
ਬਾਬਾ ਬੰਦਾ ਸਿੰਘ ਦੇ ਜੀਵਨ ਅਤੇ ਜੰਗਾਂ ਯੁੱਧਾਂ ਬਾਰੇ ਸਾਰਾ ਪੰਥ ਜਾਣੂ ਹੈ ਪਰ ਉਸ ਦੀਆਂ ਧਰਮ ਪਤਨੀਆਂ ਬਾਰੇ ਇਤਿਹਾਸ ਵਿੱਚ ਬਹੁਤ ਘੱਟ ਜਾਣਕਾਰੀ ਮਿਲਦੀ ਹੈ। 12 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਨੇ ਚੱਪੜਚਿੜੀ ਦੀ ਜੰਗ ਵਿੱਚ ਫਤਿਹ ਹਾਸਲ ਕੀਤੀ ਤੇ 14 ਮਈ ਨੂੰ ਸਰਹਿੰਦ ‘ਤੇ ਕਬਜ਼ਾ ਕਰ ਲਿਆ। ਕੁਝ ਹੀ ਮਹੀਨਿਆਂ ਵਿੱਚ ਲਾਹੌਰ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਮਜ਼ੱਫਰਪੁਰ ਸਮੇਤ ਕਰਨਾਲ – ਸੋਨੀਪੱਤ ਤੱਕ ਸਾਰਾ ਪੂਰਬੀ ਪੰਜਾਬ ਬੰਦਾ ਸਿੰਘ ਬਹਾਦਰ ਦੇ ਕਬਜ਼ੇ ਹੇਠ ਆ ਗਿਆ। ਇਸ ਬਗਾਵਤ ਦੀਆਂ ਖਬਰਾਂ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਤੱਕ ਪਹੁੰਚੀਆਂ ਤਾਂ ਉਹ ਮਾਰੋ ਮਾਰ ਕਰਦਾ ਦੱਖਣ ਤੋਂ ਸਿੱਧਾ ਪੰਜਾਬ ਪਹੁੰਚ ਗਿਆ। ਉਸ ਦੇ ਨਾਲ ਜੈਪੁਰ ਅਤੇ ਜੋਧਪੁਰ ਦੇ ਰਾਜਪੂਤ ਰਾਜਿਆਂ ਸਮੇਤ ਅਣਗਿਣਤ ਫੌਜ ਸੀ। ਮੁਗਲਾਂ ਤੇ ਸਿੱਖਾਂ ਦੀ ਪਹਿਲੀ ਝੜਪ 26 ਅਕਤੂਬਰ 1710 ਈਸਵੀ ਨੂੰ ਅਮੀਨਗੜ੍ਹ ਦੇ ਸਥਾਨ ‘ਤੇ ਹੋਈ ਤੇ ਅਸਾਵਾਂ ਮੁਕਾਬਲਾ ਹੋਣ ਕਾਰਨ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਹੌਲੀ-ਹੌਲੀ ਬਾਬਾ ਬੰਦਾ ਸਿੰਘ ਨੂੰ ਸਰਹਿੰਦ, ਸਮਾਣਾ ਅਤੇ ਸਢੌਰਾ ਆਦਿ ਵੀ ਛੱਡਣੇ ਪਏ ਤੇ ਉਹ ਰਾਜਧਾਨੀ ਲੋਹਗੜ੍ਹ ਵਿੱਚ ਘਿਰ ਗਿਆ। ਸਾਰੇ ਪੱਖ ਵਿਚਾਰ ਕੇ ਉਸ ਨੇ 11 ਦਸੰਬਰ 1710 ਦੀ ਰਾਤ ਨੂੰ ਲੋਹਗੜ੍ਹ ਛੱਡ ਦਿੱਤਾ ਤੇ ਪਹਾੜਾਂ ਵੱਲ ਨਿਕਲ ਗਿਆ।
ਚੰਬੇ ਰਿਆਸਤ ਦਾ ਰਾਜਾ ਉਦੇ ਸਿੰਘ ਬਾਬਾ ਬੰਦਾ ਸਿੰਘ ਦਾ ਬਹੁਤ ਵੱਡਾ ਪ੍ਰਸੰਸਕ ਸੀ। ਉਸ ਨੇ ਬਾਬਾ ਜੀ ਨੂੰ ਆਪਣੇ ਰਾਜ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਆਪਣੇ ਭਰਾ ਲਛਮਣ ਸਿੰਘ ਦੀ ਸਲਾਹ ‘ਤੇ ਸੰਨ 1711 ਈਸਵੀ ਵਿੱਚ ਆਪਣੀ ਬੇਟੀ ਸੁਸ਼ੀਲ ਕੌਰ ਦਾ ਵਿਆਹ ਉਸ ਨਾਲ ਕਰ ਦਿੱਤਾ। ਬੀਬੀ ਸੁਸ਼ੀਲ ਕੌਰ ਦੀ ਜਨਮ ਤਾਰੀਖ ਬਾਰੇ ਨਿਸ਼ਚਿਤ ਤੌਰ ‘ਤੇ ਨਹੀਂ ਕਿਹਾ ਜਾ ਸਕਦਾ, ਪਰ ਇੱਕ ਅੰਦਾਜ਼ੇ ਮੁਤਾਬਕ ਜੇ ਉਨ੍ਹਾਂ ਦੀ ਉਮਰ ਸ਼ਾਦੀ ਵੇਲੇ 20 – 21 ਸਾਲ ਦੀ ਹੋਵੇ ਤਾਂ ਉਨ੍ਹਾਂ ਦਾ ਜਨਮ ਸੰਨ 1690 ਈਸਵੀ ਦੇ ਆਸ ਪਾਸ ਹੋਇਆ ਮੰਨਿਆਂ ਜਾ ਸਕਦਾ ਹੈ। ਬੀਬੀ ਸੁਸ਼ੀਲ ਕੌਰ ਦਾ ਪੇਕਿਆਂ ਦਾ ਨਾਮ ਸੁਸ਼ੀਲ ਕੁੰਵਰ ਸੀ ਜੋ ਅੰਮ੍ਰਿਤ ਛਕਣ ਤੋਂ ਬਾਅਦ ਸੁਸ਼ੀਲ ਕੌਰ ਰੱਖ ਦਿੱਤਾ ਗਿਆ। ਸ਼ਾਹੀ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਉਹ ਘੋੜਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਹੁਨਰਾਂ ਵਿੱਚ ਮਾਹਰ ਸੀ। 1712 ਈਸਵੀ ਵਿੱਚ ਉਸ ਦੇ ਘਰ ਅਜੇ ਸਿੰਘ ਨੇ ਜਨਮ ਲਿਆ। ਉਹ ਘਰ ਦੀ ਚਾਰਦੀਵਾਰੀ ਵਿੱਚ ਬੰਦ ਰਹਿਣ ਦੀ ਬਜਾਏ ਬਾਬਾ ਬੰਦਾ ਸਿੰਘ ਦੇ ਹਮਸਫਰ ਰਹਿੰਦੀ ਸੀ। ਇਸ ਕਾਰਣ ਜਦੋਂ 7 ਦਸੰਬਰ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਬੀਬੀ ਸੁਸ਼ੀਲ ਕੌਰ ਅਤੇ ਅਜੇ ਸਿੰਘ ਵੀ ਗ੍ਰਿਫਤਾਰ ਕਰ ਲਏ ਗਏ।
ਜਦੋਂ ਸਾਰੇ ਕੈਦੀ ਦਿੱਲੀ ਪਹੁੰਚੇ ਤਾਂ ਉਸ ਨੂੰ ਤੇ ਅਜੇ ਸਿੰਘ ਨੂੰ ਅਲੱਗ ਕੈਦਖਾਨੇ ਵਿੱਚ ਰੱਖਿਆ ਗਿਆ। ਉਸ ਨੂੰ ਵੀ ਬਾਕੀ ਸਿੱਖਾਂ ਵਾਂਗ ਇਸਲਾਮ ਧਾਰਣ ਕਰਨ ਲਈ ਕਈ ਤਰਾਂ ਦੇ ਲਾਲਚ ਦਿੱਤੇ ਗਏ ਅਤੇ ਸਖਤੀਆਂ ਕੀਤੀਆਂ ਗਈਆਂ ਪਰ ਉਹ ਆਪਣੇ ਧਰਮ ‘ਤੇ ਅਡੋਲ ਰਹੀ। 9 ਜੂਨ 1716 ਈਸਵੀ ਨੂੰ ਅਕਿਹ ਤੇ ਅਸਹਿ ਅਣਮਨੁੱਖੀ ਸਰੀਰਕ ਕਸ਼ਟ ਦੇ ਕੇ ਬਾਬਾ ਬੰਦਾ ਸਿੰਘ ਅਤੇ ਅਜੇ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਪਿਛਲੇ ਕੁਝ ਸਾਲਾਂ ਵਿੱਚ ਕੀਤੀ ਗਈ ਖੋਜਬੀਣ ਅਤੇ ਚੰਬਾ ਦੇ ਸ਼ਾਹੀ ਪਰਿਵਾਰ ਦੇ ਰਿਕਾਰਡ ਮੁਤਾਬਕ ਆਪਣੇ ਪਤੀ ਅਤੇ ਪੁੱਤਰ ਦੀ ਮੌਤ ਬਾਰੇ ਸੁਣ ਕੇ 20 ਜੂਨ 1716 ਈਸਵੀ ਨੂੰ ਬੀਬੀ ਸੁਸ਼ੀਲ ਕੌਰ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ। ਉਸ ਸਮੇਂ ਦੇ ਸ਼ਾਹੀ ਰੋਜ਼ਨਾਮਚਾ ਲਿਖਾਰੀ ਮੁਹੰਮਦ ਸੂਫੀ ਨੇ ਲਿਖਿਆ ਹੈ ਕਿ ਉਸ ਨੇ ਦਿਲ ਵਿੱਚ ਖੰਜ਼ਰ ਮਾਰ ਕੇ ਆਪਣੀ ਜਾਨ ਦਿੱਤੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਦੂਸਰੀ ਸ਼ਾਦੀ ਵਜ਼ੀਰਾਬਾਦ ਦੇ ਵਾਸੀ ਸ਼ਿਵ ਰਾਮ ਖੱਤਰੀ ਦੀ ਬੇਟੀ ਸਾਹਿਬ ਕੌਰ ਨਾਲ ਹੋਈ ਸੀ ਜਿਸ ਤੋਂ ਰਣਜੀਤ ਸਿੰਘ ਪੈਦਾ ਹੋਇਆ ਸੀ। ਬੀਬੀ ਸਾਹਿਬ ਕੌਰ ਦੇ ਜੀਵਨ ਅਤੇ ਮੌਤ ਬਾਰੇ ਇਤਿਹਾਸ ਵਿੱਚ ਜਿਆਦਾ ਕੁਝ ਨਹੀਂ ਮਿਲਦਾ। ਜੇ ਰਿਆਸੀ ਦਾ ਕੋਈ ਵਿਅਕਤੀ ਇਹ ਲੇਖ ਪੜ੍ਹੇ ਤਾਂ ਇਸ ਬਾਰੇ ਜਰੂਰ ਹੀ ਜਾਣਕਾਰੀ ਸਾਂਝੀ ਕਰੇ। ਰਣਜੀਤ ਸਿੰਘ ਦੇ ਵੰਸ਼ ਵਿੱਚੋਂ ਬਾਬਾ ਜਤਿੰਦਰਪਾਲ ਸਿੰਘ ਇਸ ਵੇਲੇ ਗੁਰਦਵਾਰਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ (ਰਿਆਸੀ) ਦਾ ਪ੍ਰਬੰਧ ਸੰਭਾਲ ਰਿਹਾ ਹੈ। ਇਹ ਗੁਰਦਵਾਰਾ ਕੱਟੜੇ ਤੋਂ ਕਰੀਬ 28 ਕਿ.ਮੀ. ਦੂਰ ਪੈਂਦਾ ਹੈ। ਮਹੰਤ ਅਮਰ ਸਿੰਘ ਖੇਮਕਰਨ (ਜਿਲ੍ਹਾ ਤਰਨ ਤਾਰਨ) ਵਾਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਦਿੱਲੀ ਤੋਂ ਲਿਆ ਕੇ ਬੀਬੀ ਸਾਹਿਬ ਕੌਰ ਦੇ ਹਵਾਲੇ ਕੀਤਾ ਸੀ ਜਿਸ ਦਾ ਗੁਰਦਵਾਰੇ ਵਾਲੇ ਸਥਾਨ ‘ਤੇ ਪੂਰੀ ਗੁਰ ਮਰਿਆਦਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਗੁਰਦਵਾਰੇ ਵਿੱਚ ਬਾਬਾ ਬੰਦਾ ਸਿੰਘ ਦੀ ਤਲਵਾਰ, ਦਸਵੇਂ ਪਾਤਸ਼ਾਹ ਵੱਲੋਂ ਬਖਸ਼ੇ ਗਏ ਪੰਜ ਤੀਰਾਂ ਵਿੱਚੋਂ ਇੱਕ ਤੀਰ ਅਤੇ ਹੋਰ ਕਈ ਅਸਤਰ ਸ਼ਸ਼ਤਰ ਸੰਭਾਲੇ ਹੋਏ ਹਨ। ਭਾਈ ਕਾਹਨ ਸਿੰਘ ਨਾਭਾ ਨੇ ਬਾਬਾ ਬੰਦਾ ਸਿੰਘ ਦੀ ਵੰਸ਼ਾਵਲੀ ਇਸ ਤਰਾਂ ਦੱਸੀ ਹੈ, ਰਣਜੀਤ ਸਿੰਘ ਦਾ ਬੇਟਾ ਜ਼ੋਰਾਵਰ ਸਿੰਘ, ਜ਼ੋਰਾਵਰ ਸਿੰਘ ਦਾ ਬੇਟਾ ਅਰਜਨ ਸਿੰਘ, ਅਰਜਨ ਸਿੰਘ ਦਾ ਬੇਟਾ ਖੜਕ ਸਿੰਘ, ਖੜਕ ਸਿੰਘ ਦਾ ਬੇਟਾ ਦਯਾ ਸਿੰਘ, ਦਯਾ ਸਿੰਘ ਦਾ ਬੇਟਾ ਅਤਰ ਸਿੰਘ, ਅਤਰ ਸਿੰਘ ਦਾ ਬੇਟਾ ਸੁਜਾਨ ਸਿੰਘ ਅਤੇ ਸੁਜਾਨ ਸਿੰਘ ਦਾ ਬੇਟਾ ਸਰਦੂਲ ਸਿੰਘ (ਮਹਾਨ ਕੋਸ਼ ਪੰਨਾ 775)।