![](http://indotimes.com.au/wp-content/uploads/2024/11/Sukhpal-Singh-Gill-150x150.jpg)
ਅਬਿਆਣਾਂ ਕਲਾਂ
ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ, “ਵਖਤੁ ਵੀਚਾਰੇ ਸੁ ਬੰਦਾ ਹੋਇ” ਭਾਵ ਸਪੱਸ਼ਟ ਹੈ ਕਿ ਜੋ ਸਮੇਂ ਦੀ ਨਜ਼ਾਕਤ ਪਛਾਣ ਕੇ ਚੱਲਦਾ ਹੈ ਉਹੀ ਬੰਦਾ ਹੈ। ਪੀੜ੍ਹੀ ਦਾ ਪਾੜਾ ਇੱਕ ਨਿਰੰਤਰ ਸਮਾਜਿਕ ਵਰਤਾਰਾ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸਮਾਂ ਬਲਵਾਨ ਹੈ ਕਿ ਜਿਓਂ ਜਿਓਂ ਅੱਗੇ ਤੁਰਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਵਿਕਾਸ ਅਤੇ ਬੌਧਿਕ ਪ੍ਰਸਥਿਤੀਆਂ ਬਦਲ ਦੀਆਂ ਜਾਂਦੀਆਂ ਹਨ। ਇਹਨਾਂ ਦੇ ਨਾਲ ਨਾਲ ਬੰਦੇ ਦੀ ਸੋਚ ਵੀ ਬਦਲੀ ਜਾਂਦੀ ਹੈ। ਇਸਦੇ ਦੋ ਕਾਰਨ ਹਨ ਇੱਕ ਤਾਂ ਸੋਚ ਸਿੱਖਿਆ ਅਤੇ ਸਮਾਜੀਕਰਨ ਕਰਕੇ ਬਣਦੀ ਹੈ, ਦੂਜੀ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਕਾਰਨ ਬਣਦੀ ਹੈ। ਸਮਾਜਿਕ ਦਾਇਰਾ ਸੋਚ ਉੱਪਰ ਖੜ੍ਹਾ ਹੈ। ਆਮ ਭਾਸ਼ਾ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧ, ਗੈਰ ਸਮਾਜਿਕ ਕੰਮ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਸੋਚ ਬਦਲੋ। ਅੱਜ ਦੇ ਜੰਮੇ ਦੀ ਸੋਚ ਹੋਰ ਹੈ, ਦਸ ਸਾਲ ਪਹਿਲਾਂ ਦੀ ਹੋਰ, ਪੰਜਾਹ ਸਾਲ ਪਹਿਲਾਂ ਦੇ ਜੰਮੇ ਦੀ ਸੋਚ ਸਮੇਂ ਦੇ ਹਾਲਾਤਾਂ ਅਨੁਸਾਰ ਹੁੰਦੀ ਹੈ। ਇਸ ਪਿੱਛੇ ਜਨਰੇਸ਼ਨ ਗੈਪ ਹੀ ਹੁੰਦਾ ਹੈ। ਇਸੀ ਨਿਰੰਤਰ ਵਹਿੰਦੇ ਸਮੇਂ ਵਿੱਚ ਜੋ ਪਾੜਾ ਰਹਿ ਜਾਂਦਾ ਹੈ ਉਹ ਅਕਸਰ ਹੀ ਪੁਆੜੇ ਦੀ ਜੜ੍ਹ ਹੋ ਨਿੱਬੜਦਾ ਹੈ। ਸ਼ੈਕਸਪੀਅਰ ਦੇ ਕਥਨ ਅਨੁਸਾਰ, “ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸ ਨੂੰ ਅਜਿਹਾ ਬਣਾਉਂਦੀ ਹੈ”। ਨਵੀਂ ਅਤੇ ਪੁਰਾਣੀ ਪੀੜ੍ਹੀ ਦਾ ਪਾੜਾ ਆਪਣੀ ਆਪਣੀ ਜਗ੍ਹਾ ਆਪਣੇ ਸਮੇਂ ਦੀ ਸੋਚ ਅਨੁਸਾਰ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਹੈ, ਅਤੇ ਸਹੀ ਸਾਬਤ ਹੋਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਤਰ੍ਹਾਂ ਨਾਲ ਦੋਵੇਂ ਸੱਚੇ ਹੀ ਹੁੰਦੇ ਹਨ। ਪੁਰਾਣੀ ਪੀੜ੍ਹੀ ਨੂੰ ਇਸ ਦਾਰਸ਼ਨਿਕ ਦੇ ਅੱਗੇ ਲਿਖੇ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ, “ਜਿਹੜਾ ਵਿਅਕਤੀ ਆਪਣੀ ਸੋਚ ਵਿਚਾਰ ਨਹੀਂ ਬਦਲਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ”। ਪੁਰਾਣੀ ਪੀੜ੍ਹੀ ਸਮੇਂ ਦੇ ਵੇਗ ਅਨੁਸਾਰ ਆਪਣੀ ਸੋਚ ਬਦਲਦੀ ਜਾਵੇ ਤਾਂ ਮਾਨਸਿਕਤਾ ਦੇ ਕੀੜੇ ਪੈਦਾ ਨਹੀਂ ਹੋ ਸਕਦੇ। ਜੋ ਦਿਮਾਗ ਵਿੱਚ ਚੱਲਦਾ ਹੈ ਉਹੀ ਸੋਚ ਵਿੱਚ ਬਦਲ ਜਾਂਦਾ ਹੈ।