Articles

ਬਨਸਪਤਿ ਮਉਲੀ ਚੜਿਆ ਬਸੰਤੁ !

ਸ੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ ਵਿਖੇ ਖਿੜਦੇ ਟਿਊਲਿਪ ਦੇ ਪਿਛੋਕੜ ਵਿੱਚ ਸੈਲਾਨੀ ਸੈਲਫੀ ਲੈਂਦੇ ਹੋਏ। (ਫੋਟੋ: ਏ ਐਨ ਆਈ)
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਇਨਕਲਾਬੀ ਰੂਪ ਵਿੱਚ ਅੰਗੜਾਈ ਲੈਂਦੀ ਬਸੰਤ ਰੁੱਤ ਛੇ ਰੁੱਤਾਂ ਵਿੱਚ ਸਭ ਤੋਂ ਪਿਆਰੀ ਅਤੇ ਸੁਹੱਪਣ ਭਰਭੂਰ ਹੈ। ਪ੍ਰਕਿਰਤੀ ਨੂੰ ਵੀ ਸਭ ਤੋਂ ਪਿਆਰੀ ਹੈ।ਕੁਦਰਤ ਨੇ ਆਦਿ ਕਾਲ ਤੋਂ ਅਜੋਕੇ ਵਿਗਿਆਨਕ ਯੁੱਗ ਤੱਕ ਚੌਗਿਰਦੇ ਤੇ ਵੰਨ ਸੁਵੰਨੀਆਂ ਛਾਪਾਂ ਛੱਡੀਆਂ ਇਹਨਾਂ ਵਿਚੋਂ ਪ੍ਰਕਿਰਤੀ ਦਾ ਉੱਮਦਾ ਵਰਣਨ ਕਰਦੀ ਬਸੰਤ ਰੁੱਤ ਹੈ। ਇਸਤੋਂ ਇਲਾਵਾ ਇਸ ਨੂੰ ਪ੍ਰਕਿਰਤੀ ਵਿੱਚ ਨਵੀਂ ਚੇਤਨਾ ਅਤੇ ਦ੍ਰਿਸ਼ਟੀ ਦਾ ਸੁਨੇਹਾ ਮੰਨਿਆ ਜਾਂਦਾ ਹੈ। ਬਸੰਤ ਤੋਂ ਪਹਿਲਾਂ ਧੁੰਦਾਂ,ਔਂਸ ਅਤੇ ਸੀਨਾ ਠਾਰਦੀ ਠੰਢ ਤੋਂ ਬਾਅਦ ਥੌੜੀ ਗਰਮੀ ਦਾ ਆਗਾਜ਼ ਹੁੰਦਾ ਹੈ:-

“ਆਈ ਬਸੰਤ ਪਾਲਾ ਉਡੰਤ”
ਇਸ ਰੁੱਤੇ ਤਪਸ਼ ਵਧਣ ਨਾਲ ਬਨਸਪਤੀ ਮੌਲਵੀ ਹੈ। ਫੁੱਲ ਉੱਘੜਦੇ ਹਨ।ਰੰਗ ਬਿਰੰਗੀ ਪ੍ਰਕਿਰਤੀ ਮਹਿਕ ਖਿਲਾਰਦੀ ਹੈ।ਨਵਾਂਪਣ ਨਜ਼ਰੀ ਪੈਂਦਾ ਹੈ। ਸੁਹਾਵਣਾ ਮੌਸਮ ਹੁੰਦਾ ਹੈ।ਇਸੇ ਰੁੱਤੇ ਮੱਖੀਆਂ, ਭੌਰੇ ਅਤੇ ਤਿੱਤਲੀਆਂ ਉਡਾਰੀ ਮਾਰਦੀਆਂ ਹਨ।ਕੋਇਲ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਸੰਗੀਤਮਈ ਕੂਕਾਂ ਬੋਲਦੀਆਂ ਹਨ:-
“ਚੇਤ ਬਸੰਤ ਭਲਾ ਭਵਰ ਸੁਹਾਵੜੇ,
ਬਨ ਫੂਲੇ ਮੰਝ ਬਾਰਿ ਮੈ,ਪਿਰੁ ਘਰ ਬਾਹੁੜੇ”
ਇਸ ਰੁੱਤੇ ਦਾ ਪ੍ਰਭਾਵ ਫੱਗਣ ਵਿੱਚ ਚੱਲਦਾ ਹੈ ਜੋ ਵਿਸਾਖ ਤੱਕ ਰਹਿੰਦਾ ਹੈ।ਇਸ ਕਰਕੇ ਇਸ ਦੇ ਤਿੰਨ ਮਹੀਨੇ ਵੀ ਮੰਨੇ ਜਾਂਦੇ ਹਨ। ਉਂਝ ਚੇਤ ਤੇ ਵਿਸਾਖ ਇਸ ਨੂੰ ਸਮਰਪਿਤ ਹੁੰਦੇ ਹਨ।ਇਸ ਰੁੱਤ ਦੀ ਖੁਸ਼ੀ ਦਾ ਤਿਉਹਾਰ ਬਸੰਤ ਪੰਚਮੀ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ।ਇਸ ਦਿਨ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮੇਲਾ ਲੱਗਦਾ ਹੈ।ਇਹ ਮੇਲਾ ਹੋਰ ਥਾਵਾਂ ਤੇ ਵੀ ਲੱਗਦਾ ਹੈ। ਲੋਕ ਸ਼ਰਧਾ ਨਾਲ ਜਾਂਦੇ ਹਨ।ਇਸ ਰੁੱਤ ਦੀ ਕਥਾ ਹੈ ਕਿ ਬਸੰਤ ਤੋਂ ਇਲਾਵਾ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਰਾਜਾ ਮੰਨਿਆ। 8-8 ਦਿਨ ਬਸੰਤ ਨੂੰ ਦਿੱਤੇ। ਬਸੰਤ ਕੋਲ 40 ਦਿਨ ਵਧਣ ਨਾਲ ਇਹ ਵੱਡੀ ਹੋ ਗਈ। ਸਿਆਣੇ ਇਸ ਰੁੱਤ ਨੂੰ ਰਿਤੂ ਰਾਜ ਰੁੱਤਾਂ ਦੀ ਰਾਣੀ ਵੀ ਕਹਿੰਦੇ ਹਨ। ਸੱਚਮੁੱਚ ਵਿੱਚ ਬਸੰਤ ਰੁੱਤਾਂ ਦੀ ਸਿਰਤਾਜ ਹੈ।ਇਸ ਨੂੰ ਕੁਦਰਤ ਨੇ ਆਪਣੇ ਹੱਥੀਂ ਬੁਣਿਆ ਹੁੰਦਾ ਹੈ।
ਇਤਿਹਾਸਕ ਸਾਂਝਾ ਵੀ ਬਸੰਤ ਰੁੱਤ ਨਾਲ ਜੁੜੀਆਂ ਹੋਈਆਂ ਹਨ। ਸਰਸਵਤੀ ਮਾਤਾ ਦਾ ਜਨਮ ਵੀ ਬਸੰਤ ਰੁੱਤ ਨੂੰ ਹੋਇਆ ਸੀ।ਵੀਰ ਹਕੀਕਤ ਰਾਏ ਨੇ 1724 ਵਿੱਚ ਭਾਗਮਲ ਅਤੇ ਦੁਰਗਾ ਦੇਵੀ ਦੇ ਘਰ ਜਨਮ ਲੈ ਕੇ ਚੋਦਾਂ ਸਾਲ ਦੀ ਉਮਰ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਵੀਰ ਦੀ ਉਪਾਧੀ ਪਾ ਕੇ ਅਨਿਆਂ ਬੇਇਨਸਾਫ਼ੀ ਖਿਲਾਫ ਬਸੰਤ ਪੰਚਮੀ ਨੂੰ ਸ਼ਹੀਦੀ ਪਾਈ ਸੀ। ਨਾਮਧਾਰੀ ਸੰਪਰਦਾ ਦੇ ਬਾਬਾ ਰਾਮ ਸਿੰਘ ਦਾ ਜਨਮ ਦਿਨ ਵੀ ਇਸ ਦਿਨ ਹੋਇਆ ਸੀ।ਇਸ ਇਤਿਹਾਸਕ ਪੱਖ ਆਸਕਰ ਬਾਈਡਨ ਅਨੁਸਾਰ ਕੋਈ ਵੀ ਇਤਿਹਾਸ ਲਿਖ ਸਕਦਾ ਹੈ ਪਰ ਮਹਾਨ ਵਿਅਕਤੀਆਂ ਨੂੰ ਕਿਸੇ ਦਿਨ ਤਿੱਥ ਤੇ ਲਿਖਿਆ ਜਾਂਦਾ ਹੈ।
ਚੰਨ ਦੇ ਮਾਘ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪਰ ਰੁੱਤਾਂ ਦਾ ਸੰਬੰਧ ਸੂਰਜ ਨਾਲ ਹੈ ਚੰਨ ਨਾਲ ਨਹੀਂ”ਸੂਰਜੁ ਏਕੋ ਰੁਤਿ ਅਨੇਕ”।ਬਸੰਤ ਪੰਚਮੀ ਨੂੰ ਸ੍ਰੀ ਪੰਚਮੀਂ ਅਤੇ ਸਰਸਵਤੀ ਪੂਜਾ ਵੀ ਕਿਹਾ ਜਾਂਦਾ ਹੈ।ਇਸ ਰੁੱਤ ਵਿੱਚ ਕੁਦਰਤ ਅਤੇ ਅਧਿਆਤਮਵਾਦ ਦਾ ਵਰਣਨ ਖੂਬਸੂਰਤ ਅੰਦਾਜ਼ ਵਿੱਚ ਹੈ। ਗੁਰੂ ਅਮਰਦਾਸ ਜੀ ਨੇ ਇਉਂ ਅੰਕਤ ਕੀਤਾ ਹੈ ” ਬਸੰਤ ਚੜਿਆ ਪੂਰੀ ਬਨਰਾਇ,ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ”ਖੁਸ਼ੀ ਖੇੜੇ ਨੂੰ ਦਰਸਾਉਂਦਾ ਵਾਕ ਇਉਂ ਫੁਰਮਾਇਆ ਹੈ,”ਆਜੁ ਹਮਾਰੈ ਗ੍ਰਿਹ ਬਸੰਤ”ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਕ੍ਰਮ ਵਿੱਚ ਇਸਨੂੰ ਪੱਚੀਵੇਂ ਸਥਾਨ ਤੇ ਪੰਨਾ ਨੰਬਰ 1168 ਤੇ ਦਰਜ ਕੀਤਾ ਹੈ। ਬਸੰਤ ਰੁੱਤ ਤੇ ਗੁਰੂ ਨਾਨਕ ਦੇਵ ਜੀ ਨੇ ਇਉਂ ਬਾਣੀ ਉਚਾਰੀ,”ਬਨਸਪਤਿ ਮਉਲੀ ਚੜਿਆ ਬਸੰਤੁ”
ਇਸ ਦਿਨ ਪਤੰਗ ਬਾਜ਼ੀ ਦਾ ਨਜ਼ਾਰਾ ਖੂਬ ਦਿੱਖਦਾ ਹੈ। ਆਕਾਸ਼ ਪਤੰਗਾਂ ਦੀ ਰੰਗਤ ਨਾਲ ਭਰ ਜਾਂਦਾ ਹੈ। ਬਸੰਤੀ ਰੰਗ ਇਨਕਲਾਬੀ ਸੁਨੇਹਾ ਦਿੰਦਾ ਹੈ।ਇਸ ਰੁੱਤੇ ਖਾਸ ਤੌਰ ਤੇ ਪਿੰਡਾਂ ਦੇ ਜੀਵਨ ਲਈ ਕੁਦਰਤ ਨੇ ਕਲਾਕਾਰੀ ਅਤੇ ਸੁਗੰਧੀ ਦੀ ਬੁਣਤੀ ਕੀਤੀ ਹੈ। ਫਸਲਾਂ ਫੁੱਲਾਂ ਦੇ ਬਸੰਤੀ ਰੰਗ ਅਤੇ ਪੁੰਗਾਰੇ ਹਾਕਾਂ ਮਾਰਦੇ ਹਨ।ਸੁਹੱਪਣ, ਖੁਸ਼ੀ ਅਤੇ ਕੁਦਰਤ ਦਾ ਵਰਨਣ ਕਰਦੀ ਇਹ ਰੁੱਤ ਜੀਵਨ ਪ੍ਰੀਵਰਤਨ ਅਤੇ ਨਵੀਆਂ ਸੱਧਰਾਂ ਦੇ ਸੁਨੇਹੇ ਦਿੰਦੀ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin