ਕੋਈ ਵੀ ਖੇਡ੍ਹ ਜਾਂ ਲੜਾਈ, ਜਿੱਤ ਜਾਂ ਕਿਸੇ ਪ੍ਰਾਪਤੀ ਲਈ ਖੇਡ੍ਹੀ ਜਾਂ ਲੜੀ ਜਾਂਦੀ ਹੈ । ਪਰ ਕਈ ਵਾਰ ਕੋਈ ਟੀਮ ਜਾਂ ਸੈਨਾ ਸਾਹਮਣੇ ਵਾਲੀ ਧਿਰ ਦੀ ਤਾਕਤ ਜਾਂ ਅਪਣੀ ਕਿਸੇ ਅੰਦਰੂਨੀ ਕਮਜ਼ੋਰੀ ਤੋਂ ਕਿਸੇ ਤਰ੍ਹਾਂ ਖੌਫ਼ਜ਼ਦਾ ਹੋ ਜਾਵੇ ਤਾਂ ਉਹ ਕਈ ਵਾਰ ਕੇਵਲ ਹਾਰ ਤੋਂ ਬਚਣ ਲਈ ਜੂਝਣ ਲਈ ਮਜ਼ਬੂਰ ਹੋ ਜਾਂਦੀ ਹੈ । ਅਜਿਹੀ ਸਥਿਤੀ ਵਿੱਚ ਅੱਵਲ ਤਾਂ ਮੰਜਿਲ ਜਾਂ ਜਿੱਤ ਦੀ ਆਸ ਕੀਤੀ ਨਹੀਂ ਜਾ ਸਕਦੀ ਜੇ ਸਬੱਬੀਂ ਮਿਲ ਵੀ ਜਾਵੇ ਤਾਂ ਬਹੁਤੀ ਦੇਰ ਟਿਕ ਨਹੀਂ ਸਕਦੀ । ਦਿਸਦੀ ਸਚਾਈ ਸਾਹਮਣੇ ਲਿਆਉਣਾ ਅਤੇ ਆਲੋਚਨਾ ਕਰਨਾ ਹਮੇਸ਼ਾ ਨਾਂ-ਪੱਖੀ, ਵੱਖਵਾਦੀ, ਫੁੱਟਪਾਊ, ਢਹਿੰਦੀ ਕਲਾ ਵੱਲ ਲਿਜਾਣ ਵਾਲਾ ਜਾਂ ਪਿਛਾਂਹ-ਖਿੱਚੂ ਨਹੀਂ ਮੰਨਿਆਂ ਜਾ ਸਕਦਾ ਬਲਕਿ ਉਸਾਰੂ ਆਲੋਚਨਾਂ ਅਤੇ ਪਰਸਪਰ ਦਬਾਓ ਪ੍ਰਾਪਤੀਆਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਜਰੂਰੀ ਹੁੰਦਾ ਹੈ । ਖਤਰਾ ਦੇਖ ਕੇ ਵੀ ਕਬੂਤਰ ਵਾਂਗ ਅੱਖਾਂ ਮੀਚ ਲੈਣਾ ਯਕੀਨੀ ਨੁਕਸਾਨ ਦਾਇਕ ਹੁੰਦਾ ਹੈ ।
26 ਜਨਵਰੀ ਦੀ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਕਿਸਾਨ ਆਗੂਆਂ ਵਲੋਂ ਸੰਘਰਸ਼ ਵਿੱਚ ਜੂਝ ਰਹੀਆਂ ਬਰਾਬਰ ਦੀਆਂ ਸਹਿਯੋਗੀ ਧਿਰਾਂ ਪ੍ਰਤੀ ਅਪਣਾਈ ਬੇਭਰੋਸਗੀ ਅਤੇ ਦੂਰੀ ਬਣਾਉਣ ਵਾਲੀ ਨੀਤੀ ਕਿਸਾਨ ਅੰਦੋਲਨ ਵਾਸਤੇ ਨੁਕਸਾਨ ਦਾਇਕ ਸਾਬਤ ਹੋ ਰਹੀ ਹੈ । ਕਿਸਾਨਾਂ ਦੇ ਇਕੱਠ ਦੇ ਦਮ ਤੇ ਅਤੇ ਹੋਰ ਕਈ ਤਰ੍ਹਾਂ ਦੇ ਦਿਵਸ ਮਨਾ ਕੇ ਉਹ ਚਾਹੇ ਕਿੰਨੇ ਵੀ ਦਮਗਜ਼ੇ ਮਾਰਦੇ ਹੋਣ ਅਤੇ ਰਵਾਇਤੀ ਲੱਛੇਦਾਰ ਬਿਆਨਬਾਜ਼ੀ ਨਾਲ ਭਾਵੇਂ ਕਿੰਨੀ ਵੀ ਪਰਦਾਪੋਸ਼ੀ ਕਰ ਲੈਣ, ਫਿਰ ਵੀ ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਕਿ ਉਹਨਾਂ ਵਲੋਂ 26 ਜਨਵਰੀ ਦੀ ਸ਼ਾਮ ਨੂੰ ਕਾਹਲ਼ੀ ਅਤੇ ਜਲਦਬਾਜ਼ੀ ਵਿੱਚ ਸਟੇਜ਼ ਤੋਂ ਕੀਤੀ ਵਖਰੇਵੇਂ ਵਾਲੀ ਬਿਆਨਬਾਜ਼ੀ ਤੋਂ ਬਾਅਦ ਪੰਜਾਬ ਦੇ ਕਿਸਾਨ ਮੋਰਚਿਆਂ ਤੇ ਉਹ ਪਹਿਲਾਂ ਵਾਲਾ ਜੋਬਨ ਅਤੇ ਚੜ੍ਹਦੀ ਕਲਾ ਨਹੀਂ ਰਹੀ । ਪੰਜਾਬ ਦੇ ਸਾਰੇ ਕਿਸਾਨ ਆਗੂਆਂ ਦੀਆਂ 26 ਜਨਵਰੀ ਤੋਂ ਪਹਿਲਾਂ ਦੀਆਂ ਅਤੇ ਬਾਅਦ ਦੀਆਂ ਤਕਰੀਰਾਂ ਵਿੱਚੋਂ ਇਹ ਸਾਫ਼ ਝਲਕ ਪੈਂਦੀ ਹੈ ਕਿ ਉਹਨਾਂ ਦੇ ਚਿਹਰਿਆਂ ਤੋਂ ਪਹਿਲਾਂ ਵਾਲਾ ਨੂਰ ਅਤੇ ਜਲਾਲ ਗਾਇਬ ਹੋ ਗਿਆ ਹੈ । ਇਹ ਤਾਂ ਉਹ ਖੁਦ ਹੀ ਜਾਣਦੇ ਹੋਣਗੇ ਕਿ ਇਸਦਾ ਕਾਰਨ ਕੋਈ ਸਰਕਾਰੀ ਜਾਂ ਬਾਹਰੀ ਦਬਾਓ ਹੈ, ਬਰਾਬਰ ਦੀ ਕਿਸੇ ਤਾਕਤਵਰ ਧਿਰ ਦਾ ਭੈਅ ਹੈ ਜਾਂ ਬਰਾਬਰ ਦੀ ਇੱਕ ਤਾਕਤਵਰ ਧਿਰ ਨੂੰ ਗੁਆ ਲੈਣ ਦਾ ਪਛਤਾਵਾ ਹੈ । ਕਾਰਨ ਚਾਹੇ ਕੋਈ ਵੀ ਹੋਵੇ ਪੰਜਾਬ ਦੇ ਕਿਸਾਨ ਆਗੂਆਂ ਦੇ ਚਿਹਰੇ, ਸਰੀਰਕ ਹਰਕਤਾਂ ਅਤੇ ਅਪਣਾਈਆਂ ਜਾ ਰਹੀਆਂ ਨੀਤੀਆਂ ਤੋਂ ਉਹਨਾਂ ਦੇ ਜਿੱਤ ਲਈ ਘੱਟ ਅਤੇ ਹਾਰ ਤੋਂ ਬਚਣ ਲਈ ਲੜਨ ਦੇ ਸੰਕੇਤ ਜਿਅਦਾ ਮਿਲ ਰਹੇ ਹਨ । ਚੌਕੇ ਜਾਂ ਛਿੱਕੇ ਤਾਂ 26 ਜਨਵਰੀ ਤੋਂ ਪਹਿਲਾਂ ਹੀ ਮਾਰੇ ਗਏ ਹੁਣ ਤਾਂ ਉਹਨਾਂ ਦਾ ਸਾਰਾ ਜੋਰ ਅੰਦਰੂਨੀ ਅਤੇ ਬਾਹਰੀ ਗੇਂਦਾਂ ਨੂੰ ਰੋਕਣ ਤੇ ਹੀ ਲੱਗ ਰਿਹਾ ਹੈ ।
ਏਕਤਾ ਵਿੱਚ ਬੱਝ ਕੇ ਗੋਲ਼ ਤੇ ਗੋਲ਼ ਦਾਗਦਾ ਕਿਸਾਨ ਅੰਦੋਲਨ ਆਗੂਆਂ ਦੇ ਵਖਰੇਵਿਆਂ ਦਾ ਸ਼ਿਕਾਰ ਹੋ ਕੇ ਖੁਦ ਗੋਲ਼ਾਂ ਤੋਂ ਬਚਣ ਲਈ ਡੀ ਦੁਆਲੇ ਇਕੱਠਾ ਹੋਇਆ ਮਹਿਸੂਸ ਹੁੰਦਾ ਹੈ । ਬਹੁਤ ਦੁੱਖ ਦੀ ਗੱਲ ਹੈ, ਕਿਸਾਨਾਂ ਵਾਸਤੇ ਘਾਤਕ ਹੈ ਅਤੇ ਪੰਜਾਬ ਵਾਸਤੇ ਬਦਕਿਸਮਤੀ ਹੈ ਆਗੂਆਂ ਦਾ ਆਪਸ ਵਿੱਚ ਖਿੱਚੋ-ਤਾਣ ਦਾ ਸ਼ਿਕਾਰ ਹੋ ਜਾਣਾ । ਸਰਕਾਰ ਤਾਂ ਲੋਕਾਂ ਦੇ ਏਕੇ ਤੋਂ ਡਰਦੀ ਹੁੰਦੀ ਹੈ ਅਤੇ ਹਮੇਸ਼ਾ ਹੀ ਇਸਦੇ ਖਿਲਾਫ਼ ਹੁੰਦੀ ਹੈ ਪਰ ਪਿੱਛਲੇ ਕੁੱਝ ਸਮੇਂ ਤੋਂ ਕਿਸਾਨ ਆਗੂ ਵੀ ਸਮੁੱਚੇ ਏਕੇ ਨੂੰ ਦਰਕਿਨਾਰ ਕਰ ਰਹੇ ਹਨ ਅਤੇ ਪਸੰਦ ਦੇ ਏਕੇ ਨੂੰ ਹੀ ਸਵੀਕਾਰ ਕਰਦੇ ਦਿਖਾਈ ਦੇ ਰਹੇ ਹਨ ਜਦਕਿ ਜੰਗਾਂ ਅਤੇ ਮੁਹਿੰਮਾਂ ਵਿਚ ਹਰ ਲਾਹੇਵੰਦ ਧਿਰ ਨੂੰ ਨਾਲ ਜੋੜੀ ਰੱਖਣਾ ਜਰੂਰੀ ਹੁੰਦਾ ਹੈ ਤਾਂ ਕਿ ਟੱਕਰ ਦੇਣ ਲਈ ਤਾਕਤ ਬਣੀ ਰਹੇ । ਵਿਚਾਰਧਾਰਾ ਨੂੰ ਚਿੰਬੜ ਕੇ, ਦੂਰੀ ਬਣਾ ਕੇ ਅਤੇ ਕਬਜੇ ਦੀ ਨੀਤੀ ਅਪਣਾ ਕੇ ਏਕਤਾ ਦਾ ਢੰਡੋਰਾ ਪਿੱਟਣਾ, ਬੇਇਨਸਾਫ਼ੇ ਬਲਾਤਕਾਰਾਂ ਦੇ ਦੇਸ਼ ਵਿੱਚ ਔਰਤ ਦਿਵਸ ਮਨਾਉਣ ਵਾਂਗ ਗੈਰ-ਪ੍ਰਸੰਗਿਕ ਅਤੇ ਅਣ-ਉਚਿੱਤ ਨਜ਼ਰ ਆਉਂਦਾ ਹੈ । ਏਕਤਾ ਵਾਸਤੇ ਨਿੱਜੀ ਵਿਚਾਰਧਾਰਾ, ਹਉਮੈ, ਲਾਲਸਾ ਅਤੇ ਕਬਜੇ ਦੀ ਭਾਵਨਾਂ ਨੂੰ ਸੰਕੋਚਣਾ ਪੈਂਦਾ ਹੈ । ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੀ ਵੱਡੀ ਗਿਣਤੀ ਇਹਨਾਂ ਭਾਵਨਾਵਾਂ ਦੀ ਹੀ ਦੇਣ ਹੈ । ਕੋਈ ਵੀ ਜਥੇਬੰਦੀ ਆਪਣਾ ਨਾਮ ਤਿਅਗਣ ਨੂੰ ਤਿਆਰ ਨਹੀਂ ਪਰ ਏਕੇ ਨੂੰ ਖਤਰਾ ਹਾਲੇ ਵੀ ਬਾਹਰੋਂ ਹੀ ਜਤਾਇਆ ਜਾ ਰਿਹਾ ਹੈ । ਏਨੇ ਵਖਰੇਵਿਆਂ ਦੇ ਬਾਵਜੂਦ ਵੀ ਕਿਸੇ ਰੁਹਾਨੀ ਬੰਧਨ ਵਿੱਚ ਬੱਝੇ ਵਿਸ਼ਵ ਪੱਧਰੀ ਰੁਤਬਾ ਹਾਸਲ ਕਰ ਚੁੱਕੇ ਇਸ ਕਿਸਾਨ ਅੰਦੋਲਨ ਦੀ ਅਗਵਾਈ ਕਿਸੇ ਕੋਲ ਵੀ ਤਪੱਸਿਆ ਤੋਂ ਬਿਨਾਂ ਬਣੀ ਨਹੀਂ ਰਹਿ ਸਕਦੀ । ਇਹ ਤਪੱਸਿਆ ਨਿੱਜੀ ਮੁਫ਼ਾਦਾਂ ਨੂੰ ਤਿਆਗਣ, ਸੰਘਰਸ਼ ਪ੍ਰਤੀ ਵਫ਼ਾਦਾਰ ਰੱਖਣ, ਆਪਣੀ ਭੁਮਿਕਾ ਪ੍ਰਤੀ ਇਮਾਨਦਾਰ ਬਣੇ ਰਹਿਣ, ਨਿਸ਼ਕਾਮ ਯਤਨ ਕਰਨ ਅਤੇ ਸੱਚੀ ਏਕਤਾ ਦੀ ਮਾਲ਼ਾ ਫੇਰੇ ਬਿਨਾਂ ਪੂਰਨ ਨਹੀਂ ਹੋ ਸਕੇਗੀ । ਇਸ ਘਾਲਣਾ ਤੋਂ ਬਿਨਾਂ ਕੋਈ ਆਗੂ ਵਕਤੀ ਲਾਹੇ ਤਾਂ ਲੈ ਸਕਦਾ ਹੈ ਜਾਂ ਭੰਬਲ਼ਭੂਸੇ ਤਾਂ ਖੜ੍ਹੇ ਕਰ ਸਕਦਾ ਹੈ ਪਰ ਇਸ ਅਨੋਖੇ ਕਿਸਾਨ ਅੰਦੋਲਨ ਦੀ ਅਗਵਾਈ ਦਾ ਸ਼ਾਹ ਅਸਵਾਰ ਕਦਾਚਿੱਤ ਨਹੀਂ ਬਣ ਸਕੇਗਾ ।