Articles

ਬਰਤਾਨੀਆ ਚ ਮਸ਼ਨੂਈ ਤੇਲ ਸੰਕਟ ਦਾ ਅਸਲ ਕਾਰਨ ਕੀ ਹੈ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬੀਤੇ ਦੋ ਕੁ ਹਫ਼ਤੇ ਤੋਂ ਬਰਤਾਨੀਆ ਦੇ ਪੈਟਰੋਲ ਪੰਪ ਸੋਕੇ ਦਾ ਸ਼ਿਕਾਰ ਹਨ, ਪੈਟਰੋਲ ਤੇ ਡੀਜ਼ਲ ਦਰਕਾਰ ਹੈ । ਇਹਨਾਂ ਦੀ ਕਿੱਲਤ ਨਾਲ ਇੱਥੋਂ ਦਾ ਜਨਜੀਵਨ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ, ਫੂਡ ਅਤੇ ਗਰੋਸਰੀ ਸਟੋਰਾਂ ਚ ਨਿੱਤ ਵਰਤੋਂ ਦੀ ਚੀਜ਼ਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ, ਕੰਮਾਂ ਧੰਦਿਆ ‘ਤੇ ਕੱਚੇ ਮਾਲ ਦੀ ਢੋਆ ਢੁਆਈ ਤੇ ਪੱਕੇ ਮਾਲ ਦੀ ਸਪਲਾਈ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ, ਕਾਮਿਆਂ ਨੂੰ ਕੰਮ ‘ਤੇ ਜਾਣ ਤੇ ਵਾਪਸ ਘਰ ਪਰਤਣ ਵਾਸਤੇ ਪਰੇਸ਼ਾਨੀ ਪੇਸ਼ ਆ ਰਹੀ ਹੈ । ਕਹਿਣ ਦਾ ਭਾਵ ਇਹ ਹੈ ਕਿ ਕੋਵਿੱਡ 19 ਮਹਾਂਮਾਰੀ ਦਾ ਪਰਕੋਪ ਘਟਣ ਤੋਂ ਬਾਅਦ ਇਥੋਂ ਦੇ ਜਨਜੀਵਨ ਵਿੱਚ ਜੋ ਮੁੜ ਤੋਂ ਚਹਿਲ ਪਹਿਲ ਸ਼ੁਰੂ ਹੋਈ ਸੀ, ਸਕੂਲ, ਵਪਾਰਕ ਅਦਾਰੇ ਤੇ ਸਮਾਜਕ ਸਰਗਰਮੀਆਂ ਮੁੜ ਤੋਂ ਲੀਹੇ ਪੈਣ ਵੱਲ ਵਧਣ ਲੱਗੇ ਸਨ, ਪੈਟਰੋਲੀਅਮ ਪਦਾਰਥਾਂ ਦੀ ਘਾਟ ਨੇ ਇਕ ਵਾਰ ਮੁੜ ਤੋਂ ਮੁਲਕ ਵਿਚ ਵੱਡਾ ਸੰਕਟ ਖੜ੍ਹਾ ਕਰਕੇ ਦਰ੍ਹਮ ਬਰਮ ਕਰਕੇ ਰੱਖ ਦਿੱਤਾ ਹੈ ।
ਬੇਸ਼ੱਕ ਇਸ  ਵੇਲੇ ਮੁਲਕ ਦੇ 60 ਫੀਸਦੀ ਦੇ ਲਗਭਗ ਪੈਟਰੋਲ ਸਟੇਸ਼ਨ ਬੰਦ ਹਨ, ਪਰ ਸਰਕਾਰ ਇਹ  ਗੱਲ ਵਾਰ ਵਾਰ ਕਹਿ ਰਹੀ ਹੈ ਕਿ ਮੁਲਕ ਚ ਡੀਜ਼ਲ ਤੇ ਪੈਟਰੋਲ ਦੇ ਵੱਡੇ ਭੰਡਾਰ ਹਨ ਤੇ ਇਹਨਾ ਪਦਾਰਥਾਂ ਦੀ ਇੱਥੇ ਕੋਈ ਵੀ ਕਮੀ ਨਹੀਂ । ਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਚ ਬਰੈਕਸਿਟ ਲਾਗੂ ਹੋ ਜਾਣ ਤੋਂ ਬਾਅਦ ਇਹਨਾ ਪਦਾਰਥਾਂ ਦੀ ਢੋਆ ਢੁਆਈ ਕਰਨ ਵਾਲੇ ਟੈਂਕਰਾਂ ਦੇ ਡਰਾਇਵਰ ਮੁਲਕ ਵਿੱਚੋਂ ਕੰਮ ਛਡਕੇ ਵਾਪਸ ਆਪੋ ਆਪਣੇ ਮੁਲਕਾਂ ਚ ਚਲੇ ਜਾਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ ਤੇ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦੁਆਇਆ ਹੈ ਕਿ ਇਸ ਸਮੱਸਿਆ ‘ਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ । ਸਰਕਾਰ ਨੇ ਇਹ ਵੀ ਕਿਹਾ ਕਿ ਇਸ ਸਮੱਸਿਆ ‘ਤੇ ਕਾਬੂ ਪਾਉਣ ਵਾਸਤੇ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਫੌਜ ਦੇ ਡਰਾਇਵਰਾਂ ਨੂੰ ਵੀ ਸਟੈਂਡ ਬਾਈ ਰੱਖਿਆ ਜਾ ਰਿਹਾ ਹੈ ਤੇ ਪੰਜ ਹਜ਼ਾਰ ਨਵੇਂ ਡਰਾਇਵਰਾਂ ਦੀ ਭਰਤੀ ਕੀਤੀ ਜਾ ਰਹੀ ਹੈ ।
ਚਲੋ ਜੇਕਰ ਇਹ ਮੰਨ ਲੈਂਦੇ ਹਾਂ ਕਿ ਸਰਕਾਰ ਸੱਚ ਕਹਿ ਰਹੀ ਹੋਵੇਗੀ, ਪਰ ਤਦ ਵੀ ਇਹ ਕੁੱਜ ਕੁ ਸਵਾਲ ਮੁਲਕ ਦੇ ਹਰ ਸ਼ਹਿਰੀ ਦੇ ਮਨ ਵਿੱਚ ਪੈਦਾ ਹੁੰਦੇ ਹਨ ਕਿ ਜਨਵਰੀ ਤੋਂ 9 ਮਹੀਨੇ ਬਾਅਦ ਇਹ ਹਾਲਾਤ ਇਕਦਮ ਪੈਦਾ ਕਿਓਂ ਹੋਏ ? ਕੀ ਸਾਰੇ ਟੈਂਕਰ ਡਰਾਇਵਰ ਰਾਤੋ ਰਾਤ ਮੁਲਕ ਛੱਡ ਗਏ ਜਾਂ ਫਿਰ ਕਾਰਨ ਕੋਈ ਹੋਰ ਹੈ ਤੇ ਮੁਲਕ ਦੇ ਲੋਕਾਂ ਨੂੰ ਅਸਲ ਕਾਰਨ ਦੱਸਣ ਦੀ ਬਜਾਏ ਹਨੇਰੇ ਚ ਰੱਖਿਆ ਜਾ ਰਿਹਾ ਹੈ ?
ਅਰਥ ਸ਼ਾਸ਼ਤਰ (Economics) ਦਾ ਇਕ ਸਿਧਾਂਤ ਹੈ ਜਿਸ ਨੂੰ ਮੰਗ ਤੇ ਸਪਲਾਈ (The theory of Demand & Supply) ਦਾ ਸਿਧਾਂਤ ਕਿਹਾ ਜਾਂਦਾ ਹੈ । ਇਸ ਸਿਧਾਂਤ ਦੇ ਮੁਤਾਬਿਕ ਜੇਕਰ ਬਜ਼ਾਰ ਚ ਕਿਸੇ ਵਸਤੂ ਦੀ ਮੰਗ ਵੱਧ ਜਾਂਦੀ ਹੈ ਤਾਂ ਉਸ ਦੀ ਸਪਲਾਈ ਵੀ ਵੱਧ ਜਾਂਦੀ ਹੈ, ਉਤਪਾਦਨ ਦਾ ਵਧਣਾ ਤਾਂ ਲਾਜ਼ਮੀ ਹੁੰਦਾ ਹੀ ਹੈ । ਜੇਕਰ ਮੰਗ ਤੇ ਸਪਲਾਈ ਦੀ ਚੇਨ ਦੇ ਸੰਤੁਲਨ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਸੰਬੰਧਿਤ ਵਸਤ/ਵਸਤਾਂ ਦੀ ਕੀਮਤ ਸਥਿਰ ਰਹਿੰਦੀ ਹੈ, ਪਰ ਜੇਕਰ ਉਤਪਾਦਨ ਜਾਂ ਸਪਲਾਈ ਲੋੜ ਦੇ ਮੁਤਾਬਿਕ ਨਾ ਹੋਵੇ ਤਾਂ ਇਸ ਹਾਲਤ ਵਿੱਚ ਵੱਧ ਲੋੜ ਜਾਂ ਮੰਗ ਵਾਲੀ ਵਸਤ ਦੀ ਕੀਮਤ ਦਾ ਵਧਣਾ ਤਹਿ ਹੁੰਦਾ ਹੈ ।
ਬਰਤਾਨੀਆ ਚ ਪੈਟਰੋਲੀਅਮ ਪਦਾਰਥਾਂ ਦੀ ਘਾਟ ਹੈ ਜਾਂ ਨਹੀਂ, ਇਸ ਬਾਰੇ ਤਾਂ ਮੁਲਕ ਦੀ ਸਰਕਾਰ ਜਾਣਦੀ ਹੋਵੇਗੀ ਕਿ ਅਸਲ ਸੱਚਾਈ ਕੀ ਹੈ, ਪਰ ਤੇਲ ਦੀ ਢੋਆ ਢੁਆਈ ਕਰਨ ਵਾਲੇ ਟੈਂਕਰਾਂ ਦੇ ਡਰਾਇਵਰਾਂ ਦੀ ਇਕਦਮ ਘਾਟ ਪੈਦਾ ਹੋ ਜਾਣ ਨਾਲ ਅਰਥ ਸ਼ਾਸ਼ਤਰ ਦੇ ਸਿਧਾਂਤ ਮੁਤਾਬਿਕ ਮੰਗ ਕੇ ਸਪਲਾਈ ਦਾ ਸੰਤੁਲਨ ਬਿਲਕੁਲ ਵਿਗੜ ਚੁੱਕਾ ਹੈ, ਜਿਸ ਕਰਕੇ ਲੋਕਾਂ ਚ ਘਬਰਾਹਟ ਤੇ ਹਫਰਾ ਤਫਰੀ ਹੈ ਤੇ ਉਹ ਲੋੜ ਤੋਂ ਵਧੇਰੇ ਪੈਟਰੋਲੀਅਮ ਪਦਾਰਥ ਸਟੋਰ ਕਰ ਰਹੇ ਹਨ । ਪੈਟਰੋਲੀਅਮ ਪਦਾਰਥਾਂ ਦੀ ਇਸ  ਵਧੀ ਹੋਈ ਮੰਗ ਨੇ ਮੰਗ ਕੇ ਸਪਲਾਈ  ਦਾ  ਸੰਤੁਲਿਤ  ਵਿਗਾੜਿਆ ਹੀ ਨਹੀਂ ਬਲਕਿ ਇਸ ਚੇਨ ਨੂੰ ਤੋੜਕੇ ਰੱਖ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਸਮੇਤ ਰੋਜ਼ਾਨਾ ਵਰਤੋਂ ਦੀਆ ਹੋਰ  ਵਸਤਾਂ ਦੀਆਂ ਕੀਮਤਾਂ ਦਾ ਵਧਣਾ ਆਉਣ  ਵਾਲੇ  ਦਿਨਾਂ ‘ਚ ਲਗਭਗ ਤਹਿ ਹੈ।
ਅਸੀਂ ਜਾਣਦੇ ਹਾਂ ਕਿ ਮੁਲਕ ਦੀ ਸਰਕਾਰ ਨੇ ਕੋਵਿੱਡ ਮਹਾਂਮਾਰੀ ਦੌਰਾਨ ਕਾਮਿਆਂ ਤੇ ਵਪਾਰੀਆਂ ਨੂੰ ਰਾਹਤ ਦੇਣ ਵਾਸਤੇ ਸਰਕਾਰੀ ਖ਼ਜ਼ਾਨੇ ‘ਚੋਂ ਬਿੱਲੀਅਨ ਪੌਂਡ ਵੰਡੇ ਸਨ ਤੇ ਹੋ ਸਕਦਾ ਹੈ ਕਿ ਇਹ ਬਹਾਨਾ ਬਣਾਕੇ ਸਰਕਾਰ ਆਪਣੇ ਦਿੱਤੇ ਹੋਏ ਰਾਹਤ ਫੰਡ ਨੂੰ ਲੋਕਾਂ ਦੀਆ ਜੇਬਾਂ ‘ਚੋਂ ਮੁੜ ਬਾਹਰ ਕਢਾ ਕੇ ਸਰਕਾਰੀ ਖ਼ਜ਼ਾਨੇ ਚ ਜਮਾਂ ਕਰਨ ਦਾ ਅਡੰਬਰ ਕਰ ਰਹੀ ਹੋਵੇ ਕਿਉਂਕਿ ਰਾਤੋ ਰਾਤ ਇਸ ਤਰਾਂ ਤੇਲ ਟੈਂਕਰਾਂ ਦੇ ਡਰਾਇਵਰਾਂ ਦੀ ਘਾਟ ਬਹੁਤ ਘੱਟ ਲੋਕਾਂ ਨੂੰ ਹਜ਼ਮ ਹੁੰਦੀ ਹੋਵੇਗੀ । ਦੂਜੀ ਗੱਲ ਇਹ ਵੀ ਹੈ ਕਿ ਜੇਕਰ ਸਰਕਾਰ ਨੂੰ ਇਹਨਾਂ ਹਾਲਾਤਾਂ ਦੇ ਪੈਦਾ ਹੋਣ ਦਾ ਅਗਾਊਂ ਪਤਾ ਸੀ ਤਾਂ ਫਿਰ ਸਮਾਂ ਰਹਿੰਦੇ ਇੰਤਜ਼ਾਮ ਕਿਓਂ ਨਹੀਂ ਕੀਤੇ ? ਜੇਕਰ ਡਰਾਇਵਰਾਂ ਦੀ ਕਮੀ ਸੀ ਤਾਂ ਫਿਰ ਪੈਟਰੋਲੀਅਮ ਪਦਾਰਥਾਂ ਵਰਗੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਬਰਕਰਾਰ ਰੱਖਣ ਵਾਸਤੇ ਫੌਜ ਦੀ ਸਹਾਇਤਾ ਕਿਓਂ ਨਹੀਂ ਲਈ ਗਈ ? ਸਵਾਲ ਇਹ ਵੀ ਉਠਦਾ ਹੈ ਕਿ ਮੁਲਕ ਦੀ ਸਰਕਾਰ ਨੇ ਲੋਕਾਂ ਨੂੰ ਸਮੇਂ ਸਿਰ ਇਸ ਪੈਦਾ ਹੋਣ ਵਾਲੇ ਸੰਕਟ ਤੋਂ ਜਾਣੂ ਕਿਓਂ ਨਹੀਂ ਕਰਵਾਇਆ ? ਇਹਨਾਂ ਸਾਰੇ ਸਵਾਲਾਂ ਤੋਂ ਇਹ ਤੌਖਲਾ ਪੈਦਾ ਹੋਣਾ ਸੁਭਾਵਿਕ ਹੈ ਕਿ ਦਾਲ ‘ਚ ਕਿਤੇ ਨ ਕਿਤੇ ਕੁੱਜ ਕਾਲਾ ਤਾਂ ਜ਼ਰੂਰ ਹੈ, ਸਰਕਾਰ ਦੇਸ਼ ਦੀ ਜਨਤਾ ਤੋਂ ਕੁੱਜ ਨ ਕੁੱਜ ਲੁਕੋਅ ਰੱਖ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਜੇਕਰ ਪੈਟਰੋਲੀਅਮ ਪਦਾਰਥਾਂ ਦੀਆ ਕੀਮਤਾਂ ਹਿਰਨ ਚੁੰਗੀਆਂ ਭਰਦੀਆਂ ਹਨ ਤਾਂ ਸਾਫ ਹੋ ਜਾਵੇਗਾ ਕਿ ਅਰਥ ਸ਼ਾਸ਼ਤਰ ਦੇ ਸਿਧਾਂਤ ਦੀ ਥਿਊਰੀ ਦਾ ਸਹਾਰਾ ਲੈ ਕੇ ਬਰਤਾਨੀਆ ਸਰਕਾਰ ਆਪਣਾ ਖ਼ਜ਼ਾਨਾ ਵੀ ਭਰ ਰਹੀ ਹੈ ਤੇ ਵੱਡੇ ਵਪਾਰੀਆਂ ਦਾ ਢਿੱਡ ਵੀ । ਇਸ ਦੇ ਨਾਲ ਹੀ ਰੋਜ਼ਾਨਾ ਵਰਤੋ ਦੀਆ ਚੀਜ਼ਾਂ ਦੇ ਭਾਅ ਵਧਣਗੇ, ਦੇਸ਼ ਦੀ ਜਨਤਾ ਦੀ ਲੁੱਟ ਹੋਵੇਗੀ, ਹਰ ਘਰ ਦਾ ਬਜਟ ਖ਼ਰਾਬ ਹੋਏਗਾ, ਰਿਟੇਲਰ ਮੌਜਾਂ ਕਰਨਗੇ ਤੇ ਢੋਲੇ ਦੀਆ ਗਾਉਣਗੇ ਅੱਕੇ ਮੁਲਕ ਦੀ ਜਨਤਾ ਲੁੱਟੀ ਪੁੱਟੀ ਹੋਈ ਮਹਿਸੂਸ ਕਰੇਗੀ ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin