Articles

ਪ੍ਰਾਚੀਨ ਯੂਨਾਨ ‘ਚ ਸਕੂਲ ਦੇ ਨਵੇਕਲੇ ਅਰਥ !

ਸਾਡੇ ਸਮਿਆਂ ‘ਚ ਤਾਂ ਸਕੂਲ ਇੱਕ ਡਰਾਉਣੀ ਥਾਂ ਹੁੰਦੀ ਸੀ, ਸਕੂਲ ਘਟ ਤੇ ਪੁਲਿਸ ਸਟੇਸ਼ਨ ਵੱਧ!
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਮੇਰੀ ਬੇਟੀ ਦੀ ਬੇਟੀ ਦੇ ਬਸਤੇ ਦਾ ਭਾਰ ਬਹੁਤ ਹੀ ਬੋਝਲ ਹੈ, ਸ਼ਾਇਦ ਬੱਚੀ ਦੇ ਆਪਣੇ ਭਾਰ ਨਾਲੋਂ ਵਧੇਰੇ! ਬਸਤਾ ਚੁੱਕ ਕੇ ਉਹ ਬਾਲ-ਉਮਰੇ ਹੀ ਕੁੱਬੀ ਜਿਹੀ ਹੋ ਕੇ ਤੁਰਦੀ ਹੈ। ਬੱਚਾ ਨਹੀਂ ਸਗੋਂ ਬੈਲ ਲੱਦਿਆ ਲਗਦੈ! ਬਾਕੀ ਕਸਰ ਉਸ ਦੀ ਉਮਰ ਵਾਲਿਆਂ ਬੱਚਿਆਂ ਨਾਲੋਂ ਵਧੇਰੇ ਔਖਾਂ ਪਾਠਕ੍ਰਮ ਪੂਰੀ ਕਰ ਦਿੰਦੈ। ਹਾਂ, ਉਹ ਚੰਗੇ ਸਕੂਲ ‘ਚ ਪੜ੍ਹਦੀ ਹੈ, ਸਕੂਲ ਬੱਸ ‘ਚ ਜਾਂਦੀ ਹੈ। ਪਰ ਸਾਧਾਰਨ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਬਸਤਿਆਂ ਦੇ ਭਾਰ ਨਾਲ ਕਚੂੰਬਰ ਨਿਕਲ ਜਾਂਦੈ। ਬਹੁਤੇ ਤਾਂ ਜਾਂਦੇ ਵੀ ਪੈਦਲ ਹਨ, ਬੱਸ ਨਸੀਬ ‘ਚ ਨਹੀਂ; ਅਜੇ ਉਹਨਾਂ ਆਪਣੇ ਨਸੀਬ ਆਪ ਘੜਨੇ ਹਨ!

ਸਾਡੇ ਸਮਿਆਂ ‘ਚ ਤਾਂ ਸਕੂਲ ਇੱਕ ਡਰਾਉਣੀ ਥਾਂ ਹੁੰਦੀ ਸੀ, ਸਕੂਲ ਘਟ ਤੇ ਪੁਲਿਸ ਸਟੇਸ਼ਨ ਵੱਧ! ਜਿਥੇ ਮਾਸਟਰ ਪੁਲਿਸ ਵਾਲਿਆਂ ਵਾਂਗ ਕੁਟਾਪਾ ਚਾੜ੍ਹਦੇ ਸਨ। ਮੁੰਡਿਆਂ ਨੂੰ ‘ਮੁਰਗੇ ਬਨਾਉਣਾ’ ਤਾਂ ਜਿਵੇਂ ਉਹਨਾਂ ਦਾ ਰੋਜ਼ ਦਾ ਸ਼ੁਗਲ ਹੋਵੇ। ਕਈ ਮਾਸਟਰ ਤਾਂ ਉਂਗਲਾਂ ਵਿੱਚ ਪੈਨਸਲ ਪਰੋਅ ਕੇ ਹੱਥ ਜ਼ੋਰ ਦੀ ਘੁੱਟ ਦਿੰਦੇ ਸਨ ਜਿਸ ਨਾਲ ਬੱਚੇ ਦੀਆਂ ਚੀਕਾਂ ਨਿਕਲ ਜਾਂਦੀਆਂ ਸਨ। ਓਹਨੀ ਦਿਨੀ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’ ਅਤੇ ‘ਮੁੰਡਾ ਤੇ ਰੰਬਾ ਚੰਡੇ ਹੀ ਚੰਗੇ’ ਵਾਲੇ ਸਿਧਾਂਤ ਪ੍ਰਬਲ ਸਨ। ਅੰਗਰੇਜ਼ੀ ਵਾਲੇ ਇਸ ਨੂੰ ‘ਸਪੇਅਰ ਦ ਰੌਡ ਐਂਡ ਸਪੌਇਲ ਦ ਚਾਈਲਡ’ (ਡੰਡਾ ਛੱਡਿਆਂ ਨਈਂ ਬੱਚਾ ਵਿਗੜਿਆ ਨਈਂ) ਕਹਿੰਦੇ ਹਨ। ਅਜਿਹੇ ‘ਤਸੀਹਾ ਘਰਾਂ’ ਵਿੱਚ ਜਾਣ ਤੋਂ ਬੱਚੇ ਤ੍ਰਹਿਣਗੇ ਨਹੀਂ ਤਾਂ ਹੋਰ ਜਾਣ ਨੂੰ ਤਰਸਣਗੇ!

ਅੱਜ ਕੱਲ੍ਹ ਦਾ ਪਤਾ ਨਹੀਂ ਪਰ ‘ਮੁਰਗੇ’ ਬਨਾਉਣ ਦਾ ‘ਕਸਰਤੀ’ ਕਾਰਜ ਤਾਂ ਕਈ ਸਕੂਲਾਂ ਵਿਚ ਅਜੇ ਵੀ ਹੁੰਦੈ। ਬੱਚਿਆਂ ਨੂੰ ਕੁੱਟਣ ਦੀਆਂ ਖਬਰਾਂ ਵੀ ਪੜ੍ਹਦੇ ਰਹੀਦੈ। ਕਈ ਵਿਦਵਾਨ ਤਾਂ ਸਕੂਲ ਨੂੰ ‘ਜੇਲ’ ਨਾਲ ਵੀ ਤੁਲਨਾਂ ਦਿੰਦੇ ਹਨ। ਪਰ ਕਈ ਇਸ ਨੂੰ ਵਿਦਿਆ ਦਾ ਮੰਦਰ ਵੀ ਕਹਿੰਦੇ ਹਨ।ਕਈ ਚੰਗੇ ਸਕੂਲ ਚੰਗੇ ਵੀ ਹਨ।

ਐਂਗਲੋ-ਆਇਰਸ਼ ਕਵੀ ਔਲੀਵਰ ਗੋਲਡਸਮਿਥ (1728-1774) ਦੀ ਮਸ਼ਹੂਰ ਕਵਿਤਾ ‘ਦਿ ਵਿਲੇਜ ਸਕੂਲ ਮਾਸਟਰ’ (ਪਿੰਡ ਦਾ ਅਧਿਆਪਕ) ਇੱਕ ਬਾ-ਕਮਾਲ ਵਿਵਰਨੀ ਰਚਨਾਂ ਹੈ। ਕੇਵਲ ਦੋ ਸਤਰਾਂ ਪੜ੍ਹੋ- ‘(ਅਧਿਆਪਕ) ਬੰਦਾ ਬੜਾ ਸਖਤ ਸੀ ਅਤੇ ਦਿਸਣ ‘ਚ ਵੀ ਨਿਰਦਈ/…ਸਾਹਜਰੇ ਉਸਦਾ ਚਿਹਰਾ ਦੇਖ ਕੇ ਹੀ ਕੰਬਦੇ (ਵਿਦਿਆਰਥੀ) ਉਹਨਾਂ ਨਾਲ ਦਿਨ ਵੇਲੇ ਵਾਪਰਨ ਵਾਲੀਆਂ ਬਿਪਤਾਵਾਂ ਪਛਾਣ ਲੈਂਦੇ ਸਨ’!

ਪਰ ਪ੍ਰਾਚੀਨ ਯੂਨਾਨ ਵਿੱਚ ਸਕੂਲ਼ ਦੇ ਅਰਥ ਬਿਲਕੁਲ ਨਵੇਕਲੇ ਸਨ, ਅੱਜ-ਕੱਲ੍ਹ ਦੇ ਸਕੂਲਾਂ ਵਾਲੇ ਨਹੀਂ। ਯੂਨਾਨੀ ਭਾਸ਼ਾ ਵਿੱਚ ਸਕੂੁਲ਼ ਨੂੰ ‘ਸਕੋਹਲ’ ਕਹਿੰਦੇ ਸਨ, ਜਿਸ ਦਾ ਅਰਥ ‘ਲੈੱਯਰ’ ਸੀ, ਭਾਵ ਫੁਰਸਤ, ਵਿਹਲ, ਧਿਆਨ, ਘੋਖ, ਵਿਚਾਰਨ, ਚਰਚਾ, ਚਿੰਤਨ, ਗਿਆਨ ਪ੍ਰਾਪਤੀ ਆਦਿ ਲਈ ਖਾਲੀ ਸਮਾਂ!

ਤੁਸੀਂ ਮੰਨੋਂ ਭਾਂਵੇਂ ਨਾ, ਅਸੀਂ ਆਪ ਸਕੂਲ ਦੇ ਇਹ ਯੂਨਾਨੀ ਅਰਥ ਪੜ੍ਹ ਕੇ ਹੈਰਾਨ ਰਹਿ ਗਏ। ਖਾਸ ਕਰਕੇ ਇਸ ਲਈ ਵੀ ਕਿ ਸਾਡੇ ਵੇਲੇ ਸਕੂਲ ਕਿਸੇ ਵੀ ਕਿਸਮ ਦੀ ਸਹੂਲਤ ਤੋਂ ਸੱਖਣੇ ਹੁੰਦੇ ਸਨ। ਪਰ ਮਾਸਟਰਾਂ ਵਲੋਂ ‘ਸੇਵਾ’ ਰੱਜ ਕੇ ਕੀਤੀ ਜਾਂਦੀ ਸੀ।

ਪਰ ਪ੍ਰਾਚੀਨ ਯੂਨਾਨੀਆਂ ਦਾ ਮੰਨਣਾ ਸੀ ਕਿ ਫੁਰਸਤ ਦੇ ਪਲ ਸੋਚ-ਵਿਚਾਰ ਨੂੰ ਜਨਮ ਦਿੰਦੇ ਹਨ; ਵਿਹਲ ਵੇਲੇ ਵਿਚਾਰ-ਵਟਾਂਦਰਾ ਹੋ ਸਕਦੈ। ਉਹਨਾਂ ਦਾ ਮਤ ਸੀ ਕਿ ਸਹਿਜ ‘ਤੇ ਸੁਖਧ ਸਥਿਤੀ ਵਿਚ ਹੀ ਸਿਖਿਆ ਜਾ ਸਕਦੈ। ਬੇਸ਼ਕ ਅੱਜ ਕੱਲ੍ਹ ‘ਵਿਹਲਾ ਮਨ ਸ਼ੈਤਾਨ ਦਾ ਘਰ’ ਕਿਹਾ ਜਾਂਦੈ ਪਰ ਪ੍ਰਾਚੀਨ ਯੂਨਾਨ ਵਾਲਿਆਂ ਦਾ ਵਿਚਾਰ ਸੀ ਕਿ ਵਿਹਲ ਗਿਆਨ-ਪ੍ਰਾਪਤੀ ਅਤੇ ਵਿਚਾਰ-ਵਟਾਂਦਰੇ ਦਾ ਵਧੀਆ ਮਾਧਿਅਮ ਹੈ। ਯੂਨਾਨੀ ਸਕੂਲ ਨੂੰ ਸਿੱਖਿਆ ਅਤੇ ਚਰਚਾ ਦਾ ਕੇਂਦਰ ਮੰਨਦੇ ਸਨ। ਉਹਨਾਂ ਅਨੁਸਾਰ ਗਿਆਨ ਦੀ ਭਾਲ ਦਾ ਬਿਹਤਰ ਵਸੀਲਾ ਵਿਹਲ ਨੂੰ ਵਰਤਣਾਂ ਹੈ।

‘ਵਿਕਸ਼ਨਰੀ ਡਾਟ ਕਾਮ’ ਅਨੁਸਾਰ ਬਾਅਦ ‘ਚ ਸਕੂਲ ਦਾ ਇਹੀ ਅਰਥ ‘ਇੱਕ ਅਜਿਹਾ ਗਰੁੱਪ ਜਿਸ ਨੂੰ ਲੈਕਚਰ ਦਿਤਾ ਜਾਂਦੈ’ ਵਿੱਚ ਪਰਿਵਰਤਿਤ ਹੋ ਗਿਆ। ਇਸ ਤੋਂ ਇਲਾਵਾ ਇਸ ਦੇ ਹੋਰ ਅਰਥਾਂ ਵਿਚ ਸਕੂਲ ਫਿਲਾਸਫੀ ਅਤੇ ਲੈਕਚਰ ਦਾ ਸਥਾਨ ਵੀ ਹਨ। ਕੁਝ ਸਰੋਤਾਂ ਵਿਚ ਇਹ ਵੀ ਕਿਹਾ ਗਿਐ ਕਿ ਪ੍ਰਾਚੀਨ ਯੂਨਾਨ ਵਿਚ ਵਿਦਿਆ ਮੁੱਖ ਤੌਰ ਤੇ ਵਿਸ਼ੇਸ਼ਾਧਿਕ੍ਰਿਤ ਵਰਗ ਦੇ ਅਜਿਹੇ ਲੋਕ ਹੀ ਪ੍ਰਾਪਤ ਕਰਦੇ ਸਨ ਜਿਹਨਾਂ ਕੋਲ ਵਿਹਲ ਦੀ ‘ਅਯਾਸ਼ੀ’ ਹੁੰਦੀ ਸੀ ‘ਤੇ ਉਹ ਇਸ ਨੂੰ ਦਾਰਸ਼ਨਿਕ ਖੋਜ ਅਤੇ ਬੌਧਿਕ ਗਤੀਵਿਧੀਆਂ ਲਈ ਵਰਤਦੇ ਸਨ।

‘ਕੋਲਿਨਜ਼ ਇੰਗਲਿਸ਼ ਡਿਕਸ਼ਨਰੀ’,’ਵਿਕਸ਼ਨਰੀ ਡਾਟ ਕਾਮ’,’ਮੈਰੀਯਮ ਵੈਬਸਟਰ ਡਾਟ ਕਾਮ’ ਅਤੇ ਸ਼ਬਦ ਵਿਗਿਆਨ ਦੇ ਹੋਰ ਸਰੋਤਾਂ ਅਨੁਸਾਰ ਅਸਲ਼ ‘ਚ ਸਕੂਲ ਸ਼ਬਦ ਲਾਤੀਨੀ ਭਾਸ਼ਾ ਅਤੇ Eਲਡ ਅੰਗਰੇਜ਼ੀ ਦੇ ‘ਸਕੋਲ/ਸਕੋਲੂ’ ਤੋਂ ਪੈਦਾ ਹੋਇਐ। ਇਹਨਾਂ ਸ਼ਬਦਾਂ ਦਾ ਅਰਥ ਸਿਖਿਆ/ਸੂਚਨਾਂ ਦੇਣ ਵਾਲੀ ਸੰਸਥਾ ਹੈ। ਲਾਤੀਨੀ ਦਾ ਹੀ ਇੱਕ ਹੋਰ ਸ਼ਬਦ ‘ਸਕੋਲਾ’ ਹੈ ਜਿਸ ਦਾ ਅਰਥ ‘ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮਿਲਣ ਸਥਾਨ, ਸਿਖਿਆ ਦੇਣ ਅਤੇ ਵਿਦਵਤਾ ਭਰਪੂਰ ਵਿਚਾਰ-ਚਰਚਾ ਦੀ ਥਾਂ’ ਹੈ।

ਲਾਤੀਨੀ ਭਾਸ਼ਾ ਦੇ ਸ਼ਬਦਾਂ ਤੋਂ Eਲਡ ਫਰੈਂਚ ਦੇ ‘ਐਸਕੋਲੇ’ ਰਾਹੀਂ ਹੁੰਦਾ ਹੋਇਆ ਇਹ ਆਪਣੇ ਮੌਜੂਦਾ ਰੂਪ ‘ਸਕੂਲ’ ਤੱਕ ਪੁੱਜਾ।

ਵਿਦਿਆਰਥੀ ਨੂੰ ਅੰਗਰੇਜ਼ੀ ਵਿੱਚ ‘ਸਟਿਯੂਡੈਂਟ’ ਕਹਿੰਦੇ ਹਨ (ਪ੍ਰਚੱਲਿਤ ਉਚਾਰਨ ਸਟੂਡੈਂਟ ਹੈ)। ਇਸ ਸ਼ਬਦ ਦਾ ਮੂਲ ਵੀ ਲਾਤੀਨੀ ਭਾਸ਼ਾ ਦਾ ਸ਼ਬਦ ‘ਸਟੂਡਿਏਰੇ’ ਅਤੇ ‘ਸਟੂਡਿਯਮ’ ਹੈ। ਇਹਨਾਂ ਦਾ ਅਰਥ ਮਿਹਨਤ ਕਰਨਾਂ ਅਤੇ ਆਪਣੇ ਆਪ ਨੂੰ ਵਿਹਾਰਿਕ ਬਨਾਉਣਾ ਹੈ। Eਲਡ ਫਰੈਂਚ ਵਿਚ ਇਸ ਦਾ ਮੂਲ ‘ਐਸਟੂਡੀਐਂਟ’ ਹੈ ਜਿਸ ਦਾ ਅਰਥ ਮਿਹਨਤੀ ਅਤੇ ਗਿਆਨ ਗ੍ਰਹਿਣ ਕਰਨ ਵਾਲਾ ਸ਼ਖਸ ਹੈ। ਲਾਤੀਨੀ ਦੇ ‘ਸਟੂਡਿE’ ਦਾ ਤਾਂ ਸਿੱਧਾ ਅਰਥ ਹੀ ‘ਸਟੱਡੀ’(ਪੜ੍ਹਨਾ) ਹੈ ਅਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ।

ਵਿਦਿਆ, ਭਾਵ ਐਜੂਕੇਸ਼ਨ ਨੂੰ ਲਾਤੀਨੀ ਵਿੱਚ ‘ਐਜੂਕੇਅਰ/ਐਜੂਕੇਸ਼ਨਮ’ ਕਹਿੰਦੇ ਹਨ ਜਿਸ ਦਾ ਅਰਥ ਬੱਚੇ ਨੂੰ ਸਿਖਾਉਣਾ, ਪਾਲਣਾ, ਪੋਸ਼ਣ ਕਰਨਾਂ, ਸੇਧ ਦੇਣਾ, ਟਰੇਨ ਕਰਨਾ, ਅਗਵਾਈ ਅਤੇ ਪ੍ਰਫੁੱਲਤ ਕਰਨਾ ਹੈ।

ਸੰਸਕ੍ਰਿਤ ਮੂਲ ਦੇ ‘ਵਿਦਿਯਾ’ ਤੋਂ ਬਣੇ ਸ਼ਬਦ ‘ਵਿਦਿਆ’ ਦਾ ਅਰਥ ਪੜ੍ਹਨ ਤੋਂ ਪੈਦਾ ਹੋਇਆ ਗਿਆਨ, ਇਲਮ ਹੈ। ਇਸ ਸਭ ਦਾ ਸਾਦਾ ਜਿਹਾ ਮਤਲਬ ਵਿਦਿਆ ਰਾਹੀਂ ਬੱਚੇ ਦਾ ਬਹੁ-ਪੱਖੀ ਵਿਕਾਸ ਕਰਨਾਂ ਹੈ।

ਚੰਗਾ ਅਧਿਆਪਕ ਬੱਚਿਆਂ ਅੰਦਰ ਸਕੂਲ ਅਤੇ ਸਿੱਖਿਆ ਦੀ ਖਿੱਚ ਪੈਦਾ ਕਰਦਾ ਹੈ। ਅਮਰੀਕੀ ਲੇਖਕ ਵਿਲੀਅਮ ਆਰਥਰ ਵਾਰਡ (1921-1994) ਅਨੁਸਾਰ, ”ਇੱਕ ਆਮ ਅਧਿਆਪਕ ਦਸਦੈ; ਚੰਗਾ ਅਧਿਆਪਕ ਵਿਆਖਿਆ ਕਰਦੈ; ਵਧੀਆ ਅਧਿਆਪਕ ਨਿਰੂਪਣ ਕਰਦੈ; ਮਹਾਨ ਅਧਿਆਪਕ ਪ੍ਰੇਰਤ ਕਰਦੈ”!

ਵਿਦਿਆ ਤੋਤਾ-ਰਟਨ/ਘੋਟਾ/ਰੱਟਾ ਨਹੀਂ। ਨਾ ਹੀ ਇਹ ਸਰਟੀਫਿਕੇਟ ਜਾਂ ਡਿਗਰੀਆਂ ਤਕ ਸੀਮਤ ਹੈ। ਵਿਦਿਆ ਚਾਨਣ ਹੈ ਜੋ ਵਿਦਿਆਰਥੀ ਨੂੰ ਹਨੇਰੇ ਤੋਂ ਪ੍ਰਕਾਸ਼ ਵਲ ਲੈ ਕੇ ਜਾਂਦੀ ਹੈ। ਇਹ ਬੰਦੇ ਨੂੰ ਬੰਦਾ ਬਣਾਉਂਦੀ ਹੈ। ਪ੍ਰਸਿੱਧ ਵਿਗਿਆਨੀ ਐਲਬਰਟ ਆਈਨਸਟਾਈਨ (1879-1955) ਅਨੁਸਾਰ, ”ਇੱਕ ਵਿਦਿਅਰਥੀ ਕੰਨਟੇਨਰ ਨਹੀਂ ਹੁੰਦਾ ਜਿਸ ਨੂੰ ਤੁਸੀਂ ਠੁੂਸ ਕੇ ਭਰਨੈ, ਸਗੋਂ ਇੱਕ ਮਸ਼ਾਲ ਹੁੰਦੈ ਜੋ ਤੁਸੀਂ ਜਗਾਉਣੀ ਐਂ”! ਅੰਗਰੇਜ਼ੀ ਦਾ ਆਧੁਨਿਕ ਆਇਰਿਸ਼ ਕਵੀ ਵਿਲੀਅਮ ਬਟਲਰ ਯੇਟਸ (1865-1939) ਵੀ ਕਹਿੰਦੇੈ ਕਿ, ‘ਵਿਦਿਆ ਬਾਲਟੀ ਭਰਨਾ ਨਹੀਂ ਸਗੋਂ ਅਗਨੀ ਪ੍ਰਜਵਲਤ ਕਰਨਾਂ ਹੈ’!

ਇਤਾਲਵੀ ਅਖਾਣ ਹੈ, ‘ਤੇ ਇਸ ਵਰਗੀਆਂ ਕੁਟੇਸ਼ਨਾਂ ਵੀ ਹਨ, ਕਿ ‘ਇੱਕ ਚੰਗਾ ਅਧਿਆਪਕ ਮੋਮਬੱਤੀ ਵਾਂਗ ਹੈ ਜੋ ਦੂਸਰਿਆਂ ਦਾ ਰਾਹ ਰੌਸ਼ਨ ਕਰਨ ਲਈ ਆਪ ਬਲ ਮੁਕਦਾ ਹੈ’!

ਆਉ! ਰਾਹ-ਦਸੇਰੇ ਬਣੀਏ, ਨਾ ਕਿ ਡੰਡੇ ਮਾਰਨ ਵਾਲੇ ਜਾਂ ਮੁਰਗੇ ਬਨਾਉਣ ਵਾਲੇ! ਬੱਚਿਆਂ ਨੂੰ ਪਿਆਰ ਨਾਲ ਪੜ੍ਹਾਈਏ, ਸਕੂਲ ਦੀ ਮਿਕਨਾਤੀਸੀ ਖਿੱਚ ਹੋਵੇ, ਇਸ ਦਾ ਖੌਫ ਨਹੀਂ। ਸਕੂੁਲ਼ ਸਿਰਫ ਵਿਦਿਆ ਦਾ ਮੰਦਰ ਹੀ ਨਹੀਂ ਹਨ ਸਗੋਂ ਅਨੁਸ਼ਾਸਨ ਅਤੇ ਮਰਿਆਦਾ ਦਾ ਮਾਪਦੰਡ ਵੀ ਹਨ! ਇਹ ਅਹਿਰਨ ਜਾਂ ਕੁਠਾਲੀ ਵੀ ਹਨ ਜਿਥੇ ਸੋਨੇ ਵਰਗੀਆਂ ਬਹੁਮੁੱਲੀਆਂ ਸ਼ਖਸੀਅਤਾਂ ਘੜੀਆਂ, ਤਰਾਸ਼ੀਆਂ ਅਤੇ ਸੰਵਾਰੀਆਂ-ਸ਼ਿੰਗਾਰੀਆਂ ਜਾਂਦੀਆਂ ਹਨ! ਇਥੇ ਦੇਸ਼ ਦਾ ਭਵਿੱਖ ਪਲਦੈ, ਜਿਸ ਨੇ ਅਗੋਂ ਪਨਪਣਾ ‘ਤੇ ਪ੍ਰਵਾਨ ਚੜਨੈ!

ਵਿਦਿਆ ਬੰਦੇ ਦਾ ਤੀਜਾ ਨੇਤਰ ਵੀ ਹੈ। ਇਹ ਬੰਦੇ ਨੂੰ ਆਪਣੇ ਜੋਗਾ ਅਤੇ ਆਪਣਿਆਂ ਜੋਗਾ ਵੀ ਬਣਾਉਂਦੀ ਐ। ਪਰ ਇਸ ਤੋਂ ਪ੍ਰਾਪਤ ਪ੍ਰਕਾਸ਼ ਨਾਲ ਚੌਗਿਰਦਾ ਪ੍ਰਕਾਸ਼ਵਾਨ ਹੋਵੇ ਤਾਂ ਪ੍ਰਸ਼ੰਸਾਦਾਇਕ ਵਰਤਾਰਾ ਉਪਜਦੈ।

ਅਜੋਕੀ ਵਿਦਿਆ ਦਾ ਵਧੇਰੇ ਜ਼ੋਰ ਇਮਤਿਹਾਨ-ਮੁਖੀ ਪੇਸ਼ਕਾਰੀ ਅਤੇ ਨੰਬਰਾਂ ਦੀ ਪ੍ਰਤੀਸ਼ਤ ਉੱਪਰ ਹੈ। ਵਿਦਿਆਰਥੀ ਰੁਜ਼ਗਾਰ/ਕਾਰੋਬਾਰ ਦੇ ਬਾਜ਼ਾਰ ਵਿੱਚ ਗਲ-ਵੱਢਵੇਂ ਮੁਕਾਬਲੇ ਦੇ ਚੱਕਰਵਿਯੂ ਵਿੱਚ ਫਸ ਕੇ ‘ਸਟਰੈੱਸ’ (ਤਣਾਵ) ਅਤੇ ਛੋਟੀ ਉਮਰੇ ਹੀ ਦਿਲ ਦੇ ਦੌਰਿਆਂ ਦਾ ਸ਼ਿਕਾਰ ਹੋ ਜਾਂਦੇ ਹਨ; ਖੁਦਕੁਸ਼ੀਆਂ ਤੱਕ ਕਰਦੇ ਹਨ। ਦੇਸ਼ ਦੀ ਕੋਚਿੰਗ ਕੈਪੀਟਲ ਕੋਟਾ (ਰਾਜਸਥਾਨ) ਵਿਚ ਖੁਦਕੁਸ਼ੀਆਂ ਦੀਆਂ ਖਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ।

ਹੋਰ ਤਾਂ ਹੋਰ,ਇੱਕ ਰਿਪੋਰਟ ਅਨੁਸਾਰ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਰੇਸ਼ੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਰੇਸ਼ੋ ਨੂੰ ਟੱਪ ਗਈ ਹੈ! ’ਆਈਸੀ3’ ਸੰਸਥਾ ਦੁਆਰਾ ‘ਸਟਿਯੂਡੈਂਟਸ ਸੁਇਸਾਈਡਜ਼: ਐੇਨ ਐਪੀਡੈਮਿਕ ਸਵੀਪਿੰਗ ਇੰਡੀਆ’ ਦੇ ਸਿਰਲੇਖ ਹੇਠ ਜਾਰੀ ਇਸ ਰਿਪੋਰਟ ਵਿਚ ਦੱਸਿਆ ਗਿਐ ਕਿ ਦੇਸ਼ ਵਿਚ 2021 ‘ਚ 13,089 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਜਦ ਕਿ ਇਸੇ ਹੀ ਸਮੇਂ ‘ਚ ਕਿਸਾਨਾਂ ਦੁਆਰਾ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਗਿਣਤੀ 10,881 ਸੀ। ਇਸ਼ਾਰਤਨ ਇਹ ਵੀ ਕਿਹਾ ਗਿਐ ਕਿ ਇਹ ਗਿਣਤੀ ਵਧੇਰੇ ਵੀ ਹੋ ਸਕਦੀ ਹੈ।

ਰਿਪੋਰਟ ਵਿਚ ਇਸ ਦੇ ਕਾਰਨ ਵੀ ਦੱਸੇ ਗਏ ਹਨ। ਇਸ ਗੰਭੀਰ ਮਸਲੇ ਨਾਲ ਨਜਿੱਠਣ ਦੇ ਤਰੀਕੇ ਵੀ ਬਿਆਨੇੇ ਗਏ ਹਨ। ਉਹਨਾਂ ਤੋਂ ਇਲਾਵਾ ਮਹੱਤਵਪੂਰਨ ਢੰਗ ਨਾਲ ਇਹ ਵੀ ਸੁਝਾਇਆ ਗਿਐ ਕਿ ’ਇਹਨਾਂ ਖੁਦਕੁਸ਼ੀਆਂ ਨੂੰ ਰੋਕਣ ਲਈ ਨੌਜਵਾਨਾਂ ਨੂੰ ਆਪਣੀ ਅਕਾਦਮਿਕ ਪੜ੍ਹਾਈ/ਪੈਰਵੀ ਅਤੇ ਨਿੱਜੀ ਜ਼ਿੰਦਗੀ ਦੇ ਮਕਸਦ ਤੇ ਮੰਤਵ ਦੱਸਣ ਸਬੰਧੀ ਸਹਾਇਤਾ ਕਰਨੀ ਚਾਹੀਦੀ ਹੈ। ਸਕੂਲ ਅਧਿਆਪਕਾਂ ਦਾ ਰੋਲ ਅਕਾਦਮਿਕ ਪੜ੍ਹਾਈ ਦੇਣ ਤੋਂ ਅੱਗੇ ਤੀਕ ਵਿਸਤਾਰਸ਼ੀਲ ਹੁੰਦੈ; ਉਹ ਭਰੋਸੇਯੋਗ, ਅਨੁਭਵੀ ਸਲਾਹਕਾਰ/ਸਿਖਿਅਕ (ਮੈਂਟੌਰਜ਼) ਅਤੇ ਭਾਵੁਕ ਥੰਮਾਂ ਦੀ ਸੇਵਾ ਨਿਭਾਉਂਦੇ ਹਨ’!

ਮਸਲਾ ਬੰਦੇ ਨੂੰ ਸਫਲ ਮਸ਼ੀਨ ਜਾਂ ਸੁੰਦਰ ਮਾਨਵ ਬਨਾਉਣ ਦਾ ਹੈ। ਰੋਜ਼ੀ-ਰੋਟੀ ਹਰੇਕ ਨੂੰ ਚਾਹੀਦੀ ਹੈ। ਪਰ ਵਿਦਿਆ ਦਾ ਮੁੱਖ ਮਕਸਦ ਇੱਕ ਚੰਗਾ, ਰੌਸ਼ਨ-ਦਿਮਾਗ, ਜਾਗਦੀ ਜ਼ਮੀਰ ਵਾਲਾ ਇਨਸਾਨ ਬਨਾਉਣਾ ਹੋਣਾ ਚਾਹੀਦੈ।

ਗੁਰਬਾਣੀ ‘ਚ ਤਾਂ ਫੁਰਮਾਨ ਹੈ- “ਵਿਦਿਆ ਵੀਚਾਰੀ ਤਾਂ ਪਰਉਪਕਾਰੀ”! (ਸ.ਗ.ਗ.ਸ. ਅੰਗ 356)

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin