Articles

ਪੰਚਾਇਤੀ ਚੋਣਾਂ ਵਿੱਚ ਗੈਂਗਸਟਰਾਂ ਦੀ ਘੁਸਪੈਠ !

ਪੰਜਾਬ ਪੁਲਿਸ ਦੀ ਏਜੀਟੀਐਫ (ਐਂਟੀ ਗੈਂਗਸਟਰ ਟਾਸਕ ਫੋਰਸ) ਵਲੋਂ ਬੰਬੀਹਾ ਗੈਂਗ ਦੇ ਸ਼ੂਟਰ ਅਤੇ ਜਰਨੈਲ ਸਿੰਘ ਦੇ ਕਤਲ ਵਿੱਚ ਸ਼ਾਮਲ ਇੱਕ ਮੁਲਜ਼ਮ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। (ਫੋਟੋ: ਏ ਐਨ ਆਈ)
ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਪੰਜਾਬ ਵਿੱਚ ਇਸ ਵਾਰ ਹੋ ਰਹੀਆਂ ਪੰਚਾਇਤੀ ਚੋਣਾਂ ਵਿੱਚ ਇੱਕ ਬਹੁਤ ਹੀ ਖਤਰਨਾਕ ਰੁਝਾਨ ਸਾਹਮਣੇ ਆਇਆ ਹੈ ਜੋ ਅੱਗੇ ਹੋਣ ਵਾਲੀਆਂ ਅਸੈਂਬਲੀ ਅਤੇ ਪਾਰਲੀਮੈਂਟ ਚੋਣਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਵਿੱਚ ਤੇ ਖਾਸ ਤੌਰ ‘ਤੇ ਮਾਝੇ ਵਿੱਚ ਵਿਰੋਧੀ ਉਮੀਦਵਾਰਾਂ ਨੂੰ (ਸਾਰੇ ਪਿੰਡਾਂ ਵਿੱਚ ਨਹੀਂ) ਧੜਾ ਧੜ ਗੈਂਗਸਟਰਾਂ ਕੋਲੋਂ ਧਮਕੀਆਂ ਦਵਾਈਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਅਖਬਾਰਾਂ ਵਿੱਚ ਇੱਕ ਖਬਰ ਛਪੀ ਸੀ ਕਿ ਤਰਨ ਤਾਰਨ ਜਿਲ੍ਹੇ ਦੇ ਇੱਕ ਨਾਮੀ ਗੈਂਗਸਟਰ ਨੇ ਆਪਣੇ ਪਿੰਡ ਦੇ ਮੋਹਤਬਰਾਂ ਨੂੰ ਆਪਣੇ ਘਰ ਬੁਲਾ ਕੇ ਆਪਣੇ ਬਾਪ ਨੂੰ ਸਰਪੰਚ ਘੋਸ਼ਿਤ ਕਰ ਦਿੱਤਾ ਤੇ ਪੰਚਾਇਤ ਮੈਂਬਰ ਵੀ ਆਪਣੀ ਮਰਜ਼ੀ ਦੇ ਹੀ ਚੁਣ ਲਏ। ਸਾਰੇ ਪਿੰਡ ਨੇ ਸੱਤ ਬਚਨ ਕਹਿ ਕੇ ਫੈਸਲਾ ਪ੍ਰਵਾਨ ਕਰ ਲਿਆ, ਕਿਸੇ ਨੇ ਚੂੰ ਤੱਕ ਕਰਨ ਦੀ ਹਿੰਮਤ ਨਹੀਂ ਕੀਤੀ। ਵਿਰੋਧੀ ਉਮੀਦਵਾਰਾਂ ਨੂੰ ਇਲਾਕੇ ਦੇ ਨਾਮਵਰ ਗੈਂਗਸਟਰਾਂ ਤੋਂ (ਜਾਂ ਉਨ੍ਹਾਂ ਦਾ ਨਾਮ ਵਰਤ ਕੇ) ਕੈਨੇਡਾ ਜਾਂ ਅਮਰੀਕਾ ਦੇ ਵਟਸਐਪ ਨੰਬਰ ਤੋਂ ਕਾਲ ਕਰਵਾਈ ਜਾ ਰਹੀ ਹੈ ਕਿ ਆਪਣੇ ਕਾਗਜ਼ ਵਾਪਸ ਲੈ ਲਾ ਨਹੀਂ ਤੇਰੇ ਕੈਨੇਡਾ ਦੇ ਫਲਾਣੇ ਸ਼ਹਿਰ ਵਿੱਚ ਰਹਿ ਰਹੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ।

ਅੱਜ ਕਲ੍ਹ ਹਰ ਤੀਸਰੇ ਪੰਜਾਬੀ ਦੇ ਬੱਚੇ ਕੈਨੇਡਾ ਅਮਰੀਕਾ ਵਿੱਚ ਪੜ੍ਹ ਰਹੇ ਹਨ ਜਾਂ ਕੰਮ ਕਾਜ ਕਰ ਰਹੇ ਹਨ। ਗੈਂਗਸਟਰ ਨੂੰ ਇਹ ਸੂਚਨਾ ਫੋਨ ਕਰਵਾਉਣ ਵਾਲੇ ਭੱਦਰ ਪੁਰਸ਼ਾਂ ਵੱਲੋਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਬੱਚਿਆਂ ਦਾ ਮੋਹ ਪਿਆਰ ਐਨਾ ਜਿਆਦਾ ਹੁੰਦਾ ਹੈ ਕਿ ਗੈਂਗਸਟਰਾਂ ਕੋਲ ਬੱਚਿਆਂ ਦਾ ਐਡਰੈੱਸ ਹੈ ਜਾਂ ਨਹੀਂ, ਇਹ ਖਤਰਾ ਉਠਾਉਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ। ਜਦੋਂ ਦੀ ਪੱਟੀ ਨੇੜਲੇ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਦੇ ਨੌਜਵਾਨ ਰਾਜਵਿੰਦਰ ਸਿੰਘ ਦੀ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਚਿੱਟੇ ਦਿਨ ਹੱਤਿਆ ਕੀਤੀ ਹੈ, ਆਮ ਜਨਤਾ ਦੇ ਸਾਹ ਸੂਤੇ ਗਏ ਹਨ ਕਿਉਂਕਿ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਨੇਤਾ ਸੀ। ਬਟਾਲਾ ਪੁਲਿਸ ਜਿਲ੍ਹੇ ਦਾ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਕਈ ਉਮੀਦਵਾਰਾਂ ਨੂੰ ਧਮਕੀਆਂ ਦੇ ਕੇ ਆਪਣੀ ਪਸੰਦ ਦੇ ਪੰਚ ਸਰਪੰਚ ਬਣਾ ਚੁੱਕਾ ਹੈ। ਤਰਨ ਤਾਰਨ ਜਿਲ੍ਹੇ ਦੇ ਕਈ ਪਿੰਡਾਂ ਦੇ ਉਮੀਦਵਾਰਾਂ ਨੂੰ ਝਬਾਲ ਦੇ ਤਤਕਾਲੀ ਸਰਪੰਚ ਸੋਨੂੰ ਚੀਮੇ ਦਾ ਕਥਿੱਤ ਤੌਰ ‘ਤੇ ਕਤਲ ਕਰਵਾਉਣ ਵਾਲੇ ਨਾਮਜ਼ਦ ਗੈਂਗਸਟਰ (ਪਤਾ ਨਹੀਂ ਉਹ ਖੁਦ ਫੋਨ ਕਰਦਾ ਹੈ ਜਾਂ ਉਸ ਦਾ ਨਾਮ ਵਰਤਿਆ ਜਾ ਰਿਹਾ ਹੈ) ਦੀਆਂ ਧਮਕੀ ਵਾਲੀਆਂ ਕਾਲਾਂ ਆ ਚੁੱਕੀਆਂ ਹਨ। ਲੋਕਾਂ ਵਿੱਚ ਡਰ ਬੈਠ ਗਿਆ ਹੈ ਕਿਉਂਕਿ ਸੋਨੂੰ ਚੀਮੇ ਨੂੰ ਕਤਲ ਕਰਨ ਵਾਲੇ ਸ਼ੂਟਰ ਅਜੇ ਤੱਕ ਪਕੜੇ ਨਹੀਂ ਜਾ ਸਕੇ।
ਇਸ ਦਾ ਇੱਕ ਕਾਰਨ ਇਹ ਵੀ ਹੈ ਪੁਲਿਸ ਵੱਲੋਂ ਹਰੇਕ ਚੋਣ ਤੋਂ ਪਹਿਲਾਂ ਆਮ ਲੋਕਾਂ ਦੇ ਹਥਿਆਰ ਜਮ੍ਹਾਂ ਕਰਵਾ ਲਏ ਜਾਂਦੇ ਹਨ। ਇਹ ਨਹੀਂ ਵੇਖਿਆ ਜਾਂਦਾ ਕਿ ਉਸ ਨੂੰ ਗੈਂਗਸਟਰਾਂ ਜਾਂ ਕਿਸੇ ਹੋਰ ਗੈਰ ਸਮਾਜੀ ਤੱਤ ਤੋਂ ਕੋਈ ਖਤਰਾ ਹੈ ਜਾਂ ਨਹੀਂ। ਜੇ ਕੋਈ ਵਿਅਕਤੀ ਥਾਣੇ ਆ ਕੇ ਆਪਣੀ ਮੁਸ਼ਕਿਲ ਦੱਸਦਾ ਹੈ ਤਾਂ ਅੱਗੋਂ ਬੇਵੱਸ ਐਸ.ਐਚ.ਉ. ਉਸ ਨੂੰ ਐਸ.ਐਸ.ਪੀ. ਵੱਲੋਂ ਆਏ ਹੋਏ ਸਖਤ ਹੁਕਮਾਂ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜ ਲੈਂਦਾ ਹੈ। ਸਭ ਨੂੰ ਪਤਾ ਹੈ ਕਿ ਐਸ.ਐਸ.ਪੀ. ਨੂੰ ਮਿਲਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਦੂਸਰੇ ਪਾਸੇ ਗੈਂਗਸਟਰਾਂ ਅਤੇ ਬਦਮਾਸ਼ਾਂ ਦੇ ਨਜਾਇਜ਼ ਹਥਿਆਰ ਉਨ੍ਹਾਂ ਦੇ ਕੋਲ ਹੀ ਮੌਜੂਦ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਕਿਹੜਾ ਲਾਇਸੰਸ ਲਿਆ ਹੁੰਦਾ ਹੈ। ਪੰਜਾਬ ਪੁਲਿਸ ਰੋਜ਼ਾਨਾ ਵੱਡੀ ਮਾਤਰਾ ਵਿੱਚ ਮੱਧ ਪ੍ਰਦੇਸ਼ ਦੀਆਂ ਗੈਰ ਕਾਨੂੰਨੀ ਫੈਕਟਰੀਆਂ ਅਤੇ ਪਾਕਿਸਤਾਨ ਤੋਂ ਆ ਰਹੇ ਨਜਾਇਜ਼ ਹਥਿਆਰ ਬਰਾਮਦ ਕਰ ਰਹੀ ਹੈ। ਪੁਲਿਸ ਇੱਕ ਪਿਸਤੌਲ ਜਾਂ ਗੈਂਗਸਟਰ ਪਕੜਦੀ ਹੈ ਤਾਂ ਅਗਲੇ ਦਿਨ ਚਾਰ ਨਵੇਂ ਤਿਆਰ ਹੋ ਜਾਂਦੇ ਹਨ। ਪੰਜਾਬ ਵਿੱਚ ਅੱਜ ਤੱਕ ਦੀਆਂ ਸਭ ਤੋਂ ਵੱਧ ਖੂਨ ਖਰਾਬੇ ਵਾਲੀਆਂ ਚੋਣਾਂ 22 ਜੂਨ 1991 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਨ। ਉਸ ਵੇਲੇ ਪੰਜਾਬ ਵਿੱਚ ਅੱਤਵਾਦ ਦਾ ਸਿਖਰ ਸੀ ਤੇ ਅੱਤਵਾਦੀਆਂ ਵੱਲੋਂ ਐਨਾ ਖੂਨ ਖਰਾਬਾ ਕੀਤਾ ਗਿਆ ਸੀ ਕਿ ਮਜ਼ਬੂਰ ਹੋ ਕੇ ਚੋਣ ਕਮਿਸ਼ਨ ਨੂੰ 21 ਜੂਨ ਦੀ ਰਾਤ ਨੂੰ ਚੋਣਾਂ ਰੱਦ ਕਰਨੀਆਂ ਪਈਆਂ ਸਨ। ਇਨ੍ਹਾਂ ਚੋਣਾਂ ਵਿੱਚ 24 ਉਮੀਦਵਾਰਾਂ ਸਮੇਤ 87 ਪ੍ਰਮੁੱਖ ਸਿਆਸੀ ਵਿਅਕਤੀ ਕਤਲ ਕੀਤੇ ਗਏ ਸਨ। ਜੇ ਗੈਂਗਸਟਰਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਤਿਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ।
ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਵੀ ਪੰਚਾਇਤੀ ਚੋਣਾਂ ਵੇਲੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਾਉਂਦੀਆਂ ਰਹੀਆਂ ਹਨ ਤੇ ਮੌਜੂਦਾ ਸਰਕਾਰ ਦੇ ਕੁਝ ਵਿਧਾਇਕ ਅਤੇ ਮੰਤਰੀ ਵੀ ਉਸੇ ਰੀਤ ਨੂੰ ਅੱਗੇ ਵਧਾ ਰਹੇ ਹਨ। ਇਸ ਸਬੰਧੀ ਪੀੜਤ ਉਮੀਦਵਾਰਾਂ ਨੇ ਅਨੇਕਾਂ ਰਿੱਟਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀਆਂ ਸਨ ਜਿਸ ਕਾਰਨ ਹਾਈਕੋਰਟ ਨੇ 200 ਦੇ ਕਰੀਬ ਪਿੰਡਾਂ ਦੀਆਂ ਪੰਚਾਇਤੀ ਚੋਣਾਂ ‘ਤੇ ਸਟੇਅ ਲਗਾ ਦਿੱਤਾ ਹੈ। ਪਰ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀਆਂ ਰਿੱਟਾਂ ਲੋਕ ਕਿੱਥੇ ਦਾਖਲ ਕਰਨ? ਪੰਜਾਬ ਦੇ ਕਾਲੇ ਦੌਰ ਸਮੇਂ ਫਿਰ ਵੀ ਕੁਝ ਅਸੂਲਾਂ ਦੀ ਪਾਲਣਾ ਕੀਤੀ ਜਾਂਦੀ ਸੀ। ਖਾੜਕੂ ਆਮ ਤੌਰ ‘ਤੇ ਕਿਸੇ ਨੂੰ ਮਾਰਨ ਤੋਂ ਪਹਿਲਾਂ ਅਖਬਾਰ ਜਾਂ ਚਿੱਠੀ ਰਾਹੀਂ ਧਮਕੀ ਦੇਂਦੇ ਸਨ ਤੇ ਕਤਲ ਕਰ ਕੇ ਜ਼ਿੰਮੇਵਾਰੀ ਲਈ ਜਾਂਦੀ ਸੀ। ਸਾਰੇ ਖਾੜਕੂ ਇੱਕ ਖਾਸ ਧਰਮ ਨਾਲ ਸਬੰਧਿਤ ਸਨ ਤੇ ਪੰਜਾਬ, ਦਿੱਲੀ ਜਾਂ ਆਸ ਪਾਸ ਦੇ ਸੂਬਿਆਂ ਵਿੱਚ ਹੀ ਵਿਚਰਦੇ ਸਨ ਜਿਸ ਕਾਰਨ ਪੁਲਿਸ ਉਨ੍ਹਾਂ ‘ਤੇ ਕਾਬੂ ਪਾਉਣ ਵਿੱਚ ਸਫਲ ਰਹੀ। ਪਰ ਹੁਣ ਪੰਜਾਬ ਦੇ ਗੈਂਗਸਟਰਾਂ ਨੇ ਨਾਟੋ ਵਾਂਗ ਰਾਜਸਥਾਨ, ਹਰਿਆਣਾ ਤੇ ਦਿੱਲੀ ਆਦਿ ਦੇ ਗੈਂਗਸਟਰਾਂ ਨਾਲ ਗੱਠਜੋੜ ਬਣਾ ਲਿਆ ਹੈ। ਧਮਕੀ ਅਮਰੀਕਾ ਜਾਂ ਕੈਨੇਡਾ ਦੇ ਨੰਬਰ ਤੋਂ ਆਉਂਦੀ ਹੈ ਤੇ ਫਾਇਰਿੰਗ ਕਰਨ ਵਾਲੇ ਹਰਿਆਣੇ ਜਾਂ ਦਿੱਲੀ ਤੋਂ। ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਵਾਲੇ ਜਿਆਦਾਤਰ ਗੈਂਗਸਟਰ ਪੰਜਾਬ ਤੋਂ ਬਾਹਰ ਦੇ ਸਨ।
ਜੇ ਗੈਂਗਸਟਰਾਂ ਦੀ ਚੋਣਾਂ ਵਿੱਚ ਘੁਸਪੈਠ ਮੁੱਢ ਵਿੱਚ ਹੀ ਨਾ ਰੋਕੀ ਗਈ ਤਾਂ ਲੋਕ ਰਾਜ ਲਈ ਇਸ ਦੇ ਬਹੁਤ ਭਿਆਨਕ ਨਤੀਜੇ ਨਿਕਲਣਗੇ। ਪੰਜਾਬੀ ਵੈਸੇ ਹੀ ਪੁੱਠੇ ਕੰਮਾਂ ਦੀ ਰੀਸ ਬਹੁਤ ਜਲਦੀ ਕਰਦੇ ਹਨ। ‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ’ ਦੀ ਕਹਾਵਤ ਵਾਂਗ ਜਦੋਂ ਇੱਕ ਬੰਦੇ ਨੇ ਵੇਖਿਆ ਕਿ ਉਹ ਤਾਂ ਲੱਖਾਂ ਰੁਪਏ ਖਰਚ ਕੇ ਸਰਪੰਚ ਬਣਿਆ ਹੈ ਪਰ ਨਾਲ ਦੇ ਪਿੰਡ ਦਾ ਸਰਪੰਚ ਮੁਫਤੋ ਮੁਫਤੀ ਇੱਕ ਧਮਕੀ ਨਾਲ ਹੀ ਬਣ ਗਿਆ ਹੈ ਤਾਂ ਅਗਲੀ ਵਾਰ ਉਹ ਵੀ ਅਜਿਹਾ ਹੀ ਕਰੇਗਾ। ਜਿਹੜੇ ਭੱਦਰ ਪੁਰਸ਼ ਅਜਿਹੀਆਂ ਧਮਕੀਆਂ ਦਿਵਾਉਣ ਦਾ ਕੰਮ ਕਰ ਰਹੇ ਹਨ ਉਹ ਵੀ ਸਾਵਧਾਨ ਰਹਿਣ, ਹੋ ਸਕਦਾ ਹੈ ਕਿ ਅਗਲੀਆਂ ਚੋਣਾਂ ਵੇਲੇ ਵਿਰੋਧੀ ਪਾਰਟੀ ਵਾਲੇ ਉਨ੍ਹਾਂ ਦੇ ਘਰ ‘ਤੇ ਹੀ ਫਾਇਰਿੰਗ ਕਰਵਾ ਦੇਣ। ਇਹ ਵੀ ਹੋ ਸਕਦਾ ਹੈ ਕਿ ਵਿਰੋਧੀ ਉਮੀਦਵਾਰ ਵੀ ਕਿਸੇ ਹੋਰ ਘੈਂਟ ਗੈਂਗਸਟਰ ਦੀ ਮਦਦ ਲੈ ਲਵੇ। ਅਜਿਹਾ ਨਾ ਹੋਵੇ ਕਿ ਸਾਹਨਾਂ ਦੇ ਭੇੜ ਵਿੱਚ ਬੱਕਰੀਆਂ ਦਰੜੀਆਂ ਜਾਣ ਤੇ ਸਰਪੰਚ ਕੋਈ ਤੀਸਰਾ ਬਣ ਜਾਵੇ।

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin