
ਮਨੁੱਖ ਭਾਵੇਂ ਸਮੇਂ ਨਾਲ ਹੋਰ ਵਧੇਰੇ ਸਿਆਣਾ ਹੁੰਦਾ ਜਾ ਰਿਹਾ ਹੈ ਇਸਨੇ ਆਪਣੀ ਸੂਝ-ਬੂਝ ਨਾਲ ਬਹੁਤ ਤਰੱਕੀ ਕਰ ਲਈ ਹੈ। ਪਰ ਤਰੱਕੀ ਦੇ ਨਾਲ-ਨਾਲ ਇਸ ਵਲੋਂ ਕੁਦਰਤੀ ਸੰਸਾਧਨਾਂ ਦਾ ਜੋ ਵਿਨਾਸ਼ ਕੀਤਾ ਜਾ ਰਿਹਾ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਵਾ, ਪਾਣੀ ਤੇ ਧਰਤੀ ਕੁਦਰਤ ਦੀਆਂ ਬਖ਼ਸ਼ੀਆਂ ਹੋਈਆਂ ਉਹ ਸੌਗਾਤਾਂ ਹਨ ਜਿਨ੍ਹਾਂ ਦੇ ਸਹਾਰੇ ਮਨੁੱਖ ਅਤੇ ਦੁਨੀਆਂ ਦੇ ਹੋਰ ਜੀਵ ਜਿਊਂਦੇ ਹਨ। ਜੇਕਰ ਹਵਾ ਜ਼ਹਿਰੀਲੀ ਹੋ ਜਾਵੇ ਜਾਂ ਨਹਿਰਾਂ ਅਤੇ ਦਰਿਆਵਾਂ ਦਾ ਪਾਣੀ ਖਤਮ ਹੋ ਜਾਵੇ ਜਾਂ ਧਰਤੀ ਮਾਰੂਥਲ ਹੋ ਜਾਵੇ, ਤਾਂ ਮਨੁੱਖ ਅਤੇ ਸੰਸਾਰ ਦੇ ਜੀਵ ਜਿਊਂਦੇ ਨਹੀਂ ਰਹਿਣਗੇ। ਦੁਨੀਆਂ ਦੇ ਅਨੇਕਾਂ ਮੁਲਕਾਂ ਦੀ ਧਰਤੀ ਇਸ ਲਈ ਮਾਰੂਥਲ ਬਣਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਮੁਲਕਾਂ ਦੇ ਲੋਕਾਂ ਨੇ ਧਰਤੀ ਤੋਂ ਰੁੱਖ ਕੱਟ-ਕੱਟ ਕੇ ਉਸਨੂੰ ਨੰਗਿਆ ਕਰ ਛੱਡਿਆ ਹੈ। ਮੋਹੰਜੋਦੜੋ ਤੇ ਹੜੱਪਾ ਦੋ ਪ੍ਰਸਿੱਧ ਸ਼ਹਿਰ ਸਨ ਜੋ ਕਿ ਸ਼ਹਿਰਾਂ ਦੀ ਆਦਰਸ਼ ਵਿਉਂਤਬੰਦੀ ਦੇ ਨਮੂਨੇ ਸਨ। ਉਹ ਵੀ ਰੇਤ ਦੀਆਂ ਹਨੇਰੀਆਂ ਨਾਲ ਦੱਬ ਕੇ ਸਮਾਪਤ ਹੋ ਗਏ, ਕਿਉਂਕਿ ਉਥੋਂ ਦੇ ਲੋਕਾਂ ਨੇ ਧਰਤੀ ਤੋਂ ਰੁੱਖਾਂ ਦੀ ਕਟਾਈ ਲੋੜ ਤੋਂ ਬਹੁਤ ਵੱਧ ਕਰ ਦਿੱਤੀ ਸੀ।