ਮੁਰਾਦਾਬਾਦ – ਅਦਾਕਾਰਾ ਅਮੀਸ਼ਾ ਪਟੇਲ ਸਣੇ ਚਾਰ ਲੋਕਾਂ ਖ਼ਿਲਾਫ਼ ਏਡੀਜੇ ਕੋਰਟ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਕਟਘਰ ਡ੍ਰੀਮ ਵਿਜ਼ਨ ਈਵੈਂਟ ਕੰਪਨੀ ਦੇ ਮੈਨੇਜਰ ਪਵਨ ਕੁਮਾਰ ਵਰਮਾ ਨੇ ਧੋਖਾਧਡ਼ੀ ਦਾ ਦੋਸ਼ ਲਾਇਆ ਹੈ। ਦੋਸ਼ ਹੈ ਕਿ ਅਦਾਕਾਰਾ 11 ਲੱਖ ਰੁਪਏ ਦੀ ਅਗਾਊਂ ਧਨਰਾਸ਼ੀ ਦੇਣ ਤੋਂ ਬਾਅਦ ਵਿਆਹ ’ਚ ਨਹੀਂ ਆਈ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ 2017 ’ਚ ਮੁਰਾਦਾਬਾਦ ਦੇ ਫਾਈਵ ਸਟਾਰ ਹੋਟਲ ਹੋਲੀਡੇ ਰਿਜੈਂਸੀ ’ਚ ਵਿਆਹ ਸੀ। ਇਸ ’ਚ ਚਾਰ ਗਾਣਿਆਂ ’ਤੇ ਡਾਂਸ ਕਰਨ ਲਈ ਅਮੀਸ਼ਾ ਪਟੇਲ ਨੂੰ ਬੁਲਾਇਆ ਗਿਆ ਸੀ। ਅਗਾਊਂ ਧਨਰਾਸ਼ੀ ਅਮੀਸ਼ਾ ਪਟੇਲ ਦੇ ਨਿੱਜੀ ਸਹਾਇਕ ਸੁਰੇਸ਼ ਪਰਮਾਰ ਤੇ ਅਹਿਮਦ ਸ਼ਰੀਫ ਨੂੰ ਦਿੱਤੀ ਗਈ ਸੀ। ਪੀਡ਼ਤ ਧਿਰ ਦੇ ਵਕੀਲ ਨੇ ਦੱਸਿਆ ਕਿ ਪਿਛਲੀ ਤਰੀਕ ’ਤੇ ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਗਏ ਪਰ ਉਹ ਲਗਾਤਾਰ ਗ਼ੈਰ-ਹਾਜ਼ਰ ਰਹੇ। ਮੰਗਲਵਾਰ ਨੂੰ ਕੋਰਟ ਨੇ ਫਿਲਮ ਅਦਾਕਾਰਾ ਸਣੇ ਚਾਰ ਲੋਕਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।