
ਖੂਈ ਖੇੜਾ, ਫਾਜ਼ਿਲਕਾ
ਪੰਜਾਬ ਦੇ ਲੋਕ, ਜੋ ਪਿਛਲੇ ਸੱਤਰ ਸਾਲਾਂ ਤੋਂ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਈ ਨਹੀਂ, ਬੁਰੀ ਤਰਾਂ ਨਾਲ ਥੱਕ ਵੀ ਚੁੱਕੇ ਸਨ, ਉਹਨਾਂ ਇਸ ਵਾਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਵਿਸ਼ਵਾਸ ਕਰਦਿਆਂ, ਬਹੁਤ ਜਿਆਦਾ ਉਮੀਦ ਨਾਲ ਵੋਟਾਂ ਦੀ ਹਨੇਰੀ ਲਿਆ ਕੇ ਆਮ ਆਦਮੀ ਪਾਰਟੀ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਈ ਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਹਨੇਰੀ ‘ਚ ਕਈ ਅਜਿਹੇ ਚਿਹਰਿਆਂ ਦਾ ਵੀ ਦਾਅ ਲੱਗ ਗਿਆ ਏ ਜਿਹੜੇ ਸ਼ਾਇਦ ਆਮ ਆਦਮੀ ਦੇ ‘ਟਰਿਪਲ ਸੀ’ ਦੀ ਇਕ ਵੀ ‘ਸੀ’ ਨਾ ਪੂਰੇ ਕਰਦੇ ਹੋਣ ਪਰ ਹੁਣ ਤੱਕ ਦੀ ਜੇ ਸਰਕਾਰ ਦੀ ਕਾਰਗੁਜ਼ਾਰੀ ਵੇਖੀਏ ਤਾਂ ਇਸ ‘ਚ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਮੀਦਾਂ ਤੇ ਖਰੇ ਉਤਰਦੇ ਜਾਪ ਰਹੇ ਨੇਂ। ਪੰਜਾਬ ਦੀ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸੂਖਦਾਰ ਲੋਕਾਂ ਵੱਲੋ ਦੱਬੀਆਂ ਮਹਿੰਗੀਆਂ ਸਰਕਾਰੀ ਜ਼ਮੀਨਾਂ ਵੱਡੇ ਪੱਧਰ ਤੇ ਛੁੜਾਉਣ ਦੇ ਇਨਕਲਾਬੀ ਪਾਇਲਟ ਅਭਿਆਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਏ। ਖਬਰ ਏ ਕਿ ਭਗਵੰਤ ਮਾਨ ਵੱਲੋਂ ਵੱਡੇ ਅਫਸਰਾਂ ਤੋਂ ਰੋਜ਼ਾਨਾ ਇਸ ਵਿਸ਼ੇਸ਼ ਕੰਮ ਦੀ ਰਿਪੋਰਟ ਲਈ ਜਾ ਰਹੀ ਏ। ਪੰਜਾਬ ਦੀ ਹਰੇਕ ਰਾਜਨੀਤਕ ਪਾਰਟੀ ਦੇ ਕੁੱਝ ਖਾਸ ਚੇਹਰਿਆਂ ਤੇ ਸਰਕਾਰ ਦੇ ਇਸ ਇਨਕਲਾਬੀ ਪਵਿੱਤਰ ਕਾਰਜ ਨੇ ਚਿੰਤਾ ਦੀ ਲਕੀਰਾਂ ਪੈਦਾ ਕਰ ਦਿੱਤੀਆਂ ਨੇ, ਜਿਸ ਵਿੱਚ ਹੋਰ ਪਾਰਟੀਆਂ ਤੋਂ ਮਲਾਈ ਛੱਕ ਕੇ ਆਮ ਆਦਮੀ ਪਾਰਟੀ ਵਿੱਚ ਵੜੇ ਕੁੱਝ ਅਖੌਤੀ ਇਨਕਲਾਬੀ ਵੀ ਸ਼ਾਮਲ ਨੇ, ਭਗਵੰਤ ਮਾਨ ਜੀ ਤੇ ਕੁਲਦੀਪ ਧਾਲੀਵਾਲ ਜੀ, ਤੁਸੀਂ ਲੋਕਾਂ ਦੀ ਆਸ ਓ, ਵੇਖਿਓ ਕਿਤੇ ਅਜਿਹੇ ਆਪਣਿਆਂ ਕੋਲ ਆ ਕੇ ਤੁਹਾਡਾ ਬੁਲਡੋਜ਼ਰ ਧੂੰਆਂ ਨਾ ਮਾਰਨ ਲੱਗ ਜਾਏ ਕਿਉਂਕਿ ਤੁਹਾਡੀ ਇਸ ਕਬਜਾ ਛੁਡਾਉ ਮੁਹਿੰਮ ਤੋਂ ਪੰਜਾਬ ਦੀਆਂ ਹੋਰ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਇਮਾਨਦਾਰ ਲੋਕਾਂ ਨੂੰ ਵੀ ਬਹੁਤ ਆਸ ਏ।
