ਭਿਆਨਕ ਹਵਾਈ ਲੜਾਈ ਹੋਈ। ਸ਼੍ਰੀਨਗਰ ਏਅਰਬੇਸ ਦੀ ਰੱਖਿਆ ਕਰਨ ਲਈ ਬੇਤਾਬ ਨਿਰਮਲ ਜੀਤ ਸਿੰਘ ਸੇਖੋਂ ਨੇ ਇਕੱਲੇ ਹੀ ਛੇ ਐਫ਼-86 ਦੁਸ਼ਮਣ ਜਹਾਜ਼ਾਂ ਨੂੰ ਟੱਕਰ ਦਿੱਤੀ। ਉਨ੍ਹਾਂ ਨੇ ਪਹਿਲੇ ਜਹਾਜ਼ ਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਦਰੱਖਤਾਂ ਦੀਆਂ ਚੋਟੀਆਂ ਉੱਤੇ ਇੱਕ ਡੌਗਫਾਈਟ ਵਿੱਚ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਨੇ ਦੋ ਹੋਰ ਜਹਾਜ਼ਾਂ ਨਾਲ ਮੁਕਾਬਲਾ ਕੀਤਾ। ਉਨ੍ਹਾਂ ਦਾ ਗਨੈਟ ਜਹਾਜ਼ ਘਾਤਕ ਤੌਰ ‘ਤੇ ਨੁਕਸਾਨਿਆ ਗਿਆ ਅਤੇ ਬਡਗਾਮ ਦੇ ਨੇੜੇ ਇੱਕ ਖਾਈ ਵਿੱਚ ਡਿੱਗ ਗਿਆ। ਜਿਸ ਸਮੇਂ ਉਹ ਸ਼ਹੀਦ ਹੋਏ ਉਹ ਸਿਰਫ਼ 26 ਸਾਲਾਂ ਦੇ ਹੀ ਸਨ।