
ਅਕਸਰ ਮਾਪਿਆਂ ਦੇ ਮਨਾ ਵਿੱਚ ਇਹ ਸ਼ੰਕਾ ਹੁੰਦੀ ਕਿ ਖੇਡਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈਂਦਾ ਹੈ। ਪਰ ਨੋਇਡਾ ਦੇ ਡੀ.ਐਮ ਸੁਹਾਸ ਐਲ ਯਥੀਰਾਜ ਨੇ ਨਾ ਕੇਵਲ ਇਸ ਮਿੱਥ ਨੂੰ ਨੇਸਤ-ਏ-ਨਾਬੂਦ ਕੀਤਾ ਹੈ, ਸਗੋਂ ਇੱਕ ਆਈ. ਏ. ਐਸ ਅਧਿਕਾਰੀ ਹੋਣ ਦੇ ਨਾਲ-ਨਾਲ ਇੱਕ ਉਮਦਾ ਬੈਡਮਿੰਟਨ ਖਿਡਾਰੀ ਬਣ ਟੋਕੀਓ ਪੈਰਾਲਿੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਦੁਨੀਆ ਵਿੱਚ ਉੱਚਾ ਕੀਤਾ ਹੈ। 5 ਸਤੰਬਰ ਨੂੰ ਸਮਾਪਤ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ। ਵਿਸ਼ਵ ਦੇ 3 ਵੇਂ ਨੰਬਰ ਦੇ ਖਿਡਾਰੀ ਸੁਹਾਸ ਬੇਸ਼ੱਕ ਬੈਡਮਿੰਟਨ ਪੁਰਸ਼ ਸਿੰਗਲਜ਼ ਐਸ.ਐਲ-4 ਈਵੈਂਟ ਦੇ ਸੋਨ ਤਮਗੇ ਦੇ ਮੈਚ ਵਿੱਚ ਫਰਾਂਸ ਦੇ ਏਲ ਮਜੂਰ ਤੋਂ 21-15, 17-21, 15-21 ਤੋਂ ਹਾਰ ਗਏ। ਪਰ ਇਸ ਹਾਰ ਦੇ ਬਾਵਜੂਦ ਸੁਹਾਸ ਨੇ ਇਨ੍ਹਾਂ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਇਤਿਹਾਸ ਰੱਚ ਦਿੱਤਾ। ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਸੁਹਾਸ ਨੇ ਆਸਾਨ ਜਿੱਤ ਹਾਸਲ ਕੀਤੀ। ਸੁਹਾਸ ਨੇ 31 ਮਿੰਟ ਤੱਕ ਚੱਲੇ ਸੈਮੀਫਾਈਨਲ ਮੈਚ ਵਿੱਚ ਡੈਨਮਾਰਕ ਦੇ ਫਰੈਡੀ ਸੇਟੀਆਵਾਨ ਨੂੰ ਸਿੱਧੇ ਸੈੱਟਾਂ ਵਿੱਚ 2-0 ਨਾਲ ਹਰਾਇਆ। ਸੁਹਾਸ ਨੇ ਪਹਿਲਾ ਸੈੱਟ 21-9 ਨਾਲ ਜਿੱਤਿਆ। ਦੂਜੇ ਸੈੱਟ ਵਿੱਚ ਸੇਟੀਆਵਾਨ ਨੇ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਸੁਹਾਸ ਵੀ ਦੂਜਾ ਸੈੱਟ 21-15 ਨਾਲ ਜਿੱਤਣ ਵਿੱਚ ਕਾਮਯਾਬ ਰਿਹਾ।
ਸੁਹਾਸ ਉੱਤਰ ਪ੍ਰਦੇਸ਼ ਕਾਡਰ ਦੇ 2007 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਸੁਹਾਸ ਦੀ ਪਤਨੀ ਰਿਤੂ ਸੁਹਾਸ ਵੀ ਉੱਤਰ ਪ੍ਰਦੇਸ਼ ਦੀ ਇੱਕ ਵੱਡੀ ਅਧਿਕਾਰੀ ਹੈ। ਉਹ ਇਸ ਵੇਲੇ ਗਾਜ਼ੀਆਬਾਦ ਵਿੱਚ ਏ.ਡੀ.ਐਮ ਪ੍ਰਸ਼ਾਸਨ ਦੇ ਰੂਪ ਵਿੱਚ ਸੇਵਾ ਨਿਭਾ ਰਹੀ ਹੈ।
ਸੁਹਾਸ ਦੇਸ਼ ਦੇ ਪਹਿਲੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਨੇ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ ਹੈ।
ਸੁਹਾਸ ਦਾ ਜਨਮ ਕਰਨਾਟਕ ਦੇ ਛੋਟੇ ਸ਼ਹਿਰ ਸ਼ਿਗੋਮਾ ਵਿੱਚ ਹੋਇਆ ਸੀ। ਪੰਜ ਸਾਲ ਦੀ ਉਮਰ ਵਿੱਚ ਉਹਨਾਂ ਦੀ ਲੱਤ ਤੇ ਸੱਟ ਲੱਗੀ। ਲੱਤ ਟੁੱਟੀ ਹੋਣ ਦੇ ਬਾਵਜੂਦ, ਉਹਨਾਂ ਦੀ ਖੇਡਾਂ ਵਿੱਚ ਬਹੁਤ ਦਿਲਚਸਪੀ ਸੀ। ਪਿੰਡ ਵਿੱਚ ਆਪਣੀ ਮੁਢਲੀ ਪੜ੍ਹਾਈ ਤੋਂ ਬਾਅਦ, ਸੁਹਾਸ ਨੇ ਸੂਰਤਕਰ ਸ਼ਹਿਰ ਤੋਂ ਨੈਸ਼ਨਲ ਇੰਸਟੀਚਿਟ ਆਫ਼ ਟੈਕਨਾਲੌਜੀ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਆਪਣੀ ਇੰਜੀਨੀਅਰਿੰਗ ਪੂਰੀ ਕੀਤੀ। ਉਹਨਾਂ ਦੇ ਪਿਤਾ ਵੀ ਇੱਕ ਸਰਕਾਰੀ ਨੌਕਰ ਸਨ, ਜਿਸ ਕਾਰਣ ਉਹਨਾਂ ਬਦਲੀ ਹੁੰਦੀ ਰਹਿੰਦੀ ਸੀ। ਇਸ ਲਈ ਸੁਹਾਸ ਨੇ ਅਗਲੇਰੀ ਪੜ੍ਹਾਈ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ। ਉਹਨਾਂ ਨੇ ਕੰਪਿਊਟਰ ਇੰਜੀਨੀਅਰਿੰਗ ਕਰਨ ਤੋਂ ਬਾਅਦ, ਬੰਗਲੌਰ ਦੀ ਇੱਕ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਭਾਵੇਂ ਸੁਹਾਸ ਕੋਲ ਨੌਕਰੀ ਸੀ, ਪਰ ਉਹ ਇੱਕ ਪ੍ਰਸ਼ਾਸ਼ਨਿਕ ਅਧਿਕਾਰੀ ਬਣ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਉਸਨੇ ਯੂ.ਪੀ.ਐਸ.ਸੀ ਦੀ ਤਿਆਰੀ ਸ਼ੁਰੂ ਕੀਤੀ। ਉਹ ਆਪਣੇ ਸੁਪਨੇ ਪ੍ਰਤੀ ਇੰਨਾ ਗੰਭੀਰ ਸੀ ਕਿ 2005 ਵਿੱਚ ਆਪਣੇ ਪਿਤਾ ਦੀ ਮੌਤ ਦੇ ਸਦਮੇ ਦਾ ਸਾਹਮਣਾ ਕਰਨ ਦੇ ਬਾਵਜੂਦ, ਉਹ ਆਪਣੇ ਟੀਚੇ ਤੋਂ ਭਟਕਿਆ ਨਹੀਂ ਅਤੇ ਯੂ.ਪੀ.ਐਸ.ਸੀ ਦੀ ਤਿਆਰੀ ਕਰਦਾ ਰਿਹਾ। ਇਸ ਸਖਤ ਮਿਹਨਤ ਅਤੇ ਸਮਰਪਣ ਦੇ ਕਾਰਨ, ਉਹ ਸਾਲ 2007 ਵਿੱਚ ਯੂਪੀ ਕੇਡਰ ਦੇ ਆਈ.ਏ.ਐਸ ਅਧਿਕਾਰੀ ਬਣਿਆ।
ਯੂ.ਪੀ.ਐਸ.ਸੀ ਪਾਸ ਕਰਨ ਤੋਂ ਬਾਅਦ, ਉਹ ਆਗਰਾ ਵਿੱਚ ਤਾਇਨਾਤ ਹੋਏ ਅਤੇ ਫਿਰ ਉਹ ਜੌਨਪੁਰ, ਸੋਨਭੱਦਰ, ਆਜ਼ਮਗੜ੍ਹ, ਹਾਥਰਸ, ਮਹਾਰਾਜਗੰਜ ਇਲਾਹਾਬਾਦ ਅਤੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਬਣਿਆ। ਸੁਹਾਸ ਬਚਪਨ ਤੋਂ ਹੀ ਬੈਡਮਿੰਟਨ ਅਤੇ ਕ੍ਰਿਕਟ ਵਰਗੀਆਂ ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ, ਉਹ ਆਪਣੀ ਡਿਉਟੀ ਖਤਮ ਕਰਨ ਤੋਂ ਬਾਅਦ ਅਕਸਰ ਬੈਡਮਿੰਟਨ ਖੇਡਦਾ ਸੀ। ਫਿਰ ਹੌਲੀ ਹੌਲੀ ਉਸਨੇ ਪੇਸ਼ੇਵਰ ਖੇਡਣਾ ਸ਼ੁਰੂ ਕੀਤਾ ਅਤੇ 2016 ਵਿੱਚ ਉਸਨੇ ਇੱਕ ਅੰਤਰਰਾਸ਼ਟਰੀ ਮੈਚ ਖੇਡਿਆ ਅਤੇ ਕਾਮਯਾਬੀ ਹਾਸਿਲ ਕੀਤੀ। ਉਸਨੇ ਨੇ ਹੁਣ ਤੱਕ ਵੱਖ ਵੱਖ ਮੁਕਾਬਲਿਆਂ ਵਿੱਚ 6 ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ ਹਨ ਅਤੇ ਹੁਣ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਸਿਰ ਉੱਚਾ ਕੀਤਾ ਹੈ।
ਸੁਹਾਸ ਦੀ ਕਹਾਣੀ ਹਰ ਕਿਸੇ ਲਈ, ਖਾਸ ਕਰਕੇ ਨੌਜਵਾਨਾਂ ਲਈ ਬਹੁਤ ਪ੍ਰੇਰਣਾਦਾਇਕ ਹੈ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਅਸਾਨੀ ਨਾਲ ਹਾਰ ਮੰਨ ਲੈਂਦੇ ਹਨ। 38 ਸਾਲਾ ਨੌਜਵਾਨ ਜ਼ਿਲ੍ਹਾ ਮੈਜਿਸਟ੍ਰੇਟ ਨੇ ਕੁਰਸੀ ‘ਤੇ ਬੈਠ ਕੇ ਨਾ ਸਿਰਫ ਦੇਸ਼ ਦੀ ਸੇਵਾ ਕੀਤੀ ਹੈ, ਬਲਕਿ ਵਿਸ਼ਵ ਪੱਧਰ’ ਤੇ ਤਿਰੰਗਾ ਵੀ ਲਹਿਰਾਇਆ ਹੈ, ਜਿਸ ਨਾਲ ਉਸ ਦੀ ਸ਼ਰੀਰਕ ਕਮਜ਼ੋਰੀ ਇਕ ਤਾਕਤ ਬਣ ਉੱਭਰੀ ਅਤੇ ਉਸਦਾ ਨਾਂ ਪੂਰੀ ਦੁਨੀਆਂ ਵਿੱਚ ਛਾ ਗਿਆ।
ਵੈਸੇ ਕਹਿਣ ਨੂੰ ਤਾਂ 5000 ਹਜ਼ਾਰ ਦੇ ਕਰੀਬ ਆਈ.ਏ.ਐਸ ਅਧਿਕਾਰੀ ਭਾਰਤ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਦੇ ਰਹੇ ਹਨ ਪਰ ਸੁਹਾਸ ਦੀ ਵਿੱਦਿਅਕ ਯੋਗਤਾ ਦੇ ਨਾਲ ਖੇਡਾਂ ਦੇ ਸੁਮੇਲ ਨੇ ਉਹਨਾਂ ਨੂੰ ਇੱਕ ਸੈੱਲੇਬਰਿਟੀ ਦਾ ਦਰਜਾ ਪ੍ਰਦਾਨ ਕੀਤਾ ਹੈ। ਇਸ ਲਈ ਅੱਜ ਤੋ ਸਾਰੇ ਕਹਿਣਾ ਸ਼ੁਰੂ ਕਰ ਦਿਓ …
ਪੜੋਗੇ ਲਿਖੋਗੇ ਤੋ ਬਨੋਗੇ ਨਵਾਬ, ਔਰ ਸਾਥ ਮੇਂ,
ਖੇਲੋਗੇ ਕੁਦੋਗੇ ਤੋ ਬਨੋਗੇ… ਆਫ਼ਤਾਬ !