Literature

ਪੁਸਤਕ ‘ਆਫ਼ਤਾਬ` ਦਾ ਪੰਜਾਬੀ ਕਾਵਿ ਜਗਤ ਵਿਚ ਸ਼ੁਭ ਆਗਮਨ

ਪੁਸਤਕ ‘ਆਫ਼ਤਾਬ’ ਵਿਚ ਜਸਪ੍ਰੀਤ ਕੌਰ ਗੁਰਨਾ ਅਤੇ ਮਨਦੀਪ ਖਾਨਪੁਰੀ ਦੀਆਂ ਰੁਮਾਂਟਿਕ ਕਵਿਤਾਵਾਂ ਸ਼ਾਮਲ ਹਨ। ਰੁਮਾਂਸਵਾਦ ਕੀ ਹੈ? ਇਸ ਵਿਚ ਕਲਪਨਾਮਈ ਸੰਸਾਰ ਸਿਰਜਿਆ ਜਾਂਦਾ ਹੈ। ਇਸ ਵਿਚ ਸਿਰਫ਼ ਪਿਆਰ ਹੀ ਸ਼ਾਮਲ ਨਹੀਂ ਹੁੰਦਾ, ਸਗੋਂ ਯਥਾਰਥ ਵਿਚਲੀਆਂ ਇਛਾਵਾਂ ਦੇ ਅਧੂਰੇ ਰਹਿ ਜਾਣ ਕਾਰਨ ਵਿਅਕਤੀ ਆਪਣੇ ਸੁਪਨਿਆਂ ਵਿਚ ਉਡਾਰੀਆਂ ਮਾਰਦਾ ਅਤੇ ਉਸ ਨੂੰ ਆਪਣੀ ਕਲਪਨਾਂ ਵਿਚ ਉਨ੍ਹਾਂ ਨੂੰ ਪੂਰਾ ਹੁੰਦਾ ਦੇਖਦਾ ਹੈ।
ਰੁਮਾਂਸਵਾਦ ਕਿਸੇ ਇਕ ਵਿਸ਼ੇਸ਼ ਗੱਲ ਜਾਂ ਸੁਝਾਅ ਦਾ ਨਾਂ ਨਹੀਂ ਹੈ ਸਗੋਂ ਬਹੁਤ ਸਾਰੇ ਗੁਣਾਂ ਦਾ ਧਾਰਨੀ ਹੈ ਜਿਸ ਵਿਚ ਪਿਆਰ, ਪ੍ਰਕ੍ਰਿਤੀ, ਅਦਭੁਤਤਾ, ਸੁੰਦਰਤਾ, ਅੰਤਰ ਮੁੱਖਤਾ, ਭੂਤਕਾਲਕ ਮੋਹ, ਯਥਾਰਥ ਤੋਂ ਭਾਂਜ, ਦਲੀਲ ਦੀ ਥਾਂ ਤੇ ਜਜ਼ਬਾ ਤੇ ਦਿਮਾਗ ਦੀ ਥਾਂ ‘ਤੇ ਦਿਲ ਦੀ ਪ੍ਰਧਾਨਤਾ ਹੁੰਦੀ ਹੈ।
ਰੁਮਾਂਸਵਾਦ ਪ੍ਰਵਿਰਤੀ ਪੱਛਮੀ ਸਾਹਿਤ ਅਤੇ ਸਭਿਆਚਾਰ ਦੇ ਪ੍ਰਭਾਵ ਨਾਲ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕਰਦੀ ਹੈ। ਰੁਮਾਂਸਵਾਦੀ ਪ੍ਰਵਿਰਤੀ ਨੂੰ ਭਾਈ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਕਵਿਤਾ ਵਿਚ ਅਪਣਾਇਆ:
ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤਰੀ ਵਸਦੀ।
ਤੇਰਾ ਥਾਂ ਕਿਸੇ ਨਦੀ ਕਿਨਾਰੇ, ਤੇਰਾ ਥਾਂ ਕਿਸੇ ਜੰਗਲ ਬੇਲੇ।
ਤੇਰੇ ਭਾਗਾਂ ਦੇ ਵਿਚ ਲਿਖਿਆ, ਗਾਉਂਦੇ ਫਿਰਨ ਇਕੇਲੇ।
ਭਾਈ ਵੀਰ ਸਿੰਘ ਰੁਮਾਂਸਵਾਦ ਵਿਚ ਹੀ ਘਿਰਿਆ ਰਿਹਾ। ਗਿਆਨੀ ਹੀਰਾ ਸਿੰਘ ਦਰਦ ਦੇ ਟੋਕਣ ‘ਤੇ ਲਿਖਦਾ ਹੈ:
ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਹੈ
ਲੁੱਟੇ ਗਏ ਲਾਈਆਂ ਜਿੰਨ੍ਹਾਂ ਬੁੱਧੋਂ ਪਾਰ ‘ਡਾਰੀਆਂ`
ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿਚ
ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ।
ਰੁਮਾਂਸਵਾਦੀ ਕਵਿਤਾ ਦੇ ਪ੍ਰੋ. ਮੋਹਨ ਸਿੰਘ ਵੱਡੇ ਕਵੀ ਹੋਏ ਹਨ। ਆਪਣੇ ਨਿੱਜੀ ਗਮ ਤੋਂ ਲਿਖਣਾ ਸ਼ੁਰੂ ਕਰਦਾ ਹੈ:
ਮੋਹਨ ਕਿੰਝ ਬਣਦਾ ਤੂੰ ਸ਼ਾਇਰ ਇੰਜ ਨਾ ਜੇ ਮੈਂ ਮਰਦੀ।
ਪਰ ਨਿੱਜੀ ਗਮ ਤੋਂ ਮੋਹਨ ਸਿੰਘ ਮਾਨਵਤਾ ਦੇ ਗਮ ਤੱਕ ਦਾ ਸਫ਼ਰ ਪੂਰਾ ਕਰਦਾ ਹੈ:
ਕਿਥੋਂ ਤੁਰਿਆ ਕਿਥੇ ਪਹੁੰਚਿਆ, ਸੋਚ ਕੇ ਹੈਰਾਨ ਹਾਂ,
ਕਿੱਥੇ ਇੱਕ ਜੁਲਫ਼ ਦਾ ਖੇਮ ਕਿਥੇ ਸਾਰੇ ਜਗ ਦਾ ਵਲਾਅ
ਅਤੇ ਪੈ ਕੁਠਾਈ ਇਸ਼ਕ ਵਾਲੀ ਚਿਣਗ ਬਦਲੀ ਵੇਗ ਵਿਚ
ਹੌਲੀ ਹੌਲੀ ਬਣ ਗਿਆ ਨਿੱਜ ਦਾ ਗਮ ਲੋਕਾਂ ਦਾ ਗਮ
ਜਸਪ੍ਰੀਤ ਗੁਰਨਾ ਆਪਣੀ ਗੱਲ ਅਣਜੰਮੀ ਧੀ ਦੇ ਦਰਦ ਤੋਂ ਸ਼ੁਰੂ ਕਰਦੀ ਹੈ:
ਜੱਗ ਦੇਖਣ ਤੋਂ ਪਹਿਲਾਂ ਮੈਨੂੰ ਮਰਵਾਇਆ
ਸੁਪਨੇ ਮੇਰਿਆਂ ਦੀ ਤੂੰ ਬਣੀ ਵੈਰਨ ਕੁੜੇ।
‘ਕੁੜੀਏ ਨੀ; ਕਵਿਤਾ ਵਿੱਚ ਲੜਕੀ ਮਾਪਿਆਂ ਲਈ ਬੇਗਾਨਾ ਧਨ ਅਤੇ ਸਹੁਰਿਆਂ ਲਈ ਪਰਾਈ ਧੀ ਹੈ, ਫਿਰ ਧੀ ਦਾ ਘਰ ਕਿੱਥੇ ਹੈ? ਪ੍ਰਸ਼ਨ ਨੂੰ ਉਠਾਇਆ ਹੈ:
‘ਤੂੰ ਬੇਵਫਾ` ਵਿਚ ਅਸਫਲ ਪਿਆਰ ਦੀ ਤੜਪ ਦਾ ਜ਼ਿਕਰ ਹੈ;
ਤੂੰ ਨਿਕਲੀ ਬੇਵਫਾ। ਭਾਲਦੇ ਰਹੇ ਤੇਰੇ ਤੋਂ ਵਫਾ।
ਏਸੇ ਤਰ੍ਹਾਂ ਅਗਲੀ ਕਵਿਤਾ: ਕਦੇ ਰੋਵਾਂ ਕਦੇ ਹੱਸਾਂ
ਦੁੱਖ ਕਿਸ ਨੂੰ ਮੈਂ ਦੱਸਾਂ।
…ਹੌਲੀ ਹੌਲੀ ਸਾਨੂੰ ਭੁੱਲ ਗਿਆ। ਮੁਹੱਬਤ ਹੋਰ ਕਿਸੇ ਦੀ ‘ਚ ਰੁੱਲ ਗਿਆ
ਇਸ ਵਿਚ ਧੋਖੇਬਾਜ ਆਸ਼ਕ ਨੂੰ ਇਕ ਮਿਹਣਾ ਹੈ।
ਨਿੱਕੇ ਫੁੱਲ ਕਵਿਤਾ ਵਿਚ ਪ੍ਰਕ੍ਰਿਤੀ ਦੀ ਗੱਲ ਕੀਤੀ ਹੈ:
…ਗਿਆ ਫੁੱਲ ਗੁਲਾਬ ਦਾ ਮੁਰਝਾਇਆ
ਜੋ ਨਿੱਤ ਬਾਗਾਂ ਵਿਚ ਖਿਲਦਾ ਸੀ
ਫੁੱਲ ਹੁਣ ਖਿਲਣਾ ਭੁੱਲ ਗਏ ਨੇ
ਸੱਜਣ ਫੁੱਲਾਂ ਦੇ ਉਨ੍ਹਾਂ ਨੂੰ ਭੁੱਲ ਗਏ ਨੇ।
ਤੇਰੀ ਕਮਲੀ ਕਵਿਤਾ ਵਿਚ ਦੇਖੋ:
ਕਮਲੀ ਤੇਰੀ ਅੱਜ ਰੋਂਦੀ ਫਿਰਦੀ
ਗਲੀਆਂ ਦੇ ਵਿਚ ਗਾਉਂਦੀ ਫਿਰਦੀ
ਯਾਦ ਤੇਰੀ ‘ਚ ਝੱਲੀ ਹੋਈ
ਹਰ ਰਿਸ਼ਤੇ ਹੋ ਕੱਲੀ ਹੋਈ।
ਖਾਮੋਸ਼ ਮੁਹੱਬਤ:
ਤੇਰੀ ਖਾਮੋਸ਼ ਮਹੱਬਤ ਨੇ।
ਕੱਚੀ ਉਮਰ ਦੀ ਨਿਲਾਮੀ ਕੀਤੀ
ਤੂੰ ਪੱਕੇ ਕਿਥੇ ਡੇਰੇ ਲਾ ਲਏ
ਜਿੰਦ ਸਾਡੀ ਨੂੰ ਝੋਕੇ ਖਾ ਗਏ
ਹੁਣ ਪੱਲੇ ਕੱਖ ਨਾ ਬਾਕੀ ਏ
ਤੇਰੀ ਜੱਸੀ ਦਾ ਬਸ ਹੁਣ ਮਰਨਾ ਬਾਕੀ ਏ
ਕਵਿਤਰੀ ਨੂੰ ਕਿਸਾਨ ਅੰਦੋਲਨ ਨੇ ਵੀ ਪ੍ਰਭਾਵਿਤ ਕੀਤਾ ਹੈ:
ਇਕ ਗੱਲ ਦੱਸ ਦਿੱਲੀਏ ਨੀ
ਕੀ ਦੁਸ਼ਮਣੀ ਮੁੱਢ ਤੋਂ ਪੰਜਾਬ ਨਾਲ ਤੇਰੀ
ਖੇਡ ਖੂਨ ਦੀ ਖੇਡ ਕੇ ਵੱਡਾ ਹੋਇਆ
ਦੇਖ ਫਰੋਲ ਕਹਾਣੀ ਮੇਰੀ
ਹਰ ਬਾਰ ਸਰਕਾਰੇ ਨੀ
ਨਹੀਂ ਚੱਲਦੀ ਹਕੂਮਤ ਤੇਰੀ
ਸੋ ਪੁਸਤਕ ਦੇ ਪਹਿਲੇ ਭਾਗ ਵਿਚ ਜਸਪ੍ਰੀਤ ਕੌਰ ਗੁਰਨਾ ਦੀਆਂ 25 ਕਵਿਤਾਵਾਂ ਹਨ। ਕੁੱਝ ਇਕ ਨੂੰ ਛੱਡ ਕੇ ਸਾਰੀਆਂ ਦਾ ਵਿਸ਼ਾ ਨਿੱਜੀ ਪਿਆਰ ਅਤੇ ਪਿਆਰ ਵਿਚ ਅਸਫਲਤਾ ਹੀ ਹੈ। ਇਹ ਕਵਿਤਾਵਾਂ ਭਾਵੇਂ ਆਰੰਭਕ ਰਚਨਾਵਾਂ ਹਨ ਪਰ ਇਨ੍ਹਾਂ ਵਿੱਚ ਕਵਿਤਾ ਦੀ ਚਿਣਗ ਜਰੂਰ ਹੈ ਜੋ ਆਉਣ ਵਾਲੀਆਂ ਰਚਨਾਵਾਂ ਵਿਚ ਆਪਣਾ ਦਾਇਰਾ ਵੀ ਵਿਸ਼ਾਲ ਕਰੇਗੀ ਅਤੇ ਭਾਂਬੜ ਵੀ ਬਣੇਗੀ।
ਕਵਿਤਾ ਦੇ ਦੂਸਰੇ ਭਾਗ ਵਿਚ ਮਨਦੀਪ ਖਾਨਪੁਰੀ ਦੀਆਂ 25 ਕਵਿਤਾਵਾਂ ਸ਼ਾਮਲ ਹਨ। ਮਨਦੀਪ ਖਾਨਪੁਰੀ ਦੀਆਂ ਕਵਿਤਾਵਾਂ ਰੁਮਾਂਸਵਾਦੀ ਹਨ। ਇਨ੍ਹਾਂ ਵਿਚ ਨਿੱਜੀ ਪਿਆਰ ਅਤੇ ਪਿਆਰ ਵਿਚ ਮਿਲੇ ਧੋਖੇ, ਅੱਧ ਵਿਚਕਾਰੋਂ ਟੁੱਟੀ ਪ੍ਰੀਤ ਦਾ ਗਮ ਸ਼ਾਮਲ ਹਨ। ਇਸ ਦੇ ਨਾਲ ਨਾਲ ਰਵਾਇਤੀ ਲੋਕ ਤੱਥਾਂ ਨੂੰ ਵੀ ਕਈ ਥਾਂ ਆਪਣੀ ਕਵਿਤਾ ਵਿਚ ਸ਼ਾਮਲ ਕੀਤਾ ਹੈ। ਕਮਾਲ ਇਹ ਹੈ ਕਿ ਦੋਵਾਂ ਕਵਿਤਰੀ ਅਤੇ ਕਵੀ ਦਾ ਕਾਵਿ- ਅਨੁਭਵ ਆਪਸ ਵਿਚ ਬਹੁਤ ਸਮਾਨ ਹੈ ਅਤੇ ਆਪਸ ਵਿਚ ਮਿਲਦਾ ਜੁਲਦਾ ਹੈ। ਵਸ਼ੀਰ ਕਵਿਤਾ ਵਿੱਚ:
ਜ਼ੁਲਮ ਫੁੱਲਾਂ ਨੂੰ ਕੀਤਾ ਸਾਰਾ
ਕੰਢੇ ਤਾਂ ਬਦਨਾਮ ਨੇ ਐਵੇਂ
ਪੀਂਦੇ ਹਾਂ ਹੰਝੂਆਂ ਦਾ ਪਾਣੀ
ਫੜੇ ਹੱਥਾਂ ਵਿਚ ਜਾਮ ਨੇ ਐਵੇਂ
ਸਕੀਆਂ ਭੈਣਾਂ ਵਿਚ ਕਵੀ ਨੇ ਭੈਣਾ ਦਾ ਪਿਆਰ ਅਤੇ ਪਿਤਾ ਵਲੋਂ ਉਨ੍ਹਾਂ ਲਈ ਲਏ ਵੱਡੇ ਸੁਪਨੇ ਸ਼ਾਮਲ ਹਨ:
ਕੋਹੇਨੂਰ ਦਾ ਹੀਰਾ` ਵਿਚ ਮਾਂ ਦੀ ਮਮਤਾ ਦੀ ਬਾਤ ਪਾਈ ਹੈ:
ਕੋਹੇਨੂਰ ਦਾ ਹੀਰਾ ਮਾਂ, ਤੇਰੀ ਜੁੱਤੀ ਤੋਂ ਵੀ ਸਸਤਾ ਏ।
‘ਜਿਗਰ ਦੋ ਟੋਟੇ` ਵਿਚ ਭੈਣਾਂ ਦਾ ਆਪਣੇ ਵੀਰ ਪ੍ਰਤੀ ਪਿਆਰ ਪ੍ਰਗਟ ਕਰਦਾ ਹੈ:
ਸਿਰ ਉਪਰ ਸੇਹਰਾ ਸਜਾਉਂਦੀਆਂ ਨੇ
ਹੀਰ ਜੇਹੀ ਭਾਬੀ ਲਿਆਉਂਦੀਆਂ ਨੇ
ਭਤੀਜੇ ਭਤੀਜੀਆਂ ਨੂੰ ਹੱਥੀਂ ਖਿਡਾਉਂਦੀਆਂ ਨੇ
ਹਿੱਸਾ ਲੈਣ ਨਾ ਪੇਕੇ ਆਉਂਦੀਆਂ ਨੇ
‘ਠੋਕਰ’ ਕਵਿਤਾ ‘ਚ ਰਵਾਇਤੀ ਸਿੱਖਿਆ ਨੂੰ ਨਵੇਂ ਸ਼ਬਦਾਂ ‘ਚ ਪੇਸ਼ ਕੀਤਾ ਹੈ:
ਕਹਿੰਦੇ ਨੇ ਸੋਨੇ ਤੋਂ ਵੀ ਮਹਿੰਗਾ ਏ ਸ਼ਰਮ ਵਾਲਾ ਗਹਿਣਾ,
ਅਮੀਰੀ ਤੇ ਗਰੀਬੀ ਭਾਵੇਂ ਸਕੀਆਂ ਨੇ ਭੈਣਾ
ਸਹੁੰ ਖਾਧੀ ਦੋਹਾਂ ਨੇ, ਇੱਕੋ ਘਰ ‘ਚ ਨੀਂ ਰਹਿਣਾ।
‘ਇਸ਼ਕ’ ਕਹਾਣੀ ਵਿਚ ਦੇਖੋ:
ਜੇ ਤੂੰ ਆਖੇਂ ਭੁੱਖਾਂ ਰਹਿ ਲਾ
ਮੈਂ ਅੰਨ ਨੂੰ ਹੱਥ ਨਾ ਲਾਵਾ
ਮੈਂ ਬੱਦਲ ਤੂੰ ਪਾਣੀਂ ਬਣਜੀਂ
ਜੋ ਇਕ ਰਾਜੇ ਦੀ ਹੋ ਕੇ ਰਹਿ ਜੇ
ਉਹ ਵਾਲੀ ਤੂੰ ਰਾਣੀ ਬਣਜੀਂ
ਤੇਰੇ ਸ਼ਹਿਰ ਦੀ ਰਾਤ: ਵਿਚ ਅਧੂਰੇ ਪਿਆਰ ਦੀ ਬਾਤ ਪਾਈ ਹੈ:
ਮਿੱਠੀ ਬਣਕੇ ਡੱਸ ਗਈ ਸਾਨੂੰ
ਆਈ ਸੀ ਇੱਕ ਜ਼ਹਿਰ ਦੀ ਰਾਤ
ਸੱਚੀਂ ਸੀ ਬੜੇ ਕਹਿਰ ਦੀ ਰਾਤ
ਵਿਛੜਨ ਲੱਗਿਆਂ ਤੇਰੇ ਸ਼ਹਿਰ ਦੀ ਰਾਤ
‘ਡਾਲਰ` ਕਵਿਤਾ ਵਿਚ ਵਿਦੇਸ਼ਾਂ ਵਿਚ ਪੜ੍ਹਨ ਗਏ ਵਿਦਿਆਰਥੀ ਦੀ ਜ਼ਿੰਦਗੀ ਦੱਸੀ ਹੈ। ਉਹ ਆਪਣੀਆਂ ਮਹਿੰਗੀਆਂ ਫੀਸਾਂ ਮਸਾਂ ਪੂਰੀਆਂ ਕਰਦਾ ਹੈ ਪਰ ਘਰ ਦੇ ਡਾਲਰ ਭਾਲਦੇ ਨੇ।
‘ਚੰਨ ਵਰਗੀ ਤੀਵੀਂ` ਕਵਿਤਾ ‘ਚ ਨਵੇਂ ਵਿਆਹ ਦਾ ਚਾਅ ਹੈ। ਉਸ ਵੇਲੇ ਪਤਨੀ ਪਰੀਆਂ ਵਰਗੀ ਲੱਗਦੀ ਹੈ ਪਰ ਜਵਾਨੀ ਢਲੀ ਤੋਂ ਉਹੀ ਡਾਇਣ ਵਰਗੀ ਲੱਗਣ ਲੱਗ ਜਾਂਦੀ ਹੈ।
‘ਰੁਖਾਂ ਦੇ ਕਤਲ` ਰੁੱਖ ਵਢਣ ਨਾਲ ਪੰਛੀਆਂ ਨਾਲ ਪੰਛੀਆਂ ਦੀ ਦੁਨੀਆਂ ਉਜੜ ਜਾਂਦੀ ਹੈ। ਇਸ ਵਿਚ ਰੁੱਖ ਕੱਟਣ ਦੀ ਥਾਂ ਲਾਉਣ ਦਾ ਸੰਦੇਸ਼ ਦਿੱਤਾ ਹੈ।
ਸੋ ਕਵਿਤਰੀ ਅਤੇ ਕਵੀ ਨੇ ਆਪਣੀ ਪਲੇਠੀ ਕਾਵਿ ਪੁਸਤਕ ‘ਆਫ਼ਤਾਬ` ਨਾਲ ਪੰਜਾਬੀ ਕਾਵਿ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਦੋਵਾਂ ਨੂੰ ਬਹੁਤ ਮੁਬਾਰਕਾਂ ਅਤੇ ਸ਼ੁੱਭ ਕਾਮਨਾਵਾਂ !
– ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)

Related posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin