Articles Punjab

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

'ਵਾਰਿਸ ਪੰਜਾਬ ਦੇ' ਦੇ ਮੁਖੀ ਅਤੇ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਖੇਤਰੀ ਪਾਰਟੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸ਼ੁਰੂਆਤ ਕੀਤੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਮੌਜੂਦ ਸਨ। (ਫੋਟੋ: ਏ ਐਨ ਆਈ)

ਮਾਘੀ ਮੇਲੇ ‘ਤੇ ਤਿੰਨ ਵੱਖੋ-ਵੱਖਰੇ ਅਕਾਲੀ ਦਲਾ ਦੇ ਵਲੋਂ ਵੱਖ-ਵੱਖ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਜਿਹਨਾਂ ਦੇ ਵਿੱਚ ਲੋਕਾਂ ਵਲੋਂ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਗਈ।

ਪੰਜਾਬ ‘ਚ ਨਵੀਂ ਸਿਆਸੀ ਪਾਰਟੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਇਮ !

ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਗਈ ਕਾਨਫਰੰਸ ਦੌਰਾਨ ਸਟੇਜ ਤੋਂ 15 ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਬਣਾਉਣ ਦਾ ਐਲਾਨ ਕੀਤਾ ਗਿਆ। ਇਹ ਕਾਨਫਰੰਸ ਬਠਿੰਡਾ ਰੋਡ ਉਪਰ ਰਿਜ਼ੋਰਟਸ ’ਚ ਹੋਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਸਟੇਜ ਤੋਂ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ’ਚ ਬੰਦ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਗਤ ਲਈ ਭੇਜਿਆ ਗਿਆ ਸੁਨੇਹਾ ਵੀ ਸਟੇਜ ਤੋਂ ਪੜ੍ਹਿਆ ਗਿਆ। ਇਸ ਮੌਕੇ ਪਾਸ ਮਤੇ ਅਨੁਸਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਪਾਰਟੀ ਦੇ ਸੂਥਾਈ ਪ੍ਰਧਾਨ ਦੀ ਚੋਣ ਤੱਕ ਪੰਜ ਮੈਂਬਰ ਕਾਰਜਕਾਰੀ ਕਮੇਟੀ ਬਣਾਈ ਗਈ, ਜਿਸ ਵਿੱਚ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਦੇ ਪਿਤਾ), ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਨਵੀਂ ਭਰਤੀ ਲਈ ਸੱਤ ਮੈਂਬਰ ਕਮੇਟੀ ਬਣਾਈ ਗਈ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਸੰਵਿਧਾਨ ਬਣਾਵੇਗੀ। ਹੋਰ ਨੁਕਤਿਆਂ ’ਚ ਅਕਾਲ ਤਖਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨੀ, ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ, ਨਸਲਾਂ ਤੇ ਫਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ, ਵਿਦਿਅਕ ਢਾਂਚੇ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ, ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ, ਬੇਅਦਬੀਆਂ ਕਰਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮਤੇ ਸ਼ਾਮਲ ਹਨ। ਬੁਲਾਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਦਾ ਭਗੌੜਾ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਤਾਂ ਉਹ ਅਕਾਲ ਤਖਤ ਮੂਹਰੇ ਪੇਸ਼ ਹੋ ਕੇ ਸਾਰੇ ਦੋਸ਼ ਮੰਨਦੇ ਹਨ ਫਿਰ ਕਹਿੰਦੇ ਹਨ ਕਿ ਉਨ੍ਹਾਂ ਤਾਂ ਬਿਨਾਂ ਦੋਸ਼ ਤੋਂ ਇਹ ਸਾਰੇ ਦੋਸ਼ ਆਪਣੀ ਝੋਲੀ ਪਵਾਏ ਹਨ। ਇਨ੍ਹਾਂ ਨੇ ਸਿੰਘ ਸਾਹਿਬ ਦੇ ਰੁਤਬੇ ਨੂੰ ਦਾਗਦਾਰ ਕਰ ਦਿੱਤਾ ਹੈ। ਜਦੋਂ ਭਾਈ ਹਰਪ੍ਰੀਤ ਸਿੰਘ ਨੂੰ ਅਹੁਦਾ ਦਿੱਤਾ ਸੀ ਉਸ ਵੇਲੇ ਉਸ ਵਿੱਚ ਕੋਈ ਦੋਸ਼ ਨਹੀਂ ਦਿਖਿਆ ਪਰ ਜਦੋਂ ਉਨ੍ਹਾਂ ਬਾਦਲ ਨੂੰ ‘ਕਟਹਿੜੇ’ ਵਿੱਚ ਖੜ੍ਹਾ ਕਰ ਦਿੱਤਾ ਤਾਂ ਦੋਸ਼ੀ ਹੋ ਗਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿੱਧਾ ਅਕਾਲ ਤਖਤ ਨੂੰ ਚੁਣੌਤੀ ਦੇ ਰਹੇ ਹਨ ਜੋ ਬੱਜਰ ਗੁਨਾਹ ਹੈ। ਕਾਨਫਰੰਸ ਦੌਰਾਨ ਮੈਂਬਰਸ਼ਿਪ ਵੀ ਕੀਤੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਪਾਰਟੀ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ।

ਲੋਕਾਂ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ: ਸੁਖਬੀਰ ਸਿੰਘ ਬਾਦਲ 

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਲਾ ਮਾਘੀ ਮੌਕੇ ਸਿਆਸੀ ਕਾਨਫਰੰਸ ਦੌਰਾਨ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ ਭਾਵੁਕ ਅਪੀਲ ਕੀਤੀ ਤੇ ਕਿਹਾ ਕਿ ਉਹ ਲੋਕਾਂ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਦੌਰਾਨ ਅਕਾਲ ਤਖ਼ਤ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ ਫਖ਼ਰ-ਏ-ਕੌਮ’ ਦਾ ਐਵਾਰਡ ਵਾਪਸ ਲੈਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ। ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਲੋਕਾਂ ਸਾਹਮਣੇ ਝੋਲੀ ਅੱਡ ਕੇ ਕਿਹਾ, ‘‘ਮੇਰੇ ਪਿਤਾ ਬਾਦਲ ਸਾਹਿਬ (ਪ੍ਰਕਾਸ਼ ਸਿੰਘ ਬਾਦਲ) ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਵੀ ਮੇਰੀ ਝੋਲੀ ਪਾ ਦਿਓ। ਇਸ ਦਿਨ ਅਸੀਂ ਇਕੱਠੇ ਹੋਏ ਹਾਂ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਢੀ ਸੀ। ਤੁਹਾਡੀ (ਲੋਕਾਂ ਦੀ) ਪਾਰਟੀ ਨਾਲ ਕੋਈ ਵੀ ਨਾਰਾਜ਼ਗੀ ਹੈ ਤਾਂ ਅੱਜ ਗੰਢ ਲਓ। ਅਸੀਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ, ਸ਼ਹੀਦ ਵੀ ਹੋ ਜਾਵਾਂਗੇ। ਜਿਸ ਤਰ੍ਹਾਂ ਬਾਦਲ ਸਾਹਿਬ ਨੇ ਕੁਰਬਾਨੀ ਦਿੱਤੀ ਉਸੇ ਤਰ੍ਹਾਂ ਮੈਂ ਉਨ੍ਹਾਂ ਦਾ ਬੇਟਾ ਵੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।’ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਹੁੰਦਿਆਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਕੀਤੇ ਇਹ ਕੰਮ ਕੋਈ ਗੁਨਾਹ ਨਹੀਂ ਸਨ ਜੋ ਲੋਕਾਂ ਨੇ ਉਨ੍ਹਾਂ ਨੂੰ ਤੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਧਾਰਮਿਕ ਸ਼ਖਸੀਅਤ ਬਾਰੇ ਕਿਹਾ ਕਿ ਉਨ੍ਹਾਂ 18 ਸਾਲ ਕੌਮ ਖਾਤਰ ਜੇਲ੍ਹਾਂ ਕੱਟੀਆਂ। ਐਮਰਜੈਂਸੀ ਤੇ ਗੁਰੂ ਘਰਾਂ ’ਤੇ ਹੋਏ ਹਮਲੇ ਦਾ ਵਿਰੋਧ ਕੀਤਾ। ਬੇਅਦਬੀ ਹੋਣ ’ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਜੋਂ ਉਹ ਅਕਾਲ ਤਖਤ ’ਤੇ ਪੇਸ਼ ਹੋਏ, ਚਿੱਠੀ ਲਿਖੀ ਅਤੇ ਗਲਤੀ ਮੰਨੀ। ਪ੍ਰਕਾਸ਼ ਸਿੰਘ ਬਾਦਲ ਦਾ ਸਿਰ ਪੰਥ ਤੇ ਅਕਾਲ ਤਖਤ ਸਾਹਮਣੇ ਝੁਕਦਾ ਸੀ ਪਰ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਦਾ ਸਿਰ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਸਾਹਮਣੇ ਝੁਕਦਾ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਬਾਦਲ ਪਰਿਵਾਰ ਦਾ ਨਾਂ ਖਤਮ ਕਰਨ ਦੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਪੰਥ ਵਿੱਚ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਸਭ ਕੁਝ ਆਪਣੀ ਝੋਲੀ ਪਵਾਇਆ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ‘ਉਹ’ ਸਿੱਖ ਨਹੀਂ ਕੌਮ ਦੇ ਗੱਦਾਰ ਹਨ।

ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅਕਾਲ ਤਖਤ ਵੱਲੋਂ ਕੀਤੇ ਫ਼ੈਸਲੇ ਉਪਰੰਤ ਹੋਏ ਘਟਨਾਕ੍ਰਮਾਂ ਬਾਰੇ ਕਿਹਾ ਕਿ ਹੁਣ ਵਿਰੋਧੀ ਧਿਰਾਂ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣ ਲਈ ਚੋਣ ਕਮਿਸ਼ਨ ਤੱਕ ਪਹੁੰਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਇੱਕ ਮਤਾ ਪੇਸ਼ ਕਰਦਿਆਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਪੰਥ ਰਤਨ ਫਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੇ ਫੈਸਲੇ ’ਤੇ ਅਕਾਲ ਤਖਤ ਨੂੰ ਮੁੜ ਵਿਚਾਰ ਕਰਨ ਦੀ ਮੰਗ ਕੀਤੀ।

ਸੁਖਬੀਰ ਸਿੰਘ ਬਾਦਲ ਕਾਨਫਰੰਸ ’ਚ ਆ ਕੇ ਮੰਚ ’ਤੇ ਬੈਠਣ ਦੀ ਥਾਂ ਸਟੇਜ ਦੇ ਸਾਹਮਣੇ ਬਣੀ ‘ਡੀ’ ਵਿੱਚ ਲੋਕਾਂ ਨਾਲ ਆ ਬੈਠੇ ਤਾਂ ਮੰਚ ’ਤੇ ਬੈਠੇ ਆਗੂਆਂ ਤੇ ਪੰਡਾਲ ’ਚ ਬੈਠੇ ਲੋਕ ਹੈਰਾਨ ਹੋ ਗਏ। ਡਾ. ਦਲਜੀਤ ਸਿੰਘ ਚੀਮਾ ਹੋਰਾਂ ਨੇ ਉਨ੍ਹਾਂ ਮੰਚ ’ਤੇ ਆ ਕੇ ਬੈਠਣ ਲਈ ਕਈ ਵਾਰ ਬੇਨਤੀ ਕੀਤੀ ਤਾਂ ਨਾਂਹ-ਨਾਂਹ ਕਰਦਿਆਂ ਅਖੀਰ ਸੁਖਬੀਰ ਬਾਦਲ ਮੰਚ ’ਤੇ ਜਾ ਕੇ ਬੈਠ ਗਏ। ਮੰਚ ’ਤੇ ਬੈਠਣ ਤੋਂ ਬਾਅਦ ਹਰ ਆਉਣ ਵਾਲਾ ਆਗੂ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਹੀ ‘ਗੋਡੀਂ ਹੱਥ’ ਲਾਉਂਦਾ ਸੀ ਜਦਕਿ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੂੰਦੜ ਬੈਠੇ ਸਨ। ਕਾਨਫਰੰਸ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਤਾਂ ਉਸ ਤੋਂ ਬਾਅਦ ਹੀ ਪੰਡਾਲ ਹਿੱਲ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੋਲਣਾ ਸੀ। ਸ੍ਰੀ ਭੂੰਦੜ ਨੇ ਰਸਮੀ ਤੌਰ ’ਤੇ ਕਾਰਜਕਾਰੀ ਪ੍ਰਧਾਨ ਵਜੋਂ ਸੰਬੋਧਨ ਤਾਂ ਕੀਤਾ ਪਰ ਉਸ ਦਾ ਕੋਈ ਅਸਰ ਸਰੋਤਿਆਂ ਉਪਰ ਵਿਖਾਈ ਨਹੀਂ ਦਿੱਤਾ।

ਮਾਘੀ ਮੇਲੇ ’ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਰ ਕਾਨਫਰੰਸ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਸਰ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਕਾਲੀ ਦਲ ਦੀ ਕਾਨਫਰੰਸ ਦੀ ਸਟੇਜ ’ਤੇ ਪੁੱਜਦੇ ਸੀ ਅਤੇ ਸੰਬੋਧਨ ਕਰਦੇ ਸੀ। ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਵਿੱਚ ਸ਼ਾਮਲ ਹੋਏ ਪਰ ਅਕਾਲੀ ਦਲ ਦੀ ਕਾਨਫੰਰਸ ’ਚ ਨਹੀਂ ਗਏ ਤੇ ਇੱਥੋਂ ਹੀ ਵਾਪਸ ਚਲੇ ਗਏ।

ਸਿੱਖਾਂ ਕੋਲ ਨਾ ਸਟੇਟ ਹੈ ਨਾ ਸਰਕਾਰ: ਸਿਮਰਨਜੀਤ ਸਿੰਘ ਮਾਨ

ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਤਾਜ਼ਾ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ ਹਕੂਮਤ ਕੋਲੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਹਮੇਸ਼ਾ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਹ ਸਿਲਸਿਲਾ ਅੱਜ ਤੱਕ ਚੱਲ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲ ਹਕੂਮਤ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕੀ ਸਰਕਾਰਾਂ ਡੱਲੇਵਾਲ ਨੂੰ ਮਹੰਤ ਦਰਸ਼ਨ ਸਿੰਘ ਫੇਰੂਮਾਨ ਵਾਂਗ ਸ਼ਹੀਦ ਕਰਾਉਣਾ ਚਾਹੁੰਦੀਆਂ ਹਨ? ਉਨ੍ਹਾਂ ਕਿਹਾ ਕਿ ਸਿੱਖਾਂ ਕੋਲ ਨਾ ਸਟੇਟ ਹੈ ਨਾ ਸਰਕਾਰ ਫਿਰ ਵੀ ਹਰ ਹਕੂਮਤ ਇਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਨਵੀਆਂ ਪਾਰਟੀਆਂ ’ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇੱਕ ਅਕਾਲੀ ਦਲ ਬਹੁਤ ਥੱਲੇ ਡਿੱਗ ਗਿਆ ਹੈ। ਇਕ ਹੋਰ ਅਕਾਲੀ ਦਲ ਭਾਜਪਾ ਨਾਲ ਦੋਸਤੀ ਗੰਢਣੀ ਚਾਹੁੰਦਾ ਹੈ। ਜਿੰਨਾ ਚਿਰ ਸਾਰੇ ਇਕ ਟੀਚੇ ਅਨੁਸਾਰ ਨਹੀਂ ਚੱਲਦੇ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ। ਉਨ੍ਹਾਂ ਆਪਣੀ ਪਾਰਟੀ ਦੇ ਇਕ ਆਗੂ ’ਤੇ ਕਿੰਤੂ ਕਰਦਿਆਂ ਕਿਹਾ ਕਿ ਉਹ ਸਹੁੰ ਖਾ ਕੇ ਵੀ ਹੁਣ ਹੋਰਾਂ ਨਾਲ ਤੁਰਿਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਕਥਿਤ ਤੌਰ ’ਤੇ ਜ਼ਾਲਮ ਹੋ ਗਏ ਹਨ ਜਿਨ੍ਹਾਂ ਨੇ ਗੁਰਦਾਸਪੁਰ ਦੇ ਤਿੰਨ ਪੰਜਾਬੀ ਮੁੰਡਿਆਂ ’ਤੇ ਪੀਲੀਭੀਤ ਵਿਚ ਕਹਿਰ ਢਾਹਿਆ ਹੈ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ 

admin

ਭਾਰਤ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਗੁਣਵੱਤਾ ਵਿੱਚ ਗਿਰਾਵਟ !

admin