
ਮੈਲਬੌਰਨ ਰਹਿੰਦਿਆਂ ਇੱਕ ਦਿਨ ਅਸੀਂ ਦੋਵੇਂ ਪਤੀ-ਪਤਨੀ ਨੇ ਆਪਣੀ ਛੇ ਸਾਲ ਦੀ ਪੋਤੀ ਨੂੰ ਧੜੱਲੇਦਾਰ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਉਹ ਆਪਣੀ ਵੱਡੀ ਭੈਣ ਨਾਲ ਸ਼ਰਾਰਤਾਂ ਕਰ ਰਹੀ ਸੀ। ਸਾਨੂੰ ਇਹ ਧਮਾਕੇਦਾਰ ਅੰਦਾਜ਼ ਅੱਛਾ ਲੱਗਿਆ ਅਤੇ ਅਸੀਂ ਉਸ ਨੂੰ ਇਹ ਜਾਰੀ ਰੱਖਣ ਲਈ ਕਿਹਾ। ਅਸੀਂ ਅਕਸਰ ਦੇਖਦੇ ਸੀ ਕਿ ਵੱਡੀ ਪੋਤਰੀ ਨੂੰ ਜਦੋਂ ਵੀ ਕੋਈ ਖਰਵੀ ਗੱਲ ਕਹਿੰਦਾ ਤਾ ਉਹ ਰੋਣ ਲੱਗ ਜਾਂਦੀ। ਸਾਨੂੰ ਇਹ ਅੱਛਾ ਨਾ ਲੱਗਦਾ ਅਤੇ ਅਸੀਂ ਉਸ ਨੂੰ ਰੋਣ ਦੀ ਬਜਾਏ ਮੁਕਾਬਲਾ ਕਰਨ ਲਈ ਕਹਿੰਦੇ।
ਫਿਰ ਅਸੀਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਵਾਪਰੀਆਂ ਘਟਨਾਵਾਂ ਦੀਆਂ ਦਾ ਜ਼ਿਕਰ ਕਰਨ ਲੱਗੇ। ਮੈਂ ਦੱਸਿਆ ਕਿ ਜਦੋਂ ਮੈਂ ਇੱਕ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਸੀ, ਤਾਂ ਇੱਕ ਦਿਨ ਪਤਾ ਲੱਗਾ ਕਿ ਦੋ ਅਧਿਆਪਕਾਵਾਂ ਦਾ ਕਿਸੇ ਗੱਲੋਂ ਆਪਸ ਵਿੱਚ ਝਗੜਾ ਹੋ ਗਿਆ। ਇਕ ਸ਼ਹਿਰੀ ਪਿਛੋਕੜ ਵਾਲੀ ਅਤੇ ਦੂਸਰੀ ਪੇਂਡੂ ਪਿਛੋਕੜ ਵਾਲੀ ਅਧਿਆਪਕਾ ਸੀ। ਬਾਅਦ ਵਿੱਚ ਸ਼ਹਿਰੀ ਪਿਛੋਕੜ ਵਾਲੀ ਸੀਨੀਅਰ ਅਧਿਆਪਕਾ ਨੇ ਦੱਸਿਆ ਕਿ ਉਸ ਨੇ ਮਾਮੂਲੀ ਗੱਲ ਕਰਕੇ ਪੰਗਾ ਕੀ ਲੈ ਲਿਆ ਕਿ ਉਸ ਨੂੰ ਖਹਿੜਾ ਛੁਡਾਉਣਾ ਹੀ ਔਖਾ ਹੋ ਗਿਆ। ਫਿਰ ਪਤਨੀ ਨੇ ਆਪਣੇ ਸਕੂਲ ਦੀ ਗੱਲ ਕਰਦਿਆਂ ਦੱਸਿਆ ਕਿ ਇਸੇ ਤਰ੍ਹਾਂ ਦੀ ਲੜਾਈ ਉਹਨਾਂ ਦੇ ਸਕੂਲ ਦੀਆਂ ਦੋ ਅਧਿਆਪਕਾਵਾਂ ਵਿੱਚ ਵੀ ਹੋ ਗਈ ਸੀ। ਉਥੇ ਵੀ ਸ਼ਹਿਰੀ ਪਿਛੋਕੜ ਵਾਲੀ ਅਧਿਆਪਕਾ ਨੂੰ ਪੇਂਡੂ ਪਿਛੋਕੜ ਵਾਲੀ ਅਧਿਆਪਕਾ ਤੋਂ ਖਹਿੜਾ ਛੁਡਾਉਣਾ ਮੁਸ਼ਕਲ ਹੋ ਗਿਆ ਸੀ।
ਸ਼ਹਿਰੀ ਅਤੇ ਪੇਂਡੂ ਸੱਭਿਆਚਾਰ ਨੂੰ ਵਿਚਾਰਦਿਆਂ ਮੈਨੂੰ ਲੱਗਿਆ ਕਿ ਪੇਂਡੂ ਬੱਚਿਆਂ ਨੂੰ ਸ਼ਹਿਰੀ ਬੱਚਿਆਂ ਦੇ ਮੁਕਾਬਲੇ ਵੱਧ ਮਿਹਨਤ ਕਰਨੀ ਪੈਂਦੀ ਹੈ। ਸ਼ਾਇਦ ਇਸ ਕਾਰਣ ਪੇਂਡੂ ਲੋਕਾਂ ਅਤੇ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਸੁਭਾਅ ਅਤੇ ਬੋਲ-ਚਾਲ ਕੁਰੱਖਤ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਹਨਾਂ ਨੂੰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਪੇਂਡੂ ਬੱਚੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪੇਂਡੂ ਬੱਚੇ ਪਛੜ ਜਾਂਦੇ ਹਨ। ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਦਾ ਵੀ ਇਹ ਵੱਡਾ ਕਾਰਣ ਹੈ। ਜਿਥੇ ਸਰਕਾਰ ਨੂੰ ਇਹ ਵਿਚਾਰਨਾ ਬਣਦਾ ਹੈ, ਉਥੇ ਆਮ ਨਾਗਰਿਕ ਦਾ ਇਸ ਨਾਲ ਸਹਿਮਤ ਹੋਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ।
ਸਿਖਿਆ ਵਿਭਾਗ ਤੋਂ 2016 ਵਿੱਚ ਸੇਵਾ-ਮੁਕਤ ਹੋਣ ‘ਤੇ ਮੈਂ ਸਿੱਖਿਆ ਨਾਲ ਜੁੜੇ ਰਹਿਣ ਲਈ ਆਪਣੇ ਪਿੰਡ ਵਿੱਚ ਸਿੱਖਿਆ ਸੋਸਾਇਟੀ ਦੀ ਸਥਾਪਨਾ ਕੀਤੀ। ਸਿੱਖਿਆ ਨਾਲ ਜੁੜੇ ਹੋਏ ਵਰਕਿੰਗ ਅਤੇ ਸੇਵਾ-ਮੁਕਤ ਅਤੇ ਹੋਰ ਪਤਵੰਤਿਆਂ ਦਾ ਵੱਡਾ ਸਹਿਯੋਗ ਮਿਲਿਆ। ਅਸੀਂ ਪਿਛਲੇ ਅੱਠ ਸਾਲਾਂ ਤੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚੋ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੱਡੇ ਸਕੂਲ ਵਿੱਚ ਸਮਾਗਮ ਕਰਕੇ ਬੱਚਿਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਪੇਂਡੂ ਬੱਚੇ ਜੋ ਘੱਟ ਨੰਬਰਾਂ ‘ਤੇ ਮੈਰਿਟ ਤੋਂ ਪਛੜ ਜਾਂਦੇ ਹਨ, ਨੂੰ ਉਤਸ਼ਾਹਿਤ ਕਰਨ ਲਈ ਬਰਾਬਰ ਸਨਮਾਨਿਤ ਕਰਦੇ ਹਾਂ। ਇਹ ਸਭ ਕਰਦਿਆਂ ਅਸੀਂ ਇਹਨਾਂ ਸਮਾਗਮਾਂ ਨੂੰ ਕਦੀ ਰਾਜਨੀਤੀ ਦੀ ਝਲਕ ਨਹੀਂ ਪੈਣ ਦਿੱਤੀ ਅਤੇ ਨਾ ਹੀ ਸਰਕਾਰ ਤੋਂ ਕੋਈ ਆਰਥਿਕ ਝਾਕ ਰੱਖੀ ਹੈ। ਉਮੀਦ ਹੈ ਅੱਗੇ ਵੀ ਸਭ ਦਾ ਸਹਿਯੋਗ ਬਣਿਆ ਰਹੇਗਾ ਅਸੀਂ ਪੰਜਾਬ ਦੀ ਵਿੱਦਿਅਕ ਕ੍ਰਾਂਤੀ ਲਈ ਆਪਣਾ ਯੋਗਦਾਨ ਪਾਉਂਦੇ ਰਹਾਂਗੇ।