
ਅਰਤਿੰਦਰ ਸੰਧੂ ਪੰਜਾਬੀ ਕਾਵਿ ਜਗਤ ਦੀ ਚਰਚਿਤ ਹਸਤਾਖਰ ਹੈ। ਕਵਿਤਾ ਤੋਂ ਇਲਾਵਾ ਉਹ ਵਾਰਤਕ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵੀ ਵਿਸ਼ੇਸ਼ ਮੁਕਾਮ ਰੱਖਦੀ ਹੈ। ਸਰੋਦੀ ਕਾਵਿ ਅਤੇ ਖੁੱਲ੍ਹੀ ਕਵਿਤਾ ਦੋਹਾਂ ਖੇਤਰਾਂ ਵਿਚ ਉਸਦੀ ਮੁਹਾਰਤ ਹੈ। ਹੁਣ ਤੱਕ ਉਸਦੇ 13 ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਬਿਸਾਤ’ ਉਸਦਾ 14 ਵਾਂ ਸੰਗ੍ਰਿਹ ਹੈ, ਜਿਸ ਵਿਚ 44 ਕਵਿਤਾਵਾਂ ਹਨ। ਅਰਤਿੰਦਰ ਨੇ ਆਪਣੀ ਪੁਸਤਕ ਦਾ ਨਾਮਕਰਨ ‘ਬਿਸਾਤ’ ਕੀਤਾ ਹੈ, ਇਸ ਲਈ ਉਸਦੀ ਇਸ ਕਿਤਾਬ ਵਿਚ ਦਰਜ਼ ਰਚਨਾਵਾਂ ਨੂੰ ਮੈਂ ਕਵਿਤਾਵਾਂ ਦੀ ਥਾਂ ਬਿਸਾਤ ‘ਤੇ ਫੈਲੀਆਂ ਰੰਗ ਬਰੰਗੀਆਂ ਗੋਟੀਆਂ ਕਹਾਂਗਾ। ਸ਼ਤਰੰਜ ਵਿਚ ਤਾਂ ਕਾਲੀਆਂ-ਚਿੱਟੀਆਂ ਦੋ ਰੰਗੀਆਂ ਗੋਟੀਆਂ ਹੀ ਹੁੰਦੀਆਂ ਹਨ ਜੋ ਇਕ ਦੂਜੇ ਦੀ ਕੱਟ-ਕਟਾਈ ਵੱਲ ਜਿਆਦਾ ਧਿਆਨ ਦਿੰਦੀਆਂ ਸ਼ਹਿ ਅਤੇ ਮਾਤ ਦੇ ਚੱਕਰਾਂ ਵਿਚ ਰਹਿੰਦੀਆਂ ਹਨ, ਪਰ ਇਹ ਕਾਵਿ ਰੂਪੀ ਗੋਟੀਆਂ ਇਕ ਦੂਜੇ ਦੇ ਹੱਥ ਪਕੜ, ‘ਬਿਸਾਤ’ ਦੇ ਪੰਨਿਆਂ ‘ਤੇ ਇਕ ਲੈ ਵਿਚ ਕਦਮ ਤਾਲ ਕਰਦੀਆਂ ਸੰਗੀਤਕ ਮਾਹੌਲ ਸਿਰਜਦੀਆਂ ਹਨ। ਇਹਨਾਂ ਗੋਟੀਆਂ ਵਿਚ ਪਿਆਦੇ (ਸ਼ਤਰੰਜ ਦੀ ਖੇਡ ਵਿਚ ਛੋਟੀਆਂ ਗੋਟੀਆਂ)ਤਾਂ ਘੱਟ ਹੀ ਹਨ, ਰਾਜੇ- ਵਜ਼ੀਰਾਂ ਦੀ ਭਰਮਾਰ ਹੈ ਭਾਵ ਸਾਰੀਆਂ ਹੀ ਕਵਿਤਾਵਾਂ ਉੱਚ ਕੋਟੀ ਦੀਆਂ ਹਨ।