
ਡੈਵੀ ਇਸ ਵਾਰ ਦਸਵੀਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ । ਡੇੈਵੀ ਦੇ ਪਿਤਾ ਨੇ ਆਪਣੇ ਵਾਅਦੇ ਮੁਤਾਬਕ ਉਸ ਨੂੰ ਮੋਟਰ ਸਾਈਕਲ ਲੈ ਕੇ ਦੇਣਾ ਸੀ । ਡੈਵੀ ਇਹ ਸੋਚ ਸੋਚ ਕੇ ਹੀ ਬਹੁਤ ਖ਼ੁਸ਼ ਹੋ ਰਿਹਾ ਸੀ ਕਿ ਉਹ ਅਗਲੀ ਕਲਾਸ ਵਿੱਚ ਆਪਣੇ ਸਕੂਲ ਮੋਟਰ ਸਾਈਕਲ ਤੇ ਜਾਇਆ ਕਰੇਗਾ । ਡੈਵੀ ਦਾ ਪਿਤਾ ਤਰਸੇਮ ਲਾਲ ਵੀ ਆਪਣੇ ਬੇਟੇ ਦਾ ਇਹ ਸ਼ੌਂਕ ਪੁਗਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ । ਤਰਸੇਮ ਲਾਲ ਦੀ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਸੀ ਜਿਸ ਤੋਂ ਉਹ ਘਰ ਦਾ ਖਰਚਾ ਚਲਾਉਂਦਾ ਸੀ । ਤਰਸੇਮ ਲਾਲ ਦਾ ਜਨਮ ਇੱਕ ਗ਼ਰੀਬ ਘਰ ਵਿੱਚ ਹੋਇਆ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਇਸ ਮੁਕਾਮ ਤੇ ਲੈ ਕੇ ਆਂਦਾ ਸੀ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕੇ ਅਤੇ ਪਰਿਵਾਰ ਨੂੰ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਦੇ ਸਕੇ । ਡੈਵੀ ਦੇ ਦਸਵੀਂ ਦੇ ਰਿਜ਼ਲਟ ਆਉਣ ਤਕ ਤਰਸੇਮ ਲਾਲ ਨੇ ਮੋਟਰਸਾਈਕਲ ਲੈਣ ਲਈ ਤਕਰੀਬਨ – ਤਕਰੀਬਨ ਸਾਰੇ ਪੈਸੇ ਇਕੱਠੇ ਕਰਨੇ ਸਨ , ਜੋ ਕੁਝ ਪੈਸੇ ਘਟਦੇ ਸਨ ਉਹ ਉਸ ਨੇ ਆਪਣੇ ਕਿਸੇ ਕਰੀਬੀ ਦੋਸਤ ਤੋਂ ਫੜ ਲਏ ਸਨ । ਡੈਵੀ ਮੋਟਰਸਾਈਕਲ ਲੈ ਕੇ ਬਹੁਤ ਹੀ ਖੁਸ਼ ਸੀ ।ਉਹ ਵਾਰ -ਵਾਰ ਆਪਣੇ ਪਿਤਾ ਦਾ ਸ਼ੁਕਰੀਆ ਕਰਦਾ ਨਹੀਂ ਥੱਕਦਾ ਸੀ ।