ਸੰਨ 97-98 ਦੇ ਸਮਿਆਂ ਦੀ ਗੱਲ ਹੈ।ਮੈਂ ਢਾਹਾਂ-ਕਲੇਰਾਂ ਹਸਪਤਾਲ ਵਿਚ ‘ਪਬਲਿਕ ਰਿਲੇਸ਼ਨ’ ਵਿਭਾਗ ਵਿਚ ਜੌਬ ਕਰਦਾ ਹੁੰਦਾ ਸਾਂ।ਹਸਪਤਾਲ ਵਿਚ ਚਲਦੇ ਮਰੀਜਾਂ ਦੇ ਲੰਗਰ ਵਾਸਤੇ ਅਸੀਂ ਵਾਢੀਆਂ ਦੇ ਦਿਨੀਂ ਇਲਾਕੇ ਵਿਚ ਕਣਕ ਦੀ ਉਗਰਾਹੀ ਕਰਿਆ ਕਰਦੇ ਸਾਂ।ਰੋਜਾਨਾ ਹਸਪਤਾਲ਼ ਦੇ ਕੁੱਝ ਕਰਮਚਾਰੀ ਸੱਜਣ ਦੋ-ਦੋ ਗੋਰਖਿਆਂ ਨੂੰ ਨਾਲ਼ ਲੈ ਕੇ ਵੱਖ ਵੱਖ ਪਿੰਡਾਂ ‘ਚ ਸੁਵਖਤੇ ਨਿਕਲ਼ ਜਾਂਦੇ।
ਮੈਂ ਅਕਸਰ ਆਪਣੇ ਇਲਾਕੇ ਰਾਹੋਂ ਏਰੀਏ ਦੇ ਪਿੰਡਾਂ ਵਿਚ ਕਣਕ ਉਗਰਾਹੀ ਲਈ ਆਉਂਦਾ ਸਾਂ।ਘਟਾਰੋਂ ਪਿੰਡ ਰਹਿੰਦਾ ਹੱਦ ਸਿਰੇ ਦਾ ਸ਼ੁਗਲੀ ਸੁਭਾਅ ਇਕ ਡਾਕਟਰ,ਜੋ ਇਸ ਇਲਾਕੇ ਵਿਚ ਸਿਹਤ ਵਿਭਾਗ ਦੇ ਸਰਕਾਰੀ ਕਰਮਚਾਰੀ ਵਜੋਂ ਬਹੁਤ ਮਕਬੂਲ ਤੇ ਹਰਮਨਪਿਆਰਾ ਸੀ,ਮੇਰੇ ਨਾਲ ਨਿਸ਼ਕਾਮ ਸਹਾਇਕ ਵਜੋਂ ਉਗਰਾਹੀ ਕਰਵਾਉਂਦਾ ਹੁੰਦਾ ਸੀ।ਉਹ ਏਨਾ ਹਾਜ਼ਰ-ਜਵਾਬ ਤੇ ਲਤੀਫੇਬਾਜ਼ ਸੀ ਕਿ ਕਹਿਰਾਂ ਦੀ ਧੁੱਪ ਵਿਚ ਦਰ-ਦਰ ਘੁੰਮਦਿਆਂ ਨੂੰ ਵੀ ਸਾਨੂੰ ਭੋਰਾ ਥਕਾਵਟ ਮਲੂਮ ਨਹੀਂ ਸੀ ਹੁੰਦੀ!
ਉਗਰਾਹੀ ਮਿਸ਼ਨ ‘ਤੇ ਚੜ੍ਹੇ ਹੋਏ ਅਸੀਂ ਇਕ ਦਿਨ ਰਾਹੋਂ ਖੇਤਰ ਦੇ ਭਾਰੇ ਪਿੰਡ ਵਿਚ ਵੜੇ ਤਾਂ ਡਾਕਟਰ ਮੋਹਰੇ ਹੋ ਕੇ ਜਿਸ ਘਰ ਦਾ ਵੀ ਦਰਵਾਜਾ ਜਾਂ ਗੇਟ ਖੜਕਾਵੇ, ‘ਪ੍ਰਧਾਨ ਜੀ ?’ ਜਾਂ ‘ਪ੍ਰਧਾਨ ਸਾਹਬ ?’ ਕਹਿ ਕੇ ‘ਵਾਜ ਮਾਰਿਆ ਕਰੇ!
ਦੁਪਹਿਰ ਕੁ ਤੱਕ ਤਾਂ ਮੈਂ ਉਹਦਾ ਇਹ ‘ਅਵਾਜਾ’ ਸੁਣੀ ਗਿਆ-ਸੁਣੀ ਗਿਆ ! ਹਰੇਕ ਨੂੰ ‘ਪ੍ਰਧਾਨ ਜੀ’ ਸੁਣ-ਸੁਣ ਕੇ ਅੱਕਿਉ ਨੇ ਮੈਂ ਡਾਕਟਰ ਨੂੰ ਪਾਸੇ ਜਿਹੇ ਕਰਕੇ ਹੈਰਾਨੀ ਨਾਲ਼ ਪੁੱਛਿਆ ਕਿ ਮਾਰਾਜ ਜੀ,ਪਿੰਡਾਂ ਵਿਚ ਕੋਈ ਇਕ-ਅੱਧ ਬੰਦਾ ਤਾਂ ਕਿਸੇ ਸਭਾ-ਸੋਸਾਇਟੀ ਦਾ ਪ੍ਰਧਾਨ ਹੁੰਦਾ ਐ,ਪਰ ਏਸ ਇੱਕੋ ਪਿੰਡ ਵਿਚ ਐਨੇ ਪ੍ਰਧਾਨ ? ਕਿਆ ਇਹ ਸਾਰਾ ਪਿੰਡ ‘ਪ੍ਰਧਾਨਾਂ’ ਦਾ ਹੀ ਐ ??
ਕੋਈ ਉੱਤਰ ਦੇਣ ਦੀ ਬਜਾਏ ਉਹ ਮਿੰਨ੍ਹਾਂ ਜਿਹਾ ਮੁਸਕ੍ਰਾ ਕੇ ਕਹਿੰਦਾ-
“ਇਹਦਾ ਜਵਾਬ ਵੀ ਦੇ ਦਿੰਨਾਂ ਤੁਹਾਨੂੰ…….!”
ਚਲੋ,ਦੁਪਹਿਰ ਦੇ ਪ੍ਰਸ਼ਾਦੇ ਪਾਣੀ ਤੋਂ ਬਾਅਦ ਪਿੰਡ ਦੇ ਬਾਕੀ ਰਹਿੰਦੇ ਘਰਾਂ ਵਿਚ ਉਗਰਾਹੀ ਮੌਕੇ ਉਹਦੀ ‘ਪ੍ਰਧਾਨ ਸਾਬ੍ਹ …ਪ੍ਰਧਾਨ ਜੀ ?’ ਵਾਲ਼ੀ ‘ਮੁਹਾਰਨੀ’ ਫੇਰ ਚੱਲੀ ਗਈ।ਜਦ ਤਿੰਨ ਕੁ ਵਜੇ ਬਾਅਦ ਦਿਨ ਢਲ਼ਿਆ ਤਾਂ ਉਸਨੇ ਪਹਿਲਾਂ ਵਾਂਗ ਹੀ ‘ਪ੍ਰਧਾਨ ਸਾਬ੍ਹ’ ਕਹਿ ਕੇ ਇਕ ਘਰ ਦਾ ਦਰਵਾਜਾ ਖੜਕਾਇਆ।ਅੰਦਰੋਂ ਇਕ ਕਮਜ਼ੋਰ ਲਿੱਸਾ ਜਿਹਾ ਬੰਦਾ ਨਿਕਲ਼ਿਆ ਤੇ ‘ਆਉ ਜੀ ਡਾਕਟਰ ਸਾਬ੍ਹ’ ਕਹਿ ਕੇ ਉਹ ਹੱਥ ਜੋੜਦਿਆਂ ਬੋਲਿਆ-
“ਭਰਾਵਾ ਮੈਨੂੰ ਤਾਂ ਕੋਈ ਪਿੰਡ ਦਾ ਚੌਂਕੀਦਾਰ ਨੀ ਬਣਾਉਂਦਾ ! ਮੈਨੂੰ ਕਾਹਨੂੰ ਭਰਦਾਨ ਸਾਬ੍ਹ ਕਹੀ ਜਾਨਾ ਐਂ ਮੁਫਤ ਦਾ…?”
ਉਸ ਬੰਦੇ ਨੇ ਬੜੇ ਪ੍ਰੇਮ ਨਾਲ ਸਾਨੂੰ ਚਾਹ-ਪਾਣੀ ਵੀ ਪੁੱਛਿਆ ਤੇ ਸਾਡੀ ਬੋਰੀ ‘ਚ ਦੋ ਪੀਪੇ ਦਾਣਿਆਂ ਦੇ ਉਲ਼ੱਦ ਦਿੱਤੇ!
ਉਹਦੇ ਘਰੋਂ ਨਿਕਲ਼ ਕੇ ਬਾਹਰ ਗਲ਼ੀ ਵਿਚ ਆਉਂਦਿਆਂ ਡਾਕਟਰ ਮੇਰੇ ਵੱਲ੍ਹ ਨੂੰ ਮੂੰਹ ਕਰਕੇ ਕਹਿੰਦਾ-“ਮਿਲ਼ ਗਿਆ ਜੀ ਜਵਾਬ ਤੁਹਾਨੂੰ ਆਪਣੇ ਸਵਾਲ ਦਾ ?”
“ਇਸ ਪਿੰਡ ਵਿਚ ਵੱਡੇ-ਵੱਡੇ ਮਹਿਲਾਂ ਵਰਗੀਆਂ ਕੋਠੀਆਂ ਵਾਲ਼ਿਆਂ ਵਿਚੋਂ ਕਿਸੇ ਇਕ ਜਣੇ ਨੇ ਵੀ ਆਹ ਭਾਈ ਵਾਲ਼ੀ ਗੱਲ ਕਹੀ ਐ ?” ਡਾਕਟਰ ਮੈਨੂੰ ਹੋਰ ਖੋਲ੍ਹ ਕੇ ਸਮਝਾਉਂਦਿਆਂ ਕਹਿਣ ਲੱਗਾ-
“ਬਾਕੀ ਸਾਰੇ ਮੇਰੇ ਮੂੰਹੋਂ ਆਪਣੇ ਆਪ ਨੂੰ ‘ਪ੍ਰਧਾਨ ਸਾਹਬ’ ਕਹਿਆ ਸੁਣ ਕੇ ਫੁੱਲ ਕੇ ਕੁੱਪਾ ਹੋ ਜਾਂਦੇ ਸਨ!ਇਸੇ ‘ਫੋਕੀ ਪ੍ਰਧਾਨਗੀ’ ਕਰਕੇ ਹੀ ਉਹ ਦੋਂਹ ਦੀ ਬਜਾਏ ਚਾਰ-ਪੰਜ ਪੀਪੇ ਦਾਣਿਆਂ ਦੇ ਪਾਉਂਦੇ ਰਹੇ ਸਾਨੂੰ !”