Articles

ਪੰਥ ਦੇ ਜਥੇਦਾਰਾਂ ਦਾ ਸੰਕਟ ਬਨਾਮ ਅਕਾਲੀ ਰਾਜਨੀਤੀ !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਤਿਸਰ ਵਖਿੇ ਸ੍ਰੀ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਆਿਨੀ ਹਰਪ੍ਰੀਤ ਸੰਿਘ ਨਾਲ ਮੁਲਾਕਾਤ ਕਰਦੇ ਹੋਏ। (ਫੋਟੋ: ਏ ਐਨ ਆਈ)
ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਅਗਰ ਕਿਸ਼ਤੀ ਹੋ ਤੂਫਾਂ ਮੇਂ, ਤੋ ਕਾਮ ਆਤੀ ਹੈਂ ਤਦਬੀਰੇਂ,
ਮÎਗਰ ਕਿਸ਼ਤੀ ਮੇਂ ਤੂਫਾਂ ਹੋ, ਤੋ ਮਿਟ ਜਾਤੀ ਹੈਂ ਤਕਦੀਰੇਂ।

ਇਹਨੀ ਦਿਨੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਵਿਧਾਇਕ ਵਿਰਸਾ ਸਿੰਘ ਵਲਟੋਹੇ ਦਰਮਿਆਨ ਚੱਲ ਰਹੀ ਖਿੱਚੋਤਾਣ ਨੇ ਪੰਥ ਵਿਚ ਤਹਿਲਕਾ ਮਚਾਈ ਰੱਖਿਆ। ਦੇਖਦਿਆਂ ਹੀ ਦੇਖਦਿਆਂ ਬਹੁਤੀਆਂ ਪੰਥਕ ਧਿਰਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਖੜ੍ਹੀਆਂ ਹੋ ਗਈਆਂ ਅਤੇ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਵੱਡੀ ਪੱਧਰ ‘ਤੇ ਵਿਰੋਧ ਖੜ੍ਹਾ ਹੋ ਗਿਆ। ਜਿਓਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਭਰ ਕੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਉਹਨਾ ਦੇ ਹੱਕ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਬਾਕੀ ਦੇ ਜਥੇਦਾਰ ਵੀ ਨਿੱਤਰ ਪਏ। ਹਾਲਾਤਾਂ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਅਤੇ ਜਥੇਦਾਰ ਸਾਹਿਬ ਦੀ ਮੁੜ ਬਹਾਲੀ ਹੋ ਗਈ। ਹੁਣ ਅਨੇਕਾਂ ਪੰਥਕ ਸ਼ਖਸੀਅਤਾਂ ਅਤੇ ਸੋਸ਼ਲ ਮੀਡੀਆ ‘ਤੇ ਇਸੇ ਮੁੱਦੇ ਨੂੰ ਲੈ ਕੇ ਸ਼ਬਦੀ ਜੰਗ ਹੋਣ ਲੱਗ ਪਿਆ ਹੈ।

ਦੋਹਾਂ ਧਿਰਾਂ ਦਰਮਿਆਨ ਝਗੜਾ ਕਿਓਂ ਵਧਿਆ

ਸੰਨ 1995 ਤੋਂ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਨੇੜੇ ਦੇ ਸਬੰਧ ਰੱਖਣ ਵਾਲੇ ਸ: ਵਲਟੋਹਾ ਨੇ ਜਿਸ ਵੇਲੇ ਮੌਜੂਦਾ ਸਮੇਂ ਆਪਣੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਸੰਕਟ ਵਿਚ ਦੇਖਿਆ ਤਾਂ ਬਿਆਨ ਦੇ ਮਾਰਿਆ ਕਿ ਜਥੇਦਾਰਾਂ ਨੇ ਆਰ ਐਸ ਐਸ ਅਤੇ ਭਾਜਪਾ ਦੇ ਦਬਾਅ ਹੇਠ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਇਸ ਬਿਆਨ ‘ਤੇ ਜਥੇਦਾਰਾਂ ਨੇ ਵਲਟੋਹੇ ਦੀ ਪੇਸ਼ੀ ਕਰਕੇ ਉਸ ਨੂੰ 10 ਸਾਲਾਂ ਲਈ ਅਕਾਲੀ ਦਲ ਚੋਂ ਬਰਖਾਸਤ ਕਰਨ ਦੀ ਸਿਫਾਰਸ਼ ਕਰ ਦਿੱਤੀ। ਸ: ਵਲਟੋਹਾ ਨੇ ਇਸ ਦੇ ਮੋੜਵੇਂ ਜਵਾਬ ਵਿਚ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ‘ਤੇ ਆਰ ਐਸ ਐਸ ਨਾਲ ਸਬੰਧ ਹੋਣ ਬਾਬਤ ਇਲਜ਼ਾਮ ਬਾਜ਼ੀ ਕੀਤੀ ਤਾਂ ਮਾਮਲਾ ਹੋਰ ਵੀ ਤੂਲ ਫੜ ਗਿਆ। ਜਥੇਦਾਰ ਦਾ ਕਹਿਣਾ ਹੈ ਕਿ ਉਸ ਵਲੋਂ ਜਥੇਦਾਰ ਨੂੰ ਜਾਤੀ ਸੂਚਕ ਤਾਹਨੇ ਮਾਰੇ ਗਏ ਅਤੇ ਜਥੇਦਾਰ ਸਾਹਿਬ ਦੀਆਂ ਬੇਟੀਆਂ ਨੂੰ ਵੀ ਬੁਰਾ ਭਲਾ ਕਿਹਾ ਗਿਆ ਹੈ। ਸ: ਵਲਟੋਹਾ ਵਲੋਂ ਭਾਵੇਂ ਸਪੱਸ਼ਟੀਕਰਨ ਦੇ ਕੇ ਅਜੇਹਾ ਕੁਝ ਵੀ ਕਹਿਣ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਪਰ ਪੰਥਕ ਹਵਾ ਸ: ਵਲਟੋਹੇ ਦੇ ਖਿਲਾਫ ਚੱਲ ਰਹੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਣਕਾਰੀ

ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਸਬੰਧ ਗਿੱਦੜਬਾਹਾ ਹਲਕੇ ਨਾਲ ਹੈ। ਉਹਨਾ ਦੇ ਪਿਤਾ ਜੀ ਪਿੰਡ ਵਿਚ ਗ੍ਰੰਥੀ ਸਨ। ਜਥੇਦਾਰ ਸਾਹਿਬ ਨੇ ਮੁਢਲੀ ਵਿੱਦਿਆ ਪ੍ਰਾਪਤ ਕਰਨ ਮਗਰੋਂ ਬੀਏ ਐਮ ਏ ਕਰਕੇ ਧਾਰਮਕ ਮਜ਼ਮੂਨ ਵਿਚ ਪੀ ਐਚ ਡੀ ਕੀਤੀ ਅਤੇ ਉਹਨਾ ਨੂੰ ਮੁਕਤਸਰ ਸਾਹਿਬ ਵਿਚ ਹੈੱਡ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਸੰਨ 2017 ਵਿਚ ਉਹਨਾ ਨੂੰ ਦਮਦਮਾ ਸਾਹਿਬ ਵਿਚ ਬਤੌਰ ਜਥੇਦਾਰ ਦੇ ਸੇਵਾ ਮਿਲੀ ਜਦ ਕਿ ਸੰਨ 2018 ਵਿਚ ਜਥੇਦਾਰ ਗੁਰਬਚਨ ਸਿੰਘ ਦੀ ਸਿਰਸੇ ਵਾਲੇ ਨੂੰ ਕਲੀਨ ਚਿੱਟ ਦੇਣ ਦੇ ਮੁੱਦੇ ‘ਤੇ ਹੋਈ ਛੁੱਟੀ ਬਦਲੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾ ਦਿਤਾ ਗਿਆ। ਇਸ ਸੇਵਾ ‘ਤੇ ਉਹ ਪੰਜ ਸਾਲ ਰਹੇ ਪਰ ਜਿਸ ਵੇਲੇ ਉਹਨਾ ਬਾਬਤ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ ਵਿਚ ਸ਼ਾਮਲ ਹੋਣ ਦਾ ਪੰਥ ਵਿਚ ਵਿਰੋਧ ਹੋਣ ਲੱਗਾ ਤਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਦਮਦਮਾ ਸਾਹਿਬ ਵਿਖੇ ਜਥੇਦਾਰੀ ਦੀ ਸੇਵਾ ਦੇ ਦਿੱਤੀ ਗਈ।

ਜਥੇਦਾਰ ਵਿਰਸਾ ਸਿੰਘ ਵਲਟੋਹਾ ਬਾਰੇ ਜਾਣਕਾਰੀ

ਸ: ਵਿਰਸਾ ਸਿੰਘ ਵਲਟੋਹਾ ਦਾ ਨਾਮ ਖਾੜਕੂ ਦੌਰ ਵਿਚ ਉੱਭਰਿਆ ਅਤੇ ਉਹ ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਮਝੇ ਜਾਂਦੇ ਹਨ। ਖੇਮ ਕਰਨ ਤੋਂ ਅਕਾਲੀ ਦਲ ਬਾਦਲ ਦੇ ਦੋ ਵਾਰ ਵਿਧਾਇਕ ਰਹੇ ਸ:ਵਲਟੋਹਾ ਨੇ ਤਾਂ ਇੱਕ ਵਾਰ ਪੰਜਾਬ ਵਿਧਾਨ ਸਭਾ ਵਿਚ ਵੀ ਕਹਿ ਦਿੱਤਾ ਸੀ ਕਿ ਮੈਂ ਅੱਤਵਾਦੀ ਸਾਂ, ਹਾਂ ਅਤੇ ਰਹਾਂਗਾ ਜਿਸ ਦਾ ਭਾਜਪਾ ਵਲੋਂ ਤਿੱਖਾ ਵਿਰੋਧ ਹੋਇਆ ਸੀ। ਆਪਣੇ ਗਰਮ ਬਿਆਨਾ ਕਰਕੇ ਉਹ ਅਕਸਰ ਹੀ ਚਰਚਾ ਵਿਚ ਰਹਿੰਦੇ ਹਨ। ਖਾੜਕੂ ਦੌਰ ਵਿਚ ਸ: ਵਲਟੋਹਾ ‘ਤੇ ਇੱਕ ਵਾਰ ਐਨ ਐਸ ਏ ਵੀ ਲੱਗ ਚੁੱਕਾ ਹੈ। ਸ: ਵਲਟੋਹਾ ਪਾਬੰਦੀ ਸ਼ੁਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿਚ ਸਰਗਰਮ ਰਹੇ ਹਨ ਅਤੇ ਸੰਨ 1984 ਵਿਚ ਉਹ ਦਰਬਾਰ ਸਾਹਿਬ ਵਿਚੋਂ ਹੋਰ ਆਗੂਆਂ ਸਮੇਤ ਗ੍ਰਿਫਤਾਰ ਕੀਤੇ ਗਏ ਸੀ। ਸ:ਵਲਟੋਹਾ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ ਏ ਹਨ। ਪੱਟੀ ਵਿਚ ਡਾਕਟਰ ਸੁਦਰਸ਼ਨ ਦੇ ਹੋਏ ਕਤਲ ਸਬੰਧੀ ਭਾਵੇਂ ਜਥੇਦਾਰ ਵਲਟੋਹਾ ਨੂੰ ਚਾਰਜਸ਼ੀਟ ਕੀਤਾ ਗਿਆ ਪਰ ਚੋਣਾ ਦੌਰਾਨ ਹੋਏ ਹਲਫਨਾਮੇ ਵਿਚ ਉਹ ਐਸੇ ਕਿਸੇ ਵੀ ਦੋਸ਼ ਵਿਚ ਦੋਸ਼ੀ ਸਾਬਤ ਨਹੀਂ ਹੋ ਸਕੇ। ਸਬੰਧਤ ਮਾਮਲੇ ਸਬੰਧੀ ਹਾਲ ਦੀ ਘੜੀ ਸ: ਵਿਰਸਾ ਸਿੰਘ ਵਲਟੋਹਾ ਖਾਮੋਸ਼ ਹੋ ਗਏ ਹਨ।

ਸ: ਇਮਾਨ ਸਿੰਘ ਮਾਨ ਵਲੋਂ ਜਥੇਦਾਰਾਂ ਦੇ ਕਿਰਦਾਰ ਨੂੰ ਚਣੌਤੀ

ਲਾਈਵ ਸੱਚ ਟੀ ਵੀ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਸ: ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਵਲੋਂ ਜਥੇਦਾਰਾਂ ਸਬੰਧੀ ਪੁੱਛੇ ਗਏ ਕੁਝ ਬਿਆਨ ਧਿਆਨ ਮੰਗਦੇ ਹਨ। ਸ: ਇਮਾਨ ਸਿੰਘ ਮਾਨ ਨੇ ਕੁਝ ਨਿੱਜੀ ਚੈਨਲਾ ਨੂੰ ਦਿੱਤੇ ਬਿਆਨਾ ਵਿਚ ਜੋ ਮੁੱਦੇ ਉਠਾਏ ਹਨ ਇਹ ਸਵਾਲ ਕ੍ਰਮਵਾਰ ਇਸ ਤਰਾਂ ਹਨ-

1) ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰਚ ਰਹੇ ਸਿਰਸੇ ਵਾਲੇ ਨੂੰ ਸ੍ਰੀ ਅਕਾਲ ਤਖਤ ਤੋਂ ਕਲੀਨ ਚਿੱਟ ਦਿੱਤੀ ਗਈ ਤਾਂ ਸਾਡੇ ਜਥੇਦਾਰਾਂ ਨੇ ਇਸ ਸਬੰਧੀ ਆਵਾਜ਼ ਬੁਲੰਦ ਕਿਓਂ ਨਾ ਕੀਤੀ?
2) ਜਿਸ ਵੇਲੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਸਮੇਂ ਇਹਨਾ ਜਥੇਦਾਰਾਂ ਨੇ ਆਪਣੇ ਸਿਆਸੀ ਆਗੂਆਂ ਖਿਲਾਫ ਆਵਾਜ਼ ਕਿਓਂ ਨਾ ਚੁੱਕੀ
3) ਜਿਸ ਵੇਲੇ ਸ੍ਰੀ ਗਰੁ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਏ ਉਸ ਵੇਲੇ ਵੀ ਇਹਨਾ ਜਥੇਦਾਰਾਂ ਨੇ ਪੰਥ ਦਾ ਮਾਰਗ ਦਰਸ਼ਨ ਕਿਓਂ ਨਾ ਕੀਤਾ?
4) ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਦੇਹਧਾਰੀਆਂ ਦੇ ਦਰਾਂ ‘ਤੇ ਸ਼ਰੇਆਮ ਵੋਟਾਂ ਮੰਗਣ ਜਾਂਦੇ ਸਨ ਤਾਂ ਜਥੇਦਾਰਾਂ ਨੇ ਤਤਕਾਲ ਉਹਨਾ ਖਿਲਾਫ ਕਾਰਗੁਜ਼ਾਰੀ ਕਿਓਂ ਨਾ ਕੀਤੀ?
5) ਇਹਨਾ ਜਥੇਦਾਰਾਂ ਨੇ ਕੋਈ ਵੱਡਾ ਮੋਰਚਾ ਲਾ ਕੇ ਪੰਥ ਦੀ ਅਗਵਾਈ ਨਹੀਂ ਕੀਤੀ ਕਿਓਂਕਿ ਇਸ ਵਿਚ ਉਹਨਾ ਦੇ ਮਗਰਲਿਆਂ ਦਾ ਨਾਂ ਆਉਂਦਾ ਸੀ।
6) ਹੁਣ ਜਦੋਂ ਸ: ਵਲਟੋਹਾ ਨੇ ਜਥੇਦਾਰਾਂ ਨੂੰ ਕੁਝ ਕਹਿ ਦਿੱਤਾ ਤਾਂ ਜਥੇਦਾਰ ਹਰਪ੍ਰੀਤ ਸਿੰਘ ਜੀ ਰੋਣ ਕਿਓਂ ਲੱਗ ਪਏ। ਜਥੇਦਾਰ ਦਾ ਕਿਰਦਾਰ ਤਾਂ ਜਥੇਦਾਰ ਹਵਾਰਾ ਜਾਂ ਅਕਾਲੀ ਫੂਲਾ ਸਿੰਘ ਵਾਲਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਪੰਥ ਦੇ ਜਥੇਦਾਰ ਤਾਂ ਅਸਹਿ ਅਤੇ ਅਕਹਿ ਕਸ਼ਟਾਂ ਵਿਚ ਵੀ ਟੱਸ ਤੋਂ ਮੱਸ ਨਾ ਹੋਏ ਪਰ ਇਸ ਤਰਾਂ ਰੋਣ ਨਾਲ ਕੀ ਪ੍ਰਭਾਵ ਬਣਦਾ ਹੈ?
7) ਹੁਣ ਜਦੋਂ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਦੋਸ਼ ਕਬੂਲ ਲਏ ਹਨ ਤਾਂ ਇਹ ਜਥੇਦਾਰ ਉਸ ਖਿਲਾਫ ਤਨਖਾਹ ਲਉਣ ਦੇ ਮੁੱਦੇ ਨੂੰ ਲਟਕਾਈ ਕਿਓਂ ਜਾ ਰਹੇ ਹਨ? ਬਾਕੀਆਂ ਵਾਂਗ ਇਸ ਮੁੱਦੇ ‘ਤੇ ਵੀ ਜਥੇਦਾਰਾਂ ਵਲੋਂ ਕਾਰਵਾਈ ਤਾਂ ਤਤਕਾਲ ਹੋਣੀ ਚਾਹੀਦੀ ਸੀ।
8) ਜੋ ਦੋਸ਼ ਸ: ਸੁਖਬੀਰ ਸਿੰਘ ਬਾਦਲ ਨੇ ਮੰਨੇ ਹਨ ਉਹਨਾ ਦਾ ਸਬੰਧ ਪਿਛਲੇ ਅੱਠ ਦਸ ਸਾਲ ਦੇ ਅਰਸੇ ਨਾਲ ਹੈ। ਏਨੇ ਲੰਬੇ ਸਮੇਂ ਵਿਚ ਸਾਡੇ ਜਥੇਦਾਰਾਂ ਨੂੰ ਇਹ ਦੋਸ਼ ਨਜ਼ਰ ਕਿਓਂ ਨਾ ਆਏ?

ਨਿੱਜੀ ਚੈਨਲਾਂ ਨੂੰ ਦਿੱਤੇ ਬਿਆਨਾ ਵਿਚ ਇਮਾਨ ਸਿੰਘ ਮਾਨ ਨੇ ਤਾ ਸਪੱਸ਼ਟ ਕਹਿ ਦਿੱਤਾ ਕਿ ਜਥੇਦਾਰਾਂ ਅਤੇ ਅਕਾਲੀ ਦਲ ਬਾਦਲ ਦੋਵੇਂ ਧਿਰਾਂ ਦੀ ਹੀ ਸਭ ਮਿਲੀ ਭੁਗਤ ਹੈ। ਉਸ ਨੇ ਤਾਂ ਮਜ਼ਾਕ ਵਿਚ ਇਹਨਾ ਧਿਰਾਂ ਨੂੰ ਇੱਕੋ ਥਾਲੀ ਦੇ ਚੱਟੇ ਵੱਟੇ ਕਹਿਣ ਦੀ ਥਾਂ ਇੱਕੋ ਹਾਂਡੀ ਦੇ ਬੈਂਗਣ ਤਕ ਕਹਿ ਦਿੱਤਾ ।

ਸੋਸ਼ਲ ਸਾਈਟਾਂ ‘ਤੇ ਲੋਕ ਵੀ ਸਵਾਲ ਕਰਦੇ ਹਨ ਕਿ ਜਿਸ ਵੇਲੇ ਸ: ਵਲਟੋਹਾ ਨੇ ਜਥੇਦਾਰਾਂ ‘ਤੇ ਕੋਈ ਵੀ ਇਲਜ਼ਾਮ ਤਰਾਸ਼ੀ ਕੀਤੀ ਤਾਂ ਜਥੇਦਾਰਾਂ ਵਲੋਂ ਇਸ ਦਾ ਤੱਥਾਂ ਸਹਿਤ ਜਵਾਬ ਦੇਣਾ ਬਣਦਾ ਸੀ ਜੋ ਕਿ ਨਹੀਂ ਦਿੱਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਮੌਜੂਦਾ ਰੇੜਕਾ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਲਈ ਸਬੰਧਤ ਧਿਰਾਂ ਨੇ ਰਲ ਮਿਲ ਕੇ ਸ਼ੁਰੂ ਕੀਤਾ ਜੋ ਕਿ ਹੁਣ ਉਲਟਾ ਬਹਿ ਗਿਆ। ਲੋਕ ਇਹ ਵੀ ਕਹਿੰਦੇ ਹਨ ਕਿ ਮਾਨਯੋਗ ਜਥੇਦਾਰਾਂ ਨੂੰ ਸ: ਵਲਟੋਹਾ ਵਲੋਂ ਜਿਸ ਤਰੀਕੇ ਨਾਲ ਮੁਖਤਬ ਹੋਇਆ ਗਿਆ ਹੈ ਉਹ ਹੀ ਉਸ ਦੇ ਖਿਲਾਫ ਭੁਗਤ ਗਿਆ ਜਦ ਕਿ ਸਵਾਲ ਜਵਾਬ ਤਾਂ ਕੋਈ ਵੀ ਜ਼ਿੰਮਵਾਰ ਵਿਅਕਤੀ ਕਰ ਸਕਦਾ ਹੈ।

ਨਿੱਜੀ ਚੈਨਲਾਂ ਅਤੇ ਸੋਸ਼ਲ ਸਾਈਟਾਂ ਦੇ ਹਾਵਲੇ ਨਾਲ ਇਹ ਗੱਲ ਵੀ ਸੁਣਨ ਵਿਚ ਆਈ ਹੈ ਕਿ ਜਥੇਦਾਰਾਂ ‘ਤੇ ਇਹ ਇਹ ਇਲਜ਼ਾਮ ਤਾਂ ਸ: ਇਮਾਨ ਸਿੰਘ ਮਾਨ ਵਲੋਂ ਵੀ ਲਾ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਥੇਦਾਰ ਸਾਹਿਬ ਰਲ ਕੇ ਆਰ ਐਸ ਐਸ ਲਈ ਹੀ ਕੰਮ ਕਰ ਰਹੇ ਹਨ ਕਿਓਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੀ ਜੇ ਪੀ ਨਾਲ ਗੱਠਜੋੜ ਰਿਹਾ ਹੈ ਜੋ ਕਿ ਆਰ ਐਸ ਐਸ ਦਾ ਇੱਕ ਸਿਆਸੀ ਵਿੰਗ ਹੀ ਹੈ।

ਪੰਥਕ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਦੇ ਬਿਆਨ

ਖਾਲਸਾ ਟੀ ਵੀ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਬਹੁਚਰਚਿਤ ਵਿਦਵਾਨ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਮੁੜ ਇੱਕੋ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤੀ ਸਰਕਾਰਾਂ ਨੇ ਵੱਖ ਵੱਖ ਸਮੇਂ ਸਿੱਖ ਕੌਮ ਨੂੰ ਮਾਰਨ ਲਈ ਅਰਬਾਂ ਖਰਬਾਂ ਰੁਪਿਆ ਖਰਚ ਕਰ ਦਿੱਤਾ ਪਰ ਏਨਾ ਕੁਝ ਹੋਣ ਦੇ ਬਾਵਜ਼ੂਦ ਵੀ ਸਿੱਖਾਂ ਦਾ ਜਲੌ ਸਾਰੀ ਦੁਨੀਆਂ ਵਿਚ ਵਧਦਾ ਜਾ ਰਿਹਾ ਹੈ ਇਸ ਕਰਕੇ ਕੌਮ ਦੇ ਖਿਲਾਫ ਸਾਜਸ਼ਾਂ ਨੇ ਨੀਵੇਂ ਦਰਜੇ ਦਾ ਰੁੱਖ ਤਿਆਰ ਕੀਤਾ ਹੋਇਆ ਹੈ ਅਤੇ ਇਹਨਾ ਸਾਜਸ਼ਾਂ ਵਿਚ ਆਰ ਐਸ ਐਸ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ, ਇਸ ਕਰਕੇ ਸਿਖਾਂ ਨੂੰ ਚਾਹੀਦਾ ਹੈ ਕਿ ਅਸੀਂ ਜਥੇਦਾਰਾਂ ਜਾਂ ਹੋਰ ਮਾਣਯੋਗ ਸ਼ਖਸੀਅਤਾਂ ਨਾਲ ਸੰਜੀਦਗੀ ਨਾਲ ਪੇਸ਼ ਆਈਏ। ਜਥੇਦਾਰ ਹਰਪ੍ਰੀਤ ਸਿੰਘ ਦੀ ਅਮਿਤ ਸ਼ਾਹ ਨਾਲ ਜਾਂ ਹੋਰ ਸਰਕਾਰੀ ਗੈਰ ਸਰਕਾਰੀ ਸ਼ਖਸੀਅਤਾਂ ਨਾਲ ਬੈਠਕਾਂ ਤੋਂ ਉਹਨਾ ਨੂੰ ਪੰਥ ਵਿਰੋਧੀ ਨਹੀਂ ਕਿਹਾ ਜਾ ਸਕਦਾ।

ਸ: ਢਿੱਲੋਂ ਨੇ ਇਸ ਇੰਟਰਵਿਊ ਵਿਚ ਜਥੇਦਾਰ ਹਰਪ੍ਰੀਤ ਸਿੰਘ ਦਾ ਰਾਘਵ ਚੱਢਾ ਦੇ ਵਿਆਵ ਵਿਚ ਸ਼ਾਮਲ ਹੋਣ ਦਾ ਦੱਬਵੀਂ ਆਵਾਜ਼ ਵਿਚ ਵਿਰੋਧ ਕਰਦਿਆਂ ਕਿਹਾ ਕਿ ਜਥੇਦਾਰ ਨੇ ਵਿਆਹਾਂ ਸ਼ਾਦੀਆਂ ਵਿਚ ਜਾਣਾ ਹੀ ਹੈ ਤਾਂ ਗਰੀਬ ਬੱਚੀਆਂ ਦੇ ਵਿਆਹਾਂ ਵਿਚ ਜਾਇਆ ਕਰਨ। ਇਸੇ ਤਰਾਂ ਸ: ਢਿੱਲੋਂ ਨੇ ਇਹ ਵੀ ਕਿਹਾ ਕਿ ਜਥੇਦਾਰ ਦਾ ਅਯੋਧਿਆ ਜਾਣਾ ਵੀ ਜਾਇਜ਼ ਨਹੀਂ ਸੀ। ਸ: ਢਿੱਲੋਂ ਨੇ ਕਿਹਾ ਕਿ ਸਾਡੇ ਜਥੇਦਾਰਾਂ ਨੇ ਆਰ ਐਸ ਐਸ ਦੇ ਖਿਲਾਫ ਅਤੇ ਪੰਥ ਦੇ ਹੱਕ ਵਿਚ ਕਈ ਫੈਸਲੇ ਧੜੱਲੇ ਨਾਲ ਵੀ ਲਏ ਹਨ ਜੋ ਕਿ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਦੇਣਾ ਚਾਹੀਦਾ। ਹਮੇਸ਼ਾਂ ਵਾਂਗ ਸ: ਢਿੱਲੋਂ ਨੇ ਇਹ ਗੱਲ ਵਾਰ ਵਾਰ ਬੜੀ ਬੇਬਾਕੀ ਨਾਲ ਕਹੀ ਹੈ ਕਿ ਸਰਕਾਰ ਦੀਆਂ ਏਜੰਸੀਆਂ ਅਤੇ ਆਰ ਐਸ ਐਸ ਸਿੱਖਾਂ ਨੂੰ ਖਤਮ ਕਰਨ ਲਈ ਤਤਪਰ ਹਨ ਇਸ ਕਰਕੇ ਸਿੱਖ ਸ਼ਾਂਤ ਅਤੇ ਸਹਿਜ ਵਿਚ ਰਹਿਣ ਅਤੇ ਆਪਣੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਜਰੂਰ ਕਰਿਆ ਕਰਨ।

ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਦੇ ਵਿਚਾਰ

‘ਤਖਤ ਪੰਜਾਬ’ ਦੇ ਸੰਪਾਦਕ ਸੁਖਵਿੰਦਰ ਸਿੰਘ ਨੂੰ ਦਿੱਤੀ ਇੰਟਰਵਿਊ ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਕੌਮੀ ਅਤੇ ਕੌਮਾਂਤਰੀ ਤੌਰ ‘ਤੇ ਵਿਚਰ ਰਹੀ ਸਿੱਖ ਸਿਆਸਤ ‘ਤੇ ਨਜ਼ਰਸਾਨੀ ਕਰਦਿਆਂ ਕਿਹਾ ਹੈ ਕਿ ਭਾਰਤ ਤੋਂ ਬਾਹਰ ਦੁਨੀਆਂ ਭਰ ਦੇ ਸਿੱਖ ਸਿਆਸਤਦਾਨ ਤਾਂ ਜਥੇਦਾਰਾਂ ਦਾ ਮਾਨ ਸਨਮਾਨ ਕਰਦੇ ਹਨ ਪਰ ਪੰਜਾਬ ਜਾਂ ਭਾਰਤ ਦੇ ਸਿਆਸਤਦਾਨ ਕਈ ਵੇਰ ਟਕਰਾਓ ਵਿਚ ਆ ਜਾਂਦੇ ਹਨ। ਉਹਨਾ ਇਹ ਵੀ ਕਿਹਾ ਸਿੱਖ ਰਾਜਨੀਤੀ ਨੂੰ ਕੇਵਲ ਅਕਾਲੀਆਂ ਤਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਦੂਜੀਆਂ ਸਿਆਸੀ ਪਾਰਟੀਆਂ ਵਿਚ ਵਿਚਰ ਰਹੇ ਸਿੱਖਾਂ ਲਈ ਵੀ ਜਥੇਦਾਰ ਸਾਹਿਬਾਨ ਜਾਂ ਤਖ਼ਤਾਂ ਦਾ ਓਨਾ ਹੀ ਹੱਕ ਹੋਣਾ ਚਾਹੀਦਾ ਹੈ ਜਿੰਨਾ ਕਿ ਅਕਾਲੀਆਂ ਦਾ।

ਅੱਜ ਜੋ ਸੰਕਟ ਬਣਿਆ ਹੋਇਆ ਹੈ ਉਹ ਅਕਾਲੀ ਦਲ ਦੇ ਆਗੂਆਂ ਦੇ ਡਿੱਗੇ ਹੋਏ ਕਿਰਦਾਰ ਨੂੰ ਬਚਾਉਣ ਲਈ ਜਥੇਦਾਰਾਂ ਨੂੰ ਵਰਤਣ ਦੀ ਕੋਸ਼ਿਸ ਕਾਰਨ ਹੈ। ਇਇਤਹਾਸਕ ਤੌਰ ‘ਤੇ ਜਿਵੇਂ ਪੰਥ ਦੇ ਜਥੇਦਾਰ ਅਕਾਲੀ ਆਗੂਆਂ ਦੇ ਹੱਕ ਵਿਚ ਭੁਗਤਦੇ ਰਹੇ ਹਨ ਅਤੇ ਜੇ ਇਹ ਜਥੇਦਾਰ ਹੁਣ ਵੀ ਭੁਗਤੀ ਜਾਣ ਤਾਂ ਪੰਥਕ ਹਨ ਵਰਨਾ ਆਰ ਐਸ ਐਸ ਨਾਲ ਸਬੰਧਤ ਕਰਾਰ ਕਰ ਦਿੱਤੇ ਜਾਣਗੇ। ਅੱਜ ਜਥੇਦਾਰ ਅਕਾਲੀਆਂ ਨਾਲ ਟਕਰਾਓ ਵਿਚ ਇਸ ਕਰਕੇ ਨਹੀਂ ਹਨ ਕਿ ਉਹਨਾ ਦੀ ਸੁੱਤੀ ਜ਼ਮੀਰ ਜਾਗ ਪਈ ਹੈ ਸਗੋਂ ਇਹ ਹੱਲਚਲ ਇਸ ਕਰਕੇ ਹੈ ਕਿ ਅੱਜ ਹਰ ਕੋਈ ਅਕਾਲੀ ਦਲ ਦੀ ਡੁੱਬਦੀ ਬੇੜੀ ਵਿਚੋਂ ਛਾਲਾਂ ਮਾਰਕੇ ਬਾਹਰ ਨਿਕਲਣ ਦੀ ਕੋਸ਼ਿਸ਼ ਵਿਚ ਹੈ।

ਜਥੇਦਾਰ ਪ੍ਰੋ: ਮਨਜੀਤ ਸਿੰਘ ਜੀ ਨੇ ਪੰਥ ਦੇ ਜਥੇਦਾਰਾਂ ਦੇ ਰੁਤਬੇ ਸਬੰਧੀ ਗੱਲ ਕਰਦਿਆਂ ਇਤਹਾਸਕ ਤੌਰ ‘ਤੇ ਗੁਰੂ ਕਾਲ ਵਿਚ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਨੂੰ ਸ੍ਰੀ ਅਕਾਲ ਤਖਤ ਨਾਲ ਸਬੰਧਤ ਕਰਦਿਆਂ ਬਾਅਦ ਵਿਚ ਅਕਾਲੀ ਫੂਲਾ ਸਿੰਘ ਅਤੇ ਅਜੋਕੀ ਰਾਜਨੀਤੀ ਵਿਚ ਜਥੇਦਾਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਅਤੇ ਜਥੇਦਾਰ ਮੋਹਨ ਸਿੰਘ ਤੁੜ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸਿੱਖ ਪੰਥ ਦੇ ਜਥੇਦਾਰਾਂ ਦਾ ਰੁਤਬਾ ਏਨਾ ਉੱਚਾ ਹੈ ਕਿ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਜੋਂ ਨਹੀਂ ਦੇਖਣਾ ਚਾਹੀਦਾ। ਅੱਜ ਹਿੰਦੂ ਧਰਮ ਵਿਚ ਜੋ ਰੁਤਬਾ ਸ਼ੰਕਰਾਚਾਰੀਆ ਦਾ ਹੈ ਉਸ ਦੇ ਮੁਕਾਬਲੇ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਉਹ ਸਤਿਕਾਰ ਪ੍ਰਾਪਤ ਨਹੀਂ ਹੈ। ਅੱਜ ਹਰ ਆਮ ਖਾਸ ਸਿੱਖ ਜਥੇਦਾਰਾਂ ਪ੍ਰਤੀ ਜੋ ਮਰਜ਼ੀ ਬਿਆਨਬਾਜ਼ੀ ਕਰ ਰਿਹਾ ਹੈ।

ਇਸ ਇੰਟਵਿਊ ਵਿਚ ਇੰਝ ਜਾਪਦਾ ਹੈ ਕਿ ਪ੍ਰੋ: ਸਾਹਿਬ ਜਥੇਦਾਰਾਂ ਦੇ ਰੁਤਬੇ ਨੂੰ ਉਸ ਹੱਦ ਤਕ ਰਾਖਵਾਂ ਕਰਨਾ ਚਹੁੰਦੇ ਹਨ ਕਿ ਜਥੇਦਾਰਾਂ ਦੀ ਕੋਈ ਵੀ ਜਵਾਬਦੇਹੀ ਨਾ ਹੋਵੇ। । ਇਸ ਸਬੰਧੀ ਪ੍ਰੋ: ਸਾਹਿਬ ਗੁਰਦੁਆਰਾ ਐਕਟ ਦਾ ਹਵਾਲਾ ਦਿੰਦੇ ਕਹਿੰਦੇ ਹਨ ਕਿ ਇਸ ਐਕਟ ਵਿਚ ਬੇਸ਼ਕ ਗ੍ਰੰਥੀਆਂ ਦੀਆ ਸੇਵਾਵਾਂ ਦਾ ਜ਼ਿਕਰ ਤਾਂ ਹੈ ਪਰ ਜਥੇਦਾਰਾਂ ਦੀ ਮੁਲਾਜ਼ਮਤ ਦਾ ਕੋਈ ਜ਼ਿਕਰ ਨਹੀਂ ਹੈ। ਪ੍ਰੋ: ਸਾਹਿਬ ਸਪੱਸ਼ਟ ਤੌਰ ‘ਤੇ ਇਹ ਵੀ ਕਹਿ ਰਹੇ ਹਨ ਕਿ ਜਥੇਦਾਰਾਂ ਨੂੰ ਪੰਥ ਵਿਚ ਵਿਚਰਣ ਲਈ ਕਿਸੇ ਤੋਂ ਛੁੱਟੀ ਲੈਣ ਦੀ ਵੀ ਲੋੜ ਨਹੀਂ ਹੈ। ਜਦ ਕਿ ਹੁਣ ਆਕਲੀ ਆਗੂਆਂ ਦੇ ਦਬਾਅ ਹੇਠ ਜਥੇਦਾਰ ਅਗਨੀ ਪ੍ਰਿਖਿਆ ਵਿਚੀਂ ਗੁਜ਼ਰ ਰਹੇ ਹਨ। ਪ੍ਰੋ: ਸਾਹਿਬ ਦਾ ਕਹਿਣਾ ਹੈ ਕਿ ਕੁਝ ਗਿਣਵੀਆਂ ਸ਼ਖੀਅਤਾਂ ਖੁਦ ਨੂੰ ਹੀ ਪੰਥ ਗਰਦਾਨ ਰਹੀਆਂ ਹਨ ਅਤੇ ਆਪਣੇ ਡਿਗੇ ਹੋਏ ਕਿਰਦਾਰ ਨੂੰ ਬਹਾਲ ਕਰਨ ਲਈ ਜਥੇਦਾਰਾਂ ਦੇ ਰੁਤਬੇ ਨੂੰ ਵਰਤਣ ਦੀ ਕੋਸ਼ਿਸ਼ ਵਿਚ ਹਨ।

ਇਸ ਇੰਟਰਵਿਊ ਵਿਚ ਬੇਸ਼ਕ ਪ੍ਰੋ: ਮਨਜੀਤ ਸਿੰਘ ਨੇ ਮੌਕਾ ਪ੍ਰਸਤ ਅਕਾਲੀ ਆਗੂਆਂ ਨੂੰ ਲੰਬੇ ਹੱਥੀਂ ਲਿਆ ਪਰ ਜਿਸ ਹਿਸਾਬ ਨਾਲ ਉਹ ਜਥੇਦਾਰਾਂ ਦੇ ਰੁਤਬੇ ਨੂੰ ਸਰਬ ਉੱਚ ਬਹਾਲ ਕਰਨ ਦੀ ਕੋਸ਼ਿਸ਼ ਵਿਚ ਹਨ ਉਹ ਬਿਆਨ ਉਲਾਰ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਮਗਰੋਂ ਆਪਣੇ ਫੈਸਲਿਆਂ ਨੂੰ ਗੁਰੂ ਖਾਲਸੇ ਦੀ ਤਾਬਿਆ ਕਰ ਦਿੱਤਾ ਸੀ। ਪੀਰ ਦਾਦੂ ਦੀ ਸਮਾਧ ‘ਤੇ ਤੀਰ ਨਾਲ ਨਮਸ਼ਕਾਰ ਕਰਨ ਤੇ ਤਨਖਾਹ ਲਵਾਉਣੀ ਅਤੇ ਚਮਕੌਰ ਦੀ ਗੜ੍ਹੀ ਵਿਚ ਖਾਲਸੇ ਦੇ ਫੈਸਲੇ ਨੂੰ ਮੰਨਦੇ ਹੋਏ ਗੜ੍ਹੀ ਨੂੰ ਛੱਡ ਦੇਣਾ ਇਸੇ ਪਾਸੇ ਵਲ ਇਸ਼ਾਰੇ ਹਨ। ਜੇ ਸਾਡੇ ਜਥੇਦਾਰ ਚਹੁੰਦੇ ਹਨ ਕਿ ਪੰਥ ਵਿਚ ਉਹਨਾ ਦਾ ਸਰਬ ਉੱਚ ਰੁਤਬਾ ਬਹਾਲ ਹੋਵੇ ਤਾਂ ਉਹਨਾ ਨੂੰ ਅਕਾਲੀ ਦਲ ਦੇ ਆਗੂਆਂ ਦੀ ਤਾਬਿਆਦਾਰੀ ਛੱਡ ਕੇ ਸਿੱਖੀ ਸਿਧਾਤਾਂ ‘ਤੇ ਪਹਿਰਾ ਦਿੰਦਿਆਂ ਪੰਥਕ ਹਿੱਤਾਂ ਵਿਚ ਵਿਚਰਨਾ ਹੋਵੇਗਾ ਜਦ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਵਿਚ ਜਥੇਦਾਰਾਂ ਨੂੰ ਉਸ ਧਿਰ ਦੀ ਤਾਬਿਆਦਾਰੀ ਦੇ ਰਹਿਮ ‘ਤੇ ਛੱਡ ਦਿੱਤਾ ਜਾਂਦਾ ਹੈ ਜਿਸ ਧਿਰ ਦਾ ਵੀ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਹੋਵੇਗਾ।

28 ਅਕਤੂਬਰ ਨੂੰ ਸਿਰ ਧੜ ਦੀ ਲੱਗੇਗੀ

ਇਸ ਵੇਲੇ ਭਾਵੇਂ ਅਕਾਲੀ ਆਗੂਆਂ ਨੂੰ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਦਾ ਮਾਮਲਾ ਘੂਰ ਰਿਹਾ ਹੈ ਪਰ ਇਸ ਤੋਂ ਵੀ ਵੱਧ ਮਾਮਲਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਬੀਬੀ ਜਗੀਰ ਕੌਰ ਦੀ ਚਣੌਤੀ ਦਾ ਹੈ। ਹੁਣ ਸੁਖਬੀਰ ਬਾਦਲ ਕੋਲ ਬਾਲਾਸਰ ਵਾਲੀ ਉਹ ਸੁਵਿਧਾ ਨਹੀਂ ਹੈ ਕਿ ਉਹ ਆਪਣੇ ਪੱਖੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰਾਂ ਨੂੰ ਲੁਕੋ ਲਵੇ ਕਿਓਂਕਿ ਹਰਿਆਣੇ ਵਿਚ ਤਾਂ ਹੁਣ ਚੌਟਾਲੇ ਵੀ ਮੂਧੇ ਮੂੰਹ ਡਿੱਗ ਚੁੱਕੇ ਹਨ। ਪਰ ਕੁਝ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਵਿਚ ਬੀਬੀ ਜਗੀਰ ਕੋਰ ਦੇ ਮੈਂਬਰਾਂ ਦੀ ਗਿਣਤੀ 42 ਤੋਂ ਬਹੁਤੀ ਵਧਣ ਦੇ ਆਸਾਰ ਹਾਲੇ ਵੀ ਨਜ਼ਰ ਨਹੀਂ ਆ ਰਹੇ। ਜੇਕਰ ਇਸ ਪ੍ਰਕਿਰਿਆ ਵਿਚ ਸੁਖਬੀਰ ਬਾਦਲ ਦਾ ਜੱਫਾ ਕਾਇਮ ਰਹਿੰਦਾ ਹੈ ਤਾਂ ਜਥੇਦਾਰਾਂ ਦਾ ਸੰਕਟ ਹੋਰ ਵੀ ਗੰਭੀਰ ਹੋ ਜਾਵੇਗਾ ਕਿਓਂਕਿ ਸੁਖਬੀਰ ਬਾਦਲ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਇਹਨਾ ਜਥੇਦਾਰਾਂ ਦੀ ਨਜ਼ਾਇਜ਼ ਵਰਤੋਂ ਤੋਂ ਸ਼ਾਇਦ ਹੀ ਪ੍ਰਹੇਜ਼ ਕਰਨ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin