Articles

ਬਹੁਪੱਖੀ ਸ਼ਖਸੀਅਤ ਦਾ ਮਾਲਕ: ਰਜਿੰਦਰ ਸਿੰਘ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ ਬਤੌਰ ਸਾਇੰਸ ਅਧਿਆਪਕ ਸੇਵਾਵਾਂ ਨਿਭਾਅ ਰਿਹਾ ਰਜਿੰਦਰ ਸਿੰਘ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ, ਉਸ ਦਾ ਜਨਮ ਜਿਲ੍ਹਾ ਸੰਗਰੂਰ ਦੇ ਪਿੰਡ ਰੋਗਲਾ ਵਿਖੇ ਹੋਇਆ। ਉਸ ਦੀ ਇੰਦਰਧਨੁਸ਼ੀ ਪ੍ਰਤਿਭਾ ਇੱਕੋ ਸਮੇਂ ਅਨੇਕਾਂ ਰੰਗ ਬਿਖੇਰਦੀ ਹੈ। ਇੱਕ ਆਦਰਸ਼ ਅਧਿਆਪਕ, ਜ਼ਹੀਨ ਵਿਦਿਆਰਥੀ ਤੇ ਲੋਹੜੇ ਦੀ ਸਮਰਪਣ ਭਾਵਨਾ ਦਾ ਨਾਂ ਹੈ ਰਜਿੰਦਰ, ਉਸ ਦੀ ਯੋਗ ਰਹਿਨੁਮਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਪੱਧਰ ਦੇ ਵਿਗਿਆਨ ਮੁਕਾਬਲਿਆਂ ਵਿੱਚ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ ਹਨ। ਉਹ ਇਕੋ ਸਮੇਂ ਚਿੱਤਰਕਾਰ, ਵਾਰਤਾਕਾਰ ਕਵੀ ਅਤੇ ਵਿਗਿਆਨਕ ਹੈ। ਸਾਇੰਸ ਵਰਗੇ ਗੁੰਝਲਦਾਰ ਵਿਸ਼ੇ ਨਾਲ਼ ਜੁੜੇ ਹੋਣ ਦੇ ਬਾਵਜੂਦ ਵੀ ਉਹ ਕੋਮਲ ਭਾਵੀ ਇਨਸਾਨ ਹੈ।ਵੱਖ ਵੱਖ ਰੰਗਾਂ ਨਾਲ਼ ਉਸ ਦੁਆਰਾ ਬਣਾਏ ਚਿੱਤਰ ਆਪਣੀ ਮਿਸਾਲ ਆਪ ਹਨ। ਉਹ ਕਵਿਤਾਵਾਂ ਵਰਗੀਆਂ ਤਸਵੀਰਾਂ ਬਣਾਉਂਦਾ ਹੈ ਅਤੇ ਤਸਵੀਰਾਂ ਵਰਗੀਆਂ ਕਵਿਤਾਵਾਂ ਲਿਖਦਾ ਹੈ,ਉਸ ਦੀ ਹਰ ਇੱਕ ਕਵਿਤਾ ਮੂੰਹ ਬੋਲਦੀ ਤਸਵੀਰ ਹੈ ਅਤੇ ਹਰ ਇੱਕ ਤਸਵੀਰ ਗੂੰਗੀ ਕਵਿਤਾ, ਪਰ ਇਹ ਸਾਰੇ ਵਿਸ਼ੇਸ਼ਣ ਉਸ ਦੀ ਅਸੀਮ ਸ਼ਖ਼ਸੀਅਤ ਦੇ ਸਾਹਮਣੇ ਬੌਣੇ ਹਨ, ਉਹ ਲਕੀਰ ਦਾ ਫਕੀਰ ਨਹੀਂ ਹੈ ਹੱਦਾਂ ਵਿੱਚ ਬੱਝੇ ਰਹਿਣਾ ਉਸ ਦੀ ਫ਼ਿਤਰਤ ਨਹੀਂ ਹੈ ਉਸ ਦੇ ਸੁਪਨਿਆਂ ਦਾ ਸ਼ਹਿਰ ਚੰਦ ਤਾਰਿਆਂ ਤੋਂ ਵੀ ਪਾਰ ਹੈ ਉਹ ਕੋਮਲ ਕਲਾਵਾਂ ਦਾ ਉਹ ਭਰ ਵਗਦਾ ਦਰਿਆ ਹੈ ਜੋ ਆਪਣੇ ਹੀ ਕੰਢੇ ਤੋੜ ਕੇ ਵਗਣਾ ਲੋਚਦਾ ਹੈ। ਉਹ ਅਜਿਹਾ ਮੁਸੱਵਰ ਹੈ ਜੋ ਰੰਗਾਂ ਨਾਲ ਸੁਪਨੇ ਚਿਤਰਦਾ ਹੈ ਉਸ ਦੀ ਰੰਗਸ਼ਾਲਾ ਵਿੱਚ ਰੰਗਾਂ ਦਾ ਦਰਿਆ ਵਗਦਾ ਹੈ। ਚਿੱਤਰਕਾਰੀ ਉਸ ਦਾ ਪ੍ਰੋਫੈਸ਼ਨ ਨਹੀਂ ਸ਼ੋਂਕ ਹੈ। ਇਹ ਉਸਦੇ ਹੁੁੁਨਰ ਦਾ ਹੀ ਪ੍ਰਤਾਪ ਹੈ ਕਿ ਉਸਨੇ ਤੇਲ ਅਤੇੇ ਪਾਣੀ ਵਾਲੇ ਰੰਗਾਂ ਤੋਂ ਇਲਾਵਾ ਕੌਫ਼ੀ ਨਾਲ ਰੰਗ ਤਿਆਰ ਕਰਕੇ ਸ਼ਹੀਦ ਭਗਤ ਸਿੰਘ ਦਾ ਚਿੱਤਰ ਤਿਆਰ ਕੀਤਾ ਹੈ। ਉਸ ਨੇ ਚਿੱਤਰਕਾਰੀ ਦੀ ਕੋਈ ਰਸਮੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਬਲਕਿ ਕਠੋਰ ਅਭਿਆਸ ਨਾਲ ਹੀ ਇਹ ਹੁਨਰ ਪ੍ਰਾਪਤ ਕੀਤਾ ਹੈ। ਉਸ ਦੇ ਬਣਾਏ ਚਿੱਤਰਾਂ ਨੂੰ ਦੇਖ ਕੇ ਕਿਸੇ ਪ੍ਰੋੜ ਕਲਾਕਾਰ ਦੀ ਕਲਾ ਦਾ ਭੁਲੇਖਾ ਪੈਂਦਾ ਹੈ। ਉਸ ਦੇ ਬਣਾਏ ਹੋਏ ਚਿੱਤਰਾਂ ਵਿੱਚੋਂ ਜਿੱਥੇ ਕਾਦਰ ਦੀ ਕੁਦਰਤ ਦੇ ਖ਼ੂਬਸੂਰਤ ਦਰਸ਼ਨ ਹੁੰਦੇ ਹਨ ਉੱਥੇ ਹੀ ਉਸ ਨੇ ਸ਼ਹੀਦ ਭਗਤ ਸਿੰਘ, ਮਹਾਤਮਾ ਬੁੱਧ, ਗਾਇਕ ਸਤਿੰਦਰ ਸਰਤਾਜ ਅਤੇ ਆਪਣਾ ਖੁਦ ਦਾ  ਸੁੰਦਰ ਚਿੱਤਰ ਬਣਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ ।ਚਿੱਤਰਕਾਰੀ ਦੇ ਨਾਲ ਨਾਲ ਉਸ ਨੂੰ ਕਵਿਤਾਵਾਂ ਲਿਖਣ ਦਾ ਵੀ ਸ਼ੌਕ ਹੈ ।ਛੋਟੇ ਪਰ ਭਾਵਪੂਰਤ ਵਾਕਾਂ ਨਾਲ ਗੁੰਦੀਆਂ ਉਸ ਦੀਆਂ ਕਵਿਤਾਵਾਂ ਥੋੜ੍ਹੇ ਸ਼ਬਦਾਂ ਵਿੱਚ ਵੱਡਾ ਸੁਨੇਹਾ ਦੇ ਜਾਂਦੀਆਂ ਹਨ। ਉਸ ਦੀ ਕਵਿਤਾ ਵਿੱਚ ਕਮਾਲ ਦੇ ਬਿੰਬ ਅਤੇ ਅਲੰਕਾਰ ਸਿਰਜੇ ਹੋਏ ਮਿਲਦੇ ਹਨ। ਹੇਠਾਂ ਪੇਸ਼ ਹੈ ਪੰਜਾਬ ਦੇ ਵਾਤਾਵਰਨ ਪ੍ਰਦੂਸ਼ਣ ਉੱਪਰ ਲਿਖੀ ਉਸ ਦੀ ਇੱਕ ਕਵਿਤਾ ਦਾ ਨਮੂਨਾ:-

 

 

 

 

 

 

ਪਹਿਲਾਂ.. 

ਕੱਤੇ ਦੀ ਧੁੱਪ
ਟਿੱਬੇ ਦੀ ਚੁੱਪ
ਨਰਮੇ ਦੀ ਫੁੱਟ
ਨੰਗੇ ਪੈਰੀ
ਜਮੀਂ ਦੀ ਛੋਹ
ਸਿਆਲਾਂ ਤੋਂ ਪਹਿਲਾਂ
ਸੇਹਤ ਦੀ ਲੋਅ
ਹੁਣ
ਨਵੰਬਰ ਮਹੀਨਾ
ਬੀਮਾਰ ਜਮੀਨਾਂ
ਤੜਫਦਾ ਅੰਬਰ
ਰਿਝਦਾ ਅੰਦਰ
ਆਲ੍ਹਣੇ ਸਾੜਕੇ
ਚਲੋ ਕਾਗਜ਼ ਸਾਂਭੀਏ
ਪੀੜ੍ਹੀਆਂ ਨੂੰ ਮਾਰਕੇ
– ਰਜਿੰਦਰ
ਸੋ ਉਪਰੋਕਤ ਤੋਂ ਸਪੱਸ਼ਟ ਹੈ ਕਿ ਇੰਨੀ ਛੋਟੀ ਉਮਰ ਵਿੱਚ ਹੀ ਇਸ ਨੌਜਵਾਨ ਨੇ ਕਲਾ ਦੇ ਖੇਤਰ ਵਿੱਚ ਨਵੇਂ ਮੁਕਾਮ ਸਿਰਜੇ ਹਨ ।ਇਸ ਖੂਬਸੂਰਤ ਇਨਸਾਨ ਦੀ ਸੰਗਤ ਨੂੰ ਮਾਨਣਾ ਕਿਸੇ ਜ਼ਿਆਰਤ ਤੋਂ ਘੱਟ ਨਹੀਂ । ਕਲਾ ਜਗਤ ਨੂੰ ਉਸ ਤੋਂ ਹੋਰ ਵਡਮੁੱਲੀਆਂ ਕਿਰਤਾਂ ਦੀ ਤਵੱਕੋਂ ਹੈ ।
– ਲੇਖਕ: ਜਸਵੀਰ ਸਿੰਘ ਢੀਂਡਸਾ

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin