Articles

ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਪਾਰਟੀ ਲ਼ਈ ਘਾਤਕ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਵਿੱਚ ਕਾਂਗਰਸ ਦਾ ਪਿਛੋਕੜ ਦੇਖਿਆ ਜਾਵੇ ਤਾਂ ਸ਼ਪੱਸ਼ਟ ਹੋ ਦਾਂਦਾਂ ਹੈ ਕਿ ਇਹ ਪਾਰਟੀ ਪਹਿਲਾਂ ਤੋ ਹੀ ਧੜੇਬਾਜ਼ੀ ਕਾਰਨ ਅੱਡੋ ਫਾੜ ਰਹੀ ਹੈ । ਮਰਹੂਮ ਹਰਚਰਨ ਸਿੰਘ ਬਰਾੜ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਤਹਿ ਨਹੀਂ ਸੀ ਬੈਠਦੀ, ਬੀਬੀ ਰਾਜਿੰਦਰ ਕੌਰ ਭੱਠਲ਼ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਈ ਵਾਰ ਸਿੰਗ ਫਸਦੇ ਰਹੇ ਹਨ, ਸ਼ਮਸ਼ੇਰ ਸਿੰਘ ਦੂਲੋ ਬਹੁਤੀ ਵਾਰ ਪੰਜਾਬ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਵਿਰੁੱਧ ਤਲਖ ਬਿਆਨਬਾਜੀ ਕਰ ਚੁੱਕਾ ਹੈ, ਕਾਂਗਰਸ ਪ੍ਰਧਾਨ ਸ਼ੁਨੀਲ ਲਦਾਖੀ ਬਾਰੇ ਇਹ ਚਰਚਾ ਆਮ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਮਿਲਣਾ ਪਸੰਦ ਨਹੀ ਕਰਦਾ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਕਈ ਵਾਰ ਪਹਿਚਾਨਣੋ ਇਨਕਾਰ ਕਰਦਿਆਂ “ਕਿਹੜਾ ਸਿੱਧੂ ਤੇ ਇਹ ਸਿੱਧੂ ਹੈ ਕੀ ਚੀਜ ?” ਕਹਿ ਚੁੱਕਾ ਹੈ ਤੇ ਇਸੇ ਤਰਾਂ ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਜਿਹਨਾ ਚ ਕੁਲਵੰਤ ਸਿੰਘ ਜ਼ੀਰਾ, ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਆਦਿ ਵੀ ਕੈਪਟਨ ਵਿਰੁੱਧ ਬਿਆਨਬਾਜੀ ਕਰਦੇ ਰਹੇ ਹਨ, ਪਰ ਨਵਜੋਤ ਸਿੰਘ ਸਿੱਧੂ ਨਾਲ ਮੁੱਖ ਮੰਤਰੀ ਦਾ ਜੋ 36 ਦਾ ਅੰਕੜਾ ਲੱਗਾ ਹੈ, ਇਸ ਤਰਾਂ ਕਾਂਗਰਸ ਵਿੱਚ ਪਹਿਲੀਵਾਰ ਹੋਇਆ ਹੈ । ਨਵਜੋਤ ਸਿੰਘ ਸਿੱਧੂ ਬੇਸ਼ੱਕ ਭਾਰਤੀ ਜਨਤਾ ਪਾਰਟੀ ਵਿੱਚੋਂ ਕਾਂਗਰਸ ਵਿੱਚ ਆਇਆ ਹੈ ਤੇ ਉਸ ਉੱਤੇ ਦਲਬਦਲੀ ਦਾ ਦੋਸ਼ ਲਾ ਕੇ ਉਸ ਦੀ ਭਰੋਸੇਯੋਗਤਾ ਉੱਤੇ ਸਵਾਲ ਵੀ ਆਮ ਹੀ ਉਠਾਇਆ ਜਾਂਦਾ ਹੈ ਤੇ ਉਸ ਬਾਰੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਉਹ ਇਹ ਸਭ ਡਰਾਮਾ ਸਿਰਫ ਉਪ ਮੁਖਮੰਤਰੀ ਦੀ ਕੁਰਸੀ ਹਥਿਆਉਣ ਵਾਸਤੇ ਕਰ ਰਿਹਾ ਹੈ ਜਦ ਕਿ ਸੱਚ ਇਹ ਵੀ ਹੈ ਕਿ ਸਿੱਧੂ, ਭਾਜਪਾ ਵਿੱਚੋਂ ਵੀ ਕੁਰਸੀ ਨੂੰ ਲੱਤ ਮਾਰਕੇ ਆਇਆ ਸੀ ਤੇ ਕੈਪਟਨ ਦੀ ਸਰਕਾਰ ਵਿੱਚ ਵੀ ਉਸ ਨੇ ਦੋ ਵਾਰ ਕੁਰਸੀ ਨੂੰ ਲੱਤ ਮਾਰੀ ਹੈ । ਬੇਸ਼ੱਕ ਸਿਆਸਤ ਵਿੱਚ ਨੇਤਾਵਾਂ ਦਾ ਰੁਤਬਾ ਕੁਰਸੀਆਂ ਤੇ ਰੁਤਬਿਆਂ ਨਾਲ ਮਾਪਿਆ ਜਾਂਦਾ ਹੈ ਪਰ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਇੱਥੇ ਰੌਲਾ ਇਕੱਲੀ ਕੁਰਸੀ ਦਾ ਹੀ ਨਹੀਂ ਹੈ ਬਲਕਿ ਸਵੈ ਮਾਣ ਨੂੰ ਲੱਗੀ ਸੱਟ ਦਾ ਵੀ ਹੈ ।
ਸਿਆਣੇ ਕਹਿੰਦੇ ਹਨ ਕਿ ਸੱਪ ਦੇ ਨਾਲ ਸੱਪ ਲੜੇ ਤੇ ਫਿਰ ਜ਼ਹਿਰ ਕਿਹਨੂੰ ਚੜ੍ਹੇ, ਇਸ ਗੱਲ ਦਾ ਨਿਰਣਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ । ਹੁਣ ਏਹੀ ਗੱਲ ਪੰਜਾਬ ਦੀ ਕਾਂਗਰਸ ਵਿੱਚ ਸੱਚ ਸਾਬਤ ਹੋ ਰਹੀ ਹੈ, ਭਾਵ ਦੋ ਸਿੱਧੂਆਂ (ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ) ਦੀ ਲੜਾਈ ਚ ਦੋਵੇਂ ਧਿਰਾਂ ਪਿਛਲੇ ਡੇਢ ਕੁ ਸਾਲ ਦੇ ਲੰਮੇ ਸਮੇਂ ਤੋ ਡਟੀਆਂ ਹੋਈਆ ਹਨ, ਦੋਹਾਂ ਵਿਚਕਾਰ ਨਾ ਹੀ ਕੋਈ ਸਮਝੌਤਾ ਹੋ ਰਿਹਾ ਹੈ ਤੇ ਨਾ ਹੀ ਦੋਵੇਂ ਧਿਰਾਂ ਵਿੱਚੋਂ ਕੋਈ ਨਰਮੀ ਦਾ ਰੁੱਖ ਅਖਤਿਆਰ ਕਰਨ ਨੂੰ ਤਿਆਰ ਹੈ । ਇਸ ਦੇ ਸਿੱਟੇ ਵਜੋਂ ਦੋਹਾਂ ਵਿਚਕਾਰ ਵੱਧ ਰਹੀ ਤਲਖ਼ੀ ਦੀ ਅੱਗ ਦਾ ਸੇਕ ਪਾਰਟੀ ਦੇ ਅੰਦਰ ਨਿਰੰਤਰ ਫੈਲਦਾ ਜਾ ਰਿਹਾ ਹੈ ।
ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਇਕ ਤਜਰਬੇਕਾਰ ਆਗੂ ਤੇ ਮੁੱਖ ਮੰਤਰੀ ਹਨ, ਪਰ ਦੂਸਰੇ ਪਾਸੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਦੇਖੀਏ ਤਾਂ ਇਹ ਗੱਲ ਸ਼ਪੱਸ਼ਟ ਤੌਰ ‘ਤੇ ਕਹੀ ਜਾ ਸਕਦੀ ਹੈ ਕਿ ਹਾਂ ! ਉਹ ਉਮਰ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ਼ੋਂ ਬੇਸ਼ੱਕ ਜ਼ਰੂਰ ਛੋਟੇ ਹਨ, ਪਰ ਲੋਕਾਂ ਵਿੱਚ ਉਸ ਦੀ ਛਵੀ ਕੈਪਟਨ ਅਮਰਿੰਦਰ ਸਿੰਘ ਨਾਲ਼ੋਂ ਵੱਧ ਹਰਮਨ ਪਿਆਰੀ ਤੇ ਅਸਰਦਾਰ ਹੈ ।
ਕਰਤਾਰਪੁਰ ਲਾਂਘੇ ਸਮੇਂ ਜੋ ਭੂਮਿਕਾ ਨਵਜੋਤ ਸਿੰਘ ਸਿੱਧੂ ਨੇ ਨਿਭਾਈ, ਉਸ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ, ਪਰ ਜੋ ਗਲਤ ਤੇ ਬੇਢੱਬੀ ਬਿਆਨਬਾਜੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੇ ਨਵਜੋਤ ਸਿੱਧੂ ਵਿਰੁੱਧ ਕੀਤੀ, ਉਸ ਨਾਲ ਕੈਪਟਨ ਨੇ ਖ਼ੁਦ ਹੀ ਆਪਣੇ ਆਪ ਨੂੰ ਲੋਕਾਂ ਦੀਆ ਨਜ਼ਰਾਂ ਚ ਨੀਵਾਂ ਕਰ ਲਿਆ ।
ਭਾਵੇਂ ਕਾਂਗਰਸ ਵਿਚਲੇ ਚੱਲ ਰਹੇ ਕਲਾ ਕਲੇਸ਼ ਦੌਰਾਨ ਗੁਰੂ ਗਰੰਥ ਸਾਹਿਬ ਦਾ ਛੇ ਸਾਲ ਪੁਰਾਣਾ ਬੇਅਦਬੀ ਕਾਂਡ ਦਾ ਮੁੱਦਾ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ, ਪਰ ਇਸ ਦੇ ਨਾਲ ਹੀ ਗੁਟਕਾ ਸਾਹਿਬ ਦੀ ਕਸਮ ਖਾ ਕੇ ਨਸ਼ਿਆ ਦਾ ਲੱਕ ਤੋੜਨ ਵਾਲਾ ਵਾਅਦਾ, ਘਰ ਘਰ ਨੌਕਰੀ, ਕਿਸਾਨਾ ਦੇ ਕਰਜ਼ਿਆਂ ‘ਤੇ ਲੀਕ ਮਾਰਨ, ਫ਼ੋਨ, ਲੈਪਟਾਪ ਆਦਿ ਵਾਅਦਿਆ ਦੀ ਅਪੂਰਤੀ ਵੀ ਕਲਾ ਦਾ ਮੁੱਖ ਕਾਰਨ ਹੈ । ਅਗਾਮੀ ਅਸੰਬਲੀ ਚੋਣਾਂ ਸਿਰ ‘ਤੇ ਹਨ, ਹੁਣ ਓਹੀ ਵਿਧਾਇਕ ਤੇ ਮੰਤਰੀ ਜੋ ਅਸੰਬਲੀ ਚ ਕਿਸੇ ਵੇਲੇ ਪੱਲਾ ਅੱਡ ਕੇ ਵਾਅਦੇ ਪੂਰੇ ਕਰਨ ਦੀ ਮੰਗ ਨਹੀਂ ਬਲਕਿ ਫ਼ਰਿਆਦ ਕਰਦੇ ਸਨ, ਮੁੱਖ ਮੰਤਰੀ ਨੂੰ ਸਵਾਲ ਕਰ ਰਹੇ ਹਨ ।
ਪਿਛਲੇ ਦੋ ਦਿਨਾਂ ਤੋਂ ਦਿਲੀ ਚ ਤਿੰਨ ਮੈਂਬਰੀ ਕਮੇਟੀ ਦਾ ਗਠਿਨ ਕਰਕੇ ਕਾਂਗਰਸ ਹਾਈ ਕਮਾਂਡ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਨੂੰ ਸੁਲਝਾਉਣ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੋ ਅਸਾਰ ਨਜ਼ਰ ਆ ਰਹੇ ਹਨ, ਉਹਨਾ ਮੁਤਾਬਿਕ ਜਾਪਦਾ ਨਹੀਂ ਕਿ ਮਸਲਾ ਪੂਰੀ ਤਰਾਂ ਰਫੂ ਹੋ ਜਾਵੇਗਾ ਕਿਉਂਕਿ ਤਿੰਨ ਮੈਂਬਰ ਪਾਰਲੀਮੈਂਟ ਅਤੇ 25 ਵਿਧਾਇਕ ਕੈਪਟਨ ਅਮਪਿੰਦਰ ਸਿੰਘ ਦੇ ਸਿੱਧੇ ਨਿਰੋਧ ਹਨ ਜਦ ਕਿ ਪੰਜਾਬ ਦੇ ਬਹੁਤੇ ਵਿਧਾਇਕ ਇਸ ਵੇਲੇ ਵਾਚ ਐਂਡ ਵੇਟ ਦੀ ਰਣਨੀਤੀ ‘ਤੇ ਚੱਲ ਰਹੇ ਹਨ ਜੋ ਕਦੇ ਵੀ ਕੈਪਟਨ ਨਾਲ਼ੋਂ ਮੁੱਖ ਮੋੜ ਸਕਦੇ ਹਨ ।
ਕੈਪਟਨ ਅਮਰਿੰਦਰ ਸਿੰਘ ਦੀਆ ਆਦਤਾਂ ਰਾਜਿਆ ਮਹਾਂਰਾਜਿਆ ਵਾਲੀਆਂ ਹਨ । ਪਿਛਲੇ ਸਾਢੇ ਚਾਰ ਸਾਲਾਂ ਚ ਉਸ ਨੇ ਇਕ ਵਾਰ ਵੀ ਆਪਣੇ ਨਿੱਜੀ ਫ਼ਾਰਮ ‘ਚੋਂ ਬਾਹਰ ਨਿਕਲਕੇ ਨਾ ਹੀ ਜਨਤਾ ਦੀ ਸਾਰ ਲਈ ਹੈ ਤੇ ਨਾ ਹੀ ਆਪਣੇ ਵਿਧਾਇਕਾਂ ਦੀ । ਖੇਤੀ ਬਿੱਲਾਂ ਵਿਰੁਧ ਕਿਸਾਨਾ ਦਾ ਮੋਰਚਾ ਪਿਛਲੇ ਛੇ ਮਹੀਨੇ ਤੋਂ ਦਿੱਲੀ ਦੀਆ ਸਰਹੱਦਾਂ ਉੱਤੇ ਚੱਲ ਰਿਹਾ ਹੈ ਜਿਸ ਦੌਰਾਨ ਸਾਢੇ ਕੁ ਚਾਰ ਸੌ ਦੇ ਲਗਭਗ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ, ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਈ ਵਾਰ ਕਿਸਾਨਾ ਦਾ ਹਾਲ ਚਾਲ ਪੁੱਛਣ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮਿਲਣ ਦਾ ਉਚੇਚਾ ਦੌਰਾ ਤਾਂ ਦੂਰ ਦੀ ਗੱਲ, ਦਿੱਲੀ ਜਾ ਕੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨਾਲ ਗੁਪਤ ਮੀਟਿੰਗ ਕਰਕੇ ਕਿਸਾਨਾ ਨੂੰ ਬਿਨਾ ਮਿਲੇ ਵਾਪਿਸ ਆ ਗਿਆ, ਜਦ ਕਿ ਪਹਿਲਾਂ ਕਿਸਾਨਾ ਨੂੰ ਦਿੱਲੀ ਜਾਣ ਵਾਸਤੇ ਇਹ ਕਹਿ ਕੇ ਉਕਸਾਉਣ ਵਾਲਾ ਕਿ, “ਤੁਸੀਂ ਦਿੱਲੀ ਚਲੋ, ਮੈਂ ਵੀ ਤੁਹਾਡੇ ਨਾਲ ਚਲਾਂਗਾ” ਵੀ ਕੈਪਟਨ ਅਮਰਿੰਦਰ ਸਿੰਘ ਹੀ ਸੀ ।
ਮੁੱਕਦੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਇਸ ਵੇਲੇ ਬੁਰੀ ਤਰਾਂ ਫੁੱਟ ਦੀ ਸ਼ਿਕਾਰ ਹੈ । ਹਾਈ ਕਮਾਂਡ ਨੇ ਦੋਹਾਂ ਸਿੱਧੂਆਂ ਵਿਚਕਾਰ ਬੇਸ਼ੱਕ ਸਮੇਂ ਸਮੇਂ ਸੁਲ੍ਹਾ ਸਫਾਈ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜੋ ਕਦੇ ਵੀ ਕਿਸੇ ਤਣ ਪੱਤਨ ਨਹੀਂ ਲੱਗੀ । ਹੁਣ ਅਗਾਮੀ ਚੋਣਾ ਦੇ ਮੱਦੇਨਜਰ ਇਕ ਵਾਰ ਫੇਰ ਤੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤੰਦ ਦੀ ਬਜਾਏ ਤਾਣੀ ਉਲਝ ਚੁੱਕੀ ਹੈ, ਦਿਲੀ ਦੂਰੀਆਂ ਬਹੁਤ ਵੱਧ ਚੁੱਕੀਆਂ ਹਨ, ਨਫ਼ਰਤ ਦੀਆਂ ਗੰਢਾਂ ਬਹੁਤ ਮਜ਼ਬੂਤ ਹੋ ਚੁੱਕੀਆਂ ਹਨ, ਜਿਸ ਕਰਕੇ ਅਗਾਮੀ ਚੋਣਾਂ ਨੂੰ ਮੱਦੇਨਜਰ ਰੱਖ ਕੇ ਕੀਤਾ ਜਾਣ ਵਾਲਾ ਆਰਜ਼ੀ ਸਮਝੌਤਾ ਹੁਣ ਉੰਨਾ ਚਿਰ ਸਾਰਥਿਕ ਨਹੀਂ ਹੋਵੇਗਾ, ਜਿੰਨਾ ਚਿਰ ਨਵਜੋਤ ਸਿੱਧੂ ਸਮੇਤ ਬਾਕੀ ਪੰਝੀ ਤੀਹ ਵਿਧਾਇਕਾਂ ਦੀ ਪੂਰੀ ਤਰਾਂ ਸੰਤੁਸ਼ਟੀ ਨਹੀਂ ਕਰਵਾਈ ਜਾਂਦੀ ।
ਇਹ ਗੱਲ ਵੀ ਸ਼ਪੱਸ਼ਟ ਹੈ ਕਿ ਇਸ ਵਾਰ ਪਰਸ਼ਾਂਤ ਕਿਸ਼ੋਰ ਵਾਲਾ ਫ਼ਾਰਮੂਲਾ ਕੰਮ ਨਹੀਂ ਕਰੇਗਾ ਤੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਦਾ ਵੀ ਪਾਰਟੀ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ । ਕੈਪਟਨ ਅਮਰਿੰਦਰ ਸਿੰਘ ਦੀ ਛਵੀ ਵੀ ਹੁਣ ਪਹਿਲਾ ਵਰਗੀ ਨਹੀਂ ਰਹੀ ਤੇ ਇਸ ਦੇ ਨਾਲ ਹੀ ਉਹਨਾਂ ਦੀ ਭਰੋਸੇਯੋਗਤਾ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ । ਕਹਿਣ ਦਾ ਭਾਵ ਪੰਜਾਬ ਵਿੱਚ ਕਾਂਗਰਸ ਦੀ ਬੇੜੀ ਕਲੇਸ਼ ਦੇ ਮੰਝਧਾਰ ਚ ਫਸੀ ਹੋਈ ਡਿਕ ਡੋਲੇ ਖਾ ਰਹੀ ਹੈ । ਦਿੱਲੀ ਵਿਖੇ ਹੋ ਰਹੇ ਕਲੇਸ਼ ਨਿਵਾਰਨ ਮੰਥਨ ਵਿੱਚੋਂ ਨਿਕਲਕੇ ਕੀ ਬਾਹਰ ਆਉਂਦਾ ਹੈ, ਇਸ ਦੇ ਅਸਾਰ ਤਾਂ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲਮੋਲ ਸਟੇਟਮੈਂਟਾਂ ਤੋਂ ਸਾਹਮਣੇ ਆ ਹੀ ਰਿਹਾ ਹੈ, ਪਰ ਥੈਲੇ ਵਾਲੀ ਬਿੱਲੀ ਦਾ ਬਾਹਰ ਆਉਣਾ ਅਜੇ ਬਾਕੀ ਹੈ, ਜੋ ਇਕ ਦੋ ਦਿਨਾਂ ਤੱਕ ਬਾਹਰ ਆ ਹੀ ਜਾਵੇਗੀ । ਇਕ ਗੱਲ ਇਸ ਸਾਰੇ ਕਲਾ ਕਲੰਦਰ ਵਿੱਚੋਂ ਇਹ ਵੀ ਬਹੁਤ ਹੀ ਸ਼ਪੱਸ਼ਟ ਹੋ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਚੋਣਾਂ ਵੇਲੇ ਕੀਤੇ ਆਪਣੇ ਵਾਅਦੇ ਪੂਰੇ ਕਰਨੋ ਅਸਫਲ ਰਹਿੰਦੀ ਹੈ ਤਾਂ ਫਿਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਹੋਣਗੇ । ਸੋ ਪੰਜਾਬ ਕਾਂਗਰਸ ਦੇ ਵਾਸਕੇ ਇਸ ਵੇਲੇ ਬਹੁਤ ਹੀ ਮਾੜਾ ਸਮਾ ਚੱਲ ਰਿਹਾ ਹੈ ।

Related posts

ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ?

admin

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin

ਕੰਨੜ ਲੇਖਿਕਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਨੂੰ ‘ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025’ ਮਿਲਿਆ !

admin