
ਧਾਰਮਿਕ ਅਤੇ ਮਾਰਕਸਵਾਦ ਦੋਹਾਂ ਦਾ ਸ਼ਾਨਾਂਮੱਤਾ ਇਤਿਹਾਸ ਹੈ। ਪੰਜਾਬ ਦੀ ਧਰਤੀ ‘ਤੇ ਓਨਾ ਚਿਰ ਕੋਈ ਇਨਕਲਾਬ ਸਫ਼ਲ ਨਹੀ ਹੋ ਸਕਦਾ, ਜਿੰਨਾ ਚਿਰ ਇਹ ਦੋਹੇ ਧਿਰਾਂ ਇਕੱਠੀਆਂ ਹੋਕੇ ਨਹੀਂ ਲੜਦੀਆਂ। ਕਾਸ਼, ਕੋਈ ਅਜਿਹਾ ਲੀਡਰ ਉਭਰੇ ਜੋ ਦੋਹਾਂ ਧਿਰਾਂ ਨੂੰ ਇਕੱਠੀਆਂ ਕਰਕੇ ਸੰਘਰਸ਼ ਦੇ ਰਾਹ ਪਾ ਸਕੇ!” ਕਿਸਾਨ ਅੰਦੋਲਨ ਦੀ ਹੁਣ ਤੱਕ ਦੀ ਸਫਲਤਾ ਦਾ ਰਾਜ਼ ਇਹਨਾਂ ਦੋਹਾਂ ਧਿਰਾਂ ਵੱਲੋ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ, ਇਕੱਠੇ ਹੋ ਕੇ ਲੜਨਾ ਹੈ। ਇਹ ਵੀ ਪ੍ਰਤੱਖ ਹੋ ਗਿਆ ਹੈ ਕਿ ਦੋਵੇ ਧਿਰਾਂ ਘੱਟੋ-ਘੱਟ ਪ੍ਰੋਗਰਾਮ ਬਣਾ ਕੇ ਸੰਘਰਸ਼ ਕਰ ਸਕਦੀਆਂ ਹਨ। ਪੰਜਾਬ ਵਿਚ ਨਕਸਲੀ ਅੰਦੋਲਨ ਅਤੇ ਸਿੱਖ ਖਾੜਕੂ ਅੰਦੋਲਨਾਂ ਦੇ ਫੇਲ ਹੋ ਜਾਣ ਦਾ ਮੁੱਖ ਕਾਰਨ ਦੋਹਾਂ ਧਿਰਾਂ ਦੀ ਆਪਸੀ ਲੜਾਈ ਸੀ। ਇਸ ਤਰ੍ਹਾਂ ਬਣੇ ਇਤਿਹਾਸ ਤੋ ਜਰੂਰ ਸਬਕ ਲੈਣਾ ਬਣਦਾ ਹੈ।
ਜਿਥੇ ਸਿੱਖ ਯੋਧਿਆਂ ਨੇ ਇਤਿਹਾਸਕ ਲੜਾਈਆਂ ਲੜ ਕੇ ਇਕ ਵੱਡੀ ਸਲਤਨਤ ਸਥਾਪਤ ਕਰ ਲਈ ਸੀ, ਓਥੇ ਮਾਰਕਸਵਾਦੀ ਸੋਚ ਤੋ ਪ੍ਰੇਰਨਾ ਲੈ ਕੇ ਬੱਬਰ ਅਕਾਲੀਆਂ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਆਪਾ ਵਾਰ ਕੇ, ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਇਸ ਲਹਿਰ ਨੇ ਨੌਜਵਾਨ ਵਰਗ ਦੇ ਵੱਡੇ ਹਿੱਸੇ ਨੂੰ ਇਨਕਲਾਬੀ ਲੀਹਾਂ ਤੇ ਤੋਰਿਆ। ਦੋਹਾਂ ਅੰਦੋਲਨਾਂ ਦਾ ਫੇਲ ਹੋ ਜਾਣਾ ਦੱਸਦਾ ਹੈ ਕਿ ਪੰਜਾਬ ਦੀ ਧਰਤੀ ‘ਤੇ ਇਨਕਲਾਬ ਇਹ ਦੋਵੇ ਧਿਰਾਂ ਰਲ਼ ਕੇ ਹੀ ਕਰ ਸਕਦੀਆਂ ਹਨ। ਦੋਹਾਂ ਧਿਰਾਂ ਵੱਲੋ ਇਕੱਲਿਆਂ ਕੀਤੀ ਗਈ ਕੋਈ ਵੀ ਪ੍ਰਾਪਤੀ ਚਿਰ ਸਥਾਈ ਨਹੀ ਹੋਵੇਗੀ।
ਦੋਹਾਂ ਧਿਰਾਂ ਦੇ ਇਨਕਲਾਬੀ ਤੱਤ ਇਕ ਦੂਸਰੇ ਵਿੱਚ ਨੁਕਸ ਕੱਢਦੇ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਠੀਕ ਦੱਸਦੇ ਰਹਿੰਦੇ ਹਨ। ਧਾਰਮਿਕ ਵੀਰ ਮਾਰਕਸ, ਲੈਨਿਨ, ਮਾਉ ਅਤੇ ਹੋਰਾਂ ਨੂੰ ਗਲਤ ਦੱਸਦੇ ਹਨ। ਉਹ ਇਹਨਾਂ ਵੱਲੋ ਧਰਮ ਨੂੰ ਅਫੀਮ ਦੱਸਣ ਦੀ ਗੱਲ ਤੋ ਚਿੜ੍ਹਦੇ ਹਨ। ਉਹ ਰੂਸ ਚੀਨ ਵਿਚ ਲੱਖਾਂ ਲੋਕਾਂ ਦੇ ਕਤਲ ਨੂੰ ਭੰਡਦੇ ਹਨ। ਸਰਬਸ਼ਕਤੀਮਾਨ ਰੱਬ ਉਤੇ ਉਂਗਲੀ ਉਹਨਾਂ ਨੂੰ ਰੜਕਦੀ ਹੈ। ਉਹ ਮੌਜੂਦਾ ਸਮੇ ਵਿਚ ਮਾਰਕਸਵਾਦ ਨੂੰ ਫੇਹਲ ਸਿਧਾਂਤ ਮੰਨਦੇ ਹਨ। ਉਹ ਇਸ ਨੂੰ ਸਿਸਟਮ ਸੁਧਾਰਨ ਦਾ ਸਿਧਾਂਤ ਬਿਆਨਦੇ ਹੋਏ, ਨਿੱਜ ਸੁਧਾਰਨ ਵਾਲੀ ਗੱਲ ਤੇ ਮਿੱਟੀ ਪਾਉਣੀ ਦੱਸਦੇ ਹਨ। ਉਹ ਕਾਮਰੇਡ ਨੂੰ ਨਸ਼ੇੜੀ ਅਤੇ ਤਮਾਕੂਬਾਜ ਦੱਸਦੇ ਹਨ। ਨਿਜੀ ਜਾਇਦਾਦ ਨਾ ਹੋਣ ਦਾ ਉਹ ਵਿਰੋਧ ਕਰਦੇ ਹਨ।
ਮਾਰਕਸਵਾਦੀ ਵੀਰ ਧਾਰਮਿਕ ਵੀਰਾਂ ਨੂੰ ਪਿਛਾਂਹ ਖਿੱਚੂ ਦੱਸਦੇ ਹੋਏ ਧਾਰਮਿਕ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਅਤੇ ਅਨੈਤਕ ਕੰਮਾਂ ਨੂੰ ਆਧਾਰ ਬਣਾ ਕੇ ਭੰਡਦੇ ਰਹਿੰਦੇ ਹਨ। ਉਹ ਧਰਮ, ਸਵਰਗ ਨਰਕ ਨੂੰ ਅਡੰਬਰ ਦੱਸਦੇ ਹਨ। ਉਹ ਇਕੋ ਗ੍ਰੰਥ ਦੇ ਅਨੁਆਈਆਂ ਵੱਲੋ ਵੱਖਰੀਆਂ ਵੱਖਰੀਆਂ ਮਰਯਾਦਾਵਾਂ ਨੂੰ ਕੋਸਦੇ ਹਨ। ਉਹ ਧਾਰਮਿਕ ਲੋਕਾਂ ਦੀ ਗੈਰ ਵਿਗਿਆਨਕ ਅਤੇ ਤਰਕਹੀਣ ਸੋਚ ਨੂੰ ਨਿੰਦਦੇ ਹਨ। ਉਹਨਾਂ ਨੂੰ ਧਾਰਮਿਕ ਲੋਕਾਂ ਵੱਲੋ ਸਮਾਜ ਵਿਚਲੀ ਊਚ ਨੀਚ ਅਤੇ ਕਾਣੀ ਵੰਡ ਵਿਰੁੱਧ ਨਾ ਲੜਨਾ ਰੜਕਦਾ ਹੈ।
ਅਸਲ ਵਿੱਚ ਦੋਵੇਂ ਧਿਰਾਂ ਇਕ ਦੂਜੇ ਉਪਰ ਦੂਸ਼ਣਬਾਜ਼ੀ ਕਰਦੀਆਂ ਹਨ। ਦੋਹਾਂ ਧਿਰਾਂ ਵਿਚ ਨੁਕਸ ਹੋ ਸਕਦੇ ਹਨ। ਗੱਲ ਇਕ ਦੂਜੇ ਨੂੰ ਸੁਣਨ ਅਤੇ ਵੱਡੇ ਠਰ੍ਹੰਮੇ ਦੀ ਹੈ। ਦੋਵੇਂ ਧਿਰਾਂ ਗਰੀਬ ਮਜ਼ਲੂਮ ਦੇ ਹੱਕ ਵਿੱਚ ਖੜ੍ਹਨ ਵਾਲੀਆਂ ਹਨ। ਹੱਕ ਸੱਚ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੋਹਾਂ ਦਾ ਅਸੂਲ ਹੈ। ਭੁੱਖ ਮਿਟਾਉਣ ਲਈ ਦੋਹਾਂ ਨੇ ਕੰਮ ਕਰਨਾ ਹੈ। ਇਸ ਲਈ ਦੋਹਾਂ ਧਿਰਾਂ ਦਾ, ਸੰਘਰਸ਼ ਲਈ ਘੱਟੋ-ਘੱਟ ਪ੍ਰੋਗਰਾਮ ਆਸਾਨੀ ਨਾਲ ਬਣ ਸਕਦਾ ਹੈ। ਸਮਾਜ ਦੀਆਂ ਵੱਡੀਆਂ ਸਮੱਸਿਆਵਾਂ ਸਾਹਮਣੇ ਦੋਹਾਂ ਦੀ ਨਿੱਜੀ ਲੜਾਈ ਛੋਟੀ ਗੱਲ ਹੈ।
ਦੋਵੇ ਧਿਰਾਂ ਦੀ ਸਾਂਝ ਦਾ ਮੁੱਖ ਅੜਿੱਕਾ ਵਿਸਵਾਸ਼ ਦਾ ਹੈ। ਧਾਰਮਿਕ ਲੋਕ ਰੱਬ ਨੂੰ ਮੰਨਦੇ ਹਨ। ਮੰਨਣ ਦਿਉ। ਕੁਦਰਤ ਦੇ ਨਿਯਮਾਂ ਨੂੰ ਹਰ ਇਨਸਾਨ ਮੰਨਦਾ ਹੈ। ਅਸਲ ਵਿਚ ਰੱਬ ਨੂੰ ਮੰਨਣਾ ਕੁਦਰਤ ਦੇ ਨਿਯਮਾਂ ਨੂੰ ਮੰਨਣਾ ਹੈ। ਇਸ ਲਈ ਸੋਚ ਵਿਚ ਥੋਹੜੀ ਖੁਲ੍ਹਦਿਲੀ ਦੋਵਾਂ ਧਿਰਾਂ ਨੂੰ ਨੇੜੇ ਲਿਆ ਸਕਦੀ ਹੈ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਉਚ ਨੀਚ ਅਤੇ ਆਰਥਕ ਕਾਣੀ ਵੰਡ ਨੂੰ ਵੇਖਦੇ ਹੋਏ, ਪੰਜਾਬ ਦੀ ਡੁੱਬ ਰਹੀ ਬੇੜੀ ਨੂੰ ਤਾਰਨ ਲਈ, ਦੋਹਾਂ ਧਿਰਾਂ ਨੂੰ ਇਕੱਠੇ ਹੋ ਕੇ ਲੜਨਾ ਬਣਦਾ ਹੈ। ਵਿਸ਼ਵਾਸ ਹਰ ਮਨੁੱਖ ਦਾ ਨਿੱਜੀ ਮਸਲਾ ਹੈ। ਹਰੇਕ ਨੂੰ ਨਿੱਜੀ ਵਿਚਾਰ ਰੱਖਣ ਦੀ ਖੁੱਲ੍ਹ ਹੈ। ਨਿੱਜੀ ਵਿਚਾਰ ਸਮਾਜਕ ਸਮੱਸਿਆ ਸਾਹਮਣੇ ਸਦਾ ਛੋਟੇ ਹੁੰਦੇ ਹਨ। ਰੂਸ ਚੀਨ ਵਾਲਾ ਮਾਡਲ ਪੰਜਾਬ ਲਈ ਕਦੀ ਵੀ ਸੁਹਾਵਣਾ ਨਹੀ ਹੋ ਸਕਦਾ। ਨਾ ਗੁਰਮਤਿ ਕਦੀ ਗਲਤ ਹੋ ਸਕਦੀ ਹੈ ਅਤੇ ਨਾ ਹੀ ਮਾਰਕਸ ਦਾ ਸਿਧਾਂਤ ਗਲਤ ਹੋਣਾ ਹੈ। ਪੰਜਾਬ ਦੀ ਧਰਤੀ ਤੇ ਦੋਹਾਂ ਵਿਚਧਾਰਾਵਾਂ ਦਾ ਸੁਮੇਲ ਹੀ ਕੋਈ ਸਾਰਥਕ ਸਿੱਟੇ ਕੱਢ ਸਕਦਾ ਹੈ।
ਇਕ ਧਿਰ ਅਵਿਗਿਆਨਕ ਅਤੇ ਤਰਕਹੀਣ ਸੋਚ ਨੂੰ ਨਿੰਦਦੀ ਹੈ। ਉਸ ਨੂੰ ਧਾਰਮਿਕ ਲੋਕਾਂ ਵੱਲੋ ਸਮਾਜ ਵਿਚਲੀ ਊਚ ਨੀਚ ਅਤੇ ਕਾਣੀ ਵੰਡ ਵਿਰੁੱਧ ਨਾ ਲੜਨਾ ਰੜਕਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਮੁੱਖ ਸਿਧਾਂਤ ਸਰਬ ਸਾਂਝੀਵਾਲਤਾ ਅਤੇ ਧਰਮ ਨਿਰਪੱਖਤਾ ਮਨੁੱਖਤਾ ਲਈ ਵੱਡੇ ਵਰਦਾਨ ਹਨ। ਬਾਬੇ ਨਾਨਕ ਜੀ ਨੇ ਹਿੰਦੂ ਮੁਸਲਮਾਨ ਵਿਚਲੀ ਕੰਧ ਤੋੜੀ ਸੀ। ਏਸੇ ਤਰ੍ਹਾਂ ਊਚ ਨੀਚ ਦੇ ਭਰਮ ਨੂੰ, ਮਰਦਾਨੇ ਮਰਾਸੀ ਨਾਲ ਸਾਰੀ ਜ਼ਿੰਦਗੀ ਯਾਤਰਾ ਕਰਕੇ ਤੋੜਿਆ ਸੀ। ਭਾਈ ਲਾਲੋ ਦੇ ਘਰ ਦੇ ਸਾਦੇ ਖਾਣੇ ਨੂੰ ਤਰਜੀਹ ਦੇ ਕੇ ਅਤੇ ਮਲਕ ਭਾਗੋ ਦੇ ਅਮੀਰੀ ਖਾਣੇ ਨੂੰ ਨਕਾਰ ਕੇ, ਸਮਾਜ ਵਿੱਚ ਊਚ ਨੀਚ ਦੀ ਬੀਮਾਰੀ ਦਾ ਖਾਤਮਾ ਕੀਤਾ ਸੀ। ਪਵਿੱਤਰ ਗੁਰਬਾਣੀ ਵਿੱਚ, “ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਭ ਵਰਨਾ ਕਉ ਸਾਝਾ।“ ਆਖਿਅ ਗਿਆ ਹੈ। ਅੱਜ ਸਾਡੇ ਸਿੰਘ ਸਾਹਿਬ ਪੁਲਿਸ ਦੇ ਬਾਡੀ ਗਾਰਡਾਂ ਨਾਲ ਘੁੰਮ ਰਹੇ ਹਨ। ਬਾਬਾ ਨਾਨਕ ਜੀ ਮੱਕੇ ਗਏ, ਬਗ਼ਦਾਦ ਗਏ; ਉਹਨਾਂ ਨਾਲ਼ ਕਿਤੇ ਕੋਈ ਸੁਰੱਖਿਆ ਗਾਰਡ ਨਹੀਂ ਸਨ। ਉਹਨਾਂ ਪੱਲੇ ਸੱਚ ਸੀ; ਇਸ ਲਈ ਕੋਈ ਖਤਰਾ ਨਹੀ ਸੀ। ਅੱਜ ਧਾਰਮਿਕ ਵੰਡੀਆਂ ਮਨੁੱਖਤਾ ਲਈ ਖਤਰਾ ਬਣੀਆਂ ਹੋਈਆਂ ਹਨ। ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੀ ਮਨੁੱਖਤਾ ਨੂੰ ਬਚਾਉਣ ਦਾ ਸਾਧਨ ਬਣ ਸਕਦਾ ਹੈ। “ਸਭੇ ਸਾਂਝੀਵਾਲ ਸਦਾਇਨਿ ਕੋਇ ਨ ਦਿਸੈ ਬਾਹਰਾ ਜੀਉ।“ ਗੁਰੂ ਜੀ ਨੇ ਗੋਰੇ ਕਾਲੇ ਦੀ, ਸ਼ੁਦਰ ਬ੍ਰਾਹਮਣ ਦੀ ਕੰਧ ਨੂੰ ਤੋੜਿਆ ਸੀ। ਅੱਜ ਸਾਡੇ ਸਿੰਘ ਵੀ ਮਿਸ਼ਨਰਾਂ, ਟਕਸਾਲੀਆਂ, ਅਖੰਡ ਕੀਰਤਨੀਆਂ, ਨਿਹੰਗ ਸਿੰਘਾਂ ਆਦਿ, ਪਤਾ ਨਹੀਂ ਕਿੰਨੀਆਂ ਜਥੇਬੰਦੀਆਂ ਵਿਚ ਵੰਡੇ ਪਏ ਹਨ। ਕੋਈ ਕਿਸੇ ਨਾਲ ਗੁਰਮਤਿ ਸਿਧਾਂਤਾਂ ‘ਤੇ ਸਹਿਮਤ ਨਹੀ। ਇਸ ਤੋਂ ਅੱਗੇ ਸਿੱਖ ਕੱਟੜਪੰਥੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀ। ਉਹ ਭੁੱਲ ਜਾਂਦੇ ਹਨ ਕਿ ਚਮਕੌਰ ਦੀ ਗੜ੍ਹੀ ਗੁਰੂ ਸਾਹਿਬ ਨੂੰ ਦੇਣ ਵਾਲਾ ਹਿੰਦੂ ਸੀ। ਗੁਰੂ ਸਾਹਿਬ ਦੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲਾ ਮੋਤੀ ਮਹਿਰਾ ਹਿੰਦੂ ਸੀ। ਸਸਕਾਰ ਲਈ ਸੰਸਾਰ ਦੀ ਸਭ ਮਹਿੰਗੀ ਜ਼ਮੀਨ ਖਰੀਦਣ ਵਾਲਾ ਟੋਡਰ ਮੱਲ ਵੀ ਹਿੰਦੂ ਸੀ। ਗਨੀ ਖਾਨ,ਨਬੀ ਖਾਨ ਨੂੰ ਗੁਰੂ ਸਾਹਿਬ ਨੇ ਆਪਣੇ ਫਰਜ਼ੰਦ ਲਿਖਿਆ ਸੀ। ਪੀਰ ਬੁੱਧੂਸ਼ਾਹ ਨੇ ਗੁਰੂ ਸਾਹਿਬ ਦਾ ਔਖੇ ਸਮੇ ਸਾਥ ਦਿੱਤਾ ਸੀ। ਕੋਟਲਾ ਨਿਹੰਗ ਦੇ ਮੁਸਲਮਾਨ ਵੀਰ ਨੇ ਭਾਈ ਬਚਿੱਤਰ ਸਿੰਘ ਦੀ ਜਾਨ, ਉਸ ਨੂੰ ਆਪਣਾ ਜਵਾਈ ਦੱਸ ਕੇ ਬਚਾਈ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਆਈ ਕਈ ਉਕਤ ਗੱਲਾਂ ਦਾ ਜਵਾਬ ਗੁਰਮਤਿ ਆਸ਼ੇ ਅਨੁਸਾਰ ਦੇਣਗੇ? ਮਾਰਕਸਵਾਦੀ ਵੀਰ ਦੱਸਣਗੇ ਕਿ ਗੁਰਮਤਿ ਵਾਲੀਆਂ ਇਹ ਗੱਲਾਂ ਉਹਨਾਂ ਦੇ ਵਿਆਖਿਆਨ ਵਿਚ ਕਿੱਥੇ ਫਿੱਟ ਨਹੀ ਬੈਠਦੀਆਂ? ਜੇਕਰ ਬਾਣੇ ਅਤੇ ਬਾਣੀ ਦੀ ਗੱਲ ਇਕ ਪਾਸੇ ਰੱਖ ਲਈਏ ਤਾਂ ਸਿਧਾਂਤ ਪੱਖੋ ਦੋਵੇਂ ਇਕ ਹਨ।