Articles Punjab Religion

ਪੰਜ ਮੈਂਬਰੀ ਕਮੇਟੀ ਦੀ ਅੱਖੀਂ ਦੇਖੀ ਭਰਤੀ ਮੁਹਿੰਮ !

ਸਮਾਗਮ ਦੇ ਦੌਰਾਨ ਨੌਜਵਾਨ ਅਕਾਲੀ ਵਿਧਾਨਕਾਰ ਮਨਪ੍ਰੀਤ ਸਿੰਘ ਇਆਲ਼ੀ, ਭਾਈ ਸੰਤਾ ਸਿੰਘ ਉਮੈਦਪੁਰੀ ਅਤੇ ਹੋਰ ਆਗੂ ਇਹਨਾਂ ਸਤਰਾਂ ਦੇ ਲੇਖਕ ਦੇ ਨਾਲ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਲੰਘੇ ਇੱਕ ਅਪਰੈਲ ਵਾਲ਼ੇ ਦਿਨ ਸਵੇਰੇ ਫੇਸ-ਬੁੱਕ ਖੋਲ੍ਹੀ ਹੀ ਸੀ ਕਿ ਸਮਰਾਲ਼ੇ ਇਲਾਕੇ ਵਿਚ ਸਰਗਰਮ ਪੱਤਰਕਾਰ ਵੀਰ ਬਲਵੀਰ ਸਿੰਘ ਬੱਬੀ ਜੀ ਦੀ ਪੋਸਟ ਨਜ਼ਰੀਂ ਪਈ। ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਵਾਸਤੇ ਭਰਤੀ ਕਰਨ ਵਾਲ਼ੀ ਪੰਜ ਮੈਂਬਰੀ ਕਮੇਟੀ ਦੇ ਕੁੱਝ ਸੱਜਣ 2 ਅਪਰੈਲ ਦਿਨ ਬੁੱਧਵਾਰ ਨੂੰ ਇਤਹਾਸਿਕ ਨਗਰ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਪਹੁੰਚ ਰਹੇ ਹਨ। ਇਹ ਸੂਚਨਾ ਪੜ੍ਹ ਕੇ ਮੈਂ ਸੋਚਿਆ ਕਿ ਕਿਉਂ ਨਾ ਮੌਕੇ ‘ਤੇ ਪਹੁੰਚ ਕੇ ਖੁਦ ਦੇਖਿਆ ਜਾਵੇ ਕਿ ਇਸ ਕਮੇਟੀ ਨੂੰ ਬਹੁਤ ਭਰਵੇਂ ਹੁੰਘਾਰੇ ਦੀਆਂ ਛਾਇਆ ਹੋ ਰਹੀਆਂ ਖਬਰਾਂ ਵਿਚ ਕਿੰਨੀ ਕੁ ਸੱਚਾਈ ਹੈ? ਉਂਜ ਵੀ ਮੈਨੂੰ ਮਾਛੀਵਾੜਾ ਸਾਹਬ ਦਾ ਨਾਂ ਸੁਣ ਕੇ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਸ੍ਰੀ ਦਸਮੇਸ਼ ਪਿਤਾ ਦੀ ਪਾਵਨ ਚਰਨਛੋਹ ਪ੍ਰਾਪਤ ਇਹ ਨਗਰ ਸਾਨੂੰ ਲੋਕਲ ਵਾਂਗ ਹੀ ਹੈ, ਸਿਰਫ ਵਿਚਕਾਰ ਵਗਦੇ ਸਤਿਲੁਜ ਦਰਿਆ ਨੇ ਹੀ ‘ਉਰਾਰ-ਪਾਰ’ ਬਣਾਏ ਹੋਏ ਹਨ।

ਬੱਬੀ ਜੀ ਦੀ ਪੂਰੀ ਪੋਸਟ ਪੜ੍ਹਨ ਬਾਅਦ ਮੈਂ ਉਸੇ ਵੇਲੇ ਆਪਣੇ ਭਰਾਵਾਂ ਵਰਗੇ ਮਿੱਤਰ ਜਸਪਾਲ ਸਿੰਘ ਵਿਰਕ ਸਰਪੰਚ ਬੀਰੋਵਾਲ਼ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ। ਹਮੇਸ਼ਾਂ ਵਾਂਗ ਉਨ੍ਹਾਂ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਕੱਲ੍ਹ ਸਵੇਰੇ ‘ਥਾਰ’ ਤਿਆਰ ਹੋਵੇਗੀ ਮਾਛੀਵਾੜਾ ਸਾਹਿਬ ਜਾਣ ਲਈ!

ਦੂਜੇ ਦਿਨ 2 ਅਪਰੈਲ ਨੂੰ ਅਸੀਂ ਸਾਢੇ ਕੁ ਦਸ ਵਜੇ ਮਾਛੀਵਾੜਾ ਸਾਹਿਬ ਦੇ ਸ਼ਿਵਾ ਪੈਲਿਸ ‘ਤੇ ਜਾ ਪਹੁੰਚੇ। ਪੈਲਿਸ ਦੀ ਖੁਲ੍ਹੀ ਡੁੱਲ੍ਹੀ ਪਾਰਕਿੰਗ ਵੀ ਗੱਡੀਆਂ ਨਾਲ ਭਰੀ ਪਈ ਸੀ ਤੇ ਬਾਹਰ ਸੜ੍ਹਕ ਦੇ ਦੋਹੀਂ ਪਾਸੀਂ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੋਕਾਂ ਦਾ ਭਰਵਾਂ ਉਤਸ਼ਾਹ ਦਰਸਾ ਰਹੀਆਂ ਸਨ। ਨੀਲੀਆਂ ਪੀਲ਼ੀਆਂ ਦਸਤਾਰਾਂ ਵਾਲ਼ਿਆਂ ਦਾ ਇਕ ਤਰਾਂ ਨਾਲ ਹੜ੍ਹ ਆਇਆ ਹੋਇਆ ਸੀ। ਮੁਸਲਿਮ ਟੋਪੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਿੰਦੂ ਵੀਰ ਵੀ ਇਕੱਠ ਵਿੱਚ ‘ਸ਼੍ਰੋਮਣੀ ਅਕਾਲੀ ਦਲ’ ਵਾਲ਼ੀਆਂ ਝੰਡੀਆਂ ਹੱਥਾਂ ‘ਚ ਲਹਿਰਾਉਂਦੇ ਫਿਰਦੇ ਸਨ। ਸਾਰਿਆਂ ਦੇ ਚਿਹਰਿਆਂ ਉੱਤੇ ਵਿਆਹ ਜਿੰਨੀ ਖੁਸ਼ੀ ਡਲ੍ਹਕਾਂ-ਝਲਕਾਂ ਮਾਰ ਰਹੀ ਸੀ। ਕੰਨ ਨੂੰ ਫੋਨ ਲਈ ਫਿਰਦੇ ਇਕ ਪ੍ਰਬੰਧਕ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਆਲ਼ੀ ਜੀ, ਉਮੈਦ ਪੁਰੀ ਸਾਹਬ ਅਤੇ ਝੂੰਦਾ ਸਾਹਬ ਮਾਛੀਵਾੜਾ ਸਾਹਬ ਪਹੁੰਚ ਚੁੱਕੇ ਹਨ ਤੇ ਉਹ ਪਹਿਲਾਂ ਕਲਗੀਆਂ ਵਾਲ਼ੇ ਪਾਤਸ਼ਾਹ ਦੇ ਦਰਬਾਰ ਸਾਹਿਬ ਵਿਖੇ ਅਸ਼ੀਰਵਾਦ ਪ੍ਰਾਪਤ ਕਰਨ ਗਏ ਹੋਏ ਹਨ। ਇਸ ਇਕੱਠ ਵਿਚ ਬੀਬੀਆਂ ਦੀ ਅਣਹੋਂਦ ਜਰੂਰ ਖਟਕਦੀ ਸੀ।

ਮਿੱਥੇ ਹੋਏ ਸਮੇਂ ‘ਤੇ 11ਵਜੇ ਮੁੱਖ ਪਤਵੰਤਿਆਂ ਅਤੇ ਆਈ ਸੰਗਤ ਨੂੰ ਰੁਪਿੰਦਰ ਸਿੰਘ ਰੂਬੀ ਬੈਨੀਵਾਲ ਵਲੋਂ ‘ਜੀਉ ਆਇਆਂ’ ਕਹਿਣ ਨਾਲ ਸਮਾਗਮ ਅਰੰਭ ਹੋਇਆ। ਭਾਈ ਸੰਤਾ ਸਿੰਘ ਉਮੈਦ ਪੁਰੀ ਅਤੇ ਇਕਬਾਲ ਸਿੰਘ ਝੂੰਦਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਿਆਸੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰ੍ਹੀ ਹੋਏ ਹੁਕਮਨਾਮੇ ਤੋਂ ਆਕੀ ਹੁੰਦਿਆਂ ਕੁੱਝ ਕਬਜਾਧਾਰੀ ਬਿਰਤੀ ਵਾਲ਼ੇ ਆਗੂ ਪੰਥ ਨੂੰ ਗੁਮਰਾਹ ਕਰ ਰਹੇ ਹਨ। ਕੁੱਝ ਦਿਨ ਪਹਿਲੋਂ ਮਲੇਰ ਕੋਟਲਾ ਅਤੇ ਸੰਗਰੂਰ ਵਿਖੇ ਸਫਲਤਾ ਦੇ ਵਿਲੱਖਣ ਝੰਡੇ ਗੱਡਣ ਵਾਲ਼ੀਆਂ ਭਰਤੀ ਮੁਹਿੰਮਾਂ ਅਤੇ ਮਾਛੀਵਾੜਾ ਸਾਹਿਬ ਦੇ ਜੋਸ਼ੀਲੇ ਇਕੱਠ ਤੋਂ ਬਾਗੋ ਬਾਗ ਹੁੰਦਿਆਂ ਦੋਹਾਂ ਆਗੂਆਂ ਨੇ ਖੁਸ਼ੀ ਪ੍ਰਗਟਾਈ ਕਿ ਹੁਣ ਪੰਥ ਜਾਗ ਪਿਆ ਹੈ ਤੇ ਕਿਸੇ ਲੀਡਰ ਦੀਆਂ ਕਪਟੀ ਚਾਲਾਂ ਕਤੱਈ ਸਫਲ ਨਹੀਂ ਹੋਣੀਆਂ! ਉਨ੍ਹਾਂ ਨੇ ਨਿਮਰਤਾ ਨਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਭਰਤੀ ਪਰਚੀਆਂ ਭਰਨ ਦੀ ਤਕਨੀਕ ਸਮਝਾਉਂਦਿਆਂ ਕਿਹਾ ਅਧਾਰ ਕਾਰਡ ਦਾ ਨੰਬਰ ਜਰੂਰ ਭਰਿਆ ਜਾਵੇ ਅਤੇ ਇਹ ਭਰਤੀ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੀ ਰੌਸ਼ਨੀ ਵਿਚ ਸਾਰੇ ਵਰਗਾਂ ਲਈ ਖੁੱਲ੍ਹੀ ਹੈ। ਅਠਾਰਾਂ ਸਾਲ ਤੋਂ ਉੱਤੇ ਉਮਰ ਵਾਲ਼ਾ, ਪੰਥ-ਪੰਜਾਬ-ਪੰਜਾਬੀਅਤ ਦਾ ਹਰੇਕ ਹਿਤੈਸ਼ੀ ਮਾਈ ਭਾਈ ਪਰਚੀ ਭਰ ਕੇ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਇਹ ਪਰਚੀ ਵੀ ਸਾਂਭ ਕੇ ਰੱਖਣੀ ਹੋਵੇਗੀ ਜੋ ਤੁਹਾਡੇ ਕੋਲ਼ ਅਕਾਲੀ ਦਲ ਦੇ ਵਰਕਰ ਬਣਨ ਦੇ ਦਸਤਾਵੇਜ ਵਜੋਂ ਸਨਦ ਰਹੇਗੀ।

ਇਨ੍ਹਾਂ ਤੋਂ ਬਾਅਦ ਨੌਜਵਾਨ ਅਕਾਲੀ ਵਿਧਾਨਕਾਰ ਮਨਪ੍ਰੀਤ ਸਿੰਘ ਇਆਲ਼ੀ ਨੇ ਪੁਰਾਣੇ ਜਥੇਦਾਰਾਂ ਵਾਂਗ ਪੰਥਕ ਸ਼ਬਦਾਵਲੀ ਵਾਲ਼ੇ ਮੁਹਾਵਰੇ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਭਾਵੇਂ ਸਿਆਸਤ ਵਿਚ ‘ਟਪੂਸੀ-ਮਾਰ’ ਦਲਬਦਲੀਆਂ ਵਾਲ਼ਾ ਦੌਰ ਹੈ ਪਰ ਮੈਂ ਘਰੇ ਬਹਿਣਾ ਪਸੰਦ ਕਰ ਲਿਆ ਸੀ ਕਿਉਂਕਿ ਬੜੀ ਮੁਸ਼ੱਕਤ ਨਾਲ਼ ਤਿਆਰ ਕੀਤੀ ਝੂੰਦਾ ਕਮੇਟੀ ਦੀ ਰਿਪੋਰਟ ਦੀਆਂ ਅਹਿਮ ਸਿਫਾਰਸ਼ਾਂ ਨੂੰ ਸਾਡੇ ਉਤਲੇ ਆਗੂ ਸੁਣਨ ਲਈ ਵੀ ਤਿਆਰ ਨਹੀਂ ਸਨ। ਅਸੀਂ ਪਾਰਟੀ ਦੇ ਵਰਕਰਾਂ ਵਲੋਂ ਹੱਥ ਜੋੜ-ਜੋੜ ਵਾਸਤੇ ਵੀ ਪਾਏ ਪਰ ਪ੍ਰਧਾਨਗੀ ਨਾਲ਼ ਚਿੰਬੜੇ ਸ੍ਰੀ ਮਾਨ ਜੀ ‘ਮੈਂ ਨਾ ਮਾਨੂੰ’ ਦੀ ਰਟ ਹੀ ਲਾਈ ਗਏ! ਇਸੇ ਮਨਹੂਸ ‘ਰਟ’ ਕਾਰਨ ਸਾਡੀ ਪੰਥਕ ਪਾਰਟੀ ‘ਤੇ ਆਹ ਕਲਹਿਣੇ ਦਿਨ ਆਏ!

ਪੜ੍ਹਨ-ਲਿਖਣ ਵਾਲ਼ੇ ਅਕਾਲੀ ਦਾ ਸਬੂਤ ਦਿੰਦਿਆਂ ਸਰਦਾਰ ਇਆਲ਼ੀ ਜੀ ਨੇ ਸਮਰਾਲ਼ਾ ਵਿਧਾਨ ਸਭਾ ਹਲਕੇ ਦੇ ਮਾਣਮੱਤੇ ਪੰਥਕ ਪਿਛੋਕੜ ਦੀ ਮਿਸਾਲ ਦਿੱਤੀ! ਉਨ੍ਹਾਂ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖ ਇਜ਼ਮ’ ਸਿਰਦਾਰ ਕਪੂਰ ਸਿੰਘ ਵਲੋਂ ਇਸੇ ਸਮਰਾਲ਼ਾ ਹਲਕੇ ਤੋਂ ਅਸੰਬਲੀ ਚੋਣ ਲੜਨ ਸਮੇਂ ਕਹੀ ਗੱਲ ਚੇਤੇ ਕਰਵਾਈ ਕਿ ਉਨ੍ਹਾਂ ਵਲੋਂ ਐਲਾਨੀਆਂ ‘ਬੀੜੀ-ਸਿਗਰਟ ਪੀਣ ਵਾਲ਼ੇ ਮੈਨੂੰ ਵੋਟ ਨਾ ਪਾਉਣ!’ ਕਹਿਣ ਦੇ ਬਾਵਜੂਦ ਉਨ੍ਹਾਂ ਇੱਥੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ! ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਇਆਲ਼ੀ ਜੀ ਨੇ ਸ੍ਰੋਤਿਆਂ ਨੂੰ ਪੁੱਛਿਆ ਕਿ ਦੋਸਤੋ ਤੁਹਾਡੇ ‘ਚੋਂ ਕਿਸੇ ਨੂੰ ਯਾਦ ਐ ਕਿ ਕਪੂਰ ਸਿੰਘ ਹੁਣਾ ਸਮਰਾਲ਼ੇ ਤੋਂ ਕਦੋਂ ਚੋਣ ਲੜੀ ਸੀ? ਤਾਂ ਇਕੱਠ ਵਿੱਚ ਨੀਲੀਆਂ ਦਸਤਾਰਾਂ ਵਾਲ਼ੇ ਕਈ ਜਥੇਦਾਰ ਉੱਠ ਕੇ ਬੋਲੇ-‘ਸੰਨ 1969 ਵਿੱਚ ਜੀ!’

ਅਖੀਰ ਵਿਚ ਸਟੇਜ ਸਕੱਤਰ ਨਰਿੰਦਰਪਾਲ ਸਿੰਘ ਬਾਜਵਾ ਨੇ ਮਿੱਥੇ ਪ੍ਰੋਗਰਾਮ ਵਿਚ ਥੋੜ੍ਹੀ ਅਦਲਾ-ਬਦਲੀ ਕਰਕੇ, ਆਏ ਹੋਏ ਆਗੂ ਸਾਹਿਬਾਨ ਅਤੇ ਸਮੁੱਚੇ ਇਕੱਠ ਦਾ ਧੰਨਵਾਦ ਕਰਨ ਲਈ, ਉਜਾਗਰ ਸਿੰਘ ਸਾਬਕ ਪ੍ਰਧਾਨ ਨਗਰ ਕੌਂਸਲ ਅਤੇ ਗੁਰਚਰਨ ਸਿੰਘ ਉੱਪਲਾਂ ਦੀ ਬਜਾਏ ਮੇਰੀ ਡਿਊਟੀ ਲਾਈ। ਦੋ ਚਾਰ ਕੁ ਮਿੰਟ ਵਿਚ ਮੈਂ ਸੰਕੋਚਵਾਂ ਨਿੱਜੀ ਵੇਰਵਾ ਦਿੰਦਿਆਂ ਕਿਹਾ ਕਿ 24-25 ਅਕਤੂਬਰ 2002 ਵਾਲ਼ੀ ਰਾਤ ਜਦ ਮੈਂ ਬਾਲਾ ਸਰ ਤੋਂ ਬਾਦਲ ਦਲ ਤੋਂ ਬਗਾਵਤ ਕਰਕੇ ਆਇਆ ਸਾਂ ਤਦ ਮੈਨੂੰ ਜਥੇਦਾਰ ਟੌਹੜਾ ਸਾਹਬ ਅਤੇ ਸੁਰਜਣ ਸਿੰਘ ਠੇਕੇਦਾਰ ਹੁਣਾ ਨੇ ਇਕ ਜੋਸ਼ੀਲੇ ਸ਼ਬਦਾਂ ਵਾਲ਼ਾ ਸ਼ਾਨਦਾਰ ਮੋਮੈਂਟੋ ਭੇਂਟ ਕੀਤਾ ਸੀ। ਪਰ ਜਦੋਂ ਟੌਹੜਾ ਸਾਹਬ ਨੇ ਬਜ਼ੁਰਗ ਬਾਦਲ ਹੱਥੋਂ ਸਮਝੌਤੇ ਦੇ ‘ਪੀਲ਼ੇ ਪੀਲ਼ੇ ਲੱਡੂ’ ਖਾ ਲਏ ਸੀ ਤਾਂ ਮੈਂ ਇਕ ਅਖਬਾਰੀ ਲੇਖ ਲਿਖ ਕੇ ਟੌਹੜਾ ਸਾਹਿਬ ਨੂੰ ਪੁੱਛਿਆ ਸੀ ਕਿ ‘ਪ੍ਰਧਾਨ ਸਾਹਬ ਜੀ’ ਮੈਂ ਹੁਣ ਉਸ ਮੋਮੈਂਟੋ ਦਾ ਕੀ ਕਰਾਂ? ਇਸੇ ਤਨਜ਼ ਨੂੰ ਅੱਗੇ ਤੋਰਦਿਆਂ ਮੈਂ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਜ਼ਿਕਰ ਕੀਤੇ ਸਿਰਦਾਰ ਕਪੂਰ ਸਿੰਘ ਵਲੋਂ ਹੀ ਕਹੀ ਉਹ ਪ੍ਰਸਿੱਧ ਗੱਲ ਚੇਤੇ ਕਰਵਾਈ ਕਿ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਇਕ ਪ੍ਰਤੀਨਿਧ ਪੰਥਕ ਇਕੱਠ ਵਿਚ ਸਿਰਦਾਰ ਸਾਹਿਬ ਨੇ ਮੋਹਰੇ ਬੈਠੀ ਸੰਗਤ ਵੱਲ੍ਹ ਹੱਥ ਕਰਦਿਆਂ ਕਿਹਾ ਸੀ ਕਿ ਖਾਲਸਾ ਜੀ ਤੁਸੀਂ ਪੰਥ ਲਈ ਕੁਰਬਾਨੀਆਂ ਕਰਨ ਤੋਂ ਕਦੇ ਪਿੱਛੇ ਨਹੀਂ ਹਟੇ ਪਰ (ਭਰੀ ਸਟੇਜ ਵੱਲ੍ਹ ਹੱਥ ਕਰਕੇ) ਆਹ ਕਦੇ ਗੱਦਾਰੀਆਂ ਕਰਨ ਤੋਂ ਨਹੀਂ ਟਲ਼ੇ! ਮੇਰੇ ਬੋਲਦੇ ਵੱਲ੍ਹ ਦੇਖਦੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਤਿੰਨਾਂ ਮੁੱਖ ਆਗੂਆਂ ਨੂੰ ਮੈਂ ਇਸ਼ਾਰੇ ਮਾਤਰ ਬੇਨਤੀ ਕੀਤੀ ਕਿ ਅਹਿ ਭਾਰੇ ਇਕੱਠ ਵਿਚ ਜੁੜੇ ਬੈਠੇ ਜੁਝਾਰੂ ਸਿਪਾਹੀ ਤਾਂ ਪੰਥਕ ਜਜ਼ਬੇ ਨਾਲ ਸਦਾ ਓਤ-ਪੋਤ ਹੀ ਰਹਿੰਦੇ ਹਨ ਪਰ ‘ਫਲਾਣੇ ਸਿੰਹੁ ਦੀ ਮੁਕਾਣੇ ਵੀ ਨਾ ਜਾਣ’ ਦੇ ਦਮਗਜ਼ੇ ਮਾਰਨ ਵਾਲ਼ੇ ਸਾਡੇ ਕੁੱਝ ਆਗੂ ‘ਥਾਲ਼ੀ ਦੇ ਬੈਂਗਣ’ ਵਾਂਗ ਰਿੜ੍ਹਦੇ ਰਿੜ੍ਹਦੇ ਉਸੇ ‘ਫਲਾਣੇ ਸਿੰਹੁ’ ਦੇ ਚਮਚੇ ਬਣ ਜਾਂਦੇ ਹਨ! ਸਮਾਪਤੀ ਉਪਰੰਤ ਮਾਛੀਵਾੜਾ ਸਾਹਿਬ ਇਲਾਕੇ ਦੇ ਅਕਾਲੀਆਂ ਨੇ ਕੌਫੀ, ਚਾਹ-ਪਾਣੀ ਅਤੇ ਬ੍ਰੈੱਡਪੀਸ-ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ!

Related posts

ਸੰਨੀ ਦਿਓਲ ਦੀ ‘ਬਾਰਡਰ-2’ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ !

admin

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin