
ਅਬਿਆਣਾਂ ਕਲਾਂ
ਪਾਣੀ ਦਾ ਸਾਡੀ ਸੰਸਕ੍ਰਿਤੀ ਨਾਲ ਗੂੜ੍ਹਾ ਸਬੰਧ ਹੈ। ਇਸੇ ਲਈ ਪਾਣੀ ਪਿਲਾਉਣਾ ਪੁੰਨ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਮਹਿਮਾਨ ਨਿਵਾਜ਼ੀ ਸਮੇਂ ਵੀ ਸਭ ਤੋਂ ਪਹਿਲਾਂ ਪਾਣੀ ਨਾਲ ਹੀ ਆਓ ਭਗਤ ਕੀਤੀ ਜਾਂਦੀ ਹੈ। ਪਾਣੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪਾਣੀ ਵਡਮੁੱਲੀ ਕੁਦਰਤੀ ਦਾਤ ਹੈ ਇਸ ਉੱਤੇ ਸਭ ਦਾ ਬਰਾਬਰ ਅਧਿਕਾਰ ਵੀ ਹੈ। ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ:
ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ
ਸਾਰੀ ਕਾਇਨਾਤ ਪਾਣੀ ਉੱਤੇ ਹੀ ਨਿਰਭਰ ਹੈ। ਇਸ ਦੀ ਵਰਤੋਂ ਦਾ ਸੰਤੁਲਨ ਸਾਡੇ ਹੱਥ ਹੈ। ਮਨੁੱਖੀ ਸਰੀਰ ਵਿੱਚ ਵੀ 55 ਤੋਂ 78 ਫੀਸਦੀ ਪਾਣੀ ਹੈ। ਇਸ ਨੂੰ ਕਾਇਮ ਰੱਖਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ। ਧਰਤੀ ਹੇਠਲਾ ਪਾਣੀ ਇਸ ਦਰ ਨਾਲ ਨਿੱਘਰ ਰਿਹਾ ਹੈ ਕਿ ਪਾਣੀ ਮੁੱਕ ਜਾਣ ਦੀ ਨੌਬਤ ਤੇ ਖੜ੍ਹਾ ਹੈ। ਯੂ ਐਨ ਓ 2050 ਤੱਕ ਪਾਣੀ ਦੀ ਪੂਰਤੀ ਲਈ ਚਿੰਤਤ ਹੈ। ਕਾਰਪੋਰੇਟ ਜਗਤ ਵੀ ਪਾਣੀ ਤੇ ਮੁਕੰਮਲ ਕਬਜ਼ਾ ਕਰਨ ਲਈ ਤੱਤਪਰ ਹੈ। ਮਨੁੱਖੀ ਲਾਲਸਾਵਾਂ ਨੇ ਪਾਣੀ ਰੂਪੀ ਕੁਦਰਤੀ ਨਿਆਮਤ ਨੂੰ ਵੀ ਇਕ ਵਸਤੂ ਤੱਕ ਸੀਮਤ ਕਰ ਦਿੱਤਾ ਹੈ। ਸੰਸਾਰ ਬੈਂਕ ਅਤੇ ਯੂ ਐਨ ਓ ਨੇ ਪਾਣੀ ਦੀ ਪ੍ਰੀਭਾਸ਼ਾ ਇਉਂ ਦਿੱਤੀ ਸੀ, “ਪਾਣੀ ਮਨੁੱਖੀ ਜ਼ਰੂਰਤ ਹੈ, ਪਰ ਮਨੁੱਖ ਦਾ ਅਧਿਕਾਰ ਨਹੀਂ ਹੈ” ਪਾਣੀ ਦਾ ਪੱਧਰ ਡੂੰਘਾ ਜਾਣ ਨਾਲ ਮਨੁੱਖਤਾ ਤੇ ਕਈ ਕਿਸਮ ਦੇ ਬੇਲੋੜੇ ਖਰਚੇ ਪੈ ਰਹੇ ਹਨ। ਹਰ ਸਾਲ ਪਾਣੀ ਥੱਲੇ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਡੂੰਘਾ ਜਾਣ ਨਾਲ ਅਮੀਰ ਗਰੀਬ ਦਾ ਪਾੜਾ ਵਧ ਰਿਹਾ ਹੈ। ਪੰਜਾਬ ਦੇ ਪਿੰਡਾਂ ਵਿੱਚ ਹੱਥਾਂ ਨਾਲ ਗਿੜਦੇ ਨਲਕਿਆਂ ਦਾ ਪਾਣੀ ਡੂੰਘਾ ਜਾਣ ਕਰਕੇ ਇੱਕ ਤਰਾਂ ਨਾਲ ਭੋਗ ਹੀ ਪੈ ਗਿਆ ਹੈ।
ਪਿੱਛੇ ਜਿਹੇ ਇੱਕ ਰਿਪੋਰਟ ਅਨੁਸਾਰ ਪਾਣੀ ਹੇਠੋਂ ਕੱਢਣ ਦੀ ਦਰ ਪੰਜਾਬ ਵਿੱਚ 163.76 ਫ਼ੀਸਦ ਅਤੇ ਹਰਿਆਣਾ ਵਿੱਚ 135.74 ਫ਼ੀਸਦੀ ਰਿਹਾ ਹੈ। ਇਹਨਾਂ ਰਾਜਾਂ ਵਿੱਚ ਕੱਢੇ ਜਾਂਦੇ ਪਾਣੀ ਦੀ ਦਰ ਰੀਚਾਰਜ ਹੋਣ ਵਾਲੇ ਪਾਣੀ ਨਾਲੋਂ ਕਾਫ਼ੀ ਵੱਧ ਹੈ। ਇਹਨਾਂ ਰਾਜਾਂ ਵਿੱਚ ਝੋਨੇ ਦੀ ਫ਼ਸਲ ਤੇ ਸਿਹਰਾ ਮੜ ਦਿੱਤਾ ਜਾਂਦਾ ਹੈ ਕਿ ਐਮ ਐਸ ਪੀ ਦੀ ਆੜ ਹੇਠ ਕਿਸਾਨ ਝੋਨਾ ਲਾਉਂਦੇ ਹਨ ਇਸ ਲਈ ਪਾਣੀ ਦਾ ਪੱਧਰ ਨੀਵਾਂ ਹੋ ਜਾਂਦਾ ਹੈ। ਦੂਜੇ ਪਾਸੇ ਕੌਮਾਂਤਰੀ ਮਾਹਰ ਖੇਤੀਬਾੜੀ ਲਈ ਪਾਣੀ ਦੀ ਵਰਤੋਂ ਦੀ ਰਾਹਤ ਦਿੰਦੇ ਦੱਸਦੇ ਹਨ ਕਿ ਬੋਤਲ ਬੰਦ ਪਾਣੀ ਦੀ ਅੰਨੇਵਾਹ ਵਰਤੋਂ ਕਰਨ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੋ ਕੇ ਮੁੱਕ ਰਿਹਾ ਹੈ। ਧਰਤੀ ਹੇਠਲਾ ਪਾਣੀ ਕਾਰਪੋਰੇਟ ਜਗਤ ਨਿੱਜੀ ਮੁਫਾਦਾਂ ਲਈ ਕੱਢ ਕੇ ਆਪਣੇ ਤਰੀਕੇ ਨਾਲ ਵੇਚਦੇ ਹਨ।ਇਸ ਵਰਤਾਰੇ ਲਈ ਕਾਰਪੋਰੇਟ ਜਗਤ ਪ੍ਰਚਾਰ ਵੀ ਅੰਨੇਵਾਹ ਕਰਦਾ ਹੈ । ਅਜਿਹੇ ਪਾਣੀ ਨੂੰ ਫਿਲਟਰ ਕਰਕੇ ਵੀ ਵੇਚਦਾ ਹੈ।ਇਸੀ ਆੜ ਹੇਠ ਕਾਰਪੋਰੇਟ ਡੱਬਾ ਬੰਦ ਨੂੰ ਸਲਾਹੁਣ ਦਾ ਹੁਨਰ ਵੀ ਰੱਖਦਾ ਹੈ।ਇਹੀ ਪਾਣੀ ਦੁਨੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਇਸ ਪਾਣੀ ਨੂੰ ਖਰੀਦਣਾ ਆਪਣਾ ਸਟੇਟਸ ਸਿੰਬਲ ਸਮਝਦੀ ਹੈ।ਇੱਕ ਰਿਪੋਰਟ ਅਨੁਸਾਰ ਕੁੱਲ ਪਾਣੀ ਦਾ 97.5 ਫ਼ੀਸਦ ਸਮੁੰਦਰ ਦਾ ਨਮਕੀਨ ਪਾਣੀ ਹੈ।2.5 ਫੀਸਦੀ ਮਿੱਠਾ ਪਾਣੀ ਬਚਿਆ ਹੈ।ਇਸ ਦਾ ਵੀ ਵੱਡਾ ਹਿੱਸਾ ਬਰਫ਼ ਰੂਪ ਵਿੱਚ ਜੰਮ ਜਾਂਦਾ ਹੈ।ਜਿਸਦਾ ਦਰਿਆਵਾਂ ਅਤੇ ਝੀਲਾਂ ਵਜੋਂ ਜੀਵ ਭਿੰਨਤਾ ਦੀਆਂ ਜ਼ਰੂਰਤਾਂ ਲਈ ਮੌਜੂਦ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਪ੍ਰਤੀ ਜੀਅ, ਪ੍ਰਤੀ ਦਿਨ ਸਿਹਤ ਲਈ 25 ਲੀਟਰ ਪਾਣੀ ਦੀ ਜ਼ਰੂਰਤ ਹੈ।ਅੱਜ ਪਾਣੀ ਨੇ ਨਾ- ਬਰਾਬਰ ਅਤੇ ਨਿੱਜੀਕਰਨ ਦੇ ਸੰਬੰਧ ਵੀ ਉਜਾਗਰ ਕੀਤੇ ਹਨ।
ਪੰਜਾਬ ਕੋਲ ਭਾਰਤ ਦਾ 1.5 ਫ਼ੀਸਦ ਹਿੱਸਾ ਹੈ।ਪੰਜਾਬ ਚ ਹਰ ਸਾਲ 35 ਅਰਬ ਘਣ ਲੀਟਰ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾਂਦਾ ਹੈ।ਹਰ ਸਾਲ 33 ਸੈਂਟੀਮੀਟਰ ਪਾਣੀ ਥੱਲੇ ਜਾਂਦਾ ਹੈ।ਹੁਣ ਮੁੱਖ ਮੰਤਰੀ ਸਾਹਿਬ ਦੇ ਬਿਆਨ ਅਨੁਸਾਰ ਕੁਝ ਰਾਹਤ ਮਿਲੀ ਹੈ। ਪੰਜਾਬ ਚ ਸਤਾਰਾਂ ਸਾਲ ਦਾ ਪਾਣੀ ਬੱਚਿਆ ਹੈ। ਕੇਂਦਰੀ ਜਲ ਭੂੰ ਬੋਰਡ ਦੀ 2019 ਚ ਆਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਤਿੰਨ ਪੱਤਣਾਂ ਦਾ ਪਾਣੀ ਮੁੱਕ ਚੱਲਿਆ ਹੈ। ਇਹਨਾਂ ਚ 320 ਅਰਬ ਲੀਟਰ ਪਾਣੀ ਹੈ।ਹਰ ਸਾਲ 21ਅਰਬ ਘਣਮੀਟਰ ਪਾਣੀ ਧਰਤੀ ਚ ਸਿੰਮਦਾ ਹੈ।15 ਲੱਖ ਤੋਂ ਵੱਧ ਟਿਊਬਵੈੱਲ ਹਨ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੜ੍ਹਸ਼ੰਕਰ ਚ 1200 ਫੁੱਟ ਤੇ ਲੱਗੇ ਬੋਰਡ ਤੇ ਵਾਸਤਾ ਪਾ ਕੇ ਪਾਣੀ ਬਚਾਉਣ ਲਈ ਕਿਹਾ ਸੀ। ਉਂਦੋ ਸੰਤ ਸੀਚੇਵਾਲ ਜੀ ਨੇ ਕਿਹਾ ਸੀ ਕਿ ਕੁਦਰਤੀ ਸੋਮੇ ਬਚਾਉਣ ਲਈ ਕਾਰਗਰ ਨੀਤੀ ਦੀ ਲੋੜ ਹੈ। ਸਾਰੇ ਕੁਦਰਤੀ ਸਰੋਤਾਂ ਵਿੱਚੋਂ ਧਰਤੀ ਹੇਠਲਾ ਪਾਣੀ ਸੰਸਾਰ ਵਿੱਚ ਸਭ ਤੋਂ ਵੱਧ ਕੱਢਿਆ ਜਾਂਦਾ ਸਰੋਤ ਹੈ। ਧਰਤੀ ਹੇਠਲਾ ਪਾਣੀ 70 ਫ਼ੀਸਦ ਖੇਤੀ ਲਈ ਵਰਤਿਆ ਜਾਂਦਾ ਹੈ। ਧਰਤੀ ਹੇਠਲਾ ਪਾਣੀ ਤਾਜ਼ਾ ਪਾਣੀ ਦਾ ਵੀ ਵੱਡਾ ਸਰੋਤ ਹੈ। ਇਹੀ ਪਾਣੀ ਦੁਨੀਆਂ ਦੇ ਪੀਣ ਵਾਲੇ ਪਾਣੀ ਦਾ ਅੱਧਾ ਹਿੱਸਾ, ਸਿੰਚਾਈ ਲਈ 40 ਫੀਸਦੀ ਬਾਕੀ ਉਦਯੋਗਿਕ ਉਦੇਸ਼ ਲਈ ਵਰਤਿਆ ਜਾਂਦਾ ਹੈ। ਪੰਜਾਬ ਦੇ 178 ਬਲਾਕਾਂ ਵਿੱਚ ਤੋਂ 11 ਬਲਾਕਾਂ ਹੇਠਲਾ ਪਾਣੀ ਮੁੱਕਣ ਕੰਢੇ ਤੇ ਹੈ। ਧਰਤੀ ਹੇਠਲਾ ਪਾਣੀ ਬਚਾਉਣ ਲਈ 22 ਮਾਰਚ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ ਸਨ।ਭਾਰਤ ਦੇ ਦਸ ਫੀਸਦੀ ਟਿਊਬਵੈੱਲ ਪੰਜਾਬ ਵਿੱਚ ਹਨ।ਇਹ ਧਰਤੀ ਦਾ ਸੀਨਾ ਪਾੜ ਕੇ ਧੜਾਧੜ ਪਾਣੀ ਬਾਹਰ ਕੱਢਦੇ ਹਨ।ਭਾਰਤ ਦੇ ਬਾਰਾਂ ਫੀਸਦੀ ਰਸਾਇਣਕ ਖਾਦਾਂ ਵੀ ਪੰਜਾਬ ਵਰਤਦਾ ਹੈ।ਇਹ ਵੀ ਪਾਣੀ ਨੂੰ ਕੱਢਣਾ ਲਈ ਮਜਬੂਰ ਕਰ ਦਿੰਦਾ ਹੈ।ਅੱਜ ਧਰਤੀ ਹੇਠਲਾ ਪਾਣੀ ਬਚਾਉਣ ਲਈ ਲੋਕਾਂ ਦੀ ਦਿ੍ੜ ਇੱਛਾ ਸ਼ਕਤੀ ਦੀ ਲੋੜ ਹੈ।
ਧਰਤੀ ਹੇਠਲਾ ਪਾਣੀ ਬਚਾਉਣ ਲਈ ਬਹੁਤ ਕੁੱਝ ਪੜ੍ਹਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ। ਢੁੱਕਵੇਂ ਵਿਕਲਪ ਤੋਂ ਬਿਨਾਂ ਇਸ ਅਲਾਮਤ ਦੇ ਸਾਰਥਕ ਨਤੀਜੇ ਦੀ ਮੰਜ਼ਿਲ ਦੂਰ ਹੈ।ਬਹੁਤ ਕੁੱਝ ਕਰਨ ਦੀ ਲੋੜ ਹੈ।ਦੋ ਫ਼ਸਲੀ ਚੱਕਰ ਵਿੱਚੋਂ ਨਿਕਲਣਾ, ਬਾਸਮਤੀ ਦੀ ਕਾਸ਼ਤ, ਝੋਨੇ ਦੀ ਸਿੱਧੀ ਬਿਜਾਈ, ਮੀਂਹ ਦੇ ਪਾਣੀ ਦੀ ਸੰਭਾਲ, ਖੂਹਾਂ ਰਾਹੀਂ ਪਾਣੀ ਨੂੰ ਰੀਚਾਰਜ਼ ਕਰਨਾ, ਛੱਪੜਾਂ ਦੀ ਸਾਂਭ ਸੰਭਾਲ ਵਗੈਰਾ ਕਰਨਾ ਲੋਕਾਂ ਦੀ ਕਚਹਿਰੀ ਵਿੱਚ ਲੰਬਿਤ ਪਏ ਹਨ। ਪੰਜਾਬ ਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ ਸਾਰੀਆਂ ਗਤੀਵਿਧੀਆਂ ਸ਼ਾਮਲ ਕੀਤੀਆਂ ਜਾਣ। ਵਿਸ਼ਵ ਦੇ ਕੁੱਝ ਖਿੱਤਿਆਂ ਚ ਬਿਜਲੀ ਦੀ ਕੁੱਲ ਖਪਤ ਦਾ 15 ਫੀਸਦੀ ਪਾਣੀ ਦੇ ਪ੍ਰਬੰਧਨ ਲਈ ਸਮਰਪਿਤ ਹੈ। ਪਾਣੀ ਦੀ ਸੰਭਾਲ ਲਈ ਧਰਤੀ ਦੇ ਹੇਠਲੇ ਪਾਣੀ ਦੀ ਸਹੀ ਅਤੇ ਸਥਿਰ ਵਰਤੋਂ ਕਰਨੀ ਚਾਹੀਦੀ ਹੈ।ਇਸ ਦੇ ਸਮੇਂ ਸਮੇਂ ਤੇ ਮੁਲਾਂਕਣ ਕਰਨਾ ਵੀ ਸਰਕਾਰ ਦੇ ਫਰਜ਼ ਹਨ।ਆਓ ਧਰਤੀ ਹੇਠਲਾ ਪਾਣੀ ਬਚਾਉਣ ਲਈ ਇੱਕ ਲੋਕ ਲਹਿਰ ਉਸਾਰੀਏ ਤਾਂ ਜੋ ਭਵਿੱਖ ਦੇ ਅਸਰਾਂ ਨੂੰ ਕਾਬੂ ਕਰ ਸਕੀਏ।