ਮਾਨਸਾ – ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਭਾਰਤੀ ਸਾਹਿਤ ਅਕਾਦਮੀ ,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਰੰਗਮੰਚ, ਭਗਤ ਸਿੰਘ, ਰਾਜਗੁਰੂ,ਸੁਖਦੇਵ ਅਤੇ ਜੁਝਾਰਵਾਦੀ ਕਵੀ ਅਵਤਾਰ ਪਾਸ਼ ਦੇ ਸ਼ਹੀਦੀ ਦਿਵਸ ਮੌਕੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ 28ਵਾਂ ਕਲਾ ਕਿਤਾਬ ਮੇਲਾ 22,23 ਅਤੇ 24 ਮਾਰਚ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਤਿੰਨ ਦਿਨ ਅਤੇ ਰਾਤ ਚੱਲਣ ਵਾਲੇ ਇਸ ਮੇਲੇ ਵਿੱਚ ਕਲਾ, ਸਾਹਿਤ ਅਤੇ ਰੰਗਮੰਚ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। 22 ਮਾਰਚ ਪਹਿਲੇ ਦਿਨ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਉੱਘੇ ਰੰਗਕਰਮੀ ਅਤੇ ਸਿਨੇ ਅਦਾਕਾਰਾ ਰੁਪਿੰਦਰ ਰੂਪੀ ਨੂੰ ਸੁਹਜਦੀਪ ਕੌਰ ਯਾਦਗਾਰੀ ਐਵਾਰਡ ਨਾਜ਼ ਬਰਾੜ ਕੈਨੇਡਾ ਵੱਲੋਂ ਆਪਣੀ ਮਾਤਾ ਮਰਹੂਮ ਸੁਹਜਦੀਪ ਦੀ ਯਾਦ ਵਿੱਚ, ਲੋਕ ਸੰਗੀਤ ਦੀ ਪ੍ਰੰਪਰਾ ਨੂੰ ਅੱਗੇ ਤੋਰਨ ਵਾਲੇ ਲੋਕਪੱਖੀ ਸੰਗੀਤਕਾਰ ਮਾਸਟਰ ਰਾਮ ਕੁਮਾਰ ਨੂੰ ਜਗਦੇ ਚਿਰਾਗ ਐਵਾਰਡ ਜਸਵਿੰਦਰ ਸਿੰਘ ਕਾਹਨ ਵੱਲੋਂ ਆਪਣੇ ਪਿਤਾ ਪ੍ਰੋਫੈਸਰ ਸੁਖਦੇਵ ਸਿੰਘ ਦੀ ਯਾਦ ਵਿੱਚ, ਵੱਖ -ਵੱਖ ਖੇਤਰਾਂ ਵਿੱਚ ਘੁੰਮਣ ਅਤੇ ਸਫ਼ਰ ਨੂੰ ਵਾਰਤਕ ਰੂਪ ਵਿੱਚ ਪੇਸ਼ ਕਰਨ ਵਾਲੇ ਨਿਰਲੇਪ ਸਿੰਘ (ਘੁਮੱਕੜੀ ਵਾਰਤਕਕਾਰ)ਨੂੰ ਕਾਕਾ ਜਸਕੀਰਤ ਦੀ ਯਾਦ ਵਿੱਚ ਸਿੱਧੂ ਪਰਿਵਾਰ ਵੱਲੋਂ ਘੁਮੱਕੜੀ ਐਵਾਰਡ, ਸਿੱਖਿਆ ਦੇ ਖੇਤਰ ਵਿੱਚ ਸਿਰਜਣਾਤਮਕ ਗਤੀਵਿਧੀਆਂ ਲਈ ਮੈਡਮ ਪ੍ਰਵੀਨ ਸ਼ਰਮਾ ਨੂੰ ਡਾ਼ ਚਰਨਜੀਤ ਸਿੰਘ ਵੱਲੋਂ ਆਪਣੇ ਪਿਤਾ ਕਰਮ ਸਿੰਘ ਰਿਉਂਦ ਕਲਾਂ ਦੀ ਯਾਦ ਵਿੱਚ ਸਿਰਜਣਾਤਮਕ ਅਧਿਆਪਕ ਐਵਾਰਡ ਦਿੱਤਾ ਜਾਵੇਗਾ।
ਕਲਾ ਕਿਤਾਬ ਮੇਲੇ ਦੇ ਦੂਜੇ ਦਿਨ ਉੱਘੇ ਨਾਟਕਕਾਰ, ਫ਼ਿਲਮ ਨਿਰਮਾਤਾ ਅਤੇ ਬੁੱਧੀਜੀਵੀ ਪਾਲੀ ਭੁਪਿੰਦਰ ਸਿੰਘ ਨੂੰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਯਾਦ ਵਿੱਚ ਉਹਨਾਂ ਦੇ ਰੰਗਕਰਮੀ ਕਾਫ਼ਲੇ ਵੱਲੋਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ, ਆਪਣੀ ਕਲਮ ਨਾਲ ਅੱਖਰਾਂ ਨੂੰ ਭਿੰਨ -ਭਿੰਨ ਖੁਬਸੂਰਤ ਆਕਾਰ ਦੇਣ ਵਾਲੇ ਅੱਖਰਕਾਰ ਗੁਰਪ੍ਰੀਤ ਮੋਗਾ ਨੂੰ ਦਰਸ਼ਨ ਮੌੜ ਫ਼ਰੀਦਕੇ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਕਲਾ ਸਾਰਥੀ ਐਵਾਰਡ,ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਉੱਭਰ ਰਹੇ ਗੁਰਪ੍ਰੀਤ ਕੌਰ ਅਦਬ ਅਤੇ ਰੰਗਕਰਮੀ ਰੰਗ ਹਰਜਿੰਦਰ ਨੂੰ ਕਹਾਣੀਕਾਰ ਦਰਸ਼ਨ ਜੋਗਾ ਵੱਲੋਂ ਆਪਣੇ ਸਪੁੱਤਰ ਦਵਿੰਦਰਪਾਲ ਸਿੰਘ ਦੀ ਯਾਦ ਵਿੱਚ ਚਮਕਦੇ ਸਿਤਾਰੇ ਐਵਾਰਡ,ਨਾਟ ਅਤੇ ਨਿਰਦੇਸ਼ਨ ਦੇ ਖੇਤਰ ਵਿੱਚ ਲਗਾਤਾਰ ਕਰਮਸ਼ੀਲ ਸੋਮਪਾਲ ਹੀਰਾ ਨੂੰ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਦੇ ਸਹਿਯੋਗ ਨਾਲ਼ ਜਤਿੰਦਰ ਬੋਹਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੇਲੇ ਦੇ ਤੀਜੇ ਅਤੇ ਅੰਤਿਮ ਦਿਨ ਕਵੀਸ਼ਰ ਹਰਦੇਵ ਸਿੰਘ ਲਾਲਬਾਈ ਨੂੰ ਸ਼ਾਇਰ ਡਾ਼ ਸੰਤੋਖ ਸੁੱਖੀ ਵੱਲੋਂ ਆਪਣੇ ਪਿਤਾ ਫਕੀਰੀਆ ਰਾਮ ਦੀ ਯਾਦ ਵਿੱਚ ਪੰਡਿਤ ਪੂਰਨ ਚੰਦ ਯਾਦਗਾਰੀ ਐਵਾਰਡ, ਮਾਲਵੇ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਲਗਾਤਾਰ ਕੰਮ ਕਰਨ ਵਾਲੇ ਡਾ਼ ਗੁਰਮੇਲ ਕੌਰ ਜੋਸ਼ੀ ਨੂੰ ਸ੍ਰ.ਜਗਜੀਤ ਸਿੰਘ ਵਾਲੀਆ ਵੱਲੋਂ ਆਪਣੇ ਦਾਦਾ ਸੁਤੰਤਰਤਾ ਸੈਨਾਨੀ ਰਜਿੰਦਰ ਸਿੰਘ ਵਾਲੀਆ ਦੀ ਯਾਦ ਵਿੱਚ ‘ਮਾਨਸਾ ਦੇ ਮਾਣ ਐਵਾਰਡ ਅਤੇ ਮੇਲੇ ਦੇ ਪਿਛਲੇ 27 ਸਾਲਾਂ ਦੇ ਸਫ਼ਰ ਦੌਰਾਨ ਆਪਣੀਆਂ ਅਣਥੱਕ ਸੇਵਾਵਾਂ ਬਦਲੇ ਗੁਲਾਬ ਸਿੰਘ ਰਿਉਂਦ ਨੂੰ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਪ੍ਰਬੰਧਕੀ ਬੋਰਡ ਵੱਲੋਂ ਮੇਲੇ ਦੇ ਕਾਮੇ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਕਨਵੀਨਰ ਡਾ਼ ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਹਨਾਂ ਐਵਾਰਡਾਂ ਵਿੱਚ ਮੰਚ ਵੱਲੋਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਨਗਦ ਰਾਸ਼ੀ, ਸਨਮਾਨ ਚਿੰਨ੍ਹ ਭੇਂਟ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਉਸਾਰੂ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਲਈ ਇਹ ਇੱਕ ਵੱਖਰਾ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਅਧਿਆਪਕ ਅਤੇ ਮਾਪਿਆਂ ਨੂੰ ਵਿਸ਼ੇਸ਼ ਤੌਰ ‘ਤੇ ਗੁਜ਼ਾਰਿਸ਼ ਕੀਤੀ ਬੱਚਿਆਂ ਨੂੰ ਇਸ ਮੇਲੇ ਵਿੱਚ ਜ਼ਰੂਰ ਸ਼ਾਮਲ ਕੀਤਾ ਜਾਵੇ।