ਕੋਈ ਵਿਰਲਾ ਹੀ ਇਨਸਾਨ ਹੋਵੇਗਾ ਜਿਸ ਨੂੰ ਕਦੇ ਵੀ ਪਿੱਠ ਦਰਦ ਮਹਿਸੂਸ ਨਾ ਹੋਇਆ ਹੋਵੇ। ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ। ਬਹਾਨੇ ਬਣਾਉਣ ਤੋਂ ਲੈ ਕੇ ਟੀ.ਬੀ. ਜਾਂ ਕੈਂਸਰ ਤਕ ਅਣਗਿਣਤ ਬਿਮਾਰੀਆਂ ਵਿੱਚ ਪਿੱਠ ਦਰਦ ਮਹਿਸੂਸ ਹੋ ਸਕਦਾ ਹੈ। ਕਦੇ ਕਦੇ ਤਾਂ ਕੋਈ ਬਿਮਾਰੀ ਹੁੰਦੀ ਹੀ ਨਹੀਂ ਤੇ ਸਿਰਫ਼ ਥਕਾਵਟ ਨਾਲ ਹੀ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੈ ਤੇ ਉਸੇ ਨਾਲ ਹੀ ਲੱਤਾਂ ਤੇ ਪਿੱਠ ਦਰਦ ਵੀ ਹੋਣ ਲੱਗ ਪੈਂਦਾ ਹੈ। ਲਗਪਗ 90 ਫ਼ੀਸਦੀ ਕੇਸਾਂ ਵਿੱਚ ਤਾਂ ਪਿੱਠ ਦਰਦ ਦਾ ਟੈਸਟਾਂ ਵਿੱਚ ਕਾਰਨ ਲਭਦਾ ਹੀ ਨਹੀਂ। ਇਸ ਹਾਲਤ ਵਿੱਚ ਇਹ ਅੰਦਾਜ਼ਾ ਲਾ ਲਿਆ ਜਾਂਦਾ ਹੈ ਕਿ ਪੱਠਿਆਂ ਜਾਂ ਲਿਗਾਮੈਂਟ ਦੀ ਪੀੜ ਇਸੇ ਥਾਂ ਮਹਿਸੂਸ ਹੋ ਰਹੀ ਹੈ। ਜੇ ਪਿੱਠ ਦਰਦ ਛੇ ਹਫ਼ਤਿਆਂ ਤੋਂ ਤਿੰਨ ਮਹੀਨੇ ਤਕ ਰਹੇ ਤਾਂ ਇਸ ਨੂੰ ਤਾਜ਼ਾ ਦਰਦ ਗਿਣਿਆ ਜਾਂਦਾ ਹੈ, ਪਰ ਜੇ ਤਿੰਨ ਮਹੀਨਿਆਂ ਤੋਂ ਵੱਧ ਦਰਦ ਰਹੇ ਤਾਂ ਇਹ ਕਰੌਨਿਕ ਬਿਮਾਰੀ ਬਣ ਜਾਂਦੀ ਹੈ। ਕਈ ਵਾਰ ਤਾਂ ਨਸਾਂ ਖਿੱਚੇ ਜਾਣ ਕਾਰਨ ਹੇਠਾਂ ਲੱਤ ਵਿੱਚ ਵੀ ਤਿੱਖੀ ਪੀੜ ਜਾਣ ਲੱਗ ਪੈਂਦੀ ਹੈ ਤੇ ਬੰਦਾ ਨਾ ਝੁਕਣ ਜੋਗਾ ਰਹਿੰਦਾ ਹੈ ਨਾ ਹਿੱਲਣ ਜੋਗਾ।
ਸਭ ਤੋਂ ਆਮ ਪਿੱਠ ਦਰਦ ਤਾਂ ਪਿੱਠ ਦੇ ਪੱਠਿਆਂ ਦੀ ਖਿੱਚ ਕਾਰਨ ਹੀ ਹੁੰਦਾ ਹੈ ਜਿਸ ਨੂੰ ਮਕੈਨੀਕਲ ਪਿੱਠ ਦਰਦ ਕਿਹਾ ਜਾਂਦਾ ਹੈ। ਇਹ ਪੀੜ ਤੁਰਨ-ਫਿਰਨ ਲੱਗਿਆਂ ਵਧ ਜਾਂਦੀ ਹੈ ਤੇ ਆਰਾਮ ਕਰਨ ਨਾਲ ਠੀਕ ਮਹਿਸੂਸ ਹੁੰਦਾ ਹੈ। ਇਸ ਨਾਲ ਲੱਤਾਂ ਵਿੱਚ ਪੀੜ ਨਹੀਂ ਜਾਂਦੀ ਤੇ ਨਾ ਹੀ ਲੱਤਾਂ ਦੀ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜਦੋਂ ਇਕਦਮ ਝੁਕ ਕੇ ਕੁਝ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਹੱਦੋਂ ਵੱਧ ਪਿੱਠ ਮੋੜ ਕੇ ਕਸਰਤ ਕੀਤੀ ਜਾਏ ਤਾਂ ਪੱਠਿਆਂ ਵਿੱਚ ਖਿੱਚ ਪੈ ਜਾਂਦੀ ਹੈ। ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਅਜਿਹੀ ਪੀੜ ਨੂੰ ਦਵਾਈਆਂ ਤੇ ਪਿੱਠ ਦੇ ਪੱਠਿਆਂ ਦੀ ਕਸਰਤ (ਡਾਕਟਰ ਦੀ ਸਲਾਹ ਮੁਤਾਬਿਕ) ਨਾਲ ਠੀਕ ਕੀਤਾ ਜਾ ਸਕਦਾ ਹੈ। ਪਰ ਅਜਿਹੀ ਖਿੱਚ ਕਈ ਵਾਰ ਦੁਬਾਰਾ ਵੀ ਹੋ ਸਕਦੀ ਹੈ ਤੇ ਕਈ ਵਾਰ ਹਲਕੀ ਪੀੜ ਕਾਫ਼ੀ ਚਿਰ ਰਹਿ ਜਾਂਦੀ ਹੈ। ਜੇ ਅਜਿਹੀ ਪੀੜ ਲੰਮਾ ਸਮਾਂ ਤੁਰਦੀ ਰਹੇ ਤਾਂ ਬਹੁਤੀ ਵਾਰ ਢਹਿੰਦੀ ਕਲਾ, ਤਣਾਓ ਜਾਂ ਕੋਈ ਹੋਰ ਬਿਮਾਰੀ ਸਦਕਾ ਹੀ ਮਹਿਸੂਸ ਹੁੰਦੀ ਰਹਿੰਦੀ ਹੈ। ਜੇ ਕੰਮ ਵਾਲੀ ਥਾਂ ਉੱਤੇ ਦਿਲ ਨਾ ਲਗਦਾ ਹੋਵੇ ਤਾਂ ਛੁੱਟੀ ਮਾਰਨ ਲਈ ਵੀ ਅਜਿਹੀ ਦਰਦ ਦਾ ਬਹਾਨਾ ਜ਼ਿਆਦਾ ਦੇਰ ਤਕ ਲੋਕ ਚਲਾ ਲੈਂਦੇ ਹਨ।
ਅੱਜਕੱਲ੍ਹ ਡਿਸਕ ਦਾ ਸਰਕ ਜਾਣਾ ਪਿੱਠ ਦਰਦ ਦਾ ਆਮ ਕਾਰਨ ਬਣਦਾ ਜਾ ਰਿਹਾ ਹੈ। ਆਮ ਹੀ ‘ਸ਼ਿਆਟਿਕਾ’ ਜਾਂ ‘ਡਿਸਕ ਹਿਲਣ’ ਦੀ ਬਿਮਾਰੀ ਨਾਲ ਲੋਕ ਡਾਕਟਰਾਂ ਕੋਲ ਜਾਂ ਮਾਲਸ਼ ਕਰਨ ਵਾਲੇ ਹਕੀਮਾਂ ਕੋਲ ਭੱਜਦੇ ਜਾਂਦੇ ਹਨ। ਆਮ ਤੌਰ ’ਤੇ ਭਰ ਜਵਾਨੀ ਵਿੱਚ ਮਰਦਾਨਗੀ ਵਿਖਾਉਣ ਦੇ ਚੱਕਰ ਵਿੱਚ ਜਾਂ 40 ਤੋਂ 60 ਸਾਲ ਦੀ ਉਮਰ ਵਿੱਚ ਝੁਕ ਕੇ ਵੱਧ ਭਾਰ ਚੁੱਕਣ ਸਦਕਾ ਇਹ ਡਿਸਕ ਸਰਕ ਸਕਦੀ ਹੈ। ਅਜਿਹਾ ਦਰਦ ਨਿੱਛਾਂ, ਖੰਘ ਜਾਂ ਕਬਜ਼ ਵੇਲੇ ਜ਼ੋਰ ਲਾਉਣ ਨਾਲ ਵਧ ਜਾਂਦਾ ਹੈ। ਇਸ ਤਰ੍ਹਾਂ ਦਾ ਦਰਦ ਵੀ ਆਮ ਤੌਰ ਉੱਤੇ ਇਲਾਜ ਨਾਲ ਛੇ ਹਫ਼ਤਿਆਂ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਹੈ। ਜੇ ਜ਼ਿਆਦਾ ਦੇਰ ਦਰਦ ਰਹਿ ਜਾਏ ਜਾਂ ਕਿਸੇ ਪਾਸੇ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਪਵੇ ਤਾਂ ਪੂਰੇ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ।
ਪੰਜਾਹ ਸਾਲ ਤੋਂ ਵੱਧ ਉਮਰ ਵਾਲਿਆਂ ਵਿੱਚ ਰੀੜ੍ਹ ਦੀ ਹੱਡੀ ਦਾ ਭੀੜਾ ਹੋਣਾ (ਲੰਬਰ ਕੈਨਾਲ ਸਟੀਨੋਸਿਸ) ਵੀ ਦਰਦ ਦਾ ਕਾਰਨ ਬਣ ਜਾਂਦਾ ਹੈ। ਇਹ ਦਰਅਸਲ ਉਮਰ ਵਧਣ ਕਾਰਨ ਹੱਡੀਆਂ ਦੇ ਖੁਰਨ ਸਦਕਾ ਹੋਣ ਲੱਗ ਪੈਂਦਾ ਹੈ ਅਤੇ ਨਸਾਂ ਵੀ ਦੱਬੀਆਂ ਜਾਂਦੀਆਂ ਹਨ। ਇਸ ਵਿੱਚ ਕਾਫ਼ੀ ਦੇਰ ਤਕ ਹਲਕੀ ਦਰਦ ਰਹਿੰਦੀ ਹੈ ਤੇ ਫੇਰ ਪੱਟਾਂ ਤੇ ਪਿੱਠ ਦੇ ਹੇਠਲੇ ਹਿੱਸੇ ਉੱਤੇ ਸੁੰਨ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਅਜਿਹਾ ਦਰਦ ਜ਼ਿਆਦਾ ਦੇਰ ਖੜ੍ਹੇ ਹੋਣ ਨਾਲ ਤੇ ਜ਼ਿਆਦਾ ਤੁਰਨ ਨਾਲ ਹੋਣ ਲੱਗ ਪੈਂਦਾ ਹੈ ਅਤੇ ਬੈਠਣ ਜਾਂ ਲੇਟਣ ਨਾਲ ਆਰਾਮ ਮਹਿਸੂਸ ਹੁੰਦਾ ਹੈ। ਜੇ ਡਿੱਗਣ ਨਾਲ ਜਾਂ ਐਕਸੀਡੈਂਟ ਬਾਅਦ ਜਾਂ ਖੇਡ ਦੌਰਾਨ ਵੱਜੀ ਸੱਟ ਸਦਕਾ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਜਾਣ ਤਾਂ ਉਸ ਥਾਂ ਉੱਤੇ ਤਿੱਖੀ ਪੀੜ ਮਹਿਸੂਸ ਹੋ ਸਕਦੀ ਹੈ। ਵੱਡੀ ਉਮਰ ਵਿੱਚ ਤਾਂ ਕੈਲਸ਼ੀਅਮ ਦੀ ਕਮੀ ਸਦਕਾ ਹਲਕੇ ਜਿਹੇ ਝਟਕੇ ਨਾਲ ਹੀ ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟ ਸਕਦਾ ਹੈ। ਰੀੜ੍ਹ ਦੀ ਹੱਡੀ ਦੀ ਸੋਜ਼ਿਸ਼ (ਐਨਕਾਈਲੋਜ਼ਿੰਗ ਸਪੋਂਡੀਲਾਈਟਿਸ) ਵੀ ਜਵਾਨੀ ਵਿੱਚ ਪੈਰ ਧਰ ਰਹੇ ਅਤੇ ਜਵਾਨ ਬੰਦਿਆਂ ਦੀ ਪਿੱਠ ਦਰਦ ਦਾ ਕਾਰਨ ਬਣ ਜਾਂਦੀ ਹੈ। ਸ਼ੁਰੂ ਵਿਚਲੀ ਹਲਕੀ ਤੇ ਮੱਠੀ ਦਰਦ ਬਾਅਦ ਵਿੱਚ ਇੰਨੀ ਵਧ ਜਾਂਦੀ ਹੈ ਕਿ ਮਹੀਨਿਆਂ ਜਾਂ ਸਾਲਾਂ ਤਕ ਪਿੱਠ ਆਕੜੀ ਰਹਿ ਸਕਦੀ ਹੈ।
ਛਾਤੀ, ਫੇਫੜੇ, ਗਦੂਦ, ਥਾਇਰਾਇਡ ਜਾਂ ਗੁਰਦੇ ਦੇ ਕੈਂਸਰ ਵਿੱਚ ਰੀੜ੍ਹ ਦੀ ਹੱਡੀ ਵਿੱਚ ਉਸ ਦੇ ਅੰਸ਼ ਫੈਲ ਸਕਦੇ ਹਨ ਤੇ ਤਿੱਖੀ ਪੀੜ ਮਹਿਸੂਸ ਹੋ ਸਕਦੀ ਹੈ। ਰੀੜ੍ਹ ਦੀ ਹੱਡੀ ਉੱਤੇ ਕੀਟਾਣੂਆਂ ਦੇ ਹਮਲੇ ਸਦਕਾ ਹੱਡੀ ਦੇ ਮਣਕਿਆਂ ਵਿੱਚ ਪੀਕ ਪੈ ਸਕਦੀ ਹੈ, ਮਣਕੇ ਗਲ ਕੇ ਫਿਸ ਸਕਦੇ ਹਨ ਜਾਂ ਟੀ.ਬੀ. ਅਤੇ ਬਰੂਸੈਲੋਸਿਸ ਹੋ ਸਕਦੀ ਹੈ ਜਿਸ ਨਾਲ ਬਹੁਤ ਤਿੱਖੀ ਪੀੜ ਲਗਾਤਾਰ ਹੁੰਦੀ ਰਹਿੰਦੀ ਹੈ ਤੇ ਬੰਦਾ ਹਿਲਜੁਲ ਵੀ ਨਹੀਂ ਸਕਦਾ। ਇਸ ਵਿੱਚ ਤੇਜ਼ ਬੁਖ਼ਾਰ, ਪਸੀਨਾ, ਘਬਰਾਹਟ ਤੇ ਥਕਾਵਟ ਆਦਿ ਹੋ ਸਕਦੇ ਹਨ। ਆਮ ਤੌਰ ’ਤੇ ਸ਼ੱਕਰ ਰੋਗੀਆਂ ਨੂੰ ਇਹ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ ਜਾਂ ਜਿਹੜੇ ਨਸ਼ੇ ਦੀਆਂ ਸੂਈਆਂ ਨਸਾਂ ਵਿੱਚ ਲਗਾ ਰਹੇ ਹੋਣ, ਏਡਜ ਦਾ ਸ਼ਿਕਾਰ ਹੋਣ, ਚਿਰਾਂ ਤੋਂ ਸਟੀਰਾਇਡ ਖਾ ਰਹੇ ਹੋਣ ਜਾਂ ਫੇਰ ਸਰੀਰ ਵਿੱਚ ਕਿਸੇ ਹੋਰ ਥਾਂ ਦੀ ਟੀ.ਬੀ. ਪਹਿਲਾਂ ਤੋਂ ਹੋਵੇ। ਕਮਜ਼ੋਰ ਬਜ਼ੁਰਗ ਵੀ ਛੇਤੀ ਇਸ ਤਰ੍ਹਾਂ ਦੇ ਕੀਟਾਣੂਆਂ ਦੇ ਹਮਲੇ ਹੇਠ ਆ ਜਾਂਦੇ ਹਨ।
ਰੀੜ੍ਹ ਦੀ ਹੱਡੀ ਵਿੱਚ ਲਹੂ ਇਕੱਠਾ ਹੋਣ ਕਾਰਨ ਨਸਾਂ ਉੱਤੇ ਦਬਾਓ ਪੈ ਸਕਦਾ ਹੈ ਜਾਂ ਸੱਟ ਵੱਜਣ ਕਾਰਨ ਪੂਰੀ ਡਿਸਕ ਹੀ ਬਾਹਰ ਖਿਸਕ ਸਕਦੀ ਹੈ ਜਿਸ ਨਾਲ ਹਮੇਸ਼ਾਂ ਲਈ ਲੱਤਾਂ ਨਕਾਰਾ ਹੋ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਗੁਰਦੇ ਦਾ ਕੈਂਸਰ, ਗੁਰਦੇ ਵਿੱਚ ਪੀਕ, ਗਦੂਦ ਦਾ ਕੈਂਸਰ, ਪੇਟ ਵਿਚਲੀ ਰਗ ਓਰਟਾ ਦੀ ਸੋਜ਼ਿਸ਼ (ਐਨੂਰਿਜ਼ਮ), ਗਰਭ ਠਹਿਰਨ ਤੇ ਹਰਪੀਜ਼ ਆਦਿ ਨਾਲ ਵੀ ਰੈਫਰਡ ਪਿੱਠ ਦਰਦ ਮਹਿਸੂਸ ਹੋ ਸਕਦੀ ਹੈ।
ਰੀੜ੍ਹ ਦੀ ਹੱਡੀ ਦੇ ਕੈਂਸਰ ਦਾ ਸ਼ੱਕ ਓਦੋਂ ਪੈਂਦਾ ਹੈ, ਜਦੋਂ 55 ਸਾਲ ਦੀ ਉਮਰ ਤੋਂ ਬਾਅਦ ਪਿੱਠ ਦੇ ਇੱਕ ਹਿੱਸੇ ਉੱਤੇ ਤਿੱਖੀ ਪੀੜ ਜਿਹੜੀ ਰਾਤ ਨੂੰ ਸੌਣ ਵੀ ਨਾ ਦੇਵੇ ਅਤੇ ਨਾਲ ਹੀ ਭਾਰ ਦਾ ਘਟਣਾ ਸ਼ੁਰੂ ਹੋ ਜਾਵੇ। ਹਲਕਾ ਬੁਖ਼ਾਰ, ਘਬਰਾਹਟ, ਭੁੱਖ ਮਰਨੀ, ਪਸੀਨਾ ਜ਼ਿਆਦਾ ਆਉਣਾ ਵਰਗੇ ਲੱਛਣ ਦਿਸਣ ਤਾਂ ਮਾੜੀ ਬਿਮਾਰੀ ਦੀ ਸ਼ੁਰੂਆਤ ਹੋ ਸਕਦੀ ਹੈ।
ਸਿਆਣੇ ਡਾਕਟਰ ਕੋਲੋਂ ਪੂਰਾ ਚੈੱਕਅਪ ਕਰਵਾਉਣ, ਐਕਸਰੇ, ਸੀ.ਟੀ. ਸਕੈਨ, ਐਮ.ਆਰ.ਆਈ. ਸਕੈਨ ਦੇ ਨਾਲ ਅਲਟਰਾਸਾਊਂਡ, ਲਹੂ ਦੇ ਟੈਸਟ, ਪਿਸ਼ਾਬ ਦੇ ਟੈਸਟ ਤੇ ਹੋਰ ਵੀ ਲੋੜ ਅਨੁਸਾਰ ਸ਼ੱਕ ਪੈਣ ਉੱਤੇ ਕਿਸੇ ਅੰਗ ਦੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਵੇਲੇ ਸਿਰ ਠੀਕ ਇਲਾਜ ਸ਼ੁਰੂ ਹੋ ਸਕੇ। ਹਲਕੀ ਜਿਹੀ ਖਿੱਚ ਜਾਪਦੀ ਹੋਵੇ ਜਾਂ ਹਲਕਾ ਦਰਦ ਕਦੇ ਕਦੇ ਕੈਂਸਰ ਵਰਗਾ ਭਿਆਨਕ ਰੋਗ ਨਿਕਲ ਆਉਂਦਾ ਹੈ। ਜੋ ਓਹੜ ਪੋਹੜ ਤੇ ਪਿੱਠ ਮਲਵਾਉਣ ਦੇ ਚੱਕਰ ਵਿੱਚ ਕੀਮਤੀ ਸਮਾਂ ਲੰਘ ਜਾਣ ’ਤੇ ਫੈਲ ਕੇ ਲਾਇਲਾਜ ਬਣ ਜਾਂਦਾ ਹੈ। ਇਸੇ ਲਈ ਜਿਹੜੀ ਦਰਦ ਨੂੰ ਜਲਦੀ ਆਰਾਮ ਨਾ ਮਿਲਦਾ ਦਿਸੇ, ਉਸ ਨੂੰ ਅਣਗੌਲਿਆਂ ਕਰਨਾ ਠੀਕ ਨਹੀਂ ਹੈ। ਕਈ ਕੇਸ ਤਾਂ ਹਸਪਤਾਲਾਂ ਵਿੱਚ ਅਜਿਹੇ ਵੀ ਦਾਖ਼ਲ ਹੁੰਦੇ ਹਨ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਵਿੱਚ ਕੈਲਸ਼ੀਅਮ ਦੀ ਘਾਟ ਕਾਰਨ ਪੀੜ ਹੁੰਦੀ ਹੈ ਤੇ ਉਹ ਨੀਮ ਹਕੀਮ ਕੋਲੋਂ ਮਾਲਿਸ਼ ਕਰਵਾ ਕੇ ਮਣਕਾ ਤੁੜਵਾ ਲੈਂਦੇ ਹਨ ਤੇ ਫੇਰ ਹਮੇਸ਼ਾ ਲਈ ਲੱਤਾਂ ਨਕਾਰਾ ਕਰ ਕੇ ਰਹਿ ਜਾਂਦੇ ਹਨ। ਇਹੋ ਜਿਹੀ ਅਪੰਗ ਜ਼ਿੰਦਗੀ ਜੀਣ ਨਾਲੋਂ ਵੇਲੇ ਸਿਰ ਨੁਕਸ ਲੱਭ ਕੇ, ਉਸੇ ਹਿਸਾਬ ਨਾਲ ਇਲਾਜ ਸ਼ੁਰੂ ਕਰਵਾ ਕੇ ਤੁਰਦੇ ਫਿਰਦੇ ਰਹਿਣਾ ਹੀ ਬਿਹਤਰ ਹੈ। ਔਰਤਾਂ ਵਿੱਚ ਮਾਹਵਾਰੀ ਬੰਦ ਹੋਣ ਤੋਂ ਬਾਅਦ ਹੱਡੀਆਂ ਵਿੱਚ ਕੈਲਸ਼ੀਅਮ ਇੰਨਾ ਘਟ ਜਾਂਦਾ ਹੈ ਕਿ ਹਲਕੀ ਸੱਟ ਜਾਂ ਜ਼ਿਆਦਾ ਝੁਕਣ ਨਾਲ ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟ ਜਾਂਦਾ ਹੈ ਤੇ ਪਿੱਠ ਕੁੱਬੀ ਹੋ ਕੇ ਰਹਿ ਜਾਂਦੀ ਹੈ। ਇਸੇ ਹੀ ਕਾਰਨ ਬਜ਼ੁਰਗ ਬੰਦਿਆਂ ਦੀ ਵੀ ਲੰਬਾਈ ਆਪਣੀ ਜਵਾਨੀ ਨਾਲੋਂ ਘਟ ਜਾਂਦੀ ਹੈ ਕਿਉਂਕਿ ਰੀੜ੍ਹ ਦੀ ਹੱਡੀ ਦੇ ਮਣਕੇ ਫਿੱਸ ਜਾਂਦੇ ਹਨ। ਸਿਆਣੇ ਡਾਕਟਰ ਦੀ ਸਲਾਹ ਨਾਲ ਲਗਾਤਾਰ ਤੇ ਵੇਲੇ ਸਿਰ ਕੈਲਸ਼ੀਅਮ ਤੇ ਵਿਟਾਮਿਨ ਡੀ ਖਾਣ ਨਾਲ ਇਸ ਤੋਂ ਬਚਾਓ ਹੋ ਸਕਦਾ ਹੈ।
ਬੱਚਿਆਂ ਵਿੱਚ ਵੀ ਟੇਢੇ ਮੇਢੇ ਲੇਟ ਕੇ ਟੀ.ਵੀ. ਵੇਖਣ ਜਾਂ ਕੁੱਬੇ ਬਹਿ ਕੇ ਪੜ੍ਹਨ ਨਾਲ ਪਿੱਠ ਦੇ ਪੱਠਿਆਂ ਨੂੰ ਖਿੱਚ ਪੈਣ ਸਦਕਾ ਦਰਦ ਹੋਣ ਲੱਗ ਪੈਂਦਾ ਹੈ। ਇਸ ਲਈ ਮਾਪੇ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਤਾਂ ਚੰਗੀ ਗੱਲ ਹੈ। ਕੰਪਿਊਟਰ ਅੱਗੇ ਬਹੁਤਾ ਸਮਾਂ ਬੈਠਣ ਨਾਲ ਵੀ ਪਿੱਠ ਦੇ ਪੱਠੇ ਥੱਕ ਜਾਂਦੇ ਹਨ ਤੇ ਦਰਦ ਹੋਣ ਲੱਗ ਪੈਂਦਾ ਹੈ। ਲੰਮੀ ਸੈਰ ਜਿੱਥੇ ਪਿੱਠ ਲਈ ਵਰਦਾਨ ਹੈ, ਉੱਥੇ ਕੈਲਸ਼ੀਅਮ ਦੀ ਘਾਟ ਵੀ ਹੱਡੀਆਂ ਵਿੱਚ ਨਹੀਂ ਹੋਣ ਦਿੰਦੀ।
-ਡਾ. ਹਰਸ਼ਿੰਦਰ ਕੌਰ
previous post
next post