Articles

ਬਾਪ ਦੀ ਮੈਂ ਕਰਜ਼ਦਾਰ ਹਾਂ . . . !

ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ‘ਚ ਸਾਨੂੰ ਸਾਡਾ ਬਾਪ ਬਹੁਤ ਗੁਸੈਲ ਤੇ ਸਖਤ ਸੁਭਾਅ ਵਾਲਾ ਲਗਦਾ ਸੀ, ਪਰ ਹੁਣ ਮਾਂ-ਬਾਪ ਦੇ ਦਾਇਰੇ ‘ਚੋਂ ਲੰਘੇ ਤਾਂ ਅੰਦਾਜ਼ਾ ਹੋਇਆ ਕਿ ਭਲੇ ਪਿਓ ‘ਚ ਮਾਂ ਦੇ ਵਿਵਹਾਰ ਵਾਂਗ ਕੋਮਲਤਾ ਤੇ ਮਮਤਾ ਦੀ ਝਲਕ ਨਹੀਂ ਸੀ ਮਿਲਦੀ ਪਰ ਉਸਦਾ ਮਕਸਦ ਤਾਂ ਸਾਡਾ ਭਵਿੱਖ ਸੰਵਾਰਨਾ ਹੀ ਸੀ। ਉਸ ਨੇ ਘਰ ਪਰਿਵਾਰ ਤੇ ਸਮਾਜ ‘ਚ ਆਪਣਾਂ ਅਹਿਮਤਰੀਨ ਰੋਲ ਨਿਭਾਇਆ। ਸਾਰੇ ਪਿੰਡ ‘ਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸਖਸ਼ ਹੋਏ। ਦਸਵੀਂ ਤੋਂ ਬਾਅਦ ਡਾਕਟਰ(ਵੈਦ)ਦੀ ਯੋਗਤਾ ਪ੍ਰਾਪਤ ਕਰਕੇ ਪਿੰਡ ਤੋਂ 4 ਕਿ,ਮੀ. ਦੂਰ ਸ਼ਹਿਰ ‘ਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤ ਦੁਕਾਨ ..ਡਾ ਖੇਮ ਸਿੰਘ, ਟੇਕ ਸਿੰਘ ਦੇ ਨਾਮ ਤੇ ਸੰਭਾਲੀ। ਉਹਨਾਂ ਵੇਲਿਆਂ ‘ਚ ਹਕੀਮ ,ਵੈਦ ਨੂੰ ਪਿੰਡ ਦੀ ਸਭ ਤੋਂ ਇੱਜ਼ਤਦਾਰ ਸਖਸ਼ੀਅਤ ਮੰਨਿਆ ਜਾਂਦਾ ਸੀ।

ਸਾਰੀ ਉਮਰ ਕਿਸਾਨੀ ਧੰਦੇ ਦੇ ਨਾਲ ਹੀ ਇਸ ਕਿੱਤੇ ਪ੍ਰਤੀ ਪੂਰੀ ਦਿਆਨਤਦਾਰੀ ਤੇ ਤਨਦੇਹੀ ਨਾਲ ਨਿਭਦੇ ਰਹੇ।ਸਾਡੀ ਸੰਭਾਲ’ਚ ਉਹ ਸ਼ਹਿਰ ਸਾਈਕਲ ਤੇ ਹੀ ਜਾਂਦੇ ਸਨ।ਜ਼ਮਾਨਾ ਸਕੂਟਰਾਂ ਤੱਕ ਪਹੁੰਚ ਗਿਆ…ਤਾਂ  ਵੀ ਆਪਣੇ ਹੱਠੀ ਤੇ ਸਿਰੜੀ ਸੁਭਾਅ ਕਾਰਨ, ਉਮਰ ਦੇ ਆਖਰੀ ਪੜਾਅ ਤੱਕ ਵੀ ਸਾਈਕਲ ਦਾ ਖਹਿੜਾ ਨਾਂ ਛੱਡਿਆ। ਉਹਨਾਂ ਵੇਲਿਆਂ ‘ਚ ਸਮਾਜਿਕ ਕੁਰੀਤੀਆਂ ਤੇ ਪਿਛਾਂਹ ਖਿੱਚੂ ਸੋਚਾਂ ਦੇ ਫੈਲਾਅ ਦਾ ਮੁੱਖ ਸਰੋਤ ਅਨਪੜ੍ਹਤਾ ਹੀ ਮੰਨਦੇ।ਪੜ੍ਹੇ ਲਿਖੇ ਹੋਣ ਕਾਰਨ ਜਾਗਰੂਕਤਾ ਪੈਦਾ ਕਰਨ ਦਾ ਜ਼ਜਬਾ ਰੱਖਦੇ ਸਨ ,ਇਸ ਦੀ ਸ਼ੁਰੂਆਤ ਘਰ ਤੋਂ ਹੀ ਹੋਈ।ਮੇਰੀ ਮਾਂ ਜਦੋਂ ਵਿਆਹੀ ਆਈ ਤਾਂ ਅਠਵੀਂ ਪਾਸ ਸੀ,ਪਿੰਡ ਦੇ ਆਮ ਲੋਕਾਂ ਵਾਂਗ ਸੋਚਦੇ ਤਾਂ ਮਾਂ ਘਰ ਦੀ ਹੋ ਕੇ ਰਹਿ ਜਾਂਦੀ ਪਰ ਪਿਤਾ ਜੀ ਨੇ ਮਾਂ ਦੀ ਸੋਚ ਤੇ ਜ਼ਜਬੇ ਨੂੰ ਠੁੰਮਣਾਂ ਦਿੱਤਾ।ਨੇੜੇ ਤੇੜੇ ਦੇ ਪਿੰਡਾਂ ਤੱਕ ਕੋਈ ਸਕੂਲ ਨਹੀਂ ਸੀ ਤਾਂ ਪਿਉ ਨੇ ਮਾਂ ਨੂੰ ਪਿੰਡ ‘ਚ ਸਕੂਲ ਖੋਲ੍ਹ ਦਿੱਤਾ ਤੇ ਫਿਰ ਉਸ ਸਮੇਂ ਦੇ ਮੁੱਖ-ਮੰਤਰੀ ਸ,ਪਰਤਾਪ ਸਿੰਘ ਕੈਰੋਂ ਨੂੰ ਬੇਨਤੀ ਕਰਕੇ ਡਿਸਟ੍ਰਿਕਟ ਬੋਰਡ ਦੀ ਮਨਜ਼ੂਰੀ ਲਈ। ਜਾਤ-ਪਾਤ,ਪਾਖੰਡਵਾਦ ਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦੇ…ਪਿੰਡ ‘ਚ ਪੰਡਿਤ-ਭਾਟੜੇ, ਪਾਂਧੇ, ਪਿਤਾ ਜੀ ਨੂੰ ਵੇਖਦਿਆਂ ਹੀ ਰਸਤਾ ਨਾਪ ਲੈਂਦੇ। ਸਿੰਘ ਸਭਾ ਲਹਿਰ ਦੇ ਮੈਂਬਰ ਹੋਣ ਦੇ ਬਾਵਜੂਦ ਧਾਰਮਿਕ ਕੱਟੜਤਾ ਤੋਂ ਦੂਰ ਸਨ। ਹੱਕ-ਹਲਾਲ ਦੀ ਕਮਾਈ ਖਾਣਾ, ਹੱਥੀ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਤੇ ਈਮਾਨਦਾਰੀ ਨੂੰ ਹੀ ਧਰਮ ਸਮਝਦੇ।ਘਰ’ਚ ਹੀ ਗੁਰੂ ਗਰੰਥ ਸਾਹਿਬ ਦਾ ਪਾਠ ਨਿੱਤ-ਨੇਮ ਨਾਲ ਕਰਦੇ, ਘਰ ‘ਚ ਪਾਠ ਰੱਖਦੇ, ਭੋਗ ਪੈਂਦੇ ਪਰ ਕਦੇ ਸਪੀਕਰ ਨਹੀਂ ਸੀ ਲਾਉਣ ਦੇਂਦੇ।

ਕਦੇ ਪਿਤਾ ਜੀ ਨੇ ਮੈਨੂੰ ਕੁੜੀ ਹੋਣ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ।ਕਿਧਰੇ ਵੀ ਜਾਣਾਂ ਹੁੰਦਾ ਤਾਂ ਭਰਾਵਾਂ ਦੇ ਨਾਲ ਮੈਨੂੰ ਵੀ ਲੱਭਦੇ….ਕਾਕੀ ਕਿੱਥੇ ਹੈਂ ਤੂੰ?ਆਜਾ ਭਈ, ਮੈਨੂੰ ਨਾਲ ਲੈ ਕੇ ਜਾਂਦੇ।ਐਤਵਾਰ ਛੁੱਟੀ ਵਾਲੇ ਦਿਨ ਸਾਨੂੰ ਸਾਰੇ ਪਿੰਡ ਦੀ ਸੈਰ ਕਰਾਉਂਦੇ।ਬਾਗਾਂ ‘ਚੋਂ ਅੰਬਾਂ,ਅਮਰੂਦਾਂ ਦੇ ਝੋਲੇ ਭਰ ਲੈਂਦੇ,ਕਦੇ ਪਿੰਡ ਦੇ ਪਿਛਵਾੜੇ ਖੇਤਾਂ ‘ਚ ਗੇੜਾ ਮਾਰਨ ਜਾਂਦੇ ਤਾਂ ਉੱਥੇ ਨਾਲ ਹੀ ਵਹਿੰਦੇ ਸੂਏ’ਚ ਅਸੀਂ ਭੈਣ ਭਰਾ ਖੂਬ ਤਾਰੀਆਂ ਲਾਉਂਦੇ।ਮੈਨੂੰ ਕਦੇ ਵੀ ਕੁੜੀ ਹੋਣ ਕਰਕੇ ਰੋਕਦੇ ਟੋਕਦੇ ਨਾ,ਉਹ ਤਾਂ ਜਦੋਂ ਮੈਨੂੰ ਖੁਦ ਨੂੰ ਵੱਡੀ ਹੋ ਜਾਣ ਦਾ ਅਹਿਸਾਸ ਹੋਇਆ ਤਾਂ ਮੈਂ ਜਾਣਾਂ ਬੰਦ ਕਰ ਦਿੱਤਾ।ਮੇਰਾ ਪਿਉ ਦੋ ਧੀਆਂ ਨੂੰ ਆਪਣੇ ਤਿੰਨ ਪੁਤਰਾਂ ਤੋਂ ਵੱਧ ਲਾਇਕ ਤੇ ਸਮਝਦਾਰ ਮੰਨਦੇ ਤੇ ਅੱਗੇ ਵਧਣ ਦੇ ਵਧੇਰੇ ਮੌਕੇ ਦਿੱਤੇ। ਮੇਰੀ ਵੱਡੀ ਭੈਣ ਤਾਂ ਜੇ ਬੀ.ਟੀ ਕਰਕੇ ਅਧਿਆਪਕਾ ਬਣ ਗਈ ਸੀ।ਮੈਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਵਧੀਆ ਕਾਲਜ ਦੇ ਹੋਸਟਲ ‘ਚ ਦਾਖਲ ਕਰਾ ਦਿੱਤਾ।ਮੇਰਾ ਟੀਚਾ ਨਰਸ ਬਣਨਾ ਸੀ ਪਰ ਪਿਤਾ ਜੀ ਦੀ ਕੋਸ਼ਿਸ਼ ਤੇ ਖਾਹਿਸ਼ ਨੇ ਮੈਨੂੰ ਲੈਕਚਰਾਰ ਦੇ ਅਹੁਦੇ ਤੱਕ ਪਹੁੰਚਾ ਦਿੱਤਾ।ਅਹਿਸਾਸੇ ਜ਼ਿਕਰ ਹੈ ਕਿ ਇਹ ਕਿੱਤਾ ਵੱਧ ਸਕੂਨ ਦੇਹ ਸਾਬਤ ਹੋਇਆ ਤੇ ਮੈਨੂੰ ਬੇਹੱਦ ਮਾਣ-ਸਤਿਕਾਰ ਤੇ ਆਤਮ-ਵਿਸ਼ਵਾਸ ਦਾ ਬਲ ਬਖਸ਼ਿਆ।

ਸਾਡੇ ਬਾਪ ਨੂੰ ਸਾਹਿਤ ਪ੍ਰਤੀ ਬੇਹੱਦ ਮੋਹ ਤੇ ਲਗਾਵ ਸੀ। ਮਿਲਾਪ ਤੇ ਅਕਾਲੀ-ਪਤ੍ਕਾ ਅਖਬਾਰ ਰੋਜ਼ ਦੁਕਾਨ ਤੇ ਆਉਂਦੇ, ਆਪ ਪੜ੍ਹਦੇ ਤੇ ਸ਼ਾਮ ਨੂੰ ਘਰ ਲੈ ਆਉਂਦੇ, ਕਈ ਹੋਰ ਪੜ੍ਹਨ ਲਈ ਲੈ ਜਾਂਦੇ।ਪ੍ਰੀਤ-ਲੜੀ ਮੈਗਜ਼ੀਨ ਦੇ ਜੀਵਨ-ਮੈਂਬਰ ਸਨ।ਏਦਾਂ  ਸਾਹਿਤਕ ਕਿਤਾਬਾਂ ਪੜ੍ਹਨ ਦਾ ਮੇਰਾ ਵੀ ਸ਼ੌਕ ਰਿਹਾ।   ਚਧੀਆਂ ਦੇ ਵਿਆਹ ਦੀ ਗੱਲ ਚੱਲੀ ਤਾਂ ਆਪ ਚੰਗੀ ਜਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਸਧਾਰਨ ਲੇਕਿਨ ਪੜ੍ਹੇ ਲਿਖੇ ਪਰਿਵਾਰਾਂ ‘ਚ ਰਿਸ਼ਤੇ ਕੀਤੇ।ਸਮਾਜਿਕ ਚੇਤਨਾ ਦੀ ਹਾਮੀ ਭਰਦੇ ਬਾਪ ਨੇ ਦਾਜ-ਦਹੇਜ ਦਾ ਵਿਰੋਧ ਕੀਤਾ, ਅਖੇ ਇਹ ਤਾਂ ਸਮਾਜ ਦਾ ਵੱਡਾ ਕਲੰਕ ਤੇ ਲਾਹਨਤ ਹੈ।ਸਾਦੇ ਵਿਆਹ, ਗੁਰ-ਮਰਿਆਦਾ ਅਨੁਸਾਰ ਆਨੰਦ -ਕਾਰਜ ਕਰਾ ਕੇ ਬਿੰਨਾਂ ਦਾਜ-ਦਹੇਜ ਅਤੇ ਪਰਦੇ ਤੋਂ ਧੀਆਂ ਨੂੰ ਸਹੁਰੇ ਘਰ ਤੋਰਿਆ।ਇਹ ਗੱਲਾਂ ਉਸ ਜਮਾਨੇ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ।ਮੇਰੇ ਬਾਪ ਦੇ ਇਹ ਵਿਚਾਰ ਪਿੰਡ ਦੀ ਸੱਥ’ਚ ਖੁੰਢ-ਚਰਚਾ ਦਾ ਵਿਸ਼ਾ ਤਾਂ ਹੁੰਦੇ ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰਦਾ।

ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ,ਉਹ ਸੀ ਵਿਦਿਆ ਦਾ ਚਾਨਣ ਤੇ ਆਪਣੀ ਸੋਚ ਜੋ ਕਦੇ ਖਤਮ ਨਹੀਂ ਹੋ ਸਕਦੀ ਤੇ ਨਾਂ ਹੀ ਕੋਈ ਖੋਹ ਸਕਦੈ।ਇਮਾਨਦਾਰੀ, ਸਚਾਈ,ਫਰਜ਼ਾਂ ਦੀ ਪੂਰਤੀ, ਨੇਕ ਕਮਾਈ ਤੇ ਰਹਿੰਦੀ ਜਿੰਦਗੀ ਤੱਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆ।ਮੇਰੀ ਰਿਟਾਇਰਮੈਂਟ ਤੋਂ ਬਾਅਦ ਮੈ ਤੇ ਮੇਰੀ ਭੈਣ, ਸਬੱਬੀਂ ਇੱਕ ਹੀ ਬੈਂਕ ‘ਚ ਪੈਨਸ਼ਨ ਲੈਣ ਜਾਦੀਆਂ।ਕਦੇ ਮਿਲ ਬੈਠਦੀਆਂ ਤਾਂ ਰਿਸ਼ਤੇ ਨਾਤਿਆਂ ਦੀਆਂ ਇਬਾਰਤਾਂ ਪਾਉਂਦੇ ਹੋਏ ਅਕਸਰ ਭੈਣ ਦੋਵੇਂ ਹੱਥ ਜੋੜ ਕੇ ਕਹਿੰਦੀ,”ਸ਼ੁਕਰ ਹੈ, ਸਾਡੇ ਬਾਪ ਨੇ ਸਾਨੂੰ ਖੁਦਦਾਰ ਬਣਾਇਆ ਹੈ ਤੇ ਅਸੀਂ ਆਪਣੀ ਕਮਾਈ ਹੀ ਖਾਧੀ ਹੈ।” ਮੇਰੇ ਪਤੀ ਨੇ ਰਿਟਾਇਰਮੈਂਟ ਵੇਲੇ ਮਹਿਕਮੇ ਤੋਂ ਇਕੱਠੇ ਪੈਸੇ ਵਸੂਲ ਕਰ ਲਏ ਸਨ,ਤਾਂ ਹੁਣ ਇੰਝ ਲਗਦੈ ਕਿ ਘਰ ਦਾ ਖਰਚਾ ਮੇਰੀ ਪੈਨਸ਼ਨ ਤੋਂ ਹੀ ਚੱਲ ਰਿਹਾ ਹੈ।

ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ…ਦਾ ਹੋਕਾ ਅੱਜ ਇੱਕੀਵੀਂ ਸਦੀ’ਚ ਵੀ ਦੇਣਾ ਪੈ ਰਿਹਾ ਹੈ,ਸਾਡੀ ਕਹਾਣੀ ਤਾਂ ਇੱਕ ਸਦੀ ਪਿਛਾਂਹ ਦੀ ਹੈ।ਉਦੋਂ ਸਮਾਜਿਕ ਪਛੜੇਪਨ ਦੀ ਇੰਤਹਾ ਸੀ ਤੇ ਕੁੜੀਆਂ ਦੀ ਮਾਨਤਾ ਮੁੰਡਿਆ ਤੋਂ ਮਗਰਲੀ ਕਤਾਰ’ਚ ਸੀ।ਇਸੇ ਲਈ ਬਾਪ ਨਾਲ ਜੁੜੀਆਂ ਯਾਦਾਂ ਦੀ ਵਲਗਣ ‘ਚੋਂ ਕੁਝ ਲਫਜ਼ ਜੋ ਮੇਰੀ ਲੇਖਣੀ ਨੂੰ ਮਿਲੇ ਹਨ, ਉਹ ਮੈਂ ਪਾਠਕਾਂ ਨਾਲ ਸਾਂਝੇ ਕਰਦੀ ਹੋਈ, ਅੱਜ ਦੇ ਸਮਾਜ ਨੂੰ ਦਰਪਣ ਵਿਖਾ ਸਕਣ ਦੀ ਕੋਸ਼ਿਸ਼ ਜਰੂਰ ਕੀਤੀ ਹੈ।ਆਪਣੀ ਉਮਰ ਹੰਢਾ ਚੁੱਕੇ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਤੇ ਰਹਿੰਦੀ ਉਮਰ ਤੱਕ ਉਸ ਦੀ ਅਹਿਸਾਨਮੰਦ ਤੇ ਰਿਣੀ ਹਾਂ।

– ਕੁਲਮਿੰਦਰ ਕੌਰ, ਰਿਟਾ: ਲੈਕਚਰਾਰ, ਮੋਹਾਲੀ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin