ਸਾਉਣ ਮਹੀਨਾ ਵਰਖਾ ਰੁੱਤ ਦੇ ਆਗਮਨ ਦਾ ਸੂਚਕ ਹੈ, ਜੋ ਸਾਰੇ ਦੇਸ਼ ਦੀ ਜਿੰਦ ਜਾਨ ਹੈ। ਜਦੋਂ ਅਸੀਂ ਕਿਸੇ ਮਹੀਨੇ ਨੂੰ ਦੇਸੀ ਨਾਮ ਨਾਲ ਪੁਕਾਰਦੇ ਹਾਂ, ਤਾਂ ਉਸੇ ਵੇਲੇ ਸਾਡੇ ਸਾਹਮਣੇ ਸਮੁੱਚਾ ਵਾਤਾਵਰਣ ਅਤੇ ਉਸ ਨਾਲ਼ ਜੁੜਿਆ ਸੱਭਿਆਚਾਰ ਮਨ ਵਿੱਚ ਗੋਤੇ ਲਾਉਣ ਲੱਗ ਜਾਂਦਾ ਹੈ। ਰੁੱਤਾਂ ਨਾਲ਼ ਜੁੜਿਆ ਸੱਭਿਆਚਾਰ ਕੋਈ ਇੱਕ ਮਨੁੱਖ ਦੀ ਕਾਢ ਨਹੀਂ ਹੈ, ਸਗੋਂ ਇਹ ਤਾਂ ਹਜਾਰਾਂ ਸਾਲਾਂ ਤੋਂ ਪ੍ਰਕ੍ਰਿਤੀ ਨਾਲ਼ ਸਮਾਜ ਦੀ ਸਾਂਝ ਅਤੇ ਮਨੁੱਖੀ ਮਨਾਂ ਅੰਦਰ ਚਾਵਾਂ ਨਾਲ਼ ਤ੍ਰਿਪਤੀ ਅਤੇ ਲੋੜਾਂ ਦੀ ਪੂਰਤੀ ਵਿੱਚੋਂ ਜਨਮਿਆ ਹੁੰਦਾ ਹੈ।
ਕਿਸੇ ਵੀ ਇਲਾਕੇ ਜਾਂ ਦੇਸ਼ ਦੀ ਪਹਿਚਾਣ ਉਸਦਾ ਸੱਭਿਆਚਾਰ ਹੁੰਦਾ ਹੈ। ਸੱਭਿਆਚਾਰ ਹੀ ਉਸ ਸਮਾਜ ਵਿੱਚ ਸਦੈਵੀ ਸਥਿਰਤਾ ਅਤੇ ਸ਼ਾਂਤੀ ਦਾ ਆਧਾਰ ਹੁੰਦਾ ਹੈ। ਜਿਹੜੇ ਸਮਾਜ ਆਪਣਾ ਕੁਦਰਤੀ ਸੱਭਿਆਚਾਰ ਖਤਮ ਕਰ ਲੈਂਦੇ ਹਨ, ਉਹ ਸਮਾਜ ਆਪਣੇ ਦੇਸ਼ਾਂ ਵਿਚਲੀ ਸ਼ਾਂਤੀ ਅਤੇ ਵਿਸ਼ਵ ਸ਼ਾਂਤੀ ਲਈ ਵੀ ਖ਼ਤਰਾ ਬਣ ਜਾਂਦੇ ਹਨ। ਸੱਭਿਆਚਾਰ ਸਦਾ ਸਮਾਜਿਕ ਅਤੇ ਵਿਗਿਆਨਿਕ ਸੋਚ ਨਾਲ਼ ਓਤ-ਪ੍ਰੋਤ ਹੁੰਦਾ ਹੈ। ਇਹ ਸਦਾ ਲੋਕ ਪੱਖੀ ਅਤੇ ਸਮਾਜਿਕ ਏਕਤਾ ਦਾ ਸੂਤਰਧਾਰ ਹੁੰਦਾ ਹੈ।
ਸਾਉਣ ਦਾ ਮਹੀਨਾ, ਉਤਪਾਦਨ ਦੀ ਧਰਾਤਲ ਹੈ, ਧਰਤੀ ਉਪਰਲੀਆਂ ਅਤੇ ਹੇਠਲੀਆਂ ਨਦੀਆਂ, ਸਾਉਣ ਦੇ ਮਹੀਨੇ ਦੀ ਵਰਖਾ ਕਾਰਨ ਹੀ ਵਗਦੀਆਂ ਹਨ। ਦੇਸ਼ ਵਿੱਚ ਸਾਰੇ ਸਾਲ ਲਈ, ਸੰਚਾਈ ਅਤੇ ਪੀਣ ਲਈ ਪਾਣੀ ਦੇ ਸੋਮੇ, ਸਾਉਣ ਦੀ ਵਰਖਾ ਤੇ ਹੀ ਨਿਰਭਰ ਹਨ। ਬਿਜਲੀ ਉਤਪਾਦਨ ਦੇ ਸਾਰੇ ਡੈਮ ਵੀ ਸਾਉਣ ਦੀ ਵਰਖਾ ਨਾਲ ਹੀ ਚੱਲਦੇ ਹਨ।
ਪਾਣੀ, ਜੀਵਨ ਲਈ ਇੱਕ ਜਰੂਰੀ ਤੱਤ ਹੈ, ਧਰਤੀ ਦੇ ਸਾਰੇ ਜੀਵ ਅਤੇ ਹਰਿਆਵਲ ਪਾਣੀ ਦੇ ਸਿਰ ਤੇ ਹੀ ਜਿਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:-
ਪਹਿਲਾਂ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ।।
ਸਾਉਣ ਤੋਂ ਪਹਿਲਾਂ ਹਾੜ ਦਾ ਮਹੀਨਾ ਪੂਰਾ ਤਪਦਾ ਹੈ। ਜਦੋਂ ਹਾੜ੍ਹ ਦਾ ਮਹੀਨਾ ਅੱਧਾ ਲੰਘ ਜਾਂਦਾ ਹੈ ਤਾਂ ਵਰਖਾ ਆਉਣ ਦੀ ਆਸ ਵੱਝ ਜਾਂਦੀ ਹੈ, ਗਲੀਆਂ ਵਿੱਚ ਇਕੱਠੇ ਹੋਏ ਬੱਚੇ ਅੰਤਰ ਆਤਮਾ ਵਿੱਚੋਂ ਨਿਕਲਿਆ ਗੀਤ ਗਾਉਂਦੇ ਹਨ :-
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਰਸਾ ਦੇ ਜੋਰੋ-ਜੋਰ,
ਰੱਬਾ-ਰੱਬਾ ਮੀਂਹ ਵਰਸਾ,
ਸਾਡੀ ਕੋਠੀ ਦਾਣੇ ਪਾ।
ਵਣਾਂ ਦਾ ਹੋਣਾ : ਵਰਖਾ ਕਾਰਨ ਹੀ ਧਰਤੀ ਦੇ ਉੱਪਰ ਵਣ ਹੋਏ ਹਨ। ਵਣ ਧਰਤੀ ਮਾਤਾ ਦੇ ਗਹਿਣੇ ਹਨ ਅਤੇ ਇਸਦੀ ਸੁੰਦਰਤਾ ਨੂੰ ਵਧਾਉਂਦੇ ਹਨ, ਜੀਵ ਜੰਤੂਆਂ ਲਈ ਪਨਾਹਗੀਰ ਬਣਦੇ ਹਨ। ਭਾਈ ਗੁਰਦਾਸ ਜੀ ਨੇ ਬਹੁਤ ਹੀ ਸੁੰਦਰ ਲਿਖਿਆ ਹੈ।
ਸਾਵਨ ਵਣ ਹਰਿਆਵਲੇ, ਸੁੱਕੇ ਵੁੱਠੇ ਅੱਕੁ ਜਵਾਹਾ।
ਸਾਉਣ ਮਹੀਨੇ ਨਾਲ਼ ਮਨੁੱਖ ਦੀ ਸੱਭਿਆਚਾਰਕ ਸਾਂਝ : ਉਂਝ ਤਾਂ ਸਾਰਾ ਭਾਰਤ ਹੀ ਸਾਉਣ ਦੇ ਮਹੀਨੇ ਨਾਲ਼ ਸੱਭਿਆਚਾਰਕ ਤੌਰ ਤੇ ਜੁੜਿਆ ਹੈ, ਪਰ ਇਸ ਮਹੀਨੇ ਨਾਲ਼ ਪੰਜਾਬ ਦੀ ਸਾਂਝ ਕੁਝ ਵੱਖਰੀ ਹੀ ਹੈ।
ਤੀਜ ਦੀਆਂ ਤੀਆਂ : ਦੇਸ਼ ਦੇ ਕੁਝ ਭਾਗਾਂ ਵਿੱਚ ਤੀਆਂ ਨੂੰ ਸ਼ਿਵ ਅਤੇ ਪਾਰਵਤੀ ਦੇ ਮਿਲਣ ਨਾਲ਼ ਜੋੜਿਆ ਜਾਂਦਾ ਹੈ ਅਤੇ ਇਸਨੂੰ “ਹਰਿਆਵਲ ਤੀਆਂ” ਵੀ ਕਹਿੰਦੇ ਹਨ, ਪੰਜਾਬ ਵਿੱਚ ਤੀਜ ਦੀਆਂ ਤੀਆਂ ਪੂਰੀ ਤਰਾਂ ਸੱਭਿਆਚਾਰਕ ਹਨ। ਪੰਜਾਬ ਦੇ ਘਰਾਂ ਵਿੱਚ ਸਾਉਣ ਦਾ ਸਾਰਾ ਮਹੀਨਾ ਹੀ ਉਤਸਵ ਦਾ ਮਹੀਨਾ ਹੁੰਦਾ ਹੈ। ਹਰ ਇੱਕ ਘਰ ਵਿੱਚ ਖੀਰ ਅਤੇ ਪੂੜੇ ਬਣਾਏ ਜਾਂਦੇ ਹਨ। ਪੰਜਾਬ ਵਿੱਚ ਇੱਕ ਬੋਲੀ ਪ੍ਰਚਲਿਤ ਹੈ : ਸਾਵਨ ਖੀਰ ਨਾ ਖਾਧੀਆ ਤਾਂ ਕਿਉਂ ਜੰਮਿਆ ਅਪਰਾਧੀਆ।
ਸਾਉਣ ਮਹੀਨੇ ਦਾ ਦੂਜਾ ਪੰਦਰਵਾੜਾ, ਚਾਨਣੀਆਂ ਰਾਤਾਂ ਵਾਲਾ ਹੁੰਦਾ ਹੈ। ਇਸ ਗੱਲ ਨੂੰ ਦਰਸਾਉਂਦੀ ਇੱਕ ਬੋਲੀ ਹੈ –
ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ, ਭੇਜੀ ਮਾਏ ਵੱਡੇ ਵੀਰ ਨੂੰ।
ਸਾਉਣ ਦੇ ਇਸ ਚਾਨਣੇ ਪੰਦਰਵਾੜੇ ਦੇ ਤੀਜੇ ਦਿਨ ਤੋਂ ਪੰਜਾਬ ਦੇ ਹਰ ਇੱਕ ਪਿੰਡ ਅਤੇ ਕਸਬੇ ਵਿੱਚ ਤੀਆਂ ਦੇ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਵਿਆਹੰਦੜ ਭੈਣਾਂ ਲਈ ਉਹਨਾਂ ਦੇ ਵੀਰ ਸੰਧਾਰਾ ਲੈ ਕੇ ਜਾਂਦੇ ਹਨ, ਅਤੇ ਮੁੜਦੇ ਹੋਏ ਭੈਣਾਂ ਆਪਣੇ ਭਰਾਵਾਂ ਨਾਲ਼ ਹੀ ਆਪਣੇ ਆਪਣੇ ਪੇਕੇ ਆ ਜਾਂਦੀਆਂ ਹਨ। ਕਈ ਵਾਰ ਸੱਸ, ਨੂੰਹ ਤੇ ਬੋਲੀ ਮਾਰਦੀ ਹੈ:-
ਬਹੁਤੇ ਨੀਂ ਭਰਾਵਾਂ ਵਾਲੀਏ, ਤੈਨੂੰ ਤੀਆਂ ਨੂੰ ਲੈਣ ਨੀ ਆਏ।
ਫੇਰ ਨੂੰਹ ਕਿਹੜਾ ਕਿਸੇ ਤੋਂ ਘੱਟ ਹੁੰਦੀ ਹੈ, ਉਹ ਕਹਿੰਦੀ ਹੈ :-
ਸੱਸੇ ਨੀ ਬੜੇਵੇਂ ਅੱਖੀਏ, ਤੈਥੋਂ ਡਰਦੇ ਲੈਣ ਨਾਂ ਆਏ।
ਕਈ ਵਾਰ ਭੈਣ ਆਪਣੇ ਮਨ ਦੇ ਭਾਵਾਂ ਨੂੰ ਇੰਝ ਵੀ ਪ੍ਰਗਟ ਕਰਦੀ ਹੈ:-
ਕੋਠੇ-ਕੋਠੇ ਆਜਾ ਵੀਰਨਾ, ਸੱਸ ਚੰਦਰੀ ਕੁੰਡਾ ਨਾ ਖੋਲ੍ਹੇ।
ਉਹ ਅੱਗੇ ਕਹਿੰਦੀ ਹੈ:-
ਰੁੱਖੀ ਮਿਸੀ ਖਾਜਾ ਵੀਰਨਾ, ਅੱਡ ਹੋਉਂਗੀ, ਪਾਉਂਗੀ ਘਿਉ ਬੂਰਾ।
ਤੇਰੇ ਬੌਤੇ ਨੂੰ ਗਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ।
ਜਦੋਂ ਵਿਆਹਂਦੜਾਂ ਪੇਕੇ ਪਹੁੰਚਦੀਆਂ ਹਨ : ਤਾਂ ਇਕੱਠੀਆਂ ਹੋ ਕੇ ਸ਼ਾਮ ਵੇਲੇ ਤੀਆਂ ਦੇ ਮੇਲੇ ਜਾਂ ਪਿੜ ਵੱਲ ਤੁਰਦੀਆਂ ਬੋਲੀ ਪਾਉਂਦੀਆਂ ਹਨ:-
ਤੀਆਂ ਜੋਰ ਲਗੀਆਂ, ਜੋਰੋ ਜੋਰ ਲੱਗੀਆਂ,
ਮੇਰੇ ਪੇਕਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ।
ਚਿਰਾਂ ਤੋਂ ਵਿਛੜੀਆਂ ਸਹੇਲੀਆਂ ਜਦੋਂ ਸਾਉਣ ਦੇ ਮਹੀਨੇ ਇਕੱਠੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਰੋਮ-ਰੋਮ ਖਿੱੜ ਉੱਠਦਾ ਹੈ ਅਤੇ ਬੋਲੀ ਪਾਉਂਦੀਆਂ ਹਨ :-
ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਂਘਾ ਪਾਈਆਂ,
ਭਿੱਜ ਗਈ ਰੂਹ ਮਿੱਤਰਾ, ਸਾਉਣ ਘਟ੍ਹਾਂ ਚੜ੍ਹ ਆਈਆਂ।
ਪੇਕਿਆਂ ਦਾ ਚਾਅ, ਵਿਛੜੀਆਂ ਸਹੇਲੀਆਂ ਦਾ ਸੰਗ, ਨਾਲ਼ ਹੀ ਸਾਉਣ ਦੀ ਚੜ੍ਹੀ ਮਸਤੀ ਵਿੱਚ ਕੁੜੀਆਂ ਗਾਉਂਦੀਆਂ ਹਨ:-
ਆਇਆ ਸਾਉਣ ਮਹੀਨਾ, ਕੁੜੀਓ, ਲੈ ਕੇ ਠੰਡੀਆਂ ਹਵਾਵਾਂ,
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ, ਮਾਰ ਅੱਡੀ ਛਣਕਾਵਾਂ,
ਖੱਟਾ ਡੋਰੀਆ ਉੱਡ-ਉੱਡ ਜਾਂਦਾ, ਜਦ ਮੈਂ ਪੀਂਘ ਚੜ੍ਹਾਵਾਂ,
ਸਾਉਣ ਦੇ ਬੱਦਲਾ ਵੇ, ਜਸ ਤੇਰਾ ਮੈਂ ਗਾਵਾਂ।
ਤੀਆਂ ਦਾ ਮੇਲਾ ਔਰਤ ਜਾਤੀ ਦੇ ਮਾਨ-ਸਨਮਾਨ ਅਤੇ ਆਜਾਦੀ ਦੇ ਪ੍ਰਗਟਾਵੇ ਦਾ ਇੱਕ ਸੱਭਿਆਚਾਰਕ ਪਿੜ ਹੁੰਦਾ ਹੈ। ਤੀਆਂ ਦੇ ਦਿਨਾਂ ਵਿੱਚ ਪਿੰਡ ਦੀ ਹਰ ਇੱਕ ਕੁੜੀ ਅਤੇ ਵਿਆਂਹਦੜ ਦਾ ਤਨ-ਮਨ ਗਿੱਧੇ ਨਾਲ਼ ਜੁੜਿਆ ਹੁੰਦਾ ਹੈ। ਇਹ ਭਾਵਨਾ ਇੱਕ ਬੋਲੀ ਰਾਹੀਂ ਪ੍ਰਗਟ ਹੁੰਦੀ ਹੈ:-
ਆਇਆ ਸਾਵਣ ਮਨ ਪ੍ਰਚਾਵਣ, ਰੱਜੀਆਂ ਮੱਝੀ ਗਾਈਂ,
ਗਿੱਧਿਆ ਪਿੰਡ ਵੜ ਵੇ, ਲਾਮ੍ਹ-ਲਾਮ੍ਹ ਨਾ ਜਾਈਂ।
ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਦੇ ਇੱਕ ਟੱਪੇ ਰਾਹੀਂ ਸਾਉਣ ਦੇ ਮਹੀਨੇ ਨਾਲ਼ ਮੁਟਿਆਰ ਦੇ ਮੋਹ ਨੂੰ ਇੰਝ ਪ੍ਰਗਟ ਕੀਤਾ ਹੈ:-
ਬਾਲਮਾ ! ਵਾਰ ਨੇ ਤਿਹਾਰੇ, ਦੇ ਜਾ ਸਾਉਣ ਦੇ ਦਿਨ ਉਧਾਰੇ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਸਰੂਪ ਵਿੱਚ ਆ ਕੇ, ਸਾਉਣ ਬਾਰੇ ਇੱਕ ਔਰਤ ਦੀ ਭਾਵਨਾ ਨੂੰ ਇੰਝ ਪ੍ਰਗਟ ਕੀਤਾ ਹੈ:-
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ।
ਸਾਉਣ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ : ਸਾਉਣ ਦੇ ਮਹੀਨੇ ਪੂਰੀ ਪ੍ਰਕ੍ਰਿਤੀ ਹੀ ਹਰਿਆਵਲ ਰੂਪੀ ਸ਼ਿੰਗਾਰ ਰਸ ਨਾਲ਼ ਨੱਕੋ-ਨੱਕ ਭਰੀ ਹੁੰਦੀ ਹੈ। ਤੀਆਂ ਦੇ ਮੇਲੇ ਵਿੱਚ ਸ਼ਾਮਿਲ ਕੁੜੀਆਂ ਦੇ ਸ਼ਿੰਗਾਰ ਦੀਆਂ ਤਾਂ ਸਾਰੀਆਂ ਹੱਦਾਂ ਹੀ ਪਾਰ ਹੁੰਦੀਆਂ ਹਨ। ਤੀਜ ਦੀਆਂ ਤੀਆਂ ਦੇ ਮੇਲੇ ਚ ਮੁਟਿਆਰਾਂ ਸਜ ਧਜ ਕੇ ਜਾਂਦੀਆਂ ਹਨ: ਹੱਥ ਮਹਿੰਦੀ ਨਾਲ਼ ਰੰਗੇ ਹੁੰਦੇ ਹਨ। ਕੁਆਰੀਆਂ ਦੀਆਂ ਬਾਹਾਂ ਵਿੱਚ ਚੂੜੀਆਂ ਅਤੇ ਵਿਆਹਦੰੜਾਂ ਦੀਆਂ ਬਾਹਾਂ ਵਿੱਚ ਚੂੜੇ ਛਣਕਦੇ ਹਨ। ਮੁਟਿਆਰਾਂ ਨਵੇਂ ਸੂਟ ਜਾਂ ਘੱਗਰੇ ਪਾਉਂਦੀਆਂ ਹਨ। ਵਿਆਹਦੰੜਾਂ ਤਾਂ ਸੋਨੇ ਨਾਲ਼ ਵੀ ਲੱਦੀਆਂ ਹੁੰਦੀਆਂ ਹਨ। ਤੀਆਂ ਵਿੱਚ ਮੁਟਿਆਰਾਂ ਦੇ ਸਜ ਧਜ ਕੇ
ਆਉਣ ਨੂੰ ਪ੍ਰਗਟ ਕਰਦੀ ਇੱਕ ਬੋਲੀ ਇੰਝ ਹੈ :-
ਨੱਚਾਂ-ਨੱਚਾਂ-ਨੱਚਾਂ, ਨੀ ਮੈਂ ਅੱਗ ਵਾਂਗੂ ਮੱਚਾਂ,
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ,
ਨੀ ਮੈਂ ਨੱਚਣਾ ਪਟ੍ਹੋਲਾ ਬਣਕੇ ਨੀ।
ਮਹਿੰਦੀ ਅਤੇ ਤੀਆਂ ਦਾ ਰਿਸ਼ਤਾ:-
ਤੀਆਂ ਬਿਨਾਂ ਸਾਉਣ ਅਧੂਰਾ ਅਤੇ ਮਹਿੰਦੀ ਬਿਨ ਤੀਆਂ। ਔਰਤਾਂ ਲਈ ਗਹਿਣੀਆਂ ਦੇ ਨਾਲ ਮਹਿੰਦੀ ਦਾ ਸ਼ਿੰਗਾਰ ਉੱਤਮ ਮੰਨਿਆ ਗਿਆ ਹੈ। ਸਾਉਣ ਦੀਆਂ ਤੀਆਂ ਦੇ ਮੇਲਿਆ ਵੇਲੇ ਹਰ ਇੱਕ ਘਰ ਵਿੱਚ ਕੁਆਰੀਆਂ ਅਤੇ ਵਿਆਹਦੰੜਾਂ, ਮਹਿੰਦੀ ਦਾ ਸ਼ਿੰਗਾਰ ਕਰਦੀਆਂ ਹਨ। ਮੁਟਿਆਰਾਂ ਮਹਿੰਦੀ ਦੇ ਲਾਲ਼ ਸੂਹੇ ਰੰਗਾਂ ਵਿੱਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿੱਚ ਚੀਚ ਵਹੁਟੀਆਂ ਬਣ-ਬਣ ਨਿੱਤਰਦੀਆਂ ਹਨ, ਜਿਵੇਂ :-
ਬਾਗੀ ਫੇਰਾ ਪਾ ਗਈ ਨੀਂ,
ਗੋਰੀ ਤਿੱਤਲੀ ਬਣਕੇ,
ਹੱਥੀਂ ਤਾਂ ਮਹਿੰਦੀ ਰੰਗਲੀ ਨੀਂ,
ਬਾਹੀਂ ਚੂੜਾ ਛਣਕੇ।
ਤੀਆਂ ਦੇ ਗਿੱਧੇ ਵਿੱਚ ਸ਼ਾਮਿਲ ਪੰਜਾਬ ਦੀਆਂ ਮੁਟਿਆਰਾਂ ਇੰਦਰ ਲੋਕ ਦੀਆਂ ਪਰੀਆਂ ਲੱਗਦੀਆਂ ਹਨ। ਸ਼ਿੰਗਾਰ ਰਸ ਨੂੰ ਸਮਰਪਿਤ ਇੱਕ ਹੋਰ ਬੋਲੀ ਇੰਝ ਹੈ:-
ਨੱਚਣ ਦੀਆਂ ਤੂੰ ਕਰੇਂ ਦਲੀਲਾਂ ਲਹਿੰਗਾ ਜਾਮਣੀ ਪਾਇਆ,
ਨੀ ਅੱਖ ਚੁਫੇਰੇ ਘੁੰਮਦੀ ਤੇਰੀ, ਮੱਥੇ ਚੌਂਕ ਸਜਾਇਆ,
ਨੱਚ ਮਲਕੀਤ ਕੁਰੇ, ਪਿੰਡ ਦੇਖਣ ਨੂੰ ਆਇਆ।
ਗਿੱਧੇ ਦੀ ਇੱਕ ਹੋਰ ਲੋਕ ਬੋਲੀ ਰਾਹੀਂ ਵਿਆਹਦੰੜਾਂ ਦਾ ਸ਼ਿੰਗਾਰ ਚੌ-ਚੌ ਪੈਂਦਾ ਹੈ:-
ਸਾਂਵੀ ਚੁੰਨੀ ਵਾਲੀਏ ਕੁੜੀਏ, ਆਈਐਂ ਗਿੱਧੇ ਵਿੱਚ ਬਣਕੇ,
ਨੀ ਕੰਨੀ ਤੇਰੇ ਝੂਮਕੇ ਸੋਂਹਦੇ, ਗਲ ਕੈਂਠੀ ਦੇ ਮਣਕੇ,
ਨੀ ਤੀਲ੍ਹੀ ਤੇਰੀ ਨੇ ਮੁਲਕ ਮੋਹਲਿਆ, ਬਾਹੀਂ ਚੂੜਾ ਛਣਕੇ,
ਫੇਰ ਕਦ ਨੱਚੇਗੀਂ, ਨੱਚ ਲੈ ਪਟ੍ਹੋਲਾ ਬਣਕੇ।
ਜਦੋਂ ਤੀਆਂ ਦਾ ਗਿੱਧਾ ਪੈਂਦਾ ਹੈ, ਤਾਂ ਮੁਟਿਆਰਾਂ ਪੂਰੇ ਲੋਰ ਚ ਆਕੇ ਨੱਚਦੀਆਂ ਹਨ, ਉਹਨਾਂ ਦੇ ਗਿੱਧੇ ਦੀ ਧਮਕ ਸਾਰੇ ਪਿੰਡ ਵਿੱਚ ਸੁਣਾਈ ਦਿੰਦੀ ਹੈ:-
ਸੁੱਥਣ ਸੂਫ ਦੀ ਸ਼ੀਸ਼ਿਆਂ ਵਾਲੀ, ਨਾਲ ਹਵਾ ਦੇ ਖਹਿੰਦੀ,
ਬਈ ਜਦ ਧਰਤੀ ਤੇ ਅੱਡੀ ਮਾਰਾਂ, ਧਮਕ ਜਲੰਧਰ ਪੈਂਦੀ,
ਨੀ ਗੁੱਤ ਨਾਗਨੀ ਸਭ ਨੂੰ ਡੰਗੇ, ਆਪ ਡੰਗੀ ਨਾ ਜਾਵੇ,
ਨੱਚਦੀ ਮੇਲਣ ਦਾ, ਲੌਂਗ ਬੋਲੀਆਂ ਪਾਵੇ।
ਗਿੱਧੇ ਵਿੱਚ ਜੇਕਰ ਕੋਈ ਮੁਟਿਆਰ, ਨੱਚਣ ਵਿੱਚ ਨਖਰਾ ਕਰਦੀ ਹੋਵੇ, ਤਾਂ ਦੂਜੀ ਮੁਟਿਆਰ ਬੋਲੀ ਪਾਉਂਦੀ ਹੈ:-
ਜੇ ਨਖਰੋ ਤੂੰ ਨੱਚਣਾ ਜਾਣਦੀ, ਦੇਦੇ ਸ਼ੌਂਕ ਦਾ ਗੇੜਾ,
ਰੂਪ ਤੇਰੇ ਦੀ ਗਿੱਠ-ਗਿੱਠ ਲਾਲੀ, ਤੈਥੋਂ ਸੋਹਣਾ ਕਿਹੜਾ,
ਨੀ ਦੀਵਾ ਕੀ ਕਰਨਾ, ਚਾਨਣ ਹੋਜੂ ਤੇਰਾ।
ਪੰਜਾਬੀ ਲੋਕ ਨਾਚ ਗਿੱਧੇ ਦੀਆਂ ਅਜਿਹੀਆਂ ਹਜਾਰਾਂ ਬੋਲੀਆਂ ਹਨ, ਜਿਨ੍ਹਾਂ ਵਿੱਚ ਸ਼ਿੰਗਾਰ ਰਸ ਦੇ ਨਾਲ਼ ਜੋਸ਼ ਵੀ ਡੁੱਲ-ਡੁੱਲ ਪੈਂਦਾ ਹੈ। ਜਵਾਨੀ ਦੇ ਜੋਸ਼ ਨੂੰ ਪ੍ਰਗਟ ਕਰਦੀ ਇੱਕ ਬੋਲੀ ਦੇਖੋ:-
ਨੀ ਤੂੰ ਨੱਚ ਅੜੀਏ, ਬੋਲੀ ਚੱਕ ਅੜੀਏ,
ਨੀ ਤੂੰ ਅੱਗ ਦੇ ਭਮੂਕੇ ਵਾਂਗੂ ਮੱਚ ਅੜੀਏ।
ਇਹਨਾਂ ਬੋਲੀਆਂ ਦਾ ਰਚਨਹਾਰਾ ਕੋਈ ਇੱਕ ਕਵੀ ਨਹੀਂ ਹੈ, ਸਗੋਂ ਇਹ ਤਾਂ ਲੋਕ ਮਨਾਂ ਦੇ ਬਲਬਲਿਆਂ ਵਿੱਚੋਂ ਆਪ ਮੁਹਾਰੇ ਉਮੰੜੀਆਂ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਇੱਕ ਬੋਲੀ ਸੁਰ ਤਾਲ ਤੇ ਖਰੀ ਉਤਰਦੀ ਹੈ। ਗਿੱਧੇ ਵਿੱਚ ਪੰਜਾਬੀ ਮੁਟਿਆਰ ਆਪਣੀ ਕਲਾ ਅਤੇ ਹੁਸਨ ਦਾ ਪ੍ਰਗਟਾਵਾ ਇੰਝ ਕਰਦੀ ਹੈ :-
ਗਿੱਧਿਆ ਦੇ ਵਿੱਚ ਆਵਾਂ ਨੀ ਮੈਂ, ਪਾਵਾਂ ਨੱਚ ਧਮਾਲਾਂ,
ਪਾਉਣ ਨੀਵੀਆਂ ਮੋਰ ਸ਼ਰਮ ਨਾਲ਼ ਦੇਖ ਮੇਰੀਆਂ ਚਾਲਾਂ,
ਇੱਕ ਜੀ ਕਰਦਾ ਵਿੱਚ ਅੰਬਰਾਂ ਦੇ, ਉੱਡ ਜਾਂ ਕਬੂਤਰ ਬਣਕੇ,
ਛਣਕਾਟਾ ਪੈਂਦਾ ਗਲੀ-ਗਲੀ, ਨੀ ਮੇਰੀ ਐਸੀ ਝਾਂਜਰ ਛਣਕੇ।
ਜਦੋਂ ਪ੍ਰਕ੍ਰਿਤੀ ਪੰਜਾਬੀ ਸੱਭਿਆਚਾਰ ਦੀ ਧਰਾਤਲ ਹੈ, ਤਾਂ ਪੰਛੀਆਂ ਨਾਲ਼ ਇਸ ਦੀ ਸਾਂਝ ਹੋਣੀ ਇੱਕ ਬੁਨਿਆਦੀ ਗੁਣ ਹੈ। ਸਾਉਣ ਦੇ ਮਹੀਨੇ ਵਿੱਚ ਜਿੱਥੇ ਹਰਿਆਵਲ ਆਪਣੇ ਹੁਸਨ ਦੇ ਸ਼ਿਖਰ ਤੇ ਹੁੰਦੀ ਹੈ, ਉੱਥੇ ਹੀ ਪੰਛੀ ਵੀ ਸਾਉਣ ਦੇ ਮਹੀਨੇ ਦਾ ਜਸ਼ਨ ਆਪਣੀਆਂ ਵਿਲੱਖਣ ਸੁਰਾਂ ਨਾਲ਼ ਮਨਾਉਂਦੇ ਹਨ, ਪੰਜਾਬੀ ਮੁਟਿਆਰ ਕੋਇਲ ਨੂੰ ਸੰਬੋਧਿਤ ਹੁੰਦੀ ਕਹਿੰਦੀ ਹੈ:-
ਪ੍ਰੀਤਾਂ ਦੀ ਮੈਨੂੰ ਸਾਂਝ ਬਥੇਰੀ, ਲਾਕੇ ਤੋੜ ਨਿਭਾਵਾਂ,
ਨੀ ਕੋਇਲੇ ਸਾਉਣ ਦੀਏ, ਤੈਨੂੰ ਹੱਥ ਤੇ ਚੋਗ ਚੁਗਾਵਾਂ।
ਮੌਰ ਤਾਂ, ਸਾਉਣ ਦੀ ਪ੍ਰਕ੍ਰਿਤੀ ਦੇਵੀ ਦਾ ਗਹਿਣਾ ਹੈ, ਪੰਜਾਬੀ ਮੁਟਿਆਰ ਕਹਿੰਦੀ ਹੈ:-
ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੌਰ ਵੇ,
ਜਾਹ ਮੈਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ।
ਪੰਜਾਬੀ ਦੇ ਸਿਰਮੋਰ ਕਵੀ ਧਨੀ ਰਾਮ ਚਾਤ੍ਰਿਕ ਨੇ ਸਾਉਣ ਮਹੀਨੇ ਦੀ ਪ੍ਰਕ੍ਰਿਤੀ ਨੂੰ ਇੱਕ ਟੱਪੇ ਰਾਹੀਂ ਇੰਝ ਪ੍ਰਕਟ ਕੀਤਾ ਹੈ :-
ਬਾਗਾਂ ਵਿੱਚ ਕੂਕ ਛਿੜ ਪਈ ਏ, ਮੋਰਾਂ ਦੀ ਜਿੰਦ ਖਿੱੜ ਪਈ ਏ।
ਜਿੱਥੇ ਗਿੱਧਾ, ਤੀਆਂ ਦੇ ਮੇਲੇ ਦਾ ਦਿਲ ਹੈ, ਉੱਥੇ ਪਿੱਪਲ ਤੇ ਪਾਈ ਹੋਈ ਪੀਂਘ ਮੇਲੇ ਦੀ ਆਤਮਾ ਹੈ। ਤੀਆਂ ਦੇ ਮੇਲੇ ਵਿੱਚ ਪਾਈ ਪੀਂਘ ਨੂੰ ਸਮਰਪਿਤ ਇੱਕ ਖੂਬਸੂਰਤ ਬੋਲੀ ਇੰਝ ਹੈ:-
ਸੌਣ ਮਹੀਨਾ ਵਰ੍ਹੇ ਮੇਘਲਾ, ਲਿਸ਼ਕੇ ਜੋਰੋ ਜੋਰ
ਇਹ ਦਿਨ ਤੀਆਂ ਦੇ ਆਏ, ਪੀਂਘਾਂ ਲੈਣ ਹੁਲਾਰੇ ਜੋਰ।
ਜਦੋਂ ਮੁਟਿਆਰਾਂ ਪੀਂਘਾ ਤੇ ਹੀਂਘਾ ਚੜਾਉਂਦੀਆਂ ਹਨ, ਤਾਂ ਉਹਨਾਂ ਵਿੱਚ ਇਹ ਮੁਕਾਬਲਾ ਹੁੰਦਾ ਹੈ ਕਿ ਕੌਣ ਪਿੱਪਲੀ ਦਾ ਸਿਖਰਲਾ ਪੱਤਾ ਤੌੜ ਕੇ ਲਿਆਉਂਦੀ ਹੈ।
ਵੱਲ੍ਹੋ :- ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਤੀਆਂ ਦਾ ਆਖਰੀ ਦਿਨ ਹੁੰਦਾ ਹੈ। ਜਿਸਨੂੰ ਵੱਲ੍ਹੋ ਪਾਉਣਾ ਕਹਿੰਦੇ ਹਨ। ਇਸ ਦਿਨ ਜਿੱਥੇ ਮੁਟਿਆਰਾਂ ਵਿੱਚ ਗਿੱਧੇ ਦਾ ਜੋਸ਼ ਸ਼ਿਖਰ ਤੇ ਹੁੰਦਾ ਹੈ, ਉੱਥੇ ਹੀ ਉਹਨਾਂ ਵਿੱਚ ਤੀਆਂ ਦੀ ਵਿਦਾਈ ਦੀ ਮਾਯੂਸੀ ਵੀ ਹੁੰਦੀ ਹੈ। ਗਿੱਧੇ ਦੇ ਆਖਰੀ ਪੜਾ ਉੱਪਰ ਮੁਟਿਆਰਾਂ, ਕੁਝ ਖਾਸ ਬੋਲੀਆਂ ਪਾਉਂਦੀਆਂ ਹਨ:-
ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।
ਮੁਟਿਆਰਾਂ ਮਨੋਵਿਗਿਆਨਿਕ ਤੌਰ ਤੇ ਆਸਾਂ ਭਰੀਆਂ ਕਿਰਨਾ ਵਿਖੇਰਦੇ ਹੋਏ ਕਹਿੰਦੀਆਂ ਹਨ:
ਤੀਆਂ ਤੀਜ਼ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ਼ ਦੀਆਂ…
ਪੇਕੇ ਆਈਆਂ ਮੁਟਿਆਰਾਂ ਆਪਣੇ-ਆਪਣੇ ਮਾਹੀਂ ਨੂੰ ਯਾਦ ਕਰਦੀਆਂ ਕਾਂ ਦੇ ਰਾਹੀਂ ਕਹਿੰਦੀਆਂ ਹਨ : –
ਚੁੰਝ ਤਾਂ ਤੇਰੀ ਕਾਲਿਆਂ ਕਾਵਾਂ, ਸੋਨੇ ਨਾਲ ਮੜ੍ਹਾਵਾਂ,
ਜਾਂ ਆਖੀਂ ਮੇਰੇ ਢੋਲੇ ਨੂੰ ਨਿੱਤ ਔਸੀਆਂ ਪਾਵਾਂ।