
ਔਰੰਗਜ਼ੇਬ ਦੀ ਮੌਤ (1707 ਈਸਵੀ) ਤੋਂ ਬਾਅਦ ਮੁਗਲ ਰਾਜ ਢਹਿੰਦੀਆਂ ਕਲਾਂ ਵੱਲ ਜਾਣ ਲੱਗ ਪਿਆ ਸੀ। ਦਰਬਾਰੀ ਸਾਜ਼ਿਸ਼ਾਂ ਕਾਰਨ ਬਾਦਸ਼ਾਹਾਂ ਦੇ ਲਗਾਤਾਰ ਕਤਲ ਕੀਤੇ ਜਾ ਰਹੇ ਸਨ। ਸੰਨ 1719 ਈਸਵੀ ਵਿੱਚ ਮੁਹੰਮਦ ਸ਼ਾਹ ਗੱਦੀ ‘ਤੇ ਬੈਠਾ ਤੇ ਉਸ ਨੇ ਸੰਨ 1748 ਈਸਵੀ ਤੱਕ ਰਾਜ ਕੀਤਾ, ਪਰ ਨਾਚ ਗਾਣੇ ਅਤੇ ਸ਼ਰਾਬ ਸ਼ਬਾਬ ਦਾ ਸ਼ੌਕੀਨ ਹੋਣ ਕਾਰਨ ਉਸ ਦਾ ਤਖਲੱਸ ਰੰਗੀਲਾ ਪੈ ਗਿਆ। ਇਰਾਨ ਦਾ ਬਾਦਸ਼ਾਹ ਨਾਦਰ ਸ਼ਾਹ 1736 ਈਸਵੀ ਵਿੱਚ ਗੱਦੀ ‘ਤੇ ਬੈਠਾ ਸੀ ਤੇ ਉਸ ਵੇਲੇ ਦਾ ਏਸ਼ੀਆ ਦਾ ਸਭ ਤੋਂ ਕਾਮਯਾਬ ਜਰਨੈਲ ਸੀ। ਇਲਾਕੇ ਦੇ ਵਿਸਤਾਰ ਨੂੰ ਲੈ ਕੇ ਉਸ ਦਾ ਤੁਰਕੀ ਅਤੇ ਰੂਸ ਨਾਲ ਘਮਸਾਨ ਚੱਲ ਰਿਹਾ ਸੀ ਜਿਸ ਲਈ ਉਸ ਨੂੰ ਪੈਸੇ ਦੀ ਸਖਤ ਜਰੂਰਤ ਸੀ। ਜਦੋਂ ਉਸ ਨੂੰ ਮੁਗਲ ਰਾਜ ਦੀ ਕਮਜ਼ੋਰੀ ਬਾਰੇ ਪਤਾ ਚੱਲਿਆ ਤਾਂ ਉਸ ਨੇ ਆਪਣੇ ਖਜ਼ਾਨੇ ਭਰਨ ਲਈ ਉਸ ਨੇ ਭਾਰਤ ‘ਤੇ ਹਮਲਾ ਕਰਨ ਦਾ ਫੈਸਲਾ ਕੀਤਾ। ਅਕਤੂਬਰ 1738 ਵਿੱਚ ਨਾਦਰ ਸ਼ਾਹ ਨੇ ਪਿਸ਼ਾਵਰ ‘ਤੇ ਕਬਜ਼ਾ ਕਰ ਲਿਆ 8 ਜਨਵਰੀ 1739 ਨੂੰ ਉਹ ਲਾਹੌਰ ਪਹੁੰਚ ਗਿਆ। 11 ਜਨਵਰੀ ਨੂੰ ਥੋੜ੍ਹੀ ਜਿਹੀ ਮੁੱਠਭੇੜ ਤੋਂ ਬਾਅਦ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਦੀ ਈਨ ਮੰਨ ਲਈ ਤਾਂ ਉਸ ਨੂੰ ਦੁਬਾਰਾ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਗਿਆ।
26 ਜਨਵਰੀ ਨੂੰ ਨਾਦਰ ਸ਼ਾਹ ਲਾਹੌਰ ਤੋਂ ਚੱਲਿਆ ਤੇ 15 ਫਰਵਰੀ ਨੂੰ ਉਸ ਨੇ ਕਰਨਾਲ ਜਾ ਡੇਰੇ ਲਾਏ। 24 ਫਰਵਰੀ 1739 ਨੂੰ ਸਵੇਰੇ ਕਰਨਾਲ ਦੀ ਜੰਗ ਸ਼ੁਰੂ ਹੋਈ ਤੇ ਸਿਰਫ ਤਿੰਨ ਘੰਟੇ ਦੇ ਅੰਦਰ ਹੀ ਨਾਦਰ ਸ਼ਾਹ ਨੇ ਮੁਗਲ ਫੌਜ ਤਬਾਹ ਕਰ ਦਿੱਤੀ। ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਇੱਕ ਤਰਾਂ ਨਾਲ ਬੰਦੀ ਬਣਾ ਲਿਆ ਗਿਆ। ਜੇਤੂ ਇਰਾਨੀ ਫੌਜ ਨੇ ਲੁੱਟ ਮਾਰ ਤੇ ਕਤਲੇਆਮ ਸ਼ੁਰੂ ਕਰ ਦਿੱਤਾ ਜਿਸ ਦੌਰਾਨ 50000 ਦੇ ਕਰੀਬ ਮਰਦ, ਔਰਤਾਂ ਤੇ ਬੱਚੇ ਕਤਲ ਕਰ ਦਿੱਤੇ ਗਏ ਤੇ ਅਰਬਾਂ ਰੁਪਏ ਦੀ ਲੁੱਟ ਕੀਤੀ ਗਈ। ਨਾਦਰ ਸ਼ਾਹ ਦੇ ਹੱਥ ਤਖਤੇ ਤਾਊਸ, ਕੋਹਿਨੂਰ ਅਤੇ ਦਰਿਆਏ ਨੂਰ ਹੀਰੇ ਸਮੇਤ ਮੁਗਲਾਂ ਦੀਆਂ ਨੌਂ ਪੀੜ੍ਹੀਆਂ ਦਾ ਜੋੜਿਆ ਅਜੋਕੀ ਕੀਮਤ ਅਨੁਸਾਰ ਕਰੀਬ 125 ਅਰਬ ਰੁਪਏ ਦਾ ਖਜ਼ਾਨਾ ਆਇਆ। ਇਸ ਲੁੱਟ ਨੇ ਇਰਾਨ ਨੂੰ ਐਨਾ ਅਮੀਰ ਕਰ ਦਿੱਤਾ ਕਿ ਨਾਦਰ ਸ਼ਾਹ ਨੇ ਪਰਜਾ ਦੇ ਹਰ ਪ੍ਰਕਾਰ ਦੇ ਟੈਕਸ ਅਗਲੇ ਤਿੰਨ ਸਾਲ ਲਈ ਮਾਫ ਕਰ ਦਿੱਤੇ।
ਨਾਦਰ ਸ਼ਾਹ ਦੇ ਇਸ ਹਮਲੇ ਬਾਰੇ ਕਿੱਸਾਕਾਰ ਨਜ਼ਾਬਤ ਨੇ ਬਹੁਤ ਹੀ ਵਿਸਥਾਰ ਨਾਲ ਇਹ ਵਾਰ ਲਿਖੀ ਹੈ। ਨਜ਼ਾਬਤ ਦੀ ਵਾਰ ਲਿਖਤੀ ਰੂਪ ਵਿੱਚ ਨਹੀਂ ਸੀ ਮਿਲਦੀ। ਸੰਨ 1898 ਈਸਵੀ ਵਿੱਚ ਇੱਕ ਅੰਗਰੇਜ਼ ਅਫਸਰ ਸਰ ਐਡਵਰਡ ਮੈਕਲੋਗਾਨ ਨੇ ਬਾਰ ਦੇ ਇਲਾਕੇ ਵਿੱਚ ਇੱਕ ਮਰਾਸੀ ਦੇ ਮੂੰਹੋਂ ਇਸ ਨੂੰ ਸੁਣਿਆ। ਉਸ ਨੂੰ ਇਹ ਜੋਸ਼ੀਲੀ ਵਾਰ ਐਨੀ ਚੰਗੀ ਲੱਗੀ ਕਿ ਉਸ ਨੇ ਆਪਣੇ ਮੁੰਸ਼ੀ ਪੰਡਿਤ ਹਰੀ ਕ੍ਰਿਸ਼ਣ ਨੂੰ ਇਸ ਨੂੰ ਲਿਖਣ ਲਈ ਹੁਕਮ ਦਿੱਤਾ। ਪੰਡਿਤ ਜੀ ਨੇ ਇਲਾਕੇ ਵਿੱਚ ਘੁੰਮ ਕੇ ਜਿੰਨੀ ਕੁ ਵਾਰ ਮਿਲੀ, ਉਸ ਨੂੰ ਲਿਖਤੀ ਰੂਪ ਦਿੱਤਾ। ਵਾਰ ਦੇ ਲਿਖਾਰੀ ਨੇ ਦੋ ਤੁਕਾਂ (564 ਅਤੇ 849) ਵਿੱਚ ਆਪਣਾ ਨਾਮ ਨਜ਼ਾਬਤ ਲਿਖਿਆ ਹੈ। ਇਸ ਵਾਰ ਦੇ 38 ਕਾਂਡ, 86 ਪੌੜੀਆਂ ਅਤੇ 854 ਸਤਰਾਂ ਹਨ। ਨਜ਼ਾਬਤ ਦੇ ਜਨਮ ਤੇ ਮੌਤ ਦੀਆਂ ਤਾਰੀਖਾਂ ਬਾਰੇ ਪਤਾ ਨਹੀਂ ਲੱਗਦਾ ਪਰ ਉਹ ਪਿੰਡ ਮਟੀਲਾਂ ਹਰਲਾਂ ਜਿਲ੍ਹਾ ਸ਼ਾਹਪੁਰ ਦਾ ਹਰਲ ਰਾਜਪੂਤ ਮੁਸਲਮਾਨ ਸੀ। ਉਸ ਦੇ ਸਟੀਕ ਵਰਨਣ ਤੋਂ ਇਸ ਤਰਾਂ ਲੱਗਦਾ ਹੈ ਜਿਵੇਂ ਉਹ ਕਾਬਲ ਤੋਂ ਹੀ ਨਾਦਰ ਸ਼ਾਹ ਦੀ ਫੌਜ ਦੇ ਹਮਰਾਹ ਦਿੱਲੀ ਤੱਕ ਪਹੁੰਚਿਆ ਹੋਵੇ। ਉਸ ਨੇ ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ ਰੰਗੀਲੇ ਦੇ ਜਰਨੈਲਾਂ ਦੇ ਨਾਮ (ਨਿਜ਼ਾਮੁਲ ਮੁਲਕ, ਖਾਨ ਦੌਰਾ, ਸੱਯਦ ਭਰਾ, ਮਲਕਾ ਜ਼ਮਾਨੀ, ਨਾਸਰ ਖਾਨ, ਬਾਕੀ ਖਾਨ, ਸ਼ਾਹਬਾਜ਼ ਖਾਨ, ਕਲੰਦਰ ਬੇਗ, ਜ਼ਕਰੀਆ ਖਾਨ, ਅਜ਼ੀਜ ਖਾਨ, ਮੁਸੱਫਰ ਸ਼ਾਹ ਅਤੇ ਕਮਰੁਦੀਨ) ਤੇ ਉਨ੍ਹਾਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਬਿਲਕੁਲ ਸਟੀਕ ਵਰਨਣ ਕੀਤਾ ਹੈ। ਉਹ ਨਾਦਰ ਸ਼ਾਹ ਨੂੰ ਨਾਜ਼ਰ ਸ਼ਾਹ ਲਿਖਦਾ ਹੈ ਤੇ ਇਥੋਂ ਤੱਕ ਕਿ ਉਸ ਵੱਲੋਂ ਵੱਲੋਂ ਭਰਤੀ ਕੀਤੀ ਗਈ ਫੌਜ ਕਿਸ ਕਿਸ ਨਸਲ ਦੀ ਸੀ, ਇਹ ਬਾਰੇ ਵੀ ਸਟੀਕ ਵਰਨਣ ਕਰਦਾ ਹੈ:
ਚੜ੍ਹੇ ਇਸਫਹਾਨ ਥੀਂ ਨਾਜ਼ਰ ਸ਼ਾਹ ਭੇਰੀਂ ਘੜੁੱਕੇ, ਚੁਣ ਚੁਣ ਕੱਢੇ ਪਹਿਲਵਾਨ ਬਹਾਦਰ ਯੱਕੇ
ਨਸਰਾਨੀ, ਮਜ਼ੂਫੀਏ, ਯਾਹੂਦ ਉਚੱਕੇ, ਬੱਦੂ, ਗੁਰਜ਼ੀ ਉਹ ਮੁਲਹਿਦ ਪੱਕੇ
ਮਰਵਾਣੀ ਤੇ ਕਤਲਬਾਜ਼, ਮੁਗਲ ਉਜ਼ਬੱਕੇ, ਨੱਕ ਫੀਨੇ੍ਹ ਸਿਰ ਤਾਉੜੇ, ਢਿੱਡ ਵਾਂਗ ਢਮੱਕੇ
ਉਹ ਇੱਕੋ ਨਾਰ ਵਸਾਉਂਦੇ, ਦਸ ਭਾਈ ਸੱਕੇ।
ਡੇਰੇ ਕੋਲ ਕੰਧਾਰ ਦੇ ਆ ਊਧਮ ਲੱਥੇ, ਤਿਸ ਦਿਹਾੜੇ ਹਿੰਦ ਕੰਬਿਆ, ਖਬਰਾਂ ਪਹੁੰਚੀਆਂ ਮੱਕੇ”
ਜਦੋਂ ਨਾਦਰ ਸ਼ਾਹ ਨਾਲ ਬਿਨਾਂ ਕੋਈ ਖਾਸ ਯੁੱਧ ਕੀਤੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਈਨ ਮੰਨ ਲਈ ਤਾਂ ਨਜ਼ਾਬਤ ਉਸ ਦਾ ਮਜ਼ਾਕ ਉਡਾਉਂਦਾ ਹੋਇਆ ਲਿਖਦਾ ਹੈ ਕਿ ਖਾਨ ਬਹਾਦਰ ਨਾਦਰ ਸ਼ਾਹ ਅੱਗੇ ਇੰਜ ਲਿਫ ਗਿਆ ਜਿਵੇਂ ਉਹ ਖੁਸਰਾ ਹੋਵੇ:
ਨਵਾਬ ਖਾਨ ਬਹਾਦਰ ਮੋਰਚੇ, ਕੱਢ ਅੱਗੋਂ ਲਾਏ
ਪਰ ਚੜ੍ਹਿਆ ਲਸ਼ਕਰ ਵੇਖ ਕੇ, ਉੱਡ ਹੈਰਤ ਜਾਏ
ਜਿਉਂ ਖੁਸਰੇ ਬੱਧੀ ਪਗੜੀ, ਕੀ ਮਰਦ ਕਹਾਏ
ਜਿਉਂ ਕਸਾਈ ਬਕਰਾ ਪਕੜਿਆ, ਨਾ ਦੁੰਮ ਹਿਲਾਏ
ਜਿਉਂ ਕੰਜ਼ਰੀ ਆਸ਼ਕ ਮਰਦ ਨੂੰ, ਕਰ ਨਾਜ਼ ਵਲਾਏ
ਉਹ ਦੇਇ ਖਜ਼ਾਨੇ ਵੱਢੀਆਂ, ਛਹਿ ਜਾਨ ਬਚਾਏ
ਖਾਨ ਬਹਾਦਰ ਛੋੜ ਬਹਾਦਰੀ, ਲੱਗ ਕਦਮੀਂ ਜਾਏ।
ਕਰਨਾਲ ਦੀ ਜੰਗ ਦਾ ਉਹ ਜਿਸ ਵੀਰ ਰਸ ਨਾਲ ਵਰਨਣ ਕਰਦਾ ਹੈ, ਉਹ ਸ਼ਾਹ ਮੁਹੰਮਦ ਦੇ ਜੰਗਨਾਮਾ ਦੀ ਟੱਕਰ ਦਾ ਹੈ। ਜਦੋਂ ਮੁਗਲ ਬਾਦਸ਼ਾਹ ਆਪਣੇ ਸੈਨਿਕਾਂ ਨੂੰ ਵੰਗਾਰਦਾ ਹੈ ਤਾਂ ਉਹ ਅੱਗੋਂ ਜਵਾਬ ਦਿੰਦੇ ਹਨ:
ਬੱਧੇ ਹੱਥ ਸਿਪਾਹੀਆਂ, ਬੰਨ੍ਹ ਅਰਜ਼ਾਂ ਕਰੀਆਂ
ਨਿਮਕ ਹਲਾਲ ਹਾਂ ਮੁੱਢ ਕਦੀਮ ਦੇ, ਖੂਬ ਤਲਬਾਂ ਤਰੀਆਂ
ਉਨ੍ਹਾਂ ਸਰਕ ਲਈਆਂ ਸਰਵਾਹੀਆਂ, ਹੱਥ ਢਾਲਾਂ ਫੜ੍ਹੀਆਂ
ਅਸੀਂ ਹਜ਼ਰਤ ਅਲੀ ਦੀ ਜੰਗ ਵਾਂਗ, ਘੱਤ ਦਿਆਂਗੇ ਗਲੀਆਂ
ਕਾਬਲ ਰੋਣ ਪਠਾਣੀਆਂ, ਭੰਨ ਚੂੜੇ ਕੜੀਆਂ।
ਨਜ਼ਾਬਤ ਮੁਗਲ ਫੌਜ ਵਿੱਚ ਸ਼ਾਮਲ ਰਾਜਪੂਤ ਰਾਜਿਆਂ ਬਾਰੇ ਜਾਣਕਾਰੀ ਦਿੰਦਾ ਹੋਇਆ ਦੱਸਦਾ ਹੈ ਕਿ ਉਹ ਅਫੀਮ ਖਾਣ ਦੇ ਬਹੁਤ ਸ਼ੌਕੀਨ ਸਨ:
ਚੜ੍ਹੇ ਔਰੰਗਾਬਾਦ ਥੀਂ, ਭੇਰੀ ਘੁਰਲਾਵਨ
ਅੱਗੇ ਅੰਬੇਰੀ (ਜੈਪੁਰ) ਤੇ ਮਾਰਵਾੜ, ਬੂੰਦੀ ਘਲਿ ਆਵਨ
ਘੋੜੇ ਉਨ੍ਹਾ ਦੇ ਦਲਾਂ ਨੂੰ, ਕਰ ਜਸ਼ਨ ਵਿਖਾਵਣ,
ਉਹ ਪਾ ਪਾ ਫੀਮਾਂ ਟਾਂਕਦੇ, ਕੈਫੀ ਝੁਟਲਾਵਣ।
ਕਰਨਾਲ ਦੀ ਜੰਗ ਦਾ ਉਸ ਵੱਲੋਂ ਕੀਤਾ ਗਿਆ ਵਰਨਣ ਲੂੰ ਕੰਡੇ ਖੜੇ ਕਰਨ ਵਾਲਾ ਹੈ:
ਦੋਹੀਂ ਦਲੀਂ ਮੁਕਾਬਲਾ, ਰਣ ਸੂਰੇ ਗੜਕਣ
ਚੜ੍ਹ ਤੋਪਾਂ ਗੱਡੇ ਢੁੱਕੀਆਂ, ਲੱਖ ਸੰਗਲ ਖੜਕਣ
ਉਹ ਦਾਰੂ ਖਾਂਦੀਆਂ ਕੋਹਲੀਆਂ, ਮਣ ਗੋਲੇ ਰੜਕਣ
ਉਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ
ਜਿਉਂ ਦਰ ਖੁਲ੍ਹੇ ਦੋਜ਼ਖਾਂ, ਮੂੰਹ ਭਾਹੀਂ ਭੜਕਣ
ਜਿਉਂ ਝਾਬੇ ਮਾਰੇ ਪੰਖਣੂੰ, ਵਿੱਚ ਬਾਗਾਂ ਫੜਕਣ
ਜਿਉਂ ਝੱਲੀਂ ਅੱਗਾਂ ਲੱਗੀਆਂ, ਰਣ ਸੂਰੇ ਤੜਕਣ
ਉਹ ਹਸ਼ਰ ਦਿਹਾੜਾ ਵੇਖ ਕੇ, ਦਲ ਦੋਵੇਂ ਧੜਕਣ।
ਜੰਬੂਰਚਾ ਇੱਕ ਛੋਟੀ ਤੋਪ ਹੁੰਦੀ ਹੈ ਜਿਸ ਨੂੰ ਊਠਾਂ ਉੱਪਰ ਫਿੱਟ ਕੀਤਾ ਜਾਂਦਾ ਸੀ ਤਾਂ ਜੋ ਮੈਦਾਨੇ ਜੰਗ ਵਿੱਚ ਕਿਤੇ ਵੀ ਲਿਜਾਇਆ ਜਾ ਸਕੇ।
ਹੋਇਆ ਹੁਕਮ ਜੰਬੂਰਚੀਆਂ, ਆ ਊਠ ਝੁਕਾਏ
ਬਾਹੀ ਜਿਵੇਂ ਪਹਾੜ ਦੀ, ਕਰ ਕੋਟ ਬਹਾਏ
ਉਨ੍ਹਾਂ ਕਰ ਕੇ ਧੌਣਾਂ ਲੰਮੀਆਂ, ਬੱਦਲ ਗਿਰੜਾਏ
ਦਾਗ ਪਲੀਤੇ ਛੱਡੀਆਂ, ਡੌਂ ਝੱਲੀਂ ਲਾਏ
ਪੈ ਰਹੇ ਹਜ਼ਾਰ ਮੈਦਾਨ ਵਿੱਚ, ਦੁਪਾਏ ਚੁਪਾਏ
ਹਾਥੀਂ ਢਹਿੰਦੇ ਦਲਾਂ ਵਿੱਚ, ਹੋ ਸਿਰ ਤਲਵਾਏ
ਜਿਵੇਂ ਢਹਿਣ ਮਣਾਂ ਦਰਿਆ ਦੀਆਂ, ਸਾਵਣ ਹੜ੍ਹ ਆਏ।
ਤੀਰ ਅੰਦਾਜ਼ਾਂ ਦੇ ਰਣ ਕੌਸ਼ਲ ਬਾਰੇ ਉਹ ਲਿਖਦਾ ਹੈ:
ਧਣਵਾਂ ਪਕੜ ਬਹਾਦਰਾਂ, ਹੱਥ ਖੱਬੇ ਫੜ੍ਹੀਆਂ
ਉਨ੍ਹਾਂ ਸੱਜੇ ਚਿੱਲਾ ਖਿੱਚਿਆ, ਖਿੱਚ ਕੰਨੀ ਖੜੀਆਂ
ਪਰ ਘੱਤ ਉੱਡਣ ਕਾਨੀਆਂ, ਦੁਕਾਨੀਂ ਘੜੀਆਂ
ਉਹ ਮਾਰਨ ਸੂਰੇ ਸੂਰਿਆਂ, ਵਿੱਚ ਜਰਾ ਨਾ ਅੜੀਆਂ,
ਜਿਉਂ ਮੇਖਾਂ ਬੇੜੀ ਠੁੱਕੀਆਂ, ਧਸ ਗੁੱਝਾਂ ਵੜੀਆਂ
ਸੂਰੇ ਝੱਠੇ ਨੇ ਬੀਰ ਖੇਤ, ਮੱਲ ਸੁੱਤੇ ਰੜੀਆਂ।
ਬਦੂੰਕਚੀਆਂ ਦੀ ਬਹਾਦਰੀ ਬਾਰੇ ਵਰਨਣ ਇਸ ਤਰਾਂ ਕਰਦਾ ਹੈ:
ਜਵਾਨਾਂ ਤੁਫੰਗਾਂ ਪਕੜੀਆਂ, ਕਰ ਸ਼ਿਸ਼ਤ ਸੰਭਾਲੇ
ਉਨ੍ਹਾਂ ਲੱਪੀਂ ਦਾਰੂ ਠੇਹਲਿਆ, ਅੱਗ ਲਾ ਪਿਆਲੇ
ਸੜਕ ਘੱਤੀ ਸੀ ਗੋਲੀਆਂ, ਲੋਹੂ ਪਰਨਾਲੇ
ਜਿਉਂ ਭੌਰ ਗੱੁਲਾਂ ਪਰ ਗੰੂਜਦੇ, ਹੋ ਮੁਹਰੇ ਫਾਲੇ
ਜਿਉਂ ਵੱਸੇ ਗੜਾ ਤੂਫਾਨ ਦਾ, ਹੋਣ ਬੱਦਲ ਕਾਲੇ।
ਨੇਜ਼ੇਬਾਜ਼ਾਂ ਦੀ ਕਲਾ ਦਾ ਵਰਨਣ ਵੀ ਕਮਾਲ ਦਾ ਹੈ:
ਨੇਜ਼ੇ ਆਏ ਢੁੱਕ ਕੇ ਜਿਵੇਂ ਪਾਣੀ ਹੜ੍ਹ ਦੇ
ਸਿਰ ਨਿਵਾਏ ਬਰਛੀਆਂ, ਤਸਬੀਹਾਂ ਪੜ੍ਹਦੇ
ਲੈ ਜਾਂਦੇ ਬਰਛੇ ਆਸਣੋਂ, ਸੈ ਪਰਨੇ ਪੜਦੇ
ਜਿਉਂ ਕਬੂਤਰ ਫੁੜਕ ਕੇ, ਹੋ ਲੋਥਾਂ ਝੜ੍ਹਦੇ
ਜਿਉਂ ਕਾਂ ਬਸੇਰਾ ਬਾਗ ਵਿੱਚ, ਘੱਤ ਘੇਰਾ ਵੜਦੇ।
ਪਰ ਆਖਰ ਨਾਦਰ ਸ਼ਾਹ ਦੀ ਜਿੱਤ ਹੋ ਜਾਂਦੀ ਹੈ ਤੇ ਮੁਗਲ ਹਾਰ ਜਾਂਦੇ ਹਨ:
ਨਾਜ਼ਰ ਸ਼ਾਹ ਵਾਜੇ ਫਤਿਹ ਦੇ, ਸ਼ਾਦਿਆਨੇ ਵਾਹੇ
ਮਨਸੂਰ ਅਲੀ ਤੇ ਕਮਰ ਦੀਨ, ਸ਼ੱਰਰੇ ਛਡਿਆਹੇ
ਤੁਬਕਾਂ ਤੋਪਾਂ ਰਹਿਕਲੇ, ਦੱਬ ਪਾਸੇ ਲਾਏ
ਬੁਰਜ ਬਾਜ਼ੀ ਸ਼ਤਰੰਜ ਦੀ, ਮਾਰ ਰੱੁਕ ਉਡਾਏ
ਹੱਥ ਧਰੋਹੀ ਨਾਜ਼ਰ ਸ਼ਾਹ ਦੀ ਹਿੰਦ ਸਾਰੀ ਆਏ।