Articles India

‘ਫ਼ਿਕਸ’ ਚੋਣਾਂ ਕਿਸੇ ਵੀ ਲੋਕਤੰਤਰ ਲਈ ਜ਼ਹਿਰ ਹੁੰਦੀਆਂ ਹਨ: ਰਾਹੁਲ ਗਾਂਧੀ !

ਭਾਰਤੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਅਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੋਕਤੰਤਰ ’ਚ ਹੇਰਾਫੇਰੀ ਦਾ ਖਾਕਾ ਸਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਆਪਣੇ ਇਕ ਲੇਖ ਵਿੱਚ ਇਹ ਦੋਸ਼ ਲਾਇਆ ਹੈ ਕਿ ਇਹ ਚੋਣ ‘ਮੈਚ ਫਿਕਸਿੰਗ’ ਅਗਲੀ ਵਾਰ ਬਿਹਾਰ ਚੋਣਾਂ ’ਚ ਅਤੇ ‘ਜਿੱਥੇ ਵੀ ਭਾਜਪਾ ਹਾਰ ਰਹੀ ਹੈ’ ਦੇ ਵਿੱਚ ਹੋਵੇਗੀ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ, ‘‘ਮੇਰਾ ਲੇਖ ਦਰਸਾਉਂਦਾ ਹੈ ਕਿ ਇਹ ਕਿਵੇਂ ਹੋਇਆ, ਕਦਮ-ਦਰ-ਕਦਮ: ਕਦਮ 1: ਚੋਣ ਕਮਿਸ਼ਨ ਦੀ ਨਿਯੁਕਤੀ ਲਈ ਪੈਨਲ ਵਿਚ ਹੇਰਾਫੇਰੀ ਕਰਨਾ। ਕਦਮ 2: ਜਾਅਲੀ ਵੋਟਰਾਂ ਨੂੰ ਸੂਚੀ ’ਚ ਸ਼ਾਮਲ ਕਰਨਾ। ਕਦਮ 3: ਵੋਟਰਾਂ ਦੀ ਗਿਣਤੀ ਵਧਾਉਣਾ। ਕਦਮ 4: ਜਾਅਲੀ ਵੋਟਿੰਗ ਨੂੰ ਨਿਸ਼ਾਨਾ ਬਣਾਉਣਾ ਜਿੱਥੇ ਭਾਜਪਾ ਨੂੰ ਜਿੱਤਣ ਦੀ ਜ਼ਰੂਰਤ ਹੈ। ਕਦਮ 5: ਸਬੂਤ ਲੁਕਾਉਣਾ।’’

ਰਾਹੁਲ ਗਾਂਧੀ ਨੇ ਕਿਹਾ ਸੀ ਕਿ ‘ਫ਼ਿਕਸ’ ਚੋਣਾਂ ਕਿਸੇ ਵੀ ਲੋਕਤੰਤਰ ਲਈ ਜ਼ਹਿਰ ਹੁੰਦੀਆਂ ਹਨ ਅਤੇ ਧੋਖਾ ਦੇਣ ਵਾਲਾ ਪੱਖ ਖੇਡ ਜਿੱਤ ਸਕਦਾ ਹੈ, ਇਸ ਨਾਲ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਤਬਾਹ ਹੁੰਦਾ ਹੈ। ਅਪਣੇ ਲੇਖ ਵਿਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੋਟਰਾਂ ਦੀ ਗਿਣਤੀ ਦੇ ਅੰਕੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਚੋਣ ਕਮਿਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ ਰਜਿਸਟਰਡ ਵੋਟਰਾਂ ਦੀ ਗਿਣਤੀ 8.98 ਕਰੋੜ ਸੀ, ਜੋ ਪੰਜ ਸਾਲ ਬਾਅਦ ਮਈ 2024 ਦੀਆਂ ਲੋਕ ਸਭਾ ਚੋਣਾਂ ਲਈ ਵਧ ਕੇ 9.29 ਕਰੋੜ ਹੋ ਗਈ। ਪਰ ਸਿਰਫ ਪੰਜ ਮਹੀਨੇ ਬਾਅਦ, ਨਵੰਬਰ 2024 ਦੀਆਂ ਵਿਧਾਨ ਸਭਾ ਚੋਣਾਂ ਤਕ ਇਹ ਗਿਣਤੀ ਵਧ ਕੇ 9.70 ਕਰੋੜ ਹੋ ਗਈ ਸੀ। ਪੰਜ ਸਾਲਾਂ ’ਚ 31 ਲੱਖ ਦਾ ਅੰਕੜਾ ਅਤੇ ਫਿਰ ਸਿਰਫ 5 ਮਹੀਨਿਆਂ ’ਚ 41 ਲੱਖ ਦਾ ਵਾਧਾ। ਇਹ ਛਾਲ ਇੰਨੀ ਹੈਰਾਨੀਜਨਕ ਸੀ ਕਿ ਸਰਕਾਰ ਦੇ ਅਪਣੇ ਅਨੁਮਾਨਾਂ ਮੁਤਾਬਕ ਕੁਲ 9.70 ਕਰੋੜ ਰਜਿਸਟਰਡ ਵੋਟਰ ਮਹਾਰਾਸ਼ਟਰ ਦੇ 9.54 ਕਰੋੜ ਬਾਲਗਾਂ ਨਾਲੋਂ ਵੀ ਜ਼ਿਆਦਾ ਹਨ। ਵੋਟਿੰਗ ਵਾਲੇ ਦਿਨ ਵੋਟਰਾਂ ਦੀ ਗਿਣਤੀ ’ਚ ਵਾਧੇ ਵਲ ਇਸ਼ਾਰਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਸ਼ਾਮ 5 ਵਜੇ ਤਕ 58.22 ਫੀ ਸਦੀ ਵੋਟਿੰਗ ਹੋਈ। ਹਾਲਾਂਕਿ, ਵੋਟਿੰਗ ਖਤਮ ਹੋਣ ਤੋਂ ਬਾਅਦ ਵੀ ਵੋਟਿੰਗ ਵਧਦੀ ਗਈ। ਅਗਲੀ ਸਵੇਰ ਹੀ 66.05 ਫੀ ਸਦੀ ਵੋਟਿੰਗ ਹੋਈ। 7.83 ਫੀ ਸਦੀ ਦਾ ਵਾਧਾ 76 ਲੱਖ ਵੋਟਰਾਂ ਦੇ ਬਰਾਬਰ ਹੈ, ਜੋ ਮਹਾਰਾਸ਼ਟਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਕਿਤੇ ਜ਼ਿਆਦਾ ਹੈ।” ਰਾਹੁਲ ਗਾਂਧੀ ਨੇ ਸੂਬੇ ਦੇ 85 ਵਿਧਾਨ ਸਭਾ ਹਲਕਿਆਂ ਦੇ ਸਿਰਫ 12,000 ਬੂਥਾਂ ’ਤੇ ਨਵੇਂ ਵੋਟਰਾਂ ਦੇ ਸ਼ਾਮਲ ਹੋਣ ਦਾ ਵੀ ਜ਼ਿਕਰ ਕੀਤਾ, ਜਿੱਥੇ ਭਾਜਪਾ ਨੇ ਆਖਰਕਾਰ ਜਿੱਤ ਹਾਸਲ ਕੀਤੀ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਸਬੰਧੀ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਾਂਗਰਸ ਆਗੂ ’ਤੇ ਚੋਣਾਂ ’ਚ ਹਾਰ ਦੀ ਨਿਰਾਸ਼ਾ ’ਚ ‘ਅਜੀਬੋ-ਗ਼ਰੀਬ ਸਾਜ਼ਸ਼ਾਂ ਦੀਆਂ ਕਹਾਣੀਆਂ’ ਬਣਾਉਣ ਦਾ ਦੋਸ਼ ਲਾਇਆ। ਨੱਢਾ ਨੇ ਆਪਣੇ ਇੱਕ ਲੇਖ ਵਿੱਚ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ’ਤੇ ਚੋਣ ਪ੍ਰਕਿਰਿਆ ’ਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਲੋਕਤੰਤਰੀ ਸੰਸਥਾਵਾਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ’ਚ ਆਪਣੀ ਪਾਰਟੀ ਦੀ ਹਾਰ ਨੂੰ ਰੋਕਣ ਲਈ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਜਨਤਾ ਦਾ ਸਮਰਥਨ ਹਾਸਲ ਨਹੀਂ ਕਰ ਸਕਦੇ।’

ਭਾਜਪਾ ਨੇਤਾ ਜੇ.ਪੀ. ਨੱਢਾ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦਾ ਲੇਖ ਝੂਠੀਆਂ ਕਹਾਣੀਆਂ ਘੜਨ ਦਾ ਖਾਕਾ ਹੈ ਕਿਉਂਕਿ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਚੋਣਾਂ ਹਾਰਨ ਦਾ ਦੁੱਖ ਅਤੇ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ, ‘‘ਉਹ ਕਦਮ-ਦਰ-ਕਦਮ ਇਸ ਤਰ੍ਹਾਂ ਇਹ ਕਰਦੇ ਹਨ। ਕਦਮ 1: ਕਾਂਗਰਸ ਪਾਰਟੀ ਆਪਣੀਆਂ ਹਰਕਤਾਂ ਕਾਰਣ ਚੋਣਾਂ ਤੋਂ ਬਾਅਦ ਚੋਣਾਂ ’ਚ ਹਾਰ ਜਾਂਦੀ ਹੈ। ਕਦਮ 2: ਆਤਮ-ਨਿਰੀਖਣ ਕਰਨ ਦੀ ਬਜਾਏ, ਉਹ ਅਜੀਬ ਸਾਜ਼ਸ਼ਾਂ ਰਚਦੇ ਹਨ ਅਤੇ ਧਾਂਦਲੀ ਦਾ ਰੋਣਾ ਰੋਂਦੇ ਹਨ। ਕਦਮ 3: ਸਾਰੇ ਤੱਥਾਂ ਅਤੇ ਅੰਕੜਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਕਦਮ 4: ਬਗੈਰ ਕਿਸੇ ਸਬੂਤ ਤੋਂ ਸੰਸਥਾਵਾਂ ਨੂੰ ਬਦਨਾਮ ਕਰਨਾ। ਕਦਮ 5: ਤੱਥਾਂ ’ਤੇ ਸੁਰਖੀਆਂ ਦੀ ਉਮੀਦ। ਵਾਰ-ਵਾਰ ਬੇਨਕਾਬ ਹੋਣ ਦੇ ਬਾਵਜੂਦ ਉਹ ਬੇਸ਼ਰਮੀ ਨਾਲ ਝੂਠ ਬੋਲਦੇ ਰਹਿੰਦੇ ਹਨ। ਅਤੇ ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਬਿਹਾਰ ’ਚ ਹਾਰ ਨਿਸ਼ਚਿਤ ਹੈ।’’ ਨੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਨੂੰ ਡਰਾਮੇ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਸੱਚਾਈ ਦੀ ਲੋੜ ਹੈ।

ਇਸੇ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਇਸ ਸਬੰਧੀ ਕਿਹਾ ਹੈ ਕਿ, ‘ਕਾਂਗਰਸ ਨੇਤਾ ਸੋਚੀ ਸਮਝੀ ਸਾਜ਼ਸ਼ ਤਹਿਤ ਲੋਕਤੰਤਰੀ ਸੰਸਥਾਵਾਂ ’ਤੇ ਹਮਲਾ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਰਾਹੁਲ ਗਾਂਧੀ ਚੋਣ ਪ੍ਰਕਿਰਿਆ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਅਪਣੀ ਪਾਰਟੀ ਦੇ ਹੱਕ ਵਿਚ ਜਨਤਾ ਦਾ ਸਮਰਥਨ ਹਾਸਲ ਕਰਨ ਵਿਚ ਅਸਮਰੱਥ ਹਨ।’

Related posts

ਬ੍ਰੇਨ ਚਿੱਪ ਲਾਉਣ ਤੋਂ ਬਾਅਦ ਕੋਮਾ ‘ਚ ਪਈ ਔਰਤ ਗੇਮ ਖੇਡਣ ਲੱਗ ਪਈ !

admin

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਨਾਨਕ ਕਿਛੁ ਸੁਣੀਐ, ਕਿਛੁ ਕਹੀਐ !

admin