
ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ। ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ. ਚੇਤ ਸਿੰਘ ਸੈਂਟਰ ਹੈਡ ਟੀਚਰ ( ਆਰਜ਼ੀ ਬੀ.ਪੀ.ਈ.ੳ.) ਸ.ਪ੍ਰ.ਸ. ਖੋਖ (ਨਾਭਾ) ਤੋਂ 31 ਅਕਤੂਬਰ 2001 ਨੂੰ ਰਿਟਾਇਰ ਹੋ ਚੁੱਕੇ ਹਨ। ਇਹਨਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ ਜਿਲ੍ਹਾ ਪਟਿਆਲਾ ਵਿਖੇ 24 ਅਕਤੂਬਰ 1943 ਨੂੰ ਮਿਹਨਤਕਸ਼ ਕਿਰਤੀ ਸਵ: ਛੋਟਾ ਸਿੰਘ ਦੇ ਘਰ ਮਾਤਾ ਸਵ: ਸ੍ਰੀਮਤੀ ਕਰਨੈਲ ਕੌਰ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਸਵ: ਸ੍ਰੀ ਛੋਟਾ ਸਿੰਘ ਇੱਕ ਸੱਚੀ ਕਿਰਤ ਕਰਨ ਵਾਲੇ ਇਨਸਾਨ ਸਨ ।ਉਸ ਨੇ ਆਪਣੀ ਮੁੱਢਲੀ ਸਿੱਖਿਆ ਅੱਠਵੀਂ ਤੱਕ ਆਪਣੇ ਪਿੰਡ ਦੇ ਹੀ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕੀਤੀ ।ਉਸ ਨੇ ਸਰਕਾਰੀ ਹਾਈ ਸਕੂਲ ਮਲੇ੍ਹਵਾਲ ਤੋਂ ਦਸਵੀਂ 1959-60 ਵਿੱਚ ਪਾਸ ਕਰ ਲਈ ਪਰ ਘਰ ਦੀ ਆਰਥਿਕ ਮਜਬੂਰੀ ਕਾਰਣ ਆਪ ਨੇ ਅਧਿਆਪਕ ਬਣਨ ਦਾ ਸੁਪਨਾ ਲਿਆ ਅਤੇ ਜੂਨੀਅਰ ਬੇਸ਼ਿਕ ਟ੍ਰੇਨਿੰਗ ਸੰਸਥਾ ਨਾਭਾ ਵਿਖੇ ਦੋ ਸਾਲਾ ਜੇ.ਬੀ.ਟੀ. ਟੀਚਰ ਦੀ ਟ੍ਰੇਨਿੰਗ ਵਿੱਚ ਦਾਖਲਾ ਲੈ ਕੇ 1963 ਵਿੱਚ ਜੇ.ਬੀ.ਟੀ. ਟੀਚਰ ਦਾ ਕੋਰਸ ਕਰ ਲਿਆ ।ਸ਼ੁਰੂ ਉਸ ਨੂੰ ਆਰਜ਼ੀ ਤੌਰ ਤੇ ਬਤੌਰ ਜੇ.ਬੀ.ਟੀ. ਟੀਚਰ ਨੌਕਰੀ ਸ.ਪ੍ਰ.ਸ. ਨਗਲਾ (ਪਟਿਆਲਾ) ਵਿਖੇ ਮਿਲ ਗਈ । ਇਸੇ ਤਰ੍ਹਾਂ ਅਡਹਾਕ ਤੌਰ ਤੇ ਉਸ ਨੇ ਬਿਸ਼ਨਗੜ੍ਹ ਇੱਕ ਮਹੀਨਾ , ਭੂਤਗੜ੍ਹ ਛੇ ਮਹੀਨੇ ਸਕੂਲਾਂ ‘ਚ ਸੇਵਾ ਨਿਭਾਈ ।ਚੇਤ ਸਿੰਘ ਨੇ ਬੜੇ ਔਖੇ ਦਿਨਾਂ ਵਿੱਚ ਦ੍ਰਿੜਤਾ ਨਾਲ ਬੇਝਿਜਕ ਹੋ ਕੇ ਮਿਹਨਤ ਕੀਤੀ । ਉਸ ਨੇ ਨੌਕਰੀ ਵਿੱਚ ਆ ਕੇ ਵੀ ਗਰਮੀ ਦੀਆਂ ਛੁੱਟੀਆਂ ਦੌਰਾਨ ਕਣਕ ਦੀ ਵਾਢੀ ਕਰਕੇ ਸਾਲ ਭਰ ਦੇ ਦਾਣੇ ਇੱਕਠੇ ਕਰਨ ‘ਚ ਕੋਈ ਹੇਠੀ ਨਹੀਂ ਸਮਝੀ ।
ਉਨ੍ਹਾਂ ਦਾ ਵਿਆਹ ਪਿੰਡ ਉਕਸੀ ਦੁਧਾਲ (ਲੁਧਿਆਣਾ) ਵਿਖੇ ਮੁਖਤਿਆਰ ਕੌਰ ਨਾਲ ਹੋਇਆ । ਸਾਲ 1964 ‘ਚ ਉਸ ਦੀ ਰੈਗੂਲਰ ਨਿਯੁਕਤੀ ਦੇ ਹੁਕਮ ਬਤੌਰ ਜੇ.ਬੀ.ਟੀ. ਟੀਚਰ ਸ.ਪ੍ਰ.ਸ. ਉੱਪਲਾਂ (ਪਟਿਆਲਾ) ਵਿਖੇ ਹੋ ਗਏ । ਇਥੇ ਉਸ ਨੇ ਤਕਰੀਬਨ ਨੌ ਸਾਲ ਸੇਵਾ ਨਿਭਾਉਣ ਉਪਰੰਤ 1973 ਵਿੱਚ ਸ.ਪ੍ਰ.ਸ ਗੁੱਜਰਹੇੜੀ ਵਿਖੇ ਬਦਲੀ ਕਰਵਾ ਲਈ।ਇਥੇ ਉਹ 1982 ਵਿੱਚ ਤਰੱਕੀ ਹੋਣ ਕਾਰਨ ਹੈਡ ਟੀਚਰ ਬਣ ਗਏ ।ਉਨ੍ਹਾਂ ਦੀ 1994 ਵਿੱਚ ਤਰੱਕੀ ਬਤੌਰ ਸੈਂਟਰ ਹੈਡ ਟੀਚਰ ਹੋਣ ਤੇ ਉਨ੍ਹਾਂ ਦੀ ਪੋਸਟਿੰਗ ਸ.ਪ੍ਰ.ਸ. ਖੋਖ ਵਿਖੇ ਹੋ ਗਈ ।ਇਥੋਂ ਹੀ ਉਨ੍ਹਾਂ ਨੂੰ 1998 ਵਿੱਚ ਨਾਭਾ ਬਲਾਕ ਦੇ ਆਰਜ਼ੀ ਬੀ.ਪੀ.ਈ.ੳ. ਦਾ ਚਾਰਜ਼ ਮਿਲ ਗਿਆ । ਉਨ੍ਹਾਂ ਨੇ ਇਹ ਡਿਊਟੀ 2000 ਤੱਕ ਇਮਾਨਦਾਰੀ ਨਾਲ ਨਿਭਾਈ । ਉਹ 31 ਅਕਤੂਬਰ 2001 ਨੂੰ ਸ.ਪ੍ਰ.ਸ. ਖੋਖ ਤੋਂ ਬਤੌਰ ਸੈਂਟਰ ਹੈਡ ਟੀਚਰ ਸੇਵਾ ਮੁਕਤ ਹੋਏ ।ਪਿੰਡ ਦੇ ਐਸ.ਸੀ. ਕੈਟਾਗਰੀ ‘ਚੋਂ ਸ੍ਰ. ਚੇਤ ਸਿੰਘ ਨੂੰ ਪਿੰਡ ‘ਚ ਪਹਿਲੇ ਮਾਸਟਰ ਬਣਨ ਦਾ ਮਾਣ ਹਾਸਿਲ ਹੈ ਜਿਸ ਸਮੇਂ ਬੱਚਿਆਂ ਨੂੰ ਮਾਪੇ ਜੱਟਾਂ ਨਾਲ ਸੀਰੀ ਰਲਾ ਕੇ ਪਰਿਵਾਰ ਦਾ ਸਹਾਰਾ ਬਣਨ ਤੱਕ ਹੀ ਸੋਚਦੇ ਸਨ ।ਪਰ ਇਸ ਪਰਿਵਾਰ ‘ਚੋਂ ਇਹ ਗਿਆਨ ਦਾ ਸੋਮਾ ਬਣ ਕੇ ਸਮਾਜ ਲਈ ਚਾਨਣ ਮੁਨਾਰਾ ਬਣਿਆ ਜੋ ਮਾਣ ਵਾਲੀ ਗੱਲ ਹੈ ।
ਉਨ੍ਹਾਂ ਨੇ ਤਕਰੀਬਨ 37 ਸਾਲ ਈਮਾਨਦਾਰੀ ਨਾਲ ਬੇਦਾਗ਼ ਸ਼ਾਨਦਾਰ ਰੈਗੂਲਰ ਸੇਵਾ ਨਿਭਾਈ । ਉਹ ਮਿਹਨਤੀ ਅਤੇ ਮਿਲਣਸਾਰ ਸੁਭਾਅ ਵਾਲੇ ਇਨਸਾਨ ਹਨ। ਉਨ੍ਹਾਂ ਤਕਰੀਬਨ ਬਹੁਤੀ ਸਰਵਿਸ ਸਾਈਕਲ ਉੱਪਰ ਜਾ ਕੇ ਹੀ ਨਿਭਾਈ । ਉਂਝ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਸਾਈਕਲ ਤੇ ਹੀ ਆਮ ਜਾਂਦੇ ਰਹੇ ਹਨ ਪਰ ਹੁਣ ਸਿਹਤ ਪੱਖੋਂ ਕੁਝ ਠੀਕ ਨਾ ਹੋਣ ਕਾਰਨ ਬਾਹਰ ਘੱਟ ਹੀ ਜਾਂਦੇ ਹਨ। ਉਨ੍ਹਾਂ ਦੀ ਬੇਟੀ ਚਰਨਜੀਤ ਕੌਰ ਸ.ਸ.ਮਿਸਟ੍ਰੈਸ ਸ.ਸ.ਸ.ਸ. ਮਲ੍ਹੇਵਾਲ ਵਿਖੇ ਸੇਵਾ ਨਿਭਾ ਰਹੀ ਹੈ ਜੋ ਆਪਣੇ ਪਤੀ ਜਗਰੂਪ ਸਿੰਘ ਸ.ਸ.ਮਾਸਟਰ ਨਾਲ ਨਾਭਾ ਵਿਖੇ ਰਹਿ ਰਹੀ ਹੈ ਜੋ ਕਿ ਸ.ਸ.ਸ.ਸ. ਦੰਦਰਾਲਾ ਢੀਂਡਸਾ ਵਿਖੇ ਸੇਵਾ ਨਿਭਾ ਰਹੇ ਹਨ । ਉਸ ਨੂੰ ਜਨਗਣਨਾ ਦੇ ਵਧੀਆ ਕੰਮ ਲਈ ਰਾਸਟਰਪਤੀ ਵਲੋਂ ਸਨਮਾਨ-ਪੱਤਰ ਮਿਲਿਆ ਹੈ । ਉਨ੍ਹਾਂ ਦੀ ਹੋਣਹਾਰ ਦੋਹਤੀ ਕੋਮਲਪ੍ਰੀਤ ਕੌਰ ਐਮ.ਬੀ.ਬੀ.ਐਸ. ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਕਰ ਚੁੱਕੀ ਹੈ।ਹੁਣ ਉਹ ਐਮ.ਡੀ. ਦੀ ਤਿਆਰੀ ਕਰ ਰਹੀ ਹੈ । ਉਨ੍ਹਾਂ ਦਾ ਬੇਟਾ ਗੁਰਚਰਨ ਸਿੰਘ ਆਪਣੀ ਪਤਨੀ ਜਸਵੰਤ ਕੌਰ ਨਾਲ ਆਪਣੇ ਬੱਚਿਆਂ ਨਾਲ ਪਿੰਡ ਹੀ ਰਹਿ ਰਿਹਾ ਹੈ । ਦੂਸਰਾ ਬੇਟਾ ਨਿਰਭੈ ਸਿੰਘ ਲਛਮਣ ਨਗਰ ਨਾਭਾ ਵਿਖੇ ਆਪਣੇ ਮਾਤਾ-ਪਿਤਾ ਅਤੇ ਆਪਣੀ ਪਤਨੀ ਮਨਜੀਤ ਕੌਰ ਨਾਲ ਰਹਿ ਰਿਹਾ ਹੈ ਜਿਸ ਦੀ ਇਕਲੌਤੀ ਬੇਟੀ ਨਵਪ੍ਰੀਤ ਕੌਰ ਕਨੇਡਾ ਵਿਖੇ ਪੜ੍ਹਾਈ ਕਰ ਰਹੀ ਹੈ ।
ਪ੍ਰਮਾਤਮਾ ਕਰੇ ਉਹ ਆਪਣੇ ਪਰਿਵਾਰ ਸਮੇਤ ਹਮੇਸ਼ਾਂ ਸਿਹਤਯਾਬੀ ਅਤੇ ਪਰਿਵਾਰਕ ਖੁਸ਼ੀਆਂ ਮਾਣਦੇ ਰਹਿਣ।