ਚੰਡੀਗੜ੍ਹ – ਪੰਜਾਬ ਦੇ ਸਿਨੇਮਾਘਰਾਂ ’ਚ ਅਦਾਕਾਰਾ-ਨਿਰਦੇਸ਼ਕ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਲੱਗ ਨਹੀਂ ਸਕੀ। ਸੁਰੱਖਿਆ ਦੇ ਮੱਦੇਨਜ਼ਰ ਸਿਨੇਮਾਘਰਾਂ ਅੱਗੇ ਪੁਲੀਸ ਤਾਇਨਾਤ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿਚ ‘ਐਮਰਜੈਂਸੀ’ ਫ਼ਿਲਮ ਦਾ ਵਿਰੋਧ ਕੀਤਾ ਗਿਆ, ਜਦੋਂ ਕਿ ਜ਼ੀਰਕਪੁਰ ਵਿਚ ਕਿਸਾਨ ਆਗੂਆਂ ਨੇ ਰੋਸ ਪ੍ਰਗਟਾਇਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਫ਼ਿਲਮ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ। ਬੇਸ਼ੱਕ ਸਰਕਾਰ ਤਰਫ਼ੋਂ ਕਿਸੇ ਤਰ੍ਹਾਂ ਦੀ ਪਾਬੰਦੀ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਪ੍ਰੰਤੂ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਅਮਨ-ਕਾਨੂੰਨ ਦੀ ਵਿਵਸਥਾ ਦਾ ਹਵਾਲਾ ਦਿੱਤਾ ਜਿਸ ਕਾਰਨ ਬਹੁਤੇ ਸ਼ਹਿਰਾਂ ਵਿਚ ਸਿਨੇਮਾ ਮਾਲਕਾਂ ਨੇ ਫ਼ਿਲਮ ਚਲਾਉਣ ਤੋਂ ਗੁਰੇਜ਼ ਕੀਤਾ। ਅੰਮ੍ਰਿਤਸਰ ਵਿਚ ਪੀਵੀਆਰ ਨੇ ਸਿੱਖ ਧਿਰਾਂ ਦੇ ਵਿਰੋਧ ਕਰਕੇ ਫ਼ਿਲਮ ਦੇ ਸ਼ੋਅ ਕੈਂਸਲ ਕਰ ਦਿੱਤੇ ਜਦੋਂ ਕਿ ਬਠਿੰਡਾ ਵਿਚ ਇੱਕ ਸਿਨੇਮਾਘਰ ਨੇ ਦਰਸ਼ਕਾਂ ਨੂੰ ਪੈਸੇ ਮੋੜ ਦਿੱਤੇ। ਮੁਹਾਲੀ, ਪਟਿਆਲਾ ਅਤੇ ਜਲੰਧਰ ਵਿਚ ਵੀ ਫ਼ਿਲਮ ਦਾ ਕੋਈ ਸ਼ੋਅ ਨਹੀਂ ਚੱਲਿਆ। ਚੰਡੀਗੜ੍ਹ ’ਚ ਵੀ ਫ਼ਿਲਮ ਦੇਖਣ ਲਈ ਬਹੁਤੇ ਦਰਸ਼ਕ ਨਹੀਂ ਸਨ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਸਿੱਖ ਜਥੇਬੰਦੀਆਂ ਦੇ ਇਤਰਾਜ਼ ਕੀਤੇ ਜਾਣ ’ਤੇ ਫ਼ਿਲਮ ‘ਐਮਰਜੈਂਸੀ’ ’ਚੋਂ ਕਾਫ਼ੀ ਸੀਨ ਹਟਾ ਦਿੱਤੇ ਸਨ।