ਮੁੰਬਈ – ਅਦਾਕਾਰ ਫਵਾਦ ਖ਼ਾਨ ਦੀ ਸਭ ਤੋਂ ਚਰਚਿਤ ਫ਼ਿਲਮ ‘ਦਿ ਲੀਜੈਂਡ ਆਫ਼ ਮੌਲਾ ਜੱਟ’ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। 13 ਅਕਤੂਬਰ 2022 ਨੂੰ ਰਿਲੀਜ਼ ਹੋਈ ਫ਼ਿਲਮ ਨੇ ਪਾਕਿਸਤਾਨ ਸਣੇ ਹੋਰ ਦੇਸ਼ਾਂ ‘ਚ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਬਿਲਾਲ ਲਾਸ਼ਾਰੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਮੌਲਾ ਜੱਟ’ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਖ਼ਬਰਾਂ ਮੁਤਾਬਕ, ਫ਼ਿਲਮ ‘ਮੌਲਾ ਜੱਟ’ ਦੁਨੀਆ ਭਰ ‘ਚ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀ ਪਹਿਲੀ ਪਾਕਿਸਤਾਨੀ ਫ਼ਿਲਮ ਬਣ ਗਈ ਹੈ।
ਫ਼ਿਲਮ ‘ਮੌਲਾ ਜੱਟ’ ‘ਚ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਸੁਪਰਹਿੱਟ ਜੋੜੀ ਹੈ। ਫ਼ਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ਨੂੰ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ ਵੀ ਕਿਹਾ ਜਾ ਰਿਹਾ ਹੈ। ਹੁਣ ਫ਼ਿਲਮ ਦੇ ਨਿਰਦੇਸ਼ਕ ਬਿਲਾਲ ਲਸ਼ਾਰੀ ਨੇ ‘ਮੌਲਾ ਜੱਟ’ ਦੀ ਦੁਨੀਆ ਭਰ ‘ਚ ਬਾਕਸ ਆਫਿਸ ਕਲੈਕਸ਼ਨ ਦੇ ਅੰਕੜੇ ਸਾਂਝੇ ਕੀਤੇ ਹਨ। ਇਹ ਫ਼ਿਲਮ ਸਾਰੇ ਰਿਕਾਰਡ ਤੋੜ ਕੇ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
ਬਿਲਾਲ ਨੇ ਟਵਿੱਟਰ ‘ਤੇ ‘ਮੌਲਾ ਜੱਟ’ ਦੀ ਵਰਲਡ ਵਾਈਡ ਬਾਕਸ ਆਫਿਸ ਕਲੈਕਸ਼ਨ ਸ਼ੇਅਰ ਕੀਤੀ ਹੈ, ਜਿਸ ਮੁਤਾਬਕ ਫ਼ਿਲਮ ਨੇ ਦੁਨੀਆ ਭਰ ‘ਚ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫ਼ਿਲਮ ਯੂਏਈ ਬਾਕਸ ਆਫਿਸ ‘ਤੇ ਪਹਿਲੇ ਨੰਬਰ ‘ਤੇ ਅਤੇ ਕੈਨੇਡਾ ‘ਚ ਛੇਵੇਂ ਸਥਾਨ ‘ਤੇ ਹੈ। ‘ਮੌਲਾ ਜੱਟ’ ਨੇ ਪਾਕਿਸਤਾਨ ਬਾਕਸ ਆਫਿਸ ‘ਤੇ 11.30 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਗਲੋਬਲ ਮਾਰਕਿਟ ‘ਚ ਸਿਰਫ਼ 39.44 ਕਰੋੜ ਦੀ ਕਮਾਈ ਕੀਤੀ ਹੈ।