Story

ਪੇਕਿਆਂ ਵਾਲੀ ਗੱਠੜੀ

ਲੇਖਕ: ਅਵਤਾਰ ਸਿੰਘ ਬਸਰਾ ਮੈਲਬੌਰਨ

ਅੱਧੀ ਰਾਤ ਦਾ ਸਮਾਂ ਹੋ ਗਿਆ ਸੀ। ਨਿਆਣੇ ਵੀ ਸੁੱਤੇ ਹੋਏ ਸਨ ‘ਤੇ ਉਹਦੇ ਸਿਰ ਦਾ ਸਾਈਂ ਚੰਨਾ ਵੀ।ਪਿੱਛੇ ਵੇਖਦਿਆਂ- ਵੇਖਦਿਆਂ ਸ਼ਿੰਦੋ ਨੇ ਪੋਲੇ ਜਿਹੇ ਬੈਠਕ ਦੇ ਬੂਹੇ ਦਾ ਕੁੰਡਾ ਖੋਲ੍ਹਿਆ।ਓ ਦੱਬੇ ਪੈਰੀਂ ਬਿਨਾ ਖੜਾਕ ਕੀਤਿਆਂ ਅੰਦਰ ਵੜੀ, ਤਾਂ ਕਿ ਕਿਸੇ ਦੀ ਜਾਗ ਨਾ ਖੁੱਲੇ। ਦਿਲ ਕੂਕਿਆ, ‘ਨਾ ਕਰ ਇਹ ਕੰਮ! ਮੁੜਜਾ ਸ਼ਿੰਦੋ ! ਹਾਲੇ ਤਾਂ ਤੇਰੀ ਸੱਸ ਬਿਸ਼ਨੋ ਦਾ ਸਿਵਾ ਵੀ ਠੰਡਾ ਨਹੀਂ ਹੋਇਆ। ਤੇ ਤੂੰ! ਆ ਕੀ ਕਰਨ ਤੁਰ ਪਈ ?’ ਪਰ ਦਿਮਾਗ ਵੱਸ ਪਈ ਦੀ ਸ਼ਾਇਦ ਉਹਦੀ ਮੱਤ ਮਾਰੀ ਗਈ ਸੀ। ਆਪਣੇ ਹੀ ਘਰ ਵਿੱਚ ਅੱਜ ਓ ਏਨੀ ਡਰੀ ਹੋਈ ਸੀ ਕਿ ਵਾਰ- ਵਾਰ ਪਿੱਛੇ ਬੂਹੇ ਵੱਲ ਵੇਖ ਰਹੀ ਸੀ। ਦੂਰ ਕਿਤੇ ਮੜ੍ਹੀਆਂ ਵਾਲੇ ਪਾਸਿਓਂ ਕੁੱਤਿਆਂ ਦੇ ਰੋਣ ਦੀ ਭਿਆਨਕ ਆਵਾਜ ਸੁਣ ਉਹ ਤ੍ਰਭਕ ਗਈ ਅਤੇ  ਦੁਚਿੱਤੀ ਵਿੱਚ ਪਈ ਨੂੰ ਬੂਹੇ ਦੀ ਦਹਿਲੀਜ਼ ਟੱਪਦਿਆਂ ਠੇਢਾ ਲੱਗਾ।ਉਹ ਘੁੱਪ ਹਨ੍ਹੇਰੇ ਵਿੱਚ ਡਿੱਗਣੋ ਤਾਂ ਬਚ ਗਈ,ਪਰ ਖੜਾਕ ਨੇ ਇਕ ਵਾਰ ਉਹਨੂੰ ਧੁਰ ਅੰਦਰ ਤੱਕ ਡਰਾ ਕੇ ਰੱਖ ਦਿੱਤਾ। ਉਹਨੇ ਪੈਰ ਦਾ ਉਗੂੰਠਾ ਆਪਣੀ ਮੁੱਠੀ ਵਿੱਚ ਘੁੱਟ ਕੇ ਫੜ ਲਿਆ ਅਤੇ ਦੋ ਪਲ ਵਾਸਤੇ ਪਲੰਘ ‘ਤੇ ਬੈਠ ਗਈ।ਇਹ ਉਹਦੀ ਸੱਸ ਬਿਸ਼ਨੋ ਦਾ ਨਵਾਰੀ ਪਲੰਘ ਸੀ,ਜਿਹੜਾ ਆਏ ਗਏ ਨੂੰ ਬਿਠਾਉਣ ਲਈ ਡਾਹਿਆ ਹੋਇਆ ਸੀ।ਇਸ ਪਲੰਘ ‘ਤੇ ਘਰ ਦੀ ਖੱਡੀ ਦੀ ਹੱਥ ਦੀ ਬਣੀ ਮੋਰਾਂ ਹਿਰਨਾਂ ਵਾਲੀ ਘਸਮੈਲੇ ਜਿਹੇ ਰੰਗ ਦੀ ਦਰੀ ਵਿਸ਼ੀ ਹੋਈ ਸੀ।ਜਦੋਂ ਪੈਰ ਦੇ ਅੰਗੂਠੇ ਨੂੰ ਚੀਸ ਪੈਣੋ ਨਾ ਹਟੀ ਤਾਂ ਸ਼ਿੰਦੋ ਨੇ ਪੈਰ ਦੁਆਲੇ ਪਲੰਘ ਤੇ ਵਿਸ਼ੀ ਦਰੀ ਹੀ ਲਪੇਟ ਲਈ।ਰਤਾ ਕੁ ਚਿੱਤ ਟਿਕਾਣੇ ਹੋਇਆ ਤਾਂ ਉਸਨੇ ਚੁੰਨੀ ਦੇ ਪੱਲੇ ਨੂੰ ਬੱਧੀ ਗੰਢ ਖੋਲ੍ਹੀ ।ਸੰਦੂਕ ਦੇ ਜਿੰਦਰੇ ਦੀ ਕੁੰਜੀ ਕੱਢੀ ਤੇ ਕੰਬਦੇ ਹੱਥਾਂ ਨਾਲ ਜਿੰਦਰਾ ਖੋਲ੍ਹਿਆ। ਇਕ ਵਾਰ ਫੇਰ ਉਸਨੇ ਬੂਹੇ ਵੱਲ ਨਿਗ੍ਹਾ ਮਾਰੀ।ਉਹ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ, “ਪਤਾ ਨਹੀਂ ਕਿਉਂ?ਅੱਜ ਇਹ ਚੰਦਰੇ ਹੱਥ ਕੰਬੀ ਜਾਂਦੇ।ਅੱਧੀ ਰਾਤ ਨੂੰ ਭਲਾ ਕਿਨ ਉੱਠਣਾ!” ਦੂਰ ਕਿਤੇ ਕੁੱਤਿਆਂ ਦੇ ਰੋਣ ਦੀ ਆਵਾਜ਼ ‘ਤੇ ਕੇਵਲ ਉਸਦਾ ਆਪਣਾ ਡਰ ਹੀ ਸੀ, ਜੋ ਸ਼ਿੰਦੋ ਨੂੰ ਵਾਰ-ਵਾਰ ਪਿੱਛੇ ਬੂਹੇ ਵੱਲ ਵੇਖਣ ਨੂੰ ਮਜਬੂਰ ਕਰ ਰਿਹਾ ਸੀ।ਸ਼ੁਦਾਈਆਂ ਵਾਂਗ ਉਹਨੇ ਸੰਦੂਕ ਵਿੱਚ ਪਏ ਲੀੜੇ ਕੱਪੜੇ ਫਰੋਲਣੇ ਸ਼ੁਰੂ ਕੀਤੇ।ਏਹ ਸੰਦੂਕ ਅੱਜ ਕਿਹੜਾ ਉਹਨੇ ਪਹਿਲੀ ਵਾਰ ਖੋਲ੍ਹਿਆ ਸੀ,ਪਹਿਲਾਂ ਵੀ ਤਾਂ ਜਦੋਂ ਕਿਤੇ ਉਹਦੀ ਸੱਸ ਪੋਟਲੀ ਗੱਠੜੀ ਕੱਢਣ ਰੱਖਣ ਲਈ ਕਹਿੰਦੀ ਓ ਆਖੇ ਲੱਗਦੀ ਰਹੀ। ਏਸ ਘੜੀ ਜਿਹੜੀ ਮਖ਼ਮਲ ਦੇ ਚਿੱਟੇ ਕੱਪੜੇ ਦੀ ਪੋਟਲੀ ਉਹ ਲੱਭ ਰਹੀ ਸੀ ਪਤਾ ਨਹੀਂ ਬਿਸ਼ਨੋ ਕਿਹੜੇ ਖੱਦਰ ਦੇ ਖੇਸ਼ ਦੀ ਤਹਿ ਵਿੱਚ ਰੱਖ ਗਈ ਸੀ।
ਜਦੋਂ ਬਿਸ਼ਨੋ ਨੇ ਵੇਲਾ ਭਾਂਪ ਲਿਆ ਬਈ ਹੁਣ ਦਾਣਾ-ਪਾਣੀ ਮੁੱਕਣ ਹੀ ਵਾਲਾ,ਤਾਂ ਇਕ ਰਾਤ ਸਾਰਿਆਂ ਦੇ ਸੌਣ ਤੋਂ ਬਾਅਦ ਉਸਨੇ ਚੰਨੇ ਨੂੰ ਆਵਾਜ਼ ਮਾਰੀ।ਕੋਲ ਬਿਠਾ ਘਰ ਦੀਆਂ ਕਈ ਅਗਲੀਆਂ-ਪਿਛਲੀਆਂ ਦੱਸਣ ਲੱਗੀ।ਰਾਤ ਅੱਧਿਓਂ ਵੱਧ ਲੰਘ ਗਈ,ਪਰ ਬਿਸ਼ਨੋ ਦੀਆਂ ਗੱਲਾਂ ਕਿਥੋਂ ਮੁੱਕਣ ਤੇ ਆਉਣ।ਓ ਚੰਨੇ ਨੂੰ ਕਹਿੰਦੀ,”ਤੇਰੇ ਜਣੇਪੇ ਵੇਲੇ ਮਰ ਹੀ ਚੱਲੀ ਸਾਂ ਚੰਨ!ਪਰ ਜਦੋਂ ਦਾਈ ਨੇ ਕਿਹਾ, ‘ਨੀ ਬਿਸ਼ਨੀਏ!ਤੇਰਾ ਮੁੰਡਾ ਤਾ ਨਿਰਾ ਚੰਨ ਵਰਗਾ!ਵੇਖੀਂ ਕਿਤੇ ਵਧਾਈ ਵਾਲੀ ਛਾਪ ਪਾਉਣ ਡਰੋਂ ਪ੍ਰਾਣ ਹੀ ਨਾ ਤਿਆਗ ਦੇਵੀਂ!’ ਦਾਈ ਦੀ ਏਸ ਗੱਲ ਨੇ ਮੈਨੂੰ ਨਵੀਂ ਜਿੰਦਗੀ ਦੇ ਦਿੱਤੀ ਸੀ ‘ਤੇ ਅੱਤ ਦੀ ਪੀੜ ਦੇ ਬਾਵਜੂਦ ਵੀ ਹੱਸ ਪਈ ਸਾਂ।ਆਪਣੇ ਪਿਉ ਦੀ ਸੁਣ !ਤੇਰੇ ਪਿਉ ਨੇ ਚਾਰ ਸਾਲ ਪੈਸੇ ਜੋੜ ਕੇ ਆਪਣੇ ਬੋਲ ਪੁਗਾਏ ‘ਤੇ ਦਾਈ ਦੀ ਉਂਗਲ ਖੱਟੀ ਕੀਤੀ ਸੀ।ਦਸਾਂ ਪਿੰਡਾਂ ਨੂੰ ਇਹ ਗੱਲ ਪਤਾ ਸੀ ਬਈ ਮਾਹਤੜ ਹੁੰਦਿਆਂ ਵੀ ਬਚਨ ਸਿਉਂ ਨੇ ਆਪਣੀ ਕਹੀ ਪੁਗਾਈ।” ਚੰਨਾ ਕਹਿੰਦਾ, “ਚੱਲ! ਸੌਂ ਜਾ ਬੀਬੀ ਹੁਣ!ਬਾਕੀ ਸਵੇਰੇ ਸਹੀਂ।” ਬਿਸ਼ਨੋੰ ਚੰਨੇ ਨੂੰ ਗੁਟੋਂ ਫੜ ਰਤਾ ਕੁ ਲਾਗੇ ਕਰਕੇ ਬੋਲੀ,”ਕੰਨ ਕਰ ਮੇਰੇ ਕੋਲ ਜਰਾ!ਮਖ਼ਮਲ ਦੀ ਚਿੱਟੀ ਗੁਥਲੀ ਆਪ ਸਾਂਭ ਲਈ ਮੇਰੇ ਮਗਰੋਂ!ਸ਼ਿੰਦੋ ਨੂੰ ਕੀ ਦੱਸਣਾ!ਪਤਾ ਤਾਂ ਓਨੂ ਲੱਗ ਹੀ ਜਾਣਾ ਹੋਰ ਦੋ- ਚਾਰਾਂ ਮਹੀਨਿਆ ਨੂੰ।” ਦੂਰ ਮੰਜੇ ‘ਤੇ ਪਈ ਸ਼ਿੰਦੋ ਦੇ ਕੰਨੀਂ ਇਹ ਚਿੱਟੀ ਗੁਥਲੀ ਵਾਲੀ ਗੱਲ ਪੈ ਗਈ ਸੀ।ਪਰ ਏਦੋਂ ਬਾਦ ਚੰਨੇ ਦੇ ਕੰਨ ਵਿਚ ਬਿਸ਼ਨੋ ਕੀ ਘੁਸਰ-ਮੁਸਰ ਕਰ ਗਈ ਸ਼ਿੰਦੋ ਬੁੱਝ ਨਾ ਸਕੀ। ਮਰਨੋ ਕੁਝ ਰਾਤਾਂ ਪਹਿਲਾਂ ਦੀਆਂ ਬਿਸ਼ਨੋ ਦੀਆਂ ਇਹਨਾਂ ਗੱਲਾਂ ਨੇ ਸ਼ਿੰਦੋ ਦੇ ਦਿਲ ਤੇ ਸੱਟ ਮਾਰੀ। ਉਸਨੇ ਸੋਚਿਆ, ‘ਆਪਣੀ ਮਾਂ ਤੋ ਵਧ ਕੇ ਸੇਵਾ ਕੀਤੀ।ਏਨੇ ਸਾਲ ਵਿਆਹੀ ਆਈ ਨੂੰ ਹੋਗੇ।ਹਮੇਸ਼ਾ ਆਪਣਾ ਘਰ ਹੀ ਸਮਝਿਆ।ਪਰ ਬਿਸ਼ਨੋ ਮਰਨ ਵੇਲੇ ਉਹਨੂੰ ਫੇਰ ਬੇਗਾਨੀ ਧੀਅ ਹੋਣ ਦਾ ਅਹਿਸਾਸ ਕਰਵਾ ਗਈ।ਉਹਨੇ ਤਾਂ ਕਦੇ ਕੋਈ ਗੱਲ ਬਿਸ਼ਨੋ ਤੋਂ ਲੁਕੋ ਕੇ ਨਹੀਂ ਰੱਖੀ। ਸੱਸ ਨਹੀਂ ਆਪਣੀ ਮਾਂ ਹੀ ਸਮਝਿਆ। ਫਿਰ ਇਸ ਗੁਥਲੀ ਵਿੱਚ ਕੀ ਹੈ? ਜੋ ਮੈਨੂੰ ਨਹੀਂ ਦੱਸੀ ?ਲੁਕੋ ਕਿਉਂ ਰੱਖਿਆ?ਕਿਉਂ ਚੰਨਾ ਵੀ ਇਹ ਗੱਲ ਨੱਪ ਗਿਆ?’ ਏਸ ਕਰਕੇ ਬਿਸ਼ਨੋ ਮਰੀ ਤੋਂ ਬਾਅਦ ਦੋ ਦਿਨਾਂ ਤੋਂ ਯੱਕੋ-ਤੱਕੀ ਵਿੱਚ ਪਈ ਨੇ ਅੱਜ  ਹੌਸਲਾ ਕਰ ਤਿਰਕਾਲੀ ਜਿਹੀ ਕਿੱਲੀ ਤੇ ਟੰਗੀ ਚੰਨੇ ਦੀ ਪਥੂਈ ਦੀ ਅੰਦਰਲੀ ਜੇਬ ‘ਚੋ ਸੰਦੂਕ ਦੇ ਜਿੰਦਰੇ ਦੀ ਕੁੰਜੀ ਕੱਢ ਪੱਲੇ ਗੰਢ ਮਾਰ ਲਈ ਸੀ।

ਉਸਦੇ ਹੱਥ ਸੰਦੂਕ ਵਿੱਚ ਪਏ ਲੀੜਿਆਂ ‘ਚੋ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਅੱਖਾਂ ਵਾਰ-ਵਾਰ ਬੈਠਕ ਦੇ ਬੂਹੇ ਦੀ ਪਹਿਰੇਦਾਰੀ।ਜਦੋਂ ਹੱਥ ਕਿਸੇ ਮੁਲਾਇਮ ਕੱਪੜੇ ਨਾਲ ਟਕਰਾਏ ਤਾਂ ਉਸਦਾ ਮੱਥਾ ਠਣਕਿਆ। ਇਹ ਓਹੀ ਬੁਝਾਰਤ ਸੀ ਜਿਸਨੇ ਉਸਨੂੰ ਕਾਫੀ ਤੰਗ ਕੀਤਾ ਹੋਇਆ ਸੀ।ਬਾਹਰ ਕੱਢ ਗੁਥਲੀ ਦੀ ਗੰਢ ਖੋਲ੍ਹੀ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ “ਐਨੇ ਪੈਸੇ! ਅਸੀਂ ਤੇ ਕਦੀ ਚੰਗਾ ਪਾਇਆ ਹੰਢਾਇਆ ਨਹੀਂ!ਰੁੱਖੀ-ਮਿੱਸੀ ਖਾ ਛੱਡੀ। ਬਿਸ਼ਨੋ ਨਖੱਤੀਏ ! ਤੂੰ ਪੈਸਿਆਂ ਤੇ ਸੱਪ ਬਣ ਬੈਠੀ ਰਹੀ! ਹੁਣ ਜਾਣ ਲੱਗੀ ਵੀ ਓਹਲੇ ਰੱਖੇ। ਨੀ !ਮੇਰੇ ਤੋਂ ਚੋਰੀ ਰੱਖ ਧੀਆਂ-ਜਵਾਈਆਂ ਨੂੰ ਵੰਡਣਾ ਸੀ।” ਉਸਨੇ ਕਈ ਸਵਾਲ ‘ਤੇ ਲਾਹਨਤਾਂ ਮਰੀ ਬਿਸ਼ਨੋ ਨੂੰ ਪਾਈਆਂ। ਫਿਰ ਉਹਨੇ ਗੁਥਲੀ ਸਾਂਭੀ ਤੇ ਚੁੱਪਚਾਪ ਮੰਜੇ ਤੇ ਜਾ ਸੁੱਤੀ। ਅਗਲੇ ਦਿਨ ਜਦੋਂ ਚੰਨੇ ਨੇ ਪੈਰ ਦੀ ਸੱਟ ਦਾ ਜਿਕਰ ਛੇੜਿਆ ਤਾਂ ਸ਼ਿੰਦੋ ਨੇ ਮੱਝ ਦੇ ਪੈਰ ਮਿੱਧਣ ਦਾ ਬਹਾਨਾ ਮਾਰ ਦਿੱਤਾ।
ਜਦੋਂ ਚੌਥੇ ਵਾਲੇ ਦਿਨ ਬਿਸ਼ਨੋ ਦੇ ਫੁੱਲ ਚੁਗੇ ਗਏ ਤਾਂ ਸ਼ਿੰਦੋ ਨੇ ਚੁੱਪ- ਚੁਪੀਤੇ ਆਪਣੀ ਮਾਂ ਦੇ ਝੋਲੇ ‘ਚ ਗੁਥਲੀ ਪਾ ਦਿੱਤੀ।ਏਧਰੋਂ-ਓਧਰੋਂ ਮੰਗ-ਮੰਗਾ ਕੇ ਚੰਨੇ ਨੇ ਰਿਸ਼ਤੇਦਾਰਾਂ ਦੇ ਜੋਰ ਪਾਉਣ ਕਰਕੇ ਮਾਂ ਦੀ ਸਤਾਰ੍ਹਵੀਂ ਵੀ ਕੀਤੀ।ਸਤਾਰ੍ਹਵੀਂ ਵਾਲੇ ਦਿਨ ਰਿਸ਼ਤੇਦਾਰਾਂ ਕਪੜਿਆਂ ਦਾ ਵਿਖਾਲਾ ਲਾਇਆ। ਸ਼ਿੰਦੋ ਦੇ ਪੇਕਿਆਂ ਦੀ ਗੱਠੜੀ ਖੁੱਲ੍ਹੀ ਤਾਂ ਸਾਰੇ ਦੰਗ ਰਹਿ ਗਏ ਕੇ ਐਨੇ ਮਹਿੰਗੇ ਸੂਟ ਲਾਏ ਸਾਰਿਆਂ ਨੂੰ,ਪਰ ਸ਼ਿੰਦੋ ਨੂੰ ਤਾਂ ਆਪਣਾ ਨੱਕ ਉੱਚਾ ਜਾਪਣ ਲੱਗ ਪਿਆ ਸੀ।
ਕੁੱਝ ਦਿਨ ਲੰਘੇ ਤਾਂ ਚੰਨੇ ਨੇ ਸੰਦੂਕ ਖੋਲ੍ਹਿਆ,ਕੱਲੇ-ਕੱਲੇ ਲੀੜੇ ਦੀ ਤਹਿ ਖੋਲ੍ਹੀ,ਪਰ ਕੁਝ ਨਾ ਲੱਭਾ ।ਧੱਕ ਹਾਰ ਪਲੰਘ ਤੇ ਬੈਠ ਗਿਆ।ਸ਼ਿੰਦੋ ਨੂੰ ਪਤਾ ਤਾਂ ਸਾਰੀ ਗੱਲ ਦਾ ਸੀ,ਓਸ ਬਹਾਨੇ ਜਿਹੇ ਨਾਲ ਪਲੰਘ ਤੇ ਬੈਠਦਿਆਂ ਪੁੱਛਿਆ,”ਏਨੀਆਂ ਤਹਿਆਂ ਖੋਲ੍ਹ-ਖੋਲ੍ਹ ਕੇ ਵੇਖਦਾਂ! ਕੁੱਝ ਰੱਖਿਆ ਸੀ ਬੀਬੀ ਨੇ?” “ਓ ਨਹੀ! ਮੈਂ ਤਾਂ ਵੇਖਦਾ ਕਿਤੇ ਕੋਈ ਕੀੜਾ-ਕਾਡਾ ਹੀ ਨਾ ਲੱਗਾ ਹੋਵੇ।” ਕਹਿੰਦਿਆ ਚੰਨਾ ਗੱਲ ਗੋਲ-ਮੋਲ ਕਰ ਗਿਆ। ਫਿਰ ਉਸਦੀ ਨਿਗਾ ਦਰੀ ‘ਤੇ ਘੁਗੀਆਂ-ਮੋਰਾਂ ‘ਤੇ ਗਈ। ਉਸਨੇ ਦਰੀ ਤੇ ਹੱਥ ਮਾਰਦਿਆਂ ਕਿਹਾ,”ਵੇਖ ਸਿੰਦੋ! ਆ ਦਰੀ ਤਾਂ ਇਵੇਂ ਗੂੜ੍ਹੀ ਲਾਲ ਹੋਈ ਪਈ ਆ, ਜਿੱਦਾਂ ਕਿਸੇ ਨੇ ਖੂਨ ਡੋਲਿਆ ਹੋਵੇ।ਇਹ ਗੱਲ ਸੁਣਕੇ ਸ਼ਿੰਦੋ ਕੰਬ ਗਈ ਅਤੇ ਉਸਨੇ ਝੱਟ ਦੇਣੇ ਟਾਕੀ ਬੰਨਿਆ ਪੈਰ ਮੰਜੇ ਹੇਠਾਂ ਕਰ ਲਿਆ।ਚੰਨੇ ਨੂੰ ਬਿਸ਼ਨੋ ਦੀ ਗੁਥਲੀ ਵਾਲੀ ਕਹੀ ਗੱਲ ਸਮਝੋ ਬਾਹਰ ਜਾਪੀ। ਓਸ ਸੋਚਿਆ ਬਈ ਬੀਬੀ ਕਿਤੇ ਐਵੇਂ ਹੀ ਭਰਮ ਪਾਲ਼ਦੀ ਰਹੀ ਪੈਸਿਆਂ ਵਾਲੀ ਗੁਥਲੀ ਦਾ।
ਸਮਾਂ ਬੀਤਿਆ ਇੱਕ ਦਿਨ ਵੱਡੇ ਪਿੰਡ ਵਾਲੇ ਸਨਿਆਰੇ ਨੇ ਚੰਨੇ ਦਾ ਬੂਹਾ ਆ ਖੜਕਾਇਆ। ਚੰਨਾ ਤਾਂ ਘਰ ਨਹੀਂ ਸੀ। ਸ਼ਿੰਦੋ ਉਸਨੂੰ ਮੰਜੇ ਬਹਾ ਪਾਣੀ ਪਿਆਇਆ।ਚੰਨੇ ਦਾ ਮੁੰਡਾ ਉਸਨੂੰ ਬਾਹਰੋਂ  ਸੱਦ ਲਿਆਇਆ ਬਈ ਘਰੇ ਸਨਿਆਰਾ ਆਇਆ। “ਚੰਨਿਆ! ਬਿਸ਼ਨੋ ਵੱਲੋਂ ਬੜਾ ਮਾੜਾ ਹੋਇਆ।ਰੱਬ ਭਾਣਾ ਮੰਨਣ ਦਾ ਬਲ ਬਖਸ਼ੇ ਤਹਾਨੂੰ! ਬੜੇ ਦਿਨ ਹੋਗੇ ਹਿਰਖ ਕਰਨ ਆਣ-ਆਣ ਕਰਦਾ ਸੀ।” ਸਨਿਆਰੇ ਨੇ ਚਾਹ ਦਾ ਆਖਰੀ ਘੁੱਟ ਭਰ ਗਲਾਸ ਮੰਜੇ ਦੀ ਪੈਂਦ ਵਿੱਚ ਦਿੰਦਿਆਂ ਕਿਹਾ। “ਕੀ ਕੀਤਾ ਜਾ ਸਕਦਾ ਸ਼ਾਹ ਜੀ!ਰੱਬ ਅੱਗੇ ਕੀ ਜੋਰ ਕਿਸੇ ਦਾ।” ਚੰਨਾ ਹੌਕਾ ਭਰਦਾ ਬੋਲਿਆ। ਕੁਝ ਹੋਰ ਗੱਲਾਂ ਕਰਨ ਤੋਂ ਬਾਅਦ ਸਨਿਆਰੇ ਪੁੱਛਿਆ,”ਆਪਣੀ ਵਹੁਟੀ ਦੀਆਂ ਟੂੰਬਾਂ ਕਦੋਂ ਤੱਕ ਲੈਣ ਆਵੇਂਗਾ?ਬਕਾਏ ਦੀ ਰਕਮ ਦੇ ਭਾਈ ਸਾਡੇ ਸਿਰੋਂ ਵੀ ਭਾਰ ਲੱਥੇ।” “ਟੂੰਬਾਂ!ਕਿਹੜੀਆਂ ਟੂੰਬਾਂ ਸ਼ਾਹ ਜੀ?ਗੱਲ ਸਮਝਿਆ ਨਹੀਂ ਮੈਂ?” ਚੰਨੇ ਨੇ ਹੈਰਾਨੀ ਪ੍ਰਗਟ ਕੀਤੀ। ਇਹ ਗੱਲ ਸੁਣ ਚੌਂਕੇ ਬੈਠੀ ਸ਼ਿੰਦੋੋ ਵੀ ਹੈਰਾਨ ਹੋਈ। “ਹੱਛਾ-ਹੱਛਾ!ਬਿਸ਼ਨੋ ਦੱਸਿਆ ਨੀ ਤਹਾਨੂੰ!” ਕਹਿੰਦੇ ਸ਼ਾਹ ਨੇ ਗੱਲ ਖੋਲ੍ਹੀ ਤੇ ਨਾਲ ਹੀ ਸ਼ਿੰਦੋ ਨੂੰ ਵਾਜ ਮਾਰੀ,”ਏਧਰ ਆ ਕੁੜੀਏ ਤੂੰ ਵੀ!ਤੇਰੀ ਸੱਸ ਆਈ ਸੀ ਹੱਟੀ ਤੇ ਕੁਝ ਮਹੀਨੇ ਪਹਿਲਾਂ ਕਹਿੰਦੀ, ‘ਚੰਨੇ ਦੀ ਵਹੁਟੀ ਲਈ ਟੂੰਬਾਂ ਬਣਾਉਣੀਆਂ।ਮੇਰੇ ਕੋਲ ਉਹਦੇ ਸੁੰਨੇ ਕੰਨ ਵੇਖੇ ਨਹੀਂ ਜਾਦੇਂ।ਮੇਰੀ ਨੂੰਹ ਨਹੀਂ ਧੀਅ ਏ। ਬੜਾ ਕੰਮ ਕੀਤਾ ਮੇਰੀ ਧੀਅ ਨੇ ਜਦੋਂ ਤੋਂ ਵਿਆਹੀ ਆਈ। ਬੜੀ ਸੇਵਾ ਕਰਦੀ ਆ ਮੇਰੀ।ਰੱਬ ਸਭ ਨੂੰ ਉਹਦੇ ਵਰਗੀ ਨੂੰਹ ਨਸੀਬ ਕਰੇ।’ ਸਨਿਆਰੇ ਅੱਗੇ ਹੋਰ ਦੱਸਿਆ, “ਸੌ ਰੁਪਈਆ ਤਾਂ ਮੈਨੂੰ ਸਾਈ ਦਾ ਦੇ ਆਈ ਸੀ।ਕਹਿੰਦੀ ਸੀ ‘ਬਾਕੀ ਜਦੋਂ ਬਣ ਗਈਆਂ ਲੈ ਲਈਂ।ਪੈਸੇ ਮੈਂ ਸਾਂਭੇ ਹੋਏ ਆ!” “ਬੀਬੀ ਦੀ ਸੁਰਤ ਟਿਕਾਣੇ ਨਹੀਂ ਸੀ ਸ਼ਾਹ ਜੀ।” ਕਹਿ ਚੰਨੇ ਨੇ ਸਨਿਆਰੇ ਨੂੰ ਤੋਰ ਦਿੱਤਾ। ਪਰ ਸੁਨਿਆਰੇ ਦੀਆਂ ਇਹਨਾਂ ਗੱਲਾਂ ਨੂੰ ਸੁਣਕੇ ਸ਼ਿੰਦੋ ਭੁੱਬਾਂ ਨਿਕਲ ਗਈਆਂ।ਸ਼ਿੰਦੋ ਸ਼ੁਦਾਈਆਂ ਵਾਂਗ ਰੋਂਦੀ-ਰੋਂਦੀ ਅੰਦਰ ਵੜੀ ਤੇ ਪੇਟੀ ਵਿੱਚ ਪਈ ਪੇਕਿਆਂ ਵਾਲੀ ਗੱਠੜੀ ਕੱਢਕੇ ਕੰਧ ਨਾਲ ਵਗਾਹ ਕੇ ਮਾਰੀ।ਫਿਰ ਇਕ ਆਪਣਾ ਨਵਾਂ ਨਕੋਰ ਗੱਠੜੀ ‘ਚੋਂ ਡਿੱਗਾ ਸੂਟ ਫੜਕੇ ਬਿਸ਼ਨੋ ਦਾ ਸੰਦੂਕ ਸਾਫ ਕਰਨ ਲੱਗ ਪਈ। ਚੰਨੇ ਉਹਨੂੰ ਰੋਕਿਆ ਤੇ ਕਿੰਨੀ ਦੇਰ ਤੱਕ ਜੱਫੀ ਲੈ ਚੁੱਪ ਕਰਾਉਂਦਾ ਰਿਹਾ, ਪਰ ਉਸਦੇ ਹੌਕੇ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ।

Related posts

ਕਹਿਣੀ ਤੇ ਕਰਨੀ 

admin

ਦੇ ਮਾਈ ਲੋਹੜੀ… (ਕਹਾਣੀ)

admin

ਮਾਂ ਦੀਆਂ ਅਸਥੀਆਂ ! (ਸੱਚੀ ਕਹਾਣੀ)

admin