
ਬਾਬਾ ਲੋਟੂ ਜੀ ਦਾ ਡੇਰਾ ਇਲਾਕੇ ਵਿੱਚ ਸਭ ਤੋਂ ਵੱਡਾ ਤੇ ਪ੍ਰਸਿੱਧ ਸੀ। ਹਜ਼ਾਰਾਂ ਅਕਲ ਦੇ ਕੱਚੇ ‘ਤੇ ਗੱਠ ਦੇ ਪੱਕੇ ਅੰਧ ਵਿਸ਼ਵਾਸ਼ੀ ਬਾਬੇ ਦੇ ਚਰਨਾਂ ਦੇ ਮੁਰੀਦ ਸਨ। ਇੱਕ ਦਿਨ ਬਾਬਾ ਸਟੇਜ ‘ਤੇ ਬੈਠਾ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲੋ ਨਿਹਾਲ ਕਰ ਰਿਹਾ ਸੀ। ਉਸ ਦੇ ਲਾਲ ਟਮਾਟਰ ਚੇਹਰੇ ਤੋਂ ਟਪਕਦਾ ਹੋਇਆ ਨੂਰ ਵੇਖ ਕੇ ਸੰਗਤਾਂ, ਖਾਸ ਤੌਰ ‘ਤੇ ਬੀਬੀਆਂ ਬਾਗੋ ਬਾਗ ਹੋ ਰਹੀਆਂ ਸਨ। ਪਰ ਉਸ ਦੇ ਸਿਰਫ ਇੱਕ ਦੋ ਖਾਸ ਚੇਲਿਆਂ ਨੂੰ ਹੀ ਪਤਾ ਸੀ ਕਿ ਇਸ ਨੂਰ ਦੀ ਪ੍ਰਾਪਤੀ ਭਗਤੀ ਦੀ ਸ਼ਕਤੀ ਨਾਲ ਨਹੀਂ, ਬਲਕਿ ਰਾਜਸਥਾਨ ਤੋਂ ਮੰਗਵਾਈ ਹੋਈ ਪਿਉਰ ਅਫੀਮ ਡੁੰਗਣ ਨਾਲ ਹੋਈ ਹੈ। ਬਾਬਾ ਸੰਗਤਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੋਰੀ ਚਕਾਰੀ, ਠੱਗੀ ਅਤੇ ਪਰਾਇਆ ਮਾਲ ਹੜੱਪਣ ਤੋਂ ਬਚਣ ਦੀਆਂ ਤਾਕੀਦਾਂ ਕਰ ਰਿਹਾ ਸੀ। ਜਦੋਂ ਬਾਬੇ ਨੇ ਪਰ ਇਸਤਰੀ ਗਮਨ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਤਾਂ ਉਸ ਦੀਆਂ ਦੋ ਖਾਸ ਭਗਤਣੀਆਂ ਇੱਕ ਦੂਸਰੀ ਨੂੰ ਕੂਹਣੀ ਮਾਰ ਕੇ ਪਤਾ ਨਹੀਂ ਕਿਉਂ ਖਚਰਾ ਜਿਹਾ ਹੱਸ ਪਈਆਂ।
ਅਜੇ ਬਾਬੇ ਨੇ ਸਤਸੰਗ ਦੌਰਾਨ ਚੋਰੀ ਚਕਾਰੀ ਨਾ ਕਰਨ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਹੀ ਸੀ ਕਿ ਉਸ ਦੇ ਖਾਸਮ ਖਾਸ ਚੇਲੇ ਸ਼ਿਖੰਡੀ ਨੇ ਉਸ ਦੇ ਕੰਨ ਵਿੱਚ ਕੁਝ ਖੁਸਰ ਫੁਸਰ ਕੀਤੀ। ਸੁਣਦਿਆਂ ਸਾਰ ਬਾਬੇ ਦੀਆਂ ਅੱਧ ਮੁੰਦੀਆਂ ਮਦਹੋਸ਼ ਅੱਖਾਂ ਪਟੱਕ ਦੇਣੀ ਖੁਲ੍ਹ ਗਈਆਂ ਤੇ ਉਹ ਇੱਕ ਦਮ ਉੱਠ ਕੇ ਆਪਣੇ ਭੋਰੇ ਵੱਲ ਤੁਰ ਪਿਆ। ਅਗਲੇ ਦਿਨ ਅਖਬਾਰਾਂ ਵਿੱਚ ਖਬਰ ਲੱਗੀ ਕਿ ਬਾਬੇ ਲੋਟੂ ਦੇ ਡੇਰੇ ਵਿੱਚ ਬਿਜਲੀ ਵਿਭਾਗ ਨੇ ਅਚਨਚੇਤ ਚੈਕਿੰਗ ਕੀਤੀ ਹੈ ਜਿਸ ਦੌਰਾਨ ਕੁੰਡੀ ਲਗਾ ਕੇ ਚਲਦੇ ਹੋਏ 12 ਏ.ਸੀ., 50 ਪੱਖੇ , 52 ਕੂਲਰ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਬਲਬ ਪਕੜੇ ਗਏ ਹਨ ਅਤੇ ਬਾਬੇ ਨੂੰ 30 ਲੱਖ ਜ਼ੁਰਮਾਨਾ ਠੋਕਿਆ ਗਿਆ ਹੈ। ਲੋਕਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਣ ਦੇ ਉਪਦੇਸ਼ ਦੇਣ ਵਾਲਾ ਬਾਬਾ ਖੁਦ ਹੀ ਬਿਜਲੀ ਚੋਰੀ ਕਰਦਾ ਹੋਇਆ ਪਕੜਿਆ ਗਿਆ।