ਚਾਰ ਦਿਨਾਂ ਭਾਰਤ ਯਾਤਰਾ ’ਤੇ ਪਰਵਾਰ ਸਮੇਤ ਦਿੱਲੀ ਪੁੱਜੇ ਅਮਰੀਕੀ ਉਪ-ਰਾਸ਼ਟਰਪਤੀ ਸੋਮਵਾਰ, 21 ਅਪ੍ਰੈਲ ਨੂੰ ਸਵੇਰੇ 9.30 ਵਜੇ ਪਾਲਮ ਏਅਰਬੇਸ ਪਹੁੰਚੇ ਜਿਥੇ ਉਨ੍ਹਾਂ ਦਾ ਸਵਾਗਤ ਕੇਂਦਰੀ ਸਰਕਾਰ ਦੇ ਸੀਨੀਅਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੀਤਾ। ਅਮਰੀਕੀ ਉਪ-ਰਾਸ਼ਟਰਪਤੀ ਦੇ ਦੋਹਾਂ ਮੁੰਡਿਆਂ ਨੇ ਕੁੜਤਾ-ਪਜਾਮਾ ਅਤੇ ਕੁੜੀ ਮੀਰਾਬੇਲ ਨੇ ਹਰੇ ਰੰਗ ਦਾ ਅਨਾਰਕਲੀ ਸੂਟ ਅਤੇ ਜੈਕੇਟ ਪਹਿਨੀ ਹੋਈ ਸੀ। ਅਮਰੀਕੀ ਉਪ-ਰਾਸ਼ਟਰਪਤੀ ਨੂੰ ਏਅਰਬੇਸ ’ਤੇ ਰਸਮੀ ‘ਗਾਰਡ ਆਫ ਆਨਰ’ ਦਿਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਇਲਾਵਾ ਵਾਂਸ ਅਤੇ ਉਨ੍ਹਾਂ ਦੇ ਪਰਵਾਰ ਦੀ ਭਾਰਤ ਯਾਤਰਾ ਮੁੱਖ ਤੌਰ ’ਤੇ ਨਿੱਜੀ ਯਾਤਰਾ ਹੈ। ਅਮਰੀਕੀ ਨੇਤਾ ਅਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਇਟਲੀ ਪੜਾਅ ਦੌਰਾਨ ਈਸਟਰ ਸੰਡੇ ’ਤੇ ਪੋਪ ਫਰਾਂਸਿਸ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਕ ਦਿਨ ਬਾਅਦ ਦਿੱਲੀ ਪਹੁੰਚੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ‘ਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕੀਤੀ ਹੈ। ਮੀਟਿੰਗ ਦੌਰਾਨ ਜੇਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਅਤੇ ਉਨ੍ਹਾਂ ਦੇ ਬੱਚੇ ਵੀ ਮੌਜੂਦ ਸਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਸਵਾਗਤ ਕੀਤਾ। ਅਮਰੀਕੀ ਉਪ-ਰਾਸ਼ਟਰਪਤੀ ਦੇ ਨਾਲ, ਪੰਜ ਸੀਨੀਅਰ ਅਮਰੀਕੀ ਅਧਿਕਾਰੀ ਵੀ ਭਾਰਤ ਆਏ ਹਨ। ਇਨ੍ਹਾਂ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ। ਅਮਰੀਕੀ ਉਪ-ਰਾਸ਼ਟਰਪਤੀ ਅਤੇ ਉਸਦਾ ਪਰਿਵਾਰ ਦਿੱਲੀ ਤੋਂ ਇਲਾਵਾ ਆਗਰਾ ਅਤੇ ਜੈਪੁਰ ਦਾ ਦੌਰਾ ਵੀ ਕਰ ਰਹੇ ਹਨ। ਆਗਰਾ ਦੀ ਅਪਣੀ ਯਾਤਰਾ ਸਮਾਪਤ ਕਰਨ ਤੋਂ ਬਾਅਦ, ਉਪ-ਰਾਸ਼ਟਰਪਤੀ ਜੇਡੀ ਵੈਂਸ 23 ਅਪ੍ਰੈਲ ਨੂੰ ਦੁਪਹਿਰ ਬਾਅਦ ਜੈਪੁਰ ਵਾਪਸ ਆ ਜਾਣਗੇ। ਅਮਰੀਕੀ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ 24 ਅਪ੍ਰੈਲ ਨੂੰ ਜੈਪੁਰ ਤੋਂ ਅਮਰੀਕਾ ਲਈ ਰਵਾਨਾ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਨੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਗੱਲਬਾਤ ਦੌਰਾਨ, ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਵਿੱਚ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਆਪਸੀ ਹਿੱਤ ਦੇ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਆਗੂਆਂ ਵਿਚਕਾਰ ਗੱਲਬਾਤ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੈਂਸ ਨੇ ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀਆਂ ਵਿੱਚ ਸਹਿਯੋਗ ਵਧਾਉਣ ਲਈ ਚੱਲ ਰਹੇ ਯਤਨਾਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਸ ਨੇ ਭਾਰਤ-ਅਮਰੀਕਾ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਕਾਰਾਤਮਕ ਮੁਲਾਂਕਣ ਕੀਤਾ। ਅਮਰੀਕੀ ਉਪ-ਰਾਸ਼ਟਰਪਤੀ ਨਾਲ ਮੁਲਾਕਾਤ ਵਿੱਚ ਭਾਰਤੀ ਵਫ਼ਦ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਵੀ ਸ਼ਾਮਲ ਸਨ।
ਜੋਅ ਬਾਇਡਨ ਦੀ 2013 ਵਿੱਚ ਨਵੀਂ ਦਿੱਲੀ ਦੀ ਫੇਰੀ ਤੋਂ ਬਾਅਦ ਉਹ 12 ਸਾਲਾਂ ਵਿੱਚ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਉਪ-ਰਾਸ਼ਟਰਪਤੀ ਹਨ। ਵੈਂਸ ਅਜਿਹੇ ਮੌਕੇ ਭਾਰਤ ਦੀ ਫੇਰੀ ’ਤੇ ਆਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਣੇ ਕਰੀਬ 60 ਦੇਸ਼ਾਂ ਉੱਤੇ ਲੱਗਣ ਵਾਲੇ ਜਵਾਬੀ ਟੈਕਸ ਦੇ ਅਮਲ ’ਤੇ ਅਗਲੇ ਤਿੰਨ ਮਹੀਨਿਆਂ ਲਈ ਰੋਕ ਲਾ ਦਿੱਤੀ ਹੈ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਹੁਣ ਇੱਕ ਦੁਵੱਲੇ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਲਈ ਗੱਲਬਾਤ ਕਰ ਰਹੇ ਹਨ ਜਿਸ ਵਿੱਚ ਟੈਰਿਫ ਅਤੇ ਮਾਰਕੀਟ ਪਹੁੰਚ ਸਮੇਤ ਕਈ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਹੈ। ਪਿਛਲੇ ਮਹੀਨੇ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧੀ ਬ੍ਰੈਂਡਨ ਲੰਿਚ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਦੁਵਲੇ ਵਪਾਰ ਸਮਝੌਤੇ (ਬੀ.ਟੀ.ਏ.) ਨੂੰ ਮਜ਼ਬੂਤ ਕਰਨ ਲਈ ਅਪਣੇ ਭਾਰਤੀ ਵਾਰਤਾਕਾਰਾਂ ਨਾਲ ਗੱਲਬਾਤ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਟਕਰਾਅ ਨੇ ਗਲੋਬਲ ਵਪਾਰ ਜੰਗ ਦਾ ਡਰ ਪੈਦਾ ਕਰ ਦਿਤਾ ਹੈ। ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ਇਨ੍ਹਾਂ ’ਤੇ 90 ਦਿਨਾਂ ਲਈ ਰੋਕ ਲਗਾਉਣ ਦਾ ਐਲਾਨ ਕੀਤਾ ਸੀ।
ਕੈਲੰਡਰ ਸਾਲ 2023 ਲਈ ਵਸਤੂਆਂ ਅਤੇ ਸੇਵਾਵਾਂ ’ਚ ਕੁਲ ਦੁਵੱਲਾ ਵਪਾਰ 190 ਬਿਲੀਅਨ ਡਾਲਰ ਦੇ ਨਾਲ ਅਮਰੀਕਾ, ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਵਿੱਤੀ ਸਾਲ 2023-24 ’ਚ ਅਮਰੀਕਾ 4.99 ਅਰਬ ਡਾਲਰ ਦੇ ਨਿਵੇਸ਼ ਨਾਲ ਭਾਰਤ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦਾ ਤੀਜਾ ਸੱਭ ਤੋਂ ਵੱਡਾ ਸਰੋਤ ਰਿਹਾ ਹੈ। ਵਾਸ਼ਿੰਗਟਨ ਨਵੀਂ ਦਿੱਲੀ ’ਤੇ ਹੋਰ ਅਮਰੀਕੀ ਤੇਲ, ਗੈਸ ਅਤੇ ਫੌਜੀ ਪਲੇਟਫਾਰਮ ਖਰੀਦਣ ਲਈ ਵੀ ਦਬਾਅ ਪਾ ਰਿਹਾ ਹੈ ਤਾਂ ਜੋ ਵਪਾਰ ਘਾਟੇ ਨੂੰ ਘੱਟ ਕੀਤਾ ਜਾ ਸਕੇ ਜੋ ਭਾਰਤ ਦੇ ਪੱਖ ਵਿਚ ਲਗਭਗ 45 ਅਰਬ ਡਾਲਰ ਹੈ।