Bollywood Articles Pollywood

ਫ਼ਿਲਮੀ ਅੰਬਰ ਤੇ ਉਡਾਰੀਆਂ ਲਾਉਣ ਨੂੰ ਤਿਆਰ – ਗੁਨੀਤ ਸੋਢੀ

ਲੇਖਕ: ਰਵਿੰਦਰ ਸਿੰਘ ਸੋਢੀ, ਕੈਨੇਡਾ

ਸਟੇਜ ਤੇ ਬਤੌਰ ਕਲਾਕਾਰ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਸੁਪਨਾ ਉਹ ਬਚਪਨ ਤੋਂ ਹੀ ਦੇਖ ਰਿਹਾ ਸੀ। ਕਾਲਜ ਵਿਚ ਪਹੁੰਚ ਕੇ ਉਹ ਨਾਟਕਾਂ ਵੱਲ ਰੁਚਿਤ ਹੋਇਆ ਅਤੇ ਯੂਥ ਫੈਸਟੀਵਲ ਤੱਕ ਉਸ ਨੇ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਤਾਂ ਉਸਦੇ ਸੁਪਨਿਆਂ ਵਿਚ ਫ਼ਿਲਮੀ ਦੁਨੀਆਂ ਵੀ ਸ਼ਾਮਿਲ ਹੋ ਗਈ। ਕਾਲਜ ਤੋਂ ਬਾਅਦ ਉਸ ਦੇ ਘਰ ਦੇ ਉਸ ਨੂੰ ਉੱਚ ਵਿੱਦਿਆ ਲਈ ਯੂਨੀਵਰਸਿਟੀ ਵਿਚ ਦਾਖਲ ਕਰਵਾਉਣਾ ਚਾਹੁੰਦੇ ਸੀ, ਪਰ ਉਸ ਨੇ ਮੁੰਬਈ ਵੱਲ ਕੂਚ ਕਰਨ ਦਾ ਆਪਣਾ ਚਟਾਨ ਵਰਗਾ ਫੈਸਲਾ ਸੁਣਾ ਦਿੱਤਾ। ਉਸ ਨੂੰ ਭਲੀ-ਭਾਂਤ ਪਤਾ ਸੀ ਕਿ ਮੁੰਬਈ ਇਕ ਅਜਿਹੀ ਸੁਪਨ ਨਗਰੀ ਹੈ, ਜਿਥੇ ਕੁਝ ਗਿਣਵੇ-ਚੁਣਵਿਆਂ ਦੇ ਸੁਪਨੇ ਹੀ ਸਾਕਾਰ ਹੁੰਦੇ ਹਨ।

ਜਦੋਂ ਉਹ ਅੱਜ ਤੋਂ ਤਕਰੀਬਨ ਸੱਤ ਸਾਲ ਪਹਿਲਾਂ ਮੁੰਬਈ ਵੱਲ ਤੁਰਨ ਲੱਗਿਆ ਤਾਂ ਉਸ ਨੂੰ ਆਪਣੇ ਅੰਦਰੋਂ ਹੀ ਇਕ ਅਵਾਜ਼ ਸੁਣਾਈ ਦਿੱਤੀ, “ਤੂੰ ਜਿਸ ਦੁਨੀਆਂ ਵੱਲ ਚਲਿਆਂ ਹੈਂ, ਉਥੇ ਸੁਪਨੇ ਬਹੁਤ ਘੱਟ ਪੂਰੇ ਹੁੰਦੇ ਹਨ , ਜਿਆਦਾ ਚਕਨਾਚੂਰ ਹੀ ਹੁੰਦੇ ਹਨ।” ਉਸ ਨੌਜਵਾਨ ਨੇ ਉਸ ਅਵਾਜ਼ ਨੂੰ ਉੱਤਰ ਦਿੱਤਾ, “ਬੰਦ ਅੱਖਾਂ ਦੇ ਸੁਪਨੇ ਪੂਰੇ ਹੋਣੇ ਮੁਸ਼ਕਿਲ ਹੋ ਸਕਦੇ ਹਨ, ਪਰ ਖੁੱਲ੍ਹੀਆਂ ਅੱਖਾਂ ਦੇ ਸੁਪਨੇ ਜ਼ਰੂਰ ਪੂਰੇ ਹੁੰਦੇ ਹਨ। ਹਾਂ, ਸਮਾਂ ਭਾਵੇਂ ਲੱਗ ਜਾਵੇ।” ਇਹ ਕਹਿੰਦਾ ਹੋਇਆ ਉਹ ਅਲਬੇਲਾ ਗੱਭਰੂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੁਪਨ ਨਗਰੀ ਵੱਲ ਤੁਰ ਪਿਆ। ਉਹ ਮੁੰਬਈ ਜਿਥੇ ਉਸ ਦਾ ਕੋਈ ਦੂਰ-ਨੇੜੇ ਦਾ ਰਿਸ਼ਤੇਦਾਰ ਵੀ ਨਹੀਂ ਸੀ। ਹਾਂ ਇਕ-ਦੋ ਦੋਸਤ ਜਰੂਰ ਸੀ, ਪਰ ਉਸ ਕੋਲ ਹਿੰਮਤ ਸੀ, ਹੌਸਲਾ ਸੀ, ਉਸ ਦੀਆਂ ਖੁੱਲ੍ਹੀਆਂ ਅੱਖਾਂ ਦਾ ਸੁਪਨਾ ਸੀ।
ਇਹ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਨਹੀਂ, ਨਾ ਹੀ ਕਿਸੇ ਨਾਵਲ ਦੀ ਕਹਾਣੀ ਹੈ। ਇਹ ਕਹਾਣੀ ਹੈ ਲੁਧਿਆਣਾ ਸ਼ਹਿਰ ਦੇ ਜੰਮਪਲ ਗੁਨੀਤ ਸਿੰਘ ਸੋਢੀ ਦੀ, ਜਿਸ ਨੇ ਮੁੰਬਈ ਜਾ ਕੇ ਸਖ਼ਤ ਘਾਲਣਾ ਘਾਲੀ, ਫ਼ਿਲਮੀ ਅਦਾਕਾਰੀ ਦੀਆਂ ਬਰੀਕੀਆਂ ਨੂੰ ਜਾਣਨ ਲਈ ਸਿਖਲਾਈ ਪ੍ਰਾਪਤ ਕੀਤੀ, ਸੰਘਰਸ਼ ਦੇ ਮੁਢਲੇ ਦੌਰ ਵਿਚ ਉਸ ਨੇ ਕਈ ਵਿਗਿਆਪਨਾਂ ਵਿਚ ਵੀ ਕੰਮ ਕੀਤਾ। ਉਸ ਦਾ ਸਭ ਤੋਂ ਪਹਿਲਾਂ ਵਿਗਿਆਪਨ ਹਿੰਦੀ ਫਿਲਮ ਦੀ ਅਜ਼ੀਮ ਸਖਸ਼ਿਅਤ ਸਲਮਾਨ ਖਾਨ ਨਾਲ ਸੀ। ਸਲਮਾਨ ਖਾਨ ਨਾਲ ਵਿਗਿਆਪਨ ਕਰਨ ਦਾ ਇਹ ਫਾਇਦਾ ਹੋਇਆ ਕਿ ਉਸ ਨੂੰ ਆਪਣੇ ਆਪ ‘ਤੇ ਵਿਸ਼ਵਾਸ ਪੈਦਾ ਹੋਇਆ। ਉਸ ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਸ ਨੂੰ ਹਿੰਦੀ ਫਿਲਮਾਂ ਦੇ ਜਾਣੇ-ਪਹਿਚਾਣੇ ਨਿਰਦੇਸ਼ਕ ਇਮਤਿਆਜ ਅਲੀ ਸਾਹਿਬ ਨੇ ਆਪਣੀ ਫਿਲਮ ‘ਲਵ ਆਜ ਕੱਲ(2)’ ਵਿਚ ਸਾਰਾ ਅਲੀ ਖਾਨ ਨਾਲ ਇਕ ਰੋਲ ਦਿੱਤਾ। ਰੋਲ ਭਾਵੇਂ ਛੋਟਾ ਸੀ, ਪਰ ਇਸ ਨਾਲ ਗੁਨੀਤ ਦੀ ਪਹਿਚਾਣ ਬਣੀ। ਉਹ ‘ਲਵਰ ਬੁਆਏ’ ਦੇ ਨਾਂ ਨਾਲ ਮਸ਼ਹੂਰ ਹੋਇਆ। ਪ੍ਰਸਿੱਧ ਫਿਲਮ ਆਲੋਚਕ ਕੋਮਲ ਨਹਾਟਾ ਨੇ ਗੁਨੀਤ ਸੋਢੀ ਦੀ ਅਦਾਕਾਰੀ ਦੀ ਭਰਪੂਰ ਪ੍ਰਸੰਸਾ ਕੀਤੀ। ਇਕ ਨਵੇਂ ਐਕਟਰ ਲਈ ਇਸ ਤੋਂ ਵੱਡੀ ਪ੍ਰਾਪਤੀ ਹੋਰ ਕਈ ਹੋ ਸਕਦੀ ਹੈ ਕਿ ਇਕ ਨਾਮਵਰ ਨਿਰਦੇਸ਼ਕ, ਇਕ ਵੱਖਰੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਨਾਲ ਆਪਣੀ ਫਿਲਮ ਵਿਚ ਰੋਲ ਦੇਵੇ ਅਤੇ ਇਕ ਪ੍ਰਸਿੱਧ ਫਿਲਮ ਸਮੀਖਿਅਕ ਉਸ ਦੇ ਰੋਲ ਦੀ ਤਾਰੀਫ਼ ਕਰੇ।
ਇਸ ਤੋਂ ਬਾਅਦ ਗੁਨੀਤ ਦੇ ‘ਲਵਰ ਬੁਆਏ’ ਦੇ ਇਮੇਜ ਨੂੰ ਪੱਕਾ ਕਰਨ ਲਈ ਉਸ ਨੂੰ ਅਮੀਰ ਖਾਨ ਵਰਗੇ ਕਲਾਕਾਰ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿਚ ਇਕ ਵਾਰ ਫੇਰ ‘ਲਵਰ ਬੁਆਏ’ ਦਾ ਰੋਲ ਮਿਲਿਆ। ਇਸ ਵਾਰ ਉਸ ਦਾ ਸਾਹਮਣਾ ਹੋਇਆ ਇਕ ਅਜਿਹੀ ਪ੍ਰਪੱਕ ਅਦਾਕਾਰਾ ਨਾਲ, ਜੋ ਆਪਣੇ ਕਿਰਦਾਰ ਨੂੰ ਪਰਦੇ ‘ਤੇ ਸਜੀਵ ਕਰਨ ਲਈ ਜਾਣੀ ਜਾਂਦੀ ਹੈ, ਭਾਵ ਕਰਿਨਾ ਕਪੂਰ। ਇਸੇ ਫਿਲਮ ਵਿਚ ਹੀ ਹਿੰਦੀ ਫਿਲਮਾਂ ਦੇ ਬੇਤਾਜ ਬਾਦਸ਼ਾਹ ਅਮੀਰ ਖਾਨ ਦੇ ਨਾਲ ਉਸ ਦੇ ਕੁਝ ਦ੍ਰਿਸ਼ ਦੇਖ ਕੇ ਇਹ ਨਹੀਂ ਸੀ ਲੱਗਦਾ ਕਿ ਗੁਨੀਤ ਕੋਈ ਨਵਾਂ ਕਲਾਕਾਰ ਹੈ। ਉਸ ਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰਦੇ ਹੋਏ ਦੋਵੇਂ ਹੀ ਚੋਟੀ ਦੇ ਕਲਾਕਾਰਾਂ ਦੇ ਸਾਹਮਣੇ ਇਕ ਵਧੀਆ ਐਕਟਰ ਹੋਣ ਦਾ ਸਬੂਤ ਦਿੱਤਾ। ਇਸ ਸੰਬੰਧੀ ਉਹ ਬੜੀ ਹਲੀਮ ਨਾਲ ਕਹਿੰਦਾ ਹੈ ਕਿ, “ਫਿਲਮ ਦੇ ਪਹਿਲੇ ਟੇਕ ਦੀ ਰਿਹਰਸਲ ਵੇਲੇ ਉਹ ਕਾਫੀ ਘਬਰਾਇਆ ਹੋਇਆ ਸੀ। ਆਮੀਰ ਸਰ ਉਸ ਦੀ ਇਹ ਹਾਲਤ ਦੇਖ ਕੇ ਉਸ ਨੂੰ ਇਕ ਪਾਸੇ ਲੈ ਗਏ ਅਤੇ ਪਿਆਰ ਨਾਲ ਸਮਝਾਉਣ ਲੱਗੇ ਕਿ ਆਪਣਾ ਕਿਰਦਾਰ ਨਿਭਾਉਣ ਵੇਲੇ ਇਹ ਭੁੱਲ ਜਾਓ ਕਿ ਤੁਹਾਡੇ ਸਾਹਮਣੇ ਕੌਣ ਹੈ, ਆਪਣੇ ਰੋਲ ਨੂੰ ਆਪਣੇ ਅੰਦਰ ਵਸਾ ਲਓ। ਜੋ ਵੀ ਵਿਸ਼ਵਾਸ ਦੇ ਨਾਲ ਕੈਮਰੇ ਦੇ ਸਾਹਮਣੇ ਆਉਂਦਾ ਹੈ, ਉਹ ਕਦੇ ਮਾਰ ਨਹੀਂ ਖਾਂਦਾ।” ਉਹਨਾਂ ਦੀ ਇਸ ਗੱਲ ਨੇ ਮੇਰੇ ਤੇ ਅਜਿਹਾ ਜਾਦੂਈ ਅਸਰ ਕੀਤਾ ਕਿ ਜਦੋਂ ਸੀਨ ਓ. ਕੇ. ਹੋ ਗਿਆ। ਆਮੀਰ ਸਰ ਉਸਦੀ ਪਿੱਠ ਤੇ ਥਾਪੜਾ ਦੇ ਕੇ ਉਸਦਾ ਹੌਸਲਾ ਵਧਾਇਆ ਅਤੇ ਸਿਰ ਤੇ ਹੱਥ ਰੱਖ ਕੇ ਆਪਣਾ ਅਸ਼ੀਰਵਾਦ ਵੀ ਦਿੱਤਾ। ਮੇਰੇ ਲਈ ਇਹ ਨਵਾਂ ਤਜ਼ਰਬਾ ਸੀ ਕਿ ਇਕ ਅਜਿਹਾ ਸੀਨੀਅਰ ਅਦਾਕਾਰ, ਕਿਸੇ ਨਵੇਂ ਕਲਾਕਾਰ ਨੂੰ ਕਿੰਨੇ ਸਹਿਜ ਨਾਲ ਕਲਾਕਾਰੀ ਦੀ ਮੁਢਲੀ ਸਿਖਲਾਈ ਦੇ ਸਕਦਾ ਹੈ। ਉਹ ਤਾਂ ਨਵੇਂ ਕਲਾਕਾਰਰਂ ਨਾਲ ਵੀ ਦੋਸਤਾਂ ਵਾਂਗ ਪੇਸ਼ ਆਉਂਦੇ ਹਨ। ਗੁਨੀਤ ਦਾ ਕਹਿਣਾ ਹੈ ਕਿ ‘ਇਸ ਫਿਲਮ ਵਿਚ ਦੋ ਮਹਾਨ ਕਲਾਕਾਰਾਂ ਨਾਲ ਕੰਮ ਕਰ ਕੇ ਜੋ ਕੁਝ ਸਿੱਖਣ ਨੂੰ ਮਿਲਿਆ ਹੈ, ਉਹ ਉਸ ਦੇ ਜੀਵਨ ਦਾ ਇਕ ਅਨਮੋਲ ਖਜ਼ਾਨਾ ਹੈ।‘
ਉਸਦੇ ਫ਼ਿਲਮੀ ਸਫਰ ਦੀ ਤੀਜੀ ਮਹੱਤਵਪੂਰਣ ਫਿਲਮ ਹੈ “ਬੈਡ ਨਿਊਜ਼”। ਇਸ ਵਿਚ ਇਕ ਵਾਰ ਫੇਰ ਉਸ ਨੂੰ ਹਿੰਦੀ ਫਿਲਮ ਦੇ ਨਾਮਵਰ ਕਲਾਕਾਰ ਵਿੱਕੀ ਕੌਸ਼ਲ ਅਤੇ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਐਮੀ ਵਿਰਕ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਸੰਬੰਧੀ ਗੁਨੀਤ ਦਾ ਕਹਿਣਾ ਹੈ ਕਿ ਉਸ ਨੂੰ ਫਿਲਮ ਵਿਚ ਆਪਣੇ ਨਿਭਾਏ ਕਿਰਦਾਰ ਨਾਲ ਤਾਂ ਪੂਰੀ ਸੰਤੁਸ਼ਟੀ ਹੈ ਹੀ, ਪਰ ਇਸ ਤੋਂ ਵੀ ਜਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਦੋ ਸ਼ਾਨਦਾਰ ਅਤੇ ਦਿਲ ਦੇ ਸਾਫ ਇਨਸਾਨਾਂ ਦੇ ਸੰਪਰਕ ਵਿਚ ਆਇਆ, ਜਿੰਨਾਂ ਦੇ ਵਿਸ਼ਾਲ ਤਜ਼ਰਬੇ ਤੋਂ ਐਕਟਿੰਗ ਦੇ ਗੁਰ ਤਾਂ ਸਿੱਖਣ ਨੂੰ ਤਾਂ ਮਿਲੇ ਹੀ, ਇਸ ਦੇ ਨਾਲ ਹੀ ਵੱਡੇ ਭਰਾਵਾਂ ਵਰਗੇ ਦੋ ਦੋਸਤ ਵੀ ਮਿਲੇ। ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੇ ਗੁਨੀਤ ਕੋਲ ਆ ਕੇ ਉਸਦੀ ਅਦਾਕਾਰੀ ਦੀ ਵਿਸ਼ੇਸ਼ ਤਾਰੀਫ਼ ਕੀਤੀ।
ਗੁਨੀਤ ਨੇ ਅਜੇ ਤੱਕ ਇਕੋ ਹਿੰਦੀ ਗੀਤ ‘ਪ੍ਰੀਤ’ ਵਿਚ ਪ੍ਰਸਿੱਧ ਹਿੰਦੀ ਗਾਇਕਾ ਧਵਾਨੀ ਭਾਨੂੰਸ਼ਾਲੀ ਨਾਲ ਕੰਮ ਕੀਤਾ ਹੈ ਜਿਸ ਦਾ ਨਿਰਦੇਸ਼ਨ ‘ਲਾਲ ਸਿੰਘ ਚੱਢਾ’ ਦੇ ਨਿਰਦੇਸ਼ਕ ਅਦਵੈਤ ਚੰਦਨ ਨੇ ਕੀਤਾ ਹੈ। ਯੂ ਟਿਊਬ ਤੇ ਇਹ ਗੀਤ ਥੋੜ੍ਹੀ ਦੇਰ ਵਿਚ ਹੀ ਚਾਲੀ ਲੱਖ ਦਰਸ਼ਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ ਅਤੇ ਅਜੇ ਵੀ ਇਸ ਦੇ ਦੇਖਣ ਵਾਲਿਆਂ ਦੀ ਸੰਖਿਆ ਦਿਨ-ਬ-ਦਿਨ ਵਧ ਰਹੀ ਹੈ। ਆਪਣੇ ਆਉਣ ਵਾਲੇ ਪ੍ਰਾਜੈਕਟਾਂ ਸੰਬੰਧੀ ਉਸ ਨੇ ਦੱਸਿਆ ਕਿ ਕੁਝ ਫਿਲਮਾਂ ਦੇ ਨਾਲ-ਨਾਲ ਉਹ ਓ ਟੀ ਟੀ ਪਲੇਟਫਾਰਮ ਲਈ ਵੀ ਇਕ ਫਿਲਮ ਕਰ ਰਿਹਾ ਹੈ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਅਜੇ ਤੱਕ ਉਸ ਨੇ ਜਿੰਨਾਂ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਉਹਨਾਂ ਵਿਚੋਂ ਸਭ ਤੋਂ ਵਧ ਉਸ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤਾਂ ਗੁਨੀਤ ਦਾ ਜੁਆਬ ਸੀ ਕਿ ਇਮਤਿਆਜ਼ ਸਰ ਇਕ ਅਜਿਹੇ ਨਿਰਦੇਸ਼ਕ ਹਨ ਜੋ ਕਲਾਕਾਰ ਦੇ ਅੰਦਰ ਲੁਕੇ ਕਲਾਕਾਰ ਨੂੰ ਬਾਹਰ ਕੱਢਣ ਦੇ ਮਾਹਿਰ ਹਨ, ਚੰਦਨ ਸਰ ਕਲਾਕਾਰ ਨੂੰ ਪਹਿਲਾਂ ਹੀ ਸਮਝਾ ਦਿੰਦੇ ਹਨ ਕਿ ਉਹਨਾਂ ਨੂੰ ਕਿਸੇ ਖਾਸ ਦ੍ਰਿਸ਼ ਲਈ ਕਿਹੋ ਜਿਹੇ ਪ੍ਰਭਾਵ ਚਾਹੀਦੇ ਹਨ ਅਤੇ ਉਹ ਅਦਾਕਾਰ ਨੂੰ ਅਜਿਹੀ ਪੇਸ਼ਕਾਰੀ ਦਾ ਢੰਗ ਵੀ ਦੱਸ ਦਿੰਦੇ ਹਨ। ਆਨੰਦ ਤਿਵਾੜੀ ਸਰ ਕੋਲ ਇਹ ਵਿਸ਼ੇਸ਼ਤਾ ਹੈ ਕਿ ਉਹ ਹਰ ਅਦਾਕਾਰ ਨਾਲ ਹੀ ਇਕ ਚੰਗੇ ਦੋਸਤ ਦਾ ਰਿਸ਼ਤਾ ਕਾਇਮ ਕਰ ਲੈਂਦੇ ਹਨ ਅਤੇ ਕਲਾਕਾਰ ਨੂੰ ਇਹ ਯਕੀਨ ਦੁਆ ਦਿੰਦੇ ਹਨ ਕਿ ਇਸ ਖਾਸ ਦ੍ਰਿਸ਼ ਦਾ ਸਾਰਾ ਦਾਰੋ-ਮ-ਦਾਰ ਉਸ ਕਲਾਕਾਰ ਤੇ ਹੀ ਹੈ, ਜਿਸ ਨਾਲ ਕਲਾਕਾਰ ਵਿਚ ਇਕ ਵਿਸ਼ਵਾਸ ਪੈਦਾ ਹੋ ਜਾਂਦਾ ਹੈ।
ਗੁਨੀਤ ਦਾ ਕਹਿਣਾ ਹੈ ਕਿ ਭਾਵੇਂ ਉਸਦਾ ਇਮੇਜ ‘ਲਵਰ ਬੁਆਏ ‘ ਵਾਲੀ ਬਣ ਚੁੱਕਿਆ ਹੈ, ਪਰ ਉਹ ਕਿਸੇ ਵਿਸ਼ੇਸ਼ ਇਮੇਜ ਵਿਚ ਕੈਦ ਨਹੀਂ ਹੋਣਾ ਚਾਹੁੰਦਾ, ਸਗੋਂ ਹਰ ਤਰਾਂ ਦੇ ਕਿਰਦਾਰ ਨਿਭਾਉਣਾ ਚਾਹੁੰਦਾ ਹੈ। ਜੇ ਕਿਸੇ ਵਧੀਆ ਨੈਗੇਟਿਵ ਰੋਲ ਦੀ ਆਫਰ ਆਈ ਤਾਂ ਉਹ ਇਨਕਾਰ ਨਹੀਂ ਕਰੇਗਾ। ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕਰਨ ਤੋਂ ਵੀ ਉਸ ਨੂੰ ਕੋਈ ਗੁਰੇਜ ਨਹੀਂ। ਉਸ ਦਾ ਕਹਿਣਾ ਹੈ ਕਿ ਪੰਜਾਬੀ ਉਸਦੀ ਮਾਂ ਬੋਲੀ ਹੈ, ਪੰਜਾਬ ਦੇ ਅਮੀਰ ਸਭਿਆਚਾਰ ਉਸ ਦੇ ਖੂਨ ਵਿਚ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin