ਲਾਲਚ ਇਨਸਾਨੀ ਫਿਤਰਤ ਦਾ ਇੱਕ ਅਹਿਮ ਹਿੱਸਾ ਹੈ। ਲਾਲਚੀ ਬੰਦੇ ਕਹਿੰਦੇ ਹਨ ਕਿ ਜੇ ਮੁਫਤ ਦਾ ਸਰ੍ਹੋਂ ਦਾ ਤੇਲ ਵੀ ਮਿਲ ਜਾਵੇ ਤਾਂ ਜੇ ਹੋਰ ਕਿਸੇ ਕੰਮ ਨਾ ਆਵੇ ਤਾਂ ਜੁੱਤੀ ਵਿੱਚ ਹੀ ਪਾ ਲਉ, ਨਰਮ ਹੋ ਜਾਵੇਗੀ। ਇਸ ਤਰਾਂ ਦੀ ਹੀ ਫਿਤਰਤ ਵਾਲਾ ਬਾਊ ਰਾਮ ਲਾਲ ਕਿਸੇ ਸਰਕਾਰੀ ਦਫਤਰ ਵਿੱਚ ਮਲਾਈਦਾਰ ਪੋਸਟ ‘ਤੇ ਲੱਗਾ ਹੋਇਆ ਸੀ। ਕੰਮ ਕਰਾਉਣ ਵਾਲੀਆਂ ਅਸਾਮੀਆਂ ਕੋਲੋਂ ਪੈਸੇ ਭੋਟਣ ਦੇ ਨਾਲ ਨਾਲ ਹਰ ਸ਼ਾਮ ਮੁਫਤ ਦੇ ਦਾਰੂ ਮੁਰਗੇ ਵੀ ਛਕਦਾ ਸੀ, ਮਠਿਆਈ ਦੇ ਡੱਬੇ ਤਾਂ ਕੰਮ ਹੋਣ ਤੋਂ ਬਾਅਦ ਲੋਕ ਆਮ ਹੀ ਦੇ ਜਾਂਦੇ ਸਨ। ਕਿਸੇ ਕਿਸਮ ਦੀ ਕਸਰਤ ਕਰਨਾ ਉਹ ਗੁਨਾਹ ਸਮਝਦਾ ਸੀ। ਫਲਸਵਰੂਪ ਹੌਲੀ ਹੌਲੀ ਚਰਬੀ ਉਸ ਦੇ ਸਰੀਰ ਵਿੱਚ ਜੰਮਣ ਲੱਗ ਪਈ ਤੇ ਸਭ ਤੋਂ ਪਹਿਲਾਂ ਸ਼ੂਗਰ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਘੇਰ ਲਿਆ। ਜਦੋਂ ਡਾਕਟਰ ਕੋਲ ਚੈੱਕ ਕਰਾਉਣ ਲਈ ਗਿਆ ਤਾਂ ਉਸ ਨੇ ਦਵਾਈ ਦੇਣ ਦੇ ਨਾਲ ਨਾਲ ਮਿੱਠਾ ਖਾਣ ਤੋਂ ਵੀ ਵਰਜ਼ ਦਿੱਤਾ।
ਰਾਮ ਲਾਲ ਚਾਹ ਦਾ ਬਹੁਤ ਸ਼ੌਕੀਨ ਸੀ। ਦਿਹਾੜੀ ਵਿੱਚ 10 – 12 ਕੱਪ ਚਾਹ ਤਾਂ ਪੀ ਹੀ ਲੈਂਦਾ ਸੀ। ਉਸ ਨੇ ਦਫਤਰ ਵਿੱਚ ਚਾਹ ਦੇਣ ਵਾਲੇ ਖੋਖੇ ਵਾਲੇ ਨੂੰ ਪੁੱਛਿਆ, “ਭਾਈ ਸ਼ਾਮੂ, ਮਿੱਠੀ ਚਾਹ ਦਾ ਕੀ ਰੇਟ ਲਗਾਉਂਦਾ ਹੈਂ।” “ਬਾਊ ਜੀ ਪੰਜ ਰੁਪਏ। ਹੋਰ ਤੁਹਾਡੇ ਕੋਲੋਂ ਕੋਈ ਵੱਧ ਥੋੜ੍ਹਾ ਲਗਾਉਣੇ ਨੇ?” ਹੀਂ ਹੀਂ ਕਰਦੇ ਸ਼ਾਮੂ ਨੇ ਜਵਾਬ ਦਿੱਤਾ। “ਤੇ ਫਿੱਕੀ ਚਾਹ ਦੇ ਕੱਪ ਦੇ?” ਬਾਊ ਨੇ ਸੋਚਿਆ ਕਿ ਸ਼ਾਇਦ ਉਹ ਸਸਤੀ ਹੁੰਦੀ ਹੋਵੇਗੀ। ਪੱਕੇ ਵਪਾਰੀ ਸ਼ਾਮੂ ਨੇ ਜਵਾਬ ਦਿੱਤਾ, “ਉਸ ਦੇ ਵੀ ਪੰਜ ਰੁਪਏ। ਬਾਊ ਜੀ ਮਿਹਨਤ ਤੇ ਗੈਸ ਤਾਂ ਉਸ ਲਈ ਵੀ ਉਨੀ ਹੀ ਲੱਗਦੀ ਹੈ ਨਾ।” ਬਾਊ ਹੈਰਾਨ ਰਹਿ ਗਿਆ। ਮਹਾਂ ਲਾਲਚੀ ਬਾਊ ਨੇ ਸੋਚਿਆ ਕਿ ਇਹ ਤਾਂ ਠੱਗੀ ਹੋ ਗਈ, “ਤੂੰ ਇਸ ਤਰਾਂ ਕਰ, ਚਾਹ ਤਾਂ ਮੈਨੂੰ ਫਿੱਕੀ ਲਿਆ ਦਿਆ ਕਰ ਤੇ ਖੰਡ ਪੁੜੀ ਵਿੱਚ ਬੰਨ੍ਹ ਕੇ ਨਾਲ ਦੇ ਜਾਇਆ ਕਰ। ਮੈਂ ਆਪੇ ਆਪਣੇ ਸਵਾਦ ਮੁਤਾਬਕ ਪਾ ਲਿਆ ਕਰਾਂਗਾ।” ਮਹਾਂ ਲਾਲਚੀ ਬਾਊ ਚਾਹ ਤਾਂ ਫਿੱਕੀ ਪੀਣ ਲੱਗ ਪਿਆ ਪਰ ਸ਼ਾਮ ਤੱਕ 10 – 12 ਪੁੜੀਆਂ ਖੰਡ ਦੀਆਂ ਜੇਬ ਵਿੱਚ ਪਾ ਕੇ ਘਰ ਲਿਜਾਉਣ ਲੱਗ ਪਿਆ।
previous post
next post